ਸਰਹੱਦ ਪਾਰ ਹਜ਼ਾਰਾਂ ਏਕੜ ਫ਼ਸਲ ਪਾਣੀ ਵਿੱਚ ਡੁੱਬੀ
ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 19 ਜੁਲਾਈ
ਰਾਵੀ ਦਰਿਆ ’ਚ ਅੱਜ ਪਾਣੀ ਛੱਡੇ ਜਾਣ ਕਾਰਨ ਕਿਸਾਨਾਂ ਦੀ ਕੰਡਿਆਲੀ ਤਾਰ ਤੋਂ ਪਾਰ ਹਜ਼ਾਰ ਏਕੜ ਫ਼ਸਲ ਡੁੱਬ ਗਈ ਅਤੇ ਕਈ ਥਾਵਾਂ ’ਤੇ ਕੰਡਿਆਲੀ ਤਾਰ ਨੁਕਸਾਨੇ ਜਾਣ ਦਾ ਖ਼ਦਸ਼ਾ ਹੈ। ਉਧਰ, ਬੀਐੱਸਐੱਫ ਚੌਕੀਆਂ ’ਚ ਪਾਣੀ ਭਰਨ ਕਾਰਨ ਜਵਾਨ ਸੁਰੱਖਿਅਤ ਥਾਵਾਂ ’ਤੇ ਪਹੁੰਚ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ ਮਗਰੋਂ ਲੋਕ ਪਹਿਲਾਂ ਹੀ ਸੁਰੱਖਿਅਤ ਥਾਵਾਂ ’ਤੇ ਪਹੁੰਚ ਚੁੱਕੇ ਹਨ।
ਅੱਜ ਉਝ ਦਰਿਆ ਵਿਚ 2.60 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਇਹ ਦਰਿਆ ਅੱਗੇ ਰਾਵੀ ਦਰਿਆ ਵਿੱਚ ਮਿਲ ਜਾਂਦਾ ਹੈ। ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਕੰਡਿਆਲੀ ਤਾਰ ਕਈ ਥਾਵਾਂ ’ਤੇ ਪਾਣੀ ਵਿੱਚ ਡੁੱਬ ਗਈ। ਇਸੇ ਤਰ੍ਹਾਂ ਸਰਹੱਦ ’ਤੇ ਬੀਐੱਸਐੱਫ ਦੀਆਂ ਮੋਹਰੀ ਚੌਕੀਆਂ ਤੋਂ ਜਵਾਨ ਜਿੱਥੇ ਸੁਰੱਖਿਆ ਥਾਵਾਂ ’ਤੇ ਆ ਗਏ, ਉਥੇ ਉਨ੍ਹਾਂ ਨੇ ਸੀਮਾ ’ਤੇ ਤਿੱਖੀ ਨਜ਼ਰ ਬਣਾਈ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਅਤੇ ਤਿਆਰ ਹੈ।
ਗੁਰਦਾਸਪੁਰ (ਜਤਿੰਦਰ ਬੈਂਸ): ਉੱਝ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਤੋਂ ਬਾਅਦ ਇਲਾਕੇ ਦੇ ਲੋਕ ਸੰਭਾਵਿਤ ਹੜ੍ਹ ਦੇ ਖ਼ਤਰੇ ਨੂੰ ਲੈ ਕੇ ਸਹਿਮ ਵਿੱਚ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਉੱਝ ਅਤੇ ਰਾਵੀ ਦਰਿਆ ਨੇੜੇ ਪਿੰਡਾਂ ਦਾ ਦੌਰਾ ਕਰਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਹੈ।
ਦੀਨਾਨਗਰ (ਸਰਬਜੀਤ ਸਾਗਰ): ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਭਾਰੀ ਬਾਰਿਸ਼ ਕਾਰਨ ਜਮ੍ਹਾਂ ਹੋਇਆ ਵਾਧੂ ਪਾਣੀ ਵੱਖ-ਵੱਖ ਡੈਮਾਂ ਵੱਲੋਂ ਛੱਡੇ ਜਾਣ ਕਾਰਨ ਪੰਜਾਬ ਦੇ ਬਾਕੀਆਂ ਹਿੱਸਿਆਂ ਤੋਂ ਬਾਅਦ ਹੁਣ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ’ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਜਿਸ ਕਾਰਨ ਦਰਿਆ ਰਾਵੀ ਅਤੇ ਉੱਜ ਨੇੜੇ ਵੱਸਦੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਨੂੰ ਕਿਸੇ ਵੇਲੇ ਵੀ ਹੜ੍ਹ ਆਉਣ ਦੀ ਚਿੰਤਾ ਸਤਾਉਣ ਲੱਗੀ ਹੈ। ਇਸ ਮਾਰ ਤੋਂ ਬਚਣ ਲਈ ਪ੍ਰਸ਼ਾਸਨ ਵੱਲੋਂ ਪਿੰਡਾਂ ਅੰਦਰ ਅਨਾਊਂਮੈਂਟ ਕਰਵਾਈ ਗਈ ਅਤੇ ਲੋਕ ਸੁਰੱਖਿਅਤ ਥਾਵਾਂ ਦੀ ਭਾਲ ਵਿੱਚ ਜੁੱਟ ਗਏ ਹਨ। ਉਧਰ, ਦੀਨਾਨਗਰ ਦੇ ਨਾਲ ਲੱਗਦੇ ਹਲਕਾ ਭੋਆ ਦੇ ਸਰਹੱਦੀ ਖੇਤਰ ਬਮਿਆਲ ਸਮੇਤ ਦਰਜਨ ਦੇ ਕਰੀਬ ਪਿੰਡਾਂ ’ਚ ਵੀ ਹਾਲਾਤ ਚਿੰਤਾਜਨਕ ਬਣੇ ਹੋਏ ਹਨ ਅਤੇ ਦਰਿਆ ਉੱਝ ਦਾ ਪਾਣੀ ਸਮਰਾਲਾ, ਬਰਮਾਲ ਜੱਟਾਂ, ਸਿੰਬਲ ਸਕੋਲ ਸਮੇਤ ਕਈਆਂ ਪਿੰਡਾਂ ਵਿੱਚ ਦਾਖ਼ਲ ਹੋ ਗਿਆ ਹੈ। ਦਰਿਆ ਨੇੜਲੇ ਗੁੱਜਰਾਂ ਦੇ ਡੇਰਿਆਂ ਨੂੰ ਵੀ ਖ਼ਾਲੀ ਕਰਵਾਇਆ ਗਿਆ ਹੈ।
ਮੰਤਰੀਆਂ ਦੇ ਘਰਾਂ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੀ ਵਰਚੁਅਲ ਮੀਟਿੰਗ ਫ਼ਰੰਟ ਦੇ ਕਨਵੀਨਰ ਸਤੀਸ਼ ਰਾਣਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਫਰੰਟ ਨੇ ਹੜ੍ਹਾਂ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਏ ਹੜ੍ਹਾਂ ਕਾਰਨ ਹੋ ਰਹੇ ਨੁਕਸਾਨ ਨੂੰ ਦੇਖਦਿਆਂ ਸਾਂਝਾ ਫ਼ਰੰਟ ਵੱਲੋਂ ਮੰਤਰੀਆਂ ਦੇ ਘਰਾਂ ਦੇ ਕੀਤੇ ਜਾਣ ਵਾਲੇ ਘਿਰਾਓ ਨੂੰ ਫਿਲਹਾਲ ਮੁਲਤਵੀ ਕੀਤਾ ਗਿਆ ਹੈ ਅਤੇ ਅਗਲੇ ਐਕਸ਼ਨ ਦਾ ਐਲਾਨ 20 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੋਣ ਵਾਲੀ ਕਨਵੈਨਸ਼ਨ ਦੌਰਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫ਼ਰੰਟ ਵਲੋਂ 6 ਤੋਂ 13 ਅਗਸਤ ਤੱਕ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਮੁੜ ਗਠਨ ਕਰਨ ਦਾ ਫ਼ੈਸਲਾ ਵੀ ਲਿਆ ਗਿਆ ਹੈ। ਮੀਟਿੰਗ ਵਿਚ ਤੀਰਥ ਸਿੰਘ ਬਾਸੀ, ਧਨਵੰਤ ਸਿੰਘ ਭੱਠਲ, ਅਮਰੀਕ ਸਿੰਘ, ਗੁਰਦੀਪ ਸਿੰਘ ਬਾਜਵਾ, ਬਖਸ਼ੀਸ਼ ਸਿੰਘ ਆਦਿ ਸ਼ਾਮਲ ਸਨ।
ਸਤਲੁਜ ਦਰਿਆ ਦਾ ਬੰਨ੍ਹ ਮਜ਼ਬੂਤ ਨਾ ਹੋਣ ਕਾਰਨ ਲੋਕ ਫ਼ਿਕਰਮੰਦ
ਫਿਲੌਰ (ਸਰਬਜੀਤ ਗਿੱਲ): ਸਬ ਡਿਵੀਜ਼ਨ ਫਿਲੌਰ ਦੇ ਇਲਾਕੇ ’ਚ ਦੋ ਸਾਲ ਪਹਿਲਾਂ ਸਤਲੁਜ ਦਾ ਬੰਨ੍ਹ ਕਈ ਥਾਵਾਂ ਤੋਂ ਟੁੱਟਣ ਕਾਰਨ ਭਾਰੀ ਨੁਕਸਾਨ ਹੋਇਆ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਇਲਾਕੇ ’ਚ 14 ਥਾਵਾਂ ਤੋਂ ਬੰਨ੍ਹ ਕਮਜੋਰ ਹੋਣ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਪਰ ਉਸ ਵੇਲੇ ਸਿਰਫ਼ ਚਾਰ ਥਾਵਾਂ ਲਈ ਹੀ ਬਜਟ ਪਾਸ ਹੋਇਆ ਸੀ। ਤਤਕਾਲੀ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਰਹੇ ਸਨ ਕਿ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ। ਵੋਟਾਂ ਆਈਆਂ ਤੇ ਲੰਘ ਗਈਆਂ ਪਰ ਇਲਾਕੇ ਦੇ ਲੋਕ ਹਾਲੇ ਵੀ ਬੰਨ੍ਹ ਦੀ ਮੁਰੰਮਤ ਦੀ ਉਡੀਕ ’ਚ ਹਨ। ਸੰਗੋਵਾਲ ਦੇ ਸਰਬਜੀਤ ਗੋਗਾ ਨੇ ਦੱਸਿਆ ਕਿ ਬੰਨ੍ਹ ਦੀ ਮਜ਼ਬੂਤੀ ਲਈ ਇਸ ਅਰਸੇ ਦੌਰਾਨ ਚੁਆਨੀ ਨਹੀਂ ਖਰਚੀ। ਮਾਓ ਸਾਹਬਿ ਦੇ ਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨੇੜੇ ਲੰਘਦਾ ਦਰਿਆ ਦਾ ਰਸਤਾ ਭੀੜਾ ਹੋ ਜਾਂਦਾ ਹੈ, ਜਿਸ ਨਾਲ ਖਤਰਾ ਹੋਰ ਵੱਧ ਜਾਂਦਾ ਹੈ। ਤਕਨੀਕੀ ਤੌਰ ’ਤੇ ਲੁਧਿਆਣਾ ਜ਼ਿਲ੍ਹੇ ’ਚ ਪੈਂਦੇ ਨਵਾਂ ਖਹਿਰਾ ਬੇਟ ਦੇ ਕੁਲਵੰਤ ਖਹਿਰਾ ਨੇ ਦੱਸਿਆ ਕਿ ਉਹ ਤਾਂ ਰਹਿੰਦੇ ਹੀ ਦਰਿਆ ਦੇ ਅੰਦਰ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣਾ ਮਾਲ ਡੰਗਰ ਬਾਹਰ ਕੱਢਣ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕੇ ਦੇ ਲੋਕ ਦੱਸਦੇ ਹਨ ਕਿ ਕਿਸੇ ਵੇਲੇ ਬੰਨ੍ਹ ’ਤੇ ਪਸ਼ੂ ਚਾਰਨ ਦਾ ਵੀ ਚਲਾਨ ਹੁੰਦਾ ਸੀ ਪਰ ਹੁਣ ਵੱਡੇ ਵੱਡੇ ਟਿੱਪਰ ਲੰਘਦੇ ਹਨ, ਜਿਸ ਨਾਲ ਬੰਨ੍ਹ ਦਾ ਕਾਫੀ ਨੁਕਸਾਨ ਹੁੰਦਾ ਹੈ। ਬੰਨ੍ਹ ’ਤੇ ਹਾਜ਼ਰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਫਿਕਰਮੰਦੀ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਜਿਸ ਢੰਗ ਨਾਲ ਰੇਤੇ ਦੇ ਬੋਰਿਆਂ ਦੇ ਕਰੇਟ ਬਣਾਏ ਜਾ ਰਹੇ ਹਨ, ਉਹ ਪਾਣੀ ਦੀਆਂ ਛੱਲਾਂ ਅੱਗੇ ਨਹੀਂ ਟਿਕਣੇ, ਉਸ ਦਾ ਵੱਟੇ ਆਦਿ ਪਾ ਕੇ ਪੱਕਾ ਪ੍ਰਬੰਧ ਕੀਤਾ ਜਾਵੇ।
ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ
ਅਜਨਾਲਾ (ਸੁਖਦੇਵ ਸਿੰਘ): ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਇਲਾਕੇ ਵਿੱਚੋਂ ਲੰਘਦਾ ਰਾਵੀ ਦਰਿਆ ਜਿਸ ਵਿੱਚ ਉਜ ਸਮੇਤ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਪ੍ਰਸ਼ਾਸ਼ਨ ਵੱਲੋਂ ਭਾਂਵੇ ਸਵੇਰ ਤੋਂ ਹੀ ਵੱਖ-ਵੱਖ ਪਿੰਡਾਂ ਦੇ ਗੁਰਦੁਆਰਾ ਸਹਬਿਾਨਾਂ ਅੰਦਰ ਮਨਿਆਦੀ ਕਰਵਾ ਕੇ ਲੋਕਾਂ ਨੂੰ ਹੜ੍ਹ ਦੀਆਂ ਸੰਭਾਵਨਾਵਾਂ ਤੋਂ ਸੁਚੇਤ ਕਰਦਿਆਂ ਰਾਵੀ ਦਰਿਆ ਤੋਂ ਪਾਰ ਨਾਂ ਜਾਣ ਦੀ ਸਲਾਹ ਦਿੱਤੀ ਸੀ ਜਿਸ ਉਪਰੰਤ ਸਰਹੱਦੀ ਖੇਤਰ ਦੇ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਤਾਂ ਪਾਇਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਜੋ ਰਾਤ ਸਮੇਂ ਇੱਥੇ ਪਹੁੰਚੇਗਾ। ਦਰਿਆ ਰਾਵੀ ਜਿਸ ਦਾ ਵਹਾਅ ਬਹੁਤ ਤੇਜ਼ ਹੋਣ ਕਾਰਨ ਪਾਣੀ ਜਲਦ ਅੱਗੇ ਵਹਿਣ ਕਾਰਨ ਭਾਵੇਂ ਕੋਈ ਬਹੁਤਾ ਵੱਡਾ ਖਤਰਾ ਨਹੀਂ ਪਰ ਫਿਰ ਵੀ ਲੋਕ ਇਸ ਅਲਰਟ ਕਾਰਨ ਆਪਣੀਆਂ ਰੋਜ਼ਾਨਾਂ ਦੀਆਂ ਖਾਣ-ਪੀਣ ਦੀਆਂ ਵਸਤਾਂ ਦੀ ਦੇਰ ਸ਼ਾਮ ਤੱਕ ਬਾਜ਼ਾਰਾਂ ਵਿੱਚੋਂ ਖ਼ਰੀਦੋ ਫਰੋਖਤ ਕਰਦੇ ਰਹੇ।
ਅੰਮ੍ਰਿਤਸਰ ਤੇ ਗੁਰਦਾਸਪੁਰ ’ਚ ਸਥਿਤੀ ਕਾਬੂ ਹੇਠ: ਧਾਲੀਵਾਲ
ਅੰਮ੍ਰਿਤਸਰ: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਧੁੱਸੀ ਬੰਨ੍ਹ ਦਾ ਦੌਰਾ ਕਰਨ ਮਗਰੋਂ ਕਿਹਾ ਕਿ ਅੱਜ ਸਵੇਰੇ ਉੱਝ ਦਰਿਆ ਵਿਚ ਲਗਪਗ ਢਾਈ ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਅੱਜ ਸ਼ਾਮ ਤਕ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਮਿਤ ਤਲਵਾੜ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਸਮੇਤ ਹੋਰ ਉਚ ਅਧਿਕਾਰੀ ਵੀ ਸਨ। ਉਨ੍ਹਾਂ ਅਧਿਕਾਰੀਆਂ ਦੇ ਨਾਲ ਰਾਵੀ ਦਰਿਆ ਅਤੇ ਸਰਹੱਦ ਨੇੜਲੇ ਪਿੰਡਾਂ ਦਾ ਦੌਰਾ ਕਰਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਦਰਿਆ ਰਾਵੀ ਤੇ ਦਰਿਆ ਉੱਝ ਵਿੱਚ ਪਾਣੀ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਸ੍ਰੀ ਧਾਲੀਵਾਲ ਨੇ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜੰਮੂ ਵਾਲੇ ਪਾਸੇ ਤੋਂ ਦਰਿਆ ਉੱਝ ਵਿੱਚ ਹੁਣ ਪਾਣੀ ਦਾ ਪੱਧਰ ਕੁਝ ਘੱਟ ਗਿਆ ਹੈ ਅਤੇ ਅੱਜ ਸ਼ਾਮ ਤੱਕ ਇਹ ਸਾਰਾ ਪਾਣੀ ਦਰਿਆ ਰਾਵੀ ਜ਼ਰੀਏ ਜ਼ਿਲ੍ਹਾ ਗੁਰਦਾਸਪੁਰ ਤੋਂ ਪਾਰ ਕਰਕੇ ਅੰਮਿ੍ਤਸਰ ਦੇ ਸਰਹੱਦੀ ਖੇਤਰ ਵਿੱਚ ਪ੍ਰਵੇਸ਼ ਕਰ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਵੀ ਦਰਿਆ ਦੇ ਨੇੜਲੇ ਇਲਾਕੇ ਵਿੱਚ ਹੜ੍ਹ ਰੋਕੂ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਕੀਤੇ ਗਏ ਹਨ। ਮਕੌੜਾ ਪੱਤਣ ਦੇ ਨਜ਼ਦੀਕ ਰਲੀਫ ਕੈਂਪ ਸਥਾਪਤ ਕੀਤਾ ਗਿਆ ਹੈ ਅਤੇ ਦਰਿਆ ਦੇ ਨਾਲ ਗੁੱਜਰਾਂ ਦੇ ਡੇਰਿਆਂ ਨੂੰ ਖਾਲੀ ਕਰਵਾ ਲਿਆ ਗਿਆ
ਬੰਨ੍ਹ ਦੀ ਮਜ਼ਬੂਤੀ ਲਈ ਧਰਨਾ ਅੱਜ
ਫਿਲੌਰ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਲੋਕਾਂ ਨੂੰ ਹੜ੍ਹ ਤੋਂ ਬਚਾਉਣ ਲਈ ਇੱਕ ਕਮੇਟੀ ਦਾ ਗਠਿਤ ਕਰ ਕੇ ਐੱਸਡੀਐੱਮ ਫਿਲੌਰ ਦਫ਼ਤਰ ਅੱਗੇ 20 ਜੁਲਾਈ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਹੈ। ਸਤਲੁਜ ਕੰਢੇ ਬੰਨ੍ਹ ਉਪਰ ਚਲਦੇ ਧਰਨੇ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਮਨਰੇਗਾ ਵਰਕਰਾਂ ਨੂੰ ਕੰਮ ਤੋਂ ਜਵਾਬ ਦੇ ਕੇ ਘਰਾਂ ਨੂੰ ਤੋਰ ਦਿੱਤਾ ਗਿਆ ਸੀ ਅਤੇ ਮਸ਼ੀਨਾਂ ਵੀ ਦਰਿਆ ’ਚੋਂ ਕੱਢਣੀਆਂ ਆਰੰਭ ਕਰ ਦਿੱਤੀਆਂ ਸਨ ਜਦੋਂਕਿ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਅਧੂਰਾ ਪਿਆ ਹੈ। ਇਸ ਧਰਨੇ ਨੂੰ ਸੰਤੋਖ ਸਿੰਘ ਸੰਧੂ, ਜਸਵਿੰਦਰ ਸਿੰਘ ਢੇਸੀ, ਸਰਬਜੀਤ ਸੰਗੋਵਾਲ, ਜਸਵੰਤ ਸਿੰਘ ਕਾਹਲੋਂ, ਪੇਂਡੂ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਤਰਸੇਮ ਪੀਟਰ, ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾ ਚੰਨਣ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਬਿੱਲਾ ਚੀਮਾ, ਪਵਨ ਨੰਬਰਦਾਰ, ਜਥੇਦਾਰ ਜੋਗਾ ਸਿੰਘ, ਲਾਡੀ ਬਾਸੀ, ਬਿੰਦੀ ਸਰਪੰਚ, ਕੁਲਵੰਤ ਖਹਿਰਾ, ਗੁਰਜੰਟ ਸੰਧੂ, ਬਲਜਿੰਦਰ ਸਿੰਘ ਨੰਬਰਦਾਰ, ਹਰਸਦੀਪ ਤਲਵਣ, ਬਹਾਦਰ ਸਿੰਘ ਸਰਪੰਚ, ਤਰਪ੍ਰੀਤ ਸਿੰਘ ਉਪਲ, ਸੁਰਿੰਦਰ ਸਿੰਘ ਕੰਦੋਲਾ, ਤਰਸੇਮ ਸਿੰਘ ਕਾਲਾ ਆਦਿ ਸਮੇਤ ਇਲਾਕੇ ਦੇ ਲੋਕ ਹਾਜ਼ਰ ਸਨ। ਇਨ੍ਹਾਂ ਲੋਕਾਂ ਨੇ ਕਿਹਾ ਕਿ ਬੰਨ੍ਹ ਦੀ ਮਜ਼ਬੂਤੀ ਕਰਵਾਉਣ ਲਈ ਸੰਘਰਸ਼ ਜਾਰੀ ਰਹੇਗਾ।