ਗੁਲਜ਼ਾਰ ਸੰਧੂ ਦੇ ਨਾਵਲ ‘ਗੋਰੀ ਹਿਰਨੀ’ ਉੱਤੇ ਵਿਚਾਰ ਗੋਸ਼ਟੀ
ਡੀ ਪੀ ਐੱਸ ਬੱਤਰਾ
ਸਮਰਾਲਾ, 17 ਜੁਲਾਈ
ਲੇਖਕ ਮੰਚ ਸਮਰਾਲਾ ਵੱਲੋਂ ਸਾਹਿਤਕਾਰ ਗੁਲਜ਼ਾਰ ਸੰਧੂ ਦੇ ਨਾਵਲ ‘ਗੋਰੀ ਹਿਰਨੀ’ ਉੱਤੇ ਕਿੰਡਰ ਗਾਰਟਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਸ਼ਾਲ ਗੋਸ਼ਟੀ ਕਰਵਾਈ ਗਈ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਨਾਵਲਕਾਰ ਗੁਲਜ਼ਾਰ ਸਿੰਘ ਸੰਧੂ, ਸੁਰਜੀਤ ਕੌਰ ਸੰਧੂ, ਪੰਜਾਬ ਆਰਟ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਵੀ, ਕਹਾਣੀਕਾਰ ਤੇਲੂ ਰਾਮ ਕੋਹਾੜਾ, ਨਾਵਲਕਾਰ ਰਾਮ ਸਰੂਪ ਰਿਖੀ ਸ਼ਾਮਲ ਹੋਏ ਜਦਕਿ ਮੁੱਖ ਮਹਿਮਾਨ ਵਜੋਂ ਕਮਾਂਡੈਂਟ ਰਸ਼ਪਾਲ ਸਿੰਘ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਸੁਵਰਨ ਸਿੰਘ ਵਿਰਕ ਅਤੇ ਕਹਾਣੀਕਾਰ ਦਲਜੀਤ ਸ਼ਾਹੀ ਸ਼ਾਮਲ ਹੋਏ। ਮੰਚ ਸੰਚਾਲਨ ਕਰਦਿਆਂ ਨਾਟਕਕਾਰ ਰਾਜਵਿੰਦਰ ਸਮਰਾਲਾ ਵੱਲੋਂ ਜੀ ਆਇਆਂ ਕਹਿਣ ਉਪਰੰਤ ਸੁਵਰਨ ਸਿੰਘ ਵਿਰਕ ਨੇ ਨਾਵਲ ਬਾਰੇ ਗੱਲ ਕਰਦਿਆਂ ਕਿਹਾ ਕਿ ਜੰਗ ਨਾਲ ਕਦੇ ਉਸਾਰੀ ਨਹੀਂ ਹੁੰਦੀ ਸਗੋਂ ਹਮੇਸ਼ਾ ਤਬਾਹੀ ਹੁੰਦੀ ਹੈ। ਨਾਵਲ ਦੀ ਹਿੰਦੀ ਅਨੁਵਾਦਕ ਪ੍ਰੋ. ਬੰਦਨਾ ਸੁਖੀਜਾ ਅਤੇ ਗੁਰਬਖਸ਼ ਸਿੰਘ ਮੋਂਗਾ ਨੇ ਕਿਹਾ ਕਿ ਫਾਸ਼ੀਵਾਦ ਪੈਰ ਪਸਾਰਦਾ ਹੈ, ਲੋਕ ਸਮੂਹ ਹਮੇਸ਼ਾ ਵਿਰੋਧ ਕਰਦੇ ਹਨ। ਸੰਧੂ ਦੇ ਇਸ ਨਾਵਲ ਵਿੱਚ ਵੀ ਅਜਿਹੇ ਹੀ ਬਿਰਤਾਂਤ ਹਨ। ਐਡਵੋਕੇਟ ਪਰਮਿੰਦਰ ਸਿੰਘ ਗਿੱਲ ਨੇਕਿਹਾ ਕਿ ਲੇਖਕਾਂ ਨੂੰ ਬਿਨਾਂ ਕਿਸੇ ਡਰ ਤੋਂ ਆਪਣੀ ਗੱਲ ਕਰਨੀ ਚਾਹੀਦੀ ਹੈ। ਆਰਟ ਕੌਂਸਲ ਪੰਜਾਬ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਸਾਹਿਤ ਦੀ ਭਾਸ਼ਾ ਬੜਬੋਲੀ ਭਾਸ਼ਾ ਨਹੀਂ ਹੁੰਦੀ। ਗੁਲਜ਼ਾਰ ਸਿੰਘ ਸੰਧੂ ਪੰਜਾਬੀ ਸਾਹਿਤ ਦੇ ਕੱਦਾਵਾਰ ਲੇਖਕ ਹਨ, ਇਹੋ ਜਿਹੇ ਖੂਬਸੂਰਤ ਨਾਵਲ ਦੀ ਉਮੀਦ ਉਨ੍ਹਾਂ ਪਾਸੋਂ ਹੀ ਕੀਤੀ ਜਾ ਸਕਦੀ ਸੀ। ਲੇਖਕ ਮੰਚ ਸਮਰਾਲਾ ਦੇ ਅਹੁਦੇਦਾਰਾਂ ਡਾ. ਪਰਮਿੰਦਰ ਸਿੰਘ ਬੈਨੀਪਾਲ, ਰਾਜਵਿੰਦਰ ਸਮਰਾਲਾ, ਦਲਜੀਤ ਸ਼ਾਹੀ, ਹਰਬੰਸ ਮਾਲਵਾ, ਕਲਮਜੀਤ ਨੀਲੋਂ, ਮੈਨੇਜਰ ਕਰਮ ਚੰਦ ਤੇ ਅਵਤਾਰ ਸਿੰਘ ਉਟਾਲ ਨੇ ਮਹਿਮਾਨ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਅਤੇ ਲੋਈ ਨਾਲ ਸਨਮਾਨਿਤ ਕੀਤਾ। ਸਰਪ੍ਰਸਤ ਪ੍ਰਿੰਸੀਪਲ. (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਸਮਾਗਮ ਦੀ ਸਫ਼ਲਤਾ ਲਈ ਆਏ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ।