ਸ਼ਹੀਦ ਭਗਤ ਸਿੰਘ ਦੇ ਵਿਚਾਰ ਅੱਜ ਵੀ ਸਾਰਥਿਕ
ਬ੍ਰਿਸਬੇਨ: ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਲਿਖਤਾਂ ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਵਰਤਮਾਨ ਸਮੇਂ ਵਿੱਚ ਲੋੜ, ਦਿਸ਼ਾਹੀਣ ਜਵਾਨੀ ਦੀ ਰਹਿਨੁਮਾਈ ਅਤੇ ਭਾਰਤ ਦੀ ਸੱਤਾਧਾਰੀ ਫ਼ਿਰਕੂ ਰਾਸ਼ਟਰਵਾਦੀ ਪਹੁੰਚ ਬਾਰੇ ਚਰਚਾ ਕੀਤੀ। ਸਮਾਗਮ ਦੀ ਸ਼ੁਰੂਆਤ ਮਨਜੀਤ ਬੋਪਾਰਾਏ ਦੇ ਸਵਾਗਤੀ ਭਾਸ਼ਨ ਨਾਲ ਹੋਈ, ਜਿਸ ਵਿੱਚ ਉਨ੍ਹਾਂ ਨੇ ਇਪਸਾ ਦੀਆਂ ਗਤੀਵਿਧੀਆਂ ’ਤੇ ਰੌਸ਼ਨੀ ਪਾਈ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਪ੍ਰਤੀ ਆਪਣੇ ਅਹਿਦ ਨੂੰ ਦੁਹਰਾਇਆ।
ਲੇਖਕ ਗਿਆਨੀ ਸੰਤੋਖ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਜਸਵੰਤ ਸਿੰਘ ਜ਼ੀਰਖ ਨੇ ਸ਼ਹੀਦ ਭਗਤ ਸਿੰਘ, ਗ਼ਦਰੀ ਬਾਬਿਆਂ ਦੀ ਸੋਚ ਬਾਰੇ ਬਹੁਤ ਭਾਵਪੂਰਤ ਤਕਰੀਰ ਕੀਤੀ। ਉਨ੍ਹਾਂ ਰਿਲੀਜ਼ ਹੋ ਰਹੀ ਕਿਤਾਬ ਅਤੇ ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਬਾਰੇ ਜਾਣਕਾਰੀ ਦਿੱਤੀ। ਟੈਮਵਰਥ ਤੋਂ ਆਏ ਗੁਰਮੀਤ ਸਿੰਘ ਪਾਹੜਾ ਨੇ ਇਨਕਲਾਬੀ ਸਾਹਿਤ ਅਤੇ ਲੋਕ ਪੱਖੀ ਮੰਚ ਨਾਲ ਜੁੜਨ ਦੀ ਵਾਰਤਾ ਸੁਣਾਉਂਦਿਆਂ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨਾਲ ਜੁੜੀ ਆਪਣੀ ਜੀਵਨ ਜਾਚ ਬਾਰੇ ਬੋਲਿਆ। ਸਿਡਨੀ ਤੋਂ ਆਏ ਸਾਬਕਾ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਨੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਆਪਣੀ ਚਿਰੋਕਣੀ ਸਾਂਝ, ਵਿਚਾਰਧਾਰਕ ਸੇਧ ਅਤੇ ਵਰਤਮਾਨ ਵਿੱਚ ਇਨਕਲਾਬੀ ਵਿਚਾਰਾਂ ਦੀ ਸਾਰਥਿਕਤਾ ਬਾਰੇ ਵਿਚਾਰ ਰੱਖੇ।
ਮੈਲਬੌਰਨ ਤੋਂ ਆਏ ਪ੍ਰੋਫੈਸਰ ਹਰਜਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ ਅਤੇ ਨਾਇਕਤਵ ਦੇ ਸੰਕਟ ਬਾਰੇ ਵਿਚਾਰ ਪੇਸ਼ ਕੀਤੇ ਅਤੇ ਸਮਾਜ ਵਿੱਚ ਭਾਰਤ ਦੀ ਆਜ਼ਾਦੀ ਦੇ ਯੋਗਦਾਨ ਵਿੱਚ ਵਿਚਾਰ ਅਤੇ ਹਥਿਆਰ ਦੀ ਪਰਸਪਰ ਵਿਆਖਿਆ ਕਰਦਿਆਂ ਮੌਜੂਦਾ ਬੌਧਿਕ ਕੰਗਾਲੀ ਦੀ ਨਿਸ਼ਾਨਦੇਹੀ ਕੀਤੀ।
ਸੈਮੀਨਾਰ ਦੇ ਅੰਤ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋਫੈਸਰ ਜਗਮੋਹਨ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਅਤੇ ਪਰਿਵਾਰਕ ਮਾਹੌਲ ਬਾਰੇ, ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ, ਪ੍ਰਚੱਲਿਤ ਤੱਥਾਂ ਅਤੇ ਅਸਲੀਅਤ ਬਾਰੇ, ਸ਼ਹੀਦ ਭਗਤ ਸਿੰਘ ’ਤੇ ਫਿਲਮਾਈਆਂ ਗਈਆਂ ਫਿਲਮਾਂ ਸਮੇਤ ਹੁਣ ਤੀਕ ਸ਼ਹੀਦ ਭਗਤ ਸਿੰਘ ਨੂੰ ਆਪਣੇ ਤਰੀਕੇ ਨਾਲ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਬਹੁਤ ਸੋਹਣੀ ਗੱਲ੍ਹਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਕੋਲ ਸਿਰਫ਼ ਹਥਿਆਰ ਨਹੀਂ ਸਨ, ਵਿਚਾਰ ਵੀ ਸਨ। ਉਸ ਕੋਲ ਆਉਣ ਵਾਲੇ ਕੱਲ੍ਹ ਦੀ ਤਸਵੀਰ ਵੀ ਸੀ। ਉਹ ਅੰਗਰੇਜ਼ਾਂ ਕੋਲੋਂ ਮਿਲੀ ਆਜ਼ਾਦੀ ਤੋਂ ਬਾਅਦ ਆਉਣ ਵਾਲੀ ਗ਼ੁਲਾਮੀ ਤੋਂ ਵੀ ਸੁਚੇਤ ਸੀ। ਇਸ ਮੌਕੇ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਗੀਤਕਾਰ ਨਿਰਮਲ ਦਿਓਲ, ਬਗੀਚਾ ਸਿੰਘ ਤਿੰਮੋਵਾਲ, ਸ਼ਮਸ਼ੇਰ ਸਿੰਘ ਚੀਮਾ, ਕਮਲਦੀਪ ਬਾਜਵਾ, ਸੁਖਮੰਦਰ ਸੰਧੂ, ਸੁਰਜੀਤ ਸੰਧੂ, ਪਾਲ ਰਾਊਕੇ, ਬਿਕਰਮਜੀਤ ਸਿੰਘ ਪਟਿਆਲਾ, ਜਤਿੰਦਰ ਸ਼ਰਮਾ, ਦਲਵੀਰ ਹਲਵਾਰਵੀ, ਹਰਮਿੰਦਰ ਸਿੰਘ ਬਠਿੰਡਾ, ਰੁਪਿੰਦਰ ਸੋਜ਼, ਗੁਰਵਿੰਦਰ ਹੇਅਰ, ਰਵਿੰਦਰ ਹੇਅਰ, ਅਸ਼ਵਨੀ ਕੁਮਾਰ, ਜਸਪਾਲ ਸੰਘੇੜਾ, ਮਹਿੰਦਰਪਾਲ ਕਾਹਲੋਂ, ਦੀਪਕ ਕੰਗ, ਗੁਰਪ੍ਰੀਤ ਬਰਾੜ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਿਭਾਈ ਗਈ।
ਔਰਤਾਂ ਨੂੰ ਆਪਣੀ ਹੋਂਦ ਲਈ ਸੁਚੇਤ ਹੋਣ ਦੀ ਲੋੜ
ਕੈਲਗਰੀ: ਕੈਲਗਰੀ ਵੂਮੈੱਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਇੱਥੇ ਹੋਈ। ਸਭਾ ਦੇ ਕੋਆਰਡੀਨੇਟਰ ਗੁਰਚਰਨ ਥਿੰਦ ਨੇ ਮੀਟਿੰਗ ਦਾ ਆਗਾਜ਼ ਕੀਤਾ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਬਾਰੇ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਕਿਹਾ ਕਿ ਸਮੁੱਚੀ ਦੁਨੀਆ ਦੀਆਂ ਔਰਤਾਂ ਦੇ ਹੱਕ ਮੌਜੂਦਾ ਸਮੇਂ ਵਿੱਚ ਕਿੱਥੋਂ ਤੱਕ ਸੁਰੱਖਿਅਤ ਹਨ, ਇਨ੍ਹਾਂ ਦਾ ਮੁਲਾਂਕਣ ਕਰਨ ਦੀ ਲੋੜ ਹੈ। ਉਨ੍ਹਾਂ ਨੇ ਸਭਾ ਵੱਲੋਂ ਕਮਿਊਨਿਟੀ ਦੇ ਨੌਜੁਆਨਾਂ ਨੂੰ ‘ਯੂਥ ਸਪੀਕਸ ਗਰੁੱਪ’ ਰਾਹੀਂ ਸਭਾ ਨਾਲ ਜੋੜਨ ਅਤੇ ਨੌਜੁਆਨਾਂ ਦੀ ਗੱਲ ਉਨ੍ਹਾਂ ਦੀ ਜ਼ੁਬਾਨੀ ਕਮਿਊਨਿਟੀ ਨਾਲ ਸਾਂਝੀ ਕਰਨ ਲਈ ਸਭਾ ਦਾ ਪਲੈਟਫਾਰਮ ਉਪਲੱਬਧ ਕਰਵਾਉਣ ਬਾਰੇ ਦੱਸਿਆ।
ਉਪਰੰਤ ਸਭਾ ਦੇ ਪ੍ਰਧਾਨ ਬਲਵਿੰਦਰ ਬਰਾੜ ਨੇ ਔਰਤਾਂ ਦੀ ਸਮਾਜਿਕ ਸਥਿਤੀ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਇਸ ਤੋਂ ਵੱਡਾ ਲਿੰਗਕ ਵਿਤਕਰਾ ਕੀ ਹੋ ਸਕਾਦਾ ਹੈ ਕਿ ਔਰਤ ਨੂੰ ਦਿੱਤੀਆਂ ਅਸੀਸਾਂ ਮਰਦਾਂ ਦੇ ਖਾਤੇ ਜਾਂਦੀਆਂ ਹਨ ਅਤੇ ਮਰਦਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਗਾਲ੍ਹਾਂ ਔਰਤ ਦੀ ਝੋਲੀ ਵਿੱਚ ਪੈਂਦੀਆਂ ਹਨ। ਇਸ ਵਿਸ਼ੇਸ਼ ਦਿਹਾੜੇ ਔਰਤਾਂ ਨੂੰ ਆਪਣੀ ਹੋਂਦ ਲਈ ਸੁਚੇਤ ਹੋਣ ਦੀ ਲੋੜ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਕੁਲਦੀਪ ਘਟੌੜਾ ਨੇ ਔਰਤ ਨੂੰ ਆਪਣੀ ਅੰਦਰਲੀ ਸ਼ਕਤੀ ਪਹਿਚਾਨਣ ਦਾ ਸੱਦਾ ਦਿੱਤਾ। ਗੁਰਦੀਸ਼ ਗਰੇਵਾਲ ਨੇ ਔਰਤਾਂ ਨਾਲ ਸਬੰਧਤ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਭਾ ਦੇ ਖ਼ਜ਼ਾਨਚੀ ਕਿਰਨ ਕਲਸੀ ਨੇ ਵੀ ਕਵਿਤਾ ਪੇਸ਼ ਕੀਤੀ। ਸੈਂਟਰ ਫਾਰ ਨਿਊਕਮਰਜ਼ ਤੋਂ ਰਿਜ਼ਵਾਨ ਖ਼ਾਨ ਨੇ ਬਜ਼ੁਰਗਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਸੈਂਟਰ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮਨਜੀਤ ਕੌਰ ਸੰਧੂ ਨੇ ਆਪਣੇ ਕੈਨੇਡਾ ਦੇ ਤਜਰਬੇ ਸਾਂਝੇ ਕੀਤੇ। ਗੁਰਨਾਮ ਕੌਰ, ਸੁਖਵੰਤ ਕੌਰ ਪਰਮਾਰ, ਬਲਜਿੰਦਰ ਗਿੱਲ, ਸੁਰਿੰਦਰ ਸੰਧੂ ਅਤੇ ਸਕੱਤਰ ਗੁਰਨਾਮ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸੰਪਰਕ: 403-402-9635
ਜਗਦੀਸ਼ ਰਾਏ ਕੁਲਰੀਆਂ ਨੂੰ ਅਨੁਵਾਦ ਪੁਰਸਕਾਰ ਦੇਣ ਦਾ ਐਲਾਨ
ਮੰਗਤ ਕੁਲਜਿੰਦ
ਭਾਰਤੀ ਸਾਹਿਤ ਅਕਾਦਮੀ ਦਿੱਲੀ ਨੇ ਬਹੁ-ਪੱਖੀ ਸਾਹਿਤਕਾਰ ਜਗਦੀਸ਼ ਰਾਏ ਕੁਲਰੀਆਂ ਨੂੰ ‘ਅਨੁਵਾਦ ਐਵਾਰਡ’ ਦੇਣ ਦਾ ਐਲਾਨ ਕੀਤਾ ਹੈ। ਉਸ ਨੂੰ ਇਹ ਸਨਮਾਨ ਹਿੰਦੀ ਦੇ ਸਥਾਪਿਤ ਨਾਵਲਕਾਰ ਸ਼ਰਦ ਪਗਾਰੇ ਦੇ ਚਰਚਿਤ ਨਾਵਲ ‘ਗੁਲਾਰਾ ਬੇਗਮ’ ਨੂੰ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਨ ਲਈ ਦਿੱਤਾ ਗਿਆ ਹੈ। ਜਗਦੀਸ਼ ਰਾਏ ਕੁਲਰੀਆਂ ਅੱਜਕੱਲ੍ਹ ਮਿੰਨੀ ਕਹਾਣੀ ਦੇ ਖੇਤਰ ਵਿੱਚ ਹਿੰਦੀ ਸਮੇਤ ਦੂਸਰੀਆਂ ਭਾਰਤੀ ਭਾਸ਼ਾਵਾਂ ਅਤੇ ਪੰਜਾਬੀ ਭਾਸ਼ਾ ਵਿਚਕਾਰ ਪੁਲ ਦਾ ਕੰਮ ਕਰ ਰਿਹਾ ਹੈ। ਨਾਲ ਦੀ ਨਾਲ ਸਾਹਿਤ ਦੀਆਂ ਹੋਰ ਵਿਧਾਵਾਂ ਵਿਅੰਗ, ਲੇਖ, ਕਹਾਣੀ, ਨਾਵਲ, ਕਵਿਤਾ, ਹਾਇਕੂ, ਮੁਲਾਕਾਤਾਂ ਲਈ ਵੀ ਓਨੀ ਹੀ ਸ਼ਿੱਦਤ ਨਾਲ ਕੰਮ ਕਰ ਰਿਹਾ ਹੈ।
ਉਸ ਨੇ ਸਾਲ 1978 ਵਿੱਚ ਪਿੰਡ ਕੁਲਰੀਆਂ ਜ਼ਿਲ੍ਹਾ ਮਾਨਸਾ ਵਿਖੇ ਪਿਤਾ ਪ੍ਰੇਮ ਕੁਮਾਰ ਗਰਗ ਅਤੇ ਮਾਤਾ ਸੰਤੋਸ਼ ਰਾਣੀ ਦੇ ਘਰ ਜਨਮ ਲਿਆ। ਮਾਂ ਬੋਲੀ ਪੰਜਾਬੀ ਦੀ ਝੋਲੀ ਅਨੇਕਾਂ ਉਸ ਨੇ ਕਈ ਮੌਲਿਕ ਪੁਸਤਕਾਂ ਪਾਈਆਂ ਹਨ-ਹਾਸ਼ੀਏ ਤੋਂ ਮੁੜਦੀ ਜ਼ਿੰਦਗੀ (ਨਾਟਕ), ਸੰਵਾਦ ਤੇ ਸਿਰਜਣਾ-ਭਾਗ ਪਹਿਲਾ (ਮਿੰਨੀ ਕਹਾਣੀ ਲੇਖਕਾਂ ਨਾਲ ਮੁਲਾਕਾਤਾਂ,ਆਲੋਚਨਾ), ਸੰਵਾਦ ਤੇ ਸਿਰਜਣਾ-ਭਾਗ ਦੂਜਾ (ਮਿੰਨੀ ਕਹਾਣੀ ਲੇਖਕਾਂ ਨਾਲ ਮੁਲਾਕਾਤਾਂ, ਆਲੋਚਨਾ), ਰਿਸ਼ਤਿਆਂ ਦੀ ਨੀਂਹ (ਮਿੰਨੀ ਕਹਾਣੀ ਸੰਗ੍ਰਹਿ), ਜਦੋਂ ਇਤਿਹਾਸ ਬਣਦਾ ਹੈ ((ਮਿੰਨੀ ਕਹਾਣੀ ਸੰਗ੍ਰਹਿ), ਖੱਬੀਖ਼ਾਨ (ਪੰਜਾਬੀ ਵਿਅੰਗਕਾਰਾਂ ਨਾਲ ਮੁਲਾਕਾਤਾਂ, ਆਲੋਚਨਾ) ਆਦਿ ਦੇ ਨਾਲ ਹੀ ਅਨੁਵਾਦਿਤ ਪੁਸਤਕਾਂ-ਤਾਰਾ ਮੰਡਲ (ਮਿੰਨੀ ਕਹਾਣੀ ਸੰਗ੍ਰਹਿ ਹਿੰਦੀ ਤੋਂ ਪੰਜਾਬੀ), ਡਾ. ਰਾਮ ਕੁਮਾਰ ਘੋਟੜ ਦੀਆਂ ਹਿੰਦੀ ਲਘੂਕਥਾਵਾਂ (ਹਿੰਦੀ ਤੋਂ ਪੰਜਾਬੀ), ਕਦੇ ਵੀ-ਕੁਝ ਵੀ (ਮਿੰਨੀ ਕਹਾਣੀ ਸੰਗ੍ਰਹਿ ਹਿੰਦੀ ਤੋਂ ਪੰਜਾਬੀ), ਨਾਵਲ ‘ਗੁਲਾਰਾ ਬੇਗਮ’ (ਮੂਲ ਲੇਖਕ ਸ਼ਰਦ ਪਗਾਰੇ, ਹਿੰਦੀ ਤੋਂ ਪੰਜਾਬੀ), ਬਾਲਕਾਂਡ (ਮਿੰਨੀ ਕਹਾਣੀ ਸੰਗ੍ਰਹਿ, ਹਿੰਦੀ ਤੋਂ ਪੰਜਾਬੀ), ਦੇਵੀ ਨਾਗਰਾਣੀ ਦੀ ਸਿੰਧੀ ’ਚ ਲਿਖੀ ਕਹਾਣੀਆਂ ਦੀ ਕਿਤਾਬ ‘ਗੁਲਸ਼ਨ ਕੌਰ ਤੇ ਹੋਰ ਕਹਾਣੀਆਂ’ ਦਾ ਪੰਜਾਬੀ ਅਨੁਵਾਦ, ਫਿਓਦੋਰ ਦੋਸਤੋਵਸਕੀ ਦਾ ਨਾਵਲ ‘ਇੱਕ ਰੂਪੋਸ਼ ਆਦਮੀ ਦੀ ਡਾਇਰੀ’ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਪੰਜਾਬੀ ਸਾਹਿਤ-ਭੰਡਾਰ ਵਿੱਚ ਵਾਧਾ ਵੀ ਕੀਤਾ ਹੈ। ਸੰਪਾਦਨ ਅਤੇ ਸਹਿ-ਸੰਪਾਦਨ ਦੇ ਕੰਮ ਵਿੱਚ ਕੁਲਰੀਆਂ ਦੀ ਮਿਹਨਤ ਮੂੰਹੋਂ ਬੋਲਦੀ ਹੈ- ਪੰਜਾਬੀ ਮਿੰਨੀ ਕਹਾਣੀ ਦਾ ਵਰਤਮਾਨ (ਮਿੰਨੀ ਕਹਾਣੀ ਸੰਗ੍ਰਹਿ), ਆਓ ਜਿਊਣ ਜੋਗੇ ਹੋਈਏ (ਸਿਹਤ ਚੇਤਨਾ ਸਬੰਧੀ ਲੇਖ ਸੰਗ੍ਰਹਿ), ਮੈਂ ਪਾਣੀ ਕਹਾਂ ਕਹਾਣੀ (ਲੇਖ ਸੰਗ੍ਰਹਿ), ਪੰਜਵਾਂ ਥੰਮ੍ਹ (ਮਿੰਨੀ ਕਹਾਣੀ ਸੰਗ੍ਰਹਿ), ਤਾਰੇ ਕਰਨ ਇਸ਼ਾਰੇ (ਬਾਲ ਰਚਨਾਵਾਂ) ਆਦਿ ਪੁਸਤਕਾਂ ਵਿੱਚ ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਜਗਦੀਸ਼ ਕੁਲਰੀਆਂ ਨੇ ਖੋਜ ਕਾਰਜਾਂ ਵਿੱਚ ਵੀ ਆਪਣੀ ਸੂਝ ਦਾ ਸਬੂਤ ਦਿੱਤਾ ਹੈ।
ਜਗਦੀਸ਼ ਰਾਏ ਕੁਲਰੀਆਂ ਦੇ ਘਰ ਦੀਆਂ ਦੀਵਾਰਾਂ ਉੱਪਰ ਸਜੇ ਸਨਮਾਨ ਪੱਤਰ ਮੁੱਖੋਂ ਬੋਲਦੇ ਹਨ ਕਿ ਦੇਸ਼ ਦੀਆਂ ਸਾਹਿਤਕ ਸੰਸਥਾਵਾਂ ਨੇ ਕਿਵੇਂ ਉਸ ਦੀ ਪ੍ਰਤਿਭਾ ਨੂੰ ਪਹਿਚਾਣਿਆ ਹੈ। ਅਕਾਦਮੀ ਦਾ ਵੱਕਾਰੀ ਐਵਾਰਡ ਮਿਲਣ ਤੇ ਦੇਸ਼ ਵਿਦੇਸ਼ ਦੇ ਸਾਹਿਤਕਾਰਾਂ ਵੱਲੋਂ ਵਧਾਈ ਸੰਦੇਸ਼ ਮਿਲ ਰਹੇ ਹਨ। ਅਦਾਰਾ ‘ਸ਼ਬਦ ਤ੍ਰਿੰਜਣ’ ਦੇ ਸੰਪਾਦਕੀ ਬੋਰਡ ਦੇ ਮੈਂਬਰਾਂ ਸੁਖਦਰਸ਼ਨ ਗਰਗ ਰੁਬਾਈਕਾਰ ਅਤੇ ਅਮਰਜੀਤ ਸਿੰਘ ਪੇਂਟਰ, ਪੇਂਡੂ ਸਾਹਿਤ ਸਭਾ ਬਾਲਿਆਂ ਵਾਲੀ ਵੱਲੋਂ, ਬਾਰੂ ਰਾਮ ਮੈਮੋਰੀਅਲ ਸ਼ਬਦ ਤ੍ਰਿੰਜਣ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਬਠਿੰਡਾ ਵੱਲੋਂ ਅਤੇ ਬਲਿਹਾਰ ਸਿੰਘ ਲੇਹਲ ਪ੍ਰਧਾਨ ਪੰਜਾਬੀ ਲਿਖਾਰੀ ਸਭਾ ਸਿਆਟਲ, ਰਾਇਲ ਕੁਲੈਕਟਰ ਸੁਸਾਇਟੀ ਬਠਿੰਡਾ ਅਤੇ ਸਾਹਿਤ ਸਿਰਜਣਾ ਮੰਚ ਬਠਿੰਡਾ ਵੱਲੋਂ ਨਿਰੰਤਰ ਯਤਨਸ਼ੀਲ ਰਹਿਣ ਲਈ ਕੁਲਰੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ।
ਸੰਪਰਕ: 1 425 286 0163
ਸ਼ਾਇਰ ਇਕਬਾਲ ਖ਼ਾਨ ਨੂੰ ਸ਼ਰਧਾਂਜਲੀਆਂ ਭੇਟ
ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਮੀਟਿੰਗ ਡਾ. ਜੋਗਾ ਸਿੰਘ ਅਤੇ ਕੇਸਰ ਸਿੰਘ ਨੀਰ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸ਼ਾਇਰ ਇਕਬਾਲ ਖ਼ਾਨ ਅਤੇ ਸੁਰਜੀਤ ਸਿੰਘ ਪੰਨੂ (ਸੀਤਲ), ਉਰਦੂ ਸ਼ਾਇਰ ਮੁਨੱਵਰ ਰਾਣਾ, ਕਹਾਣੀਕਾਰ ਸੁਖਜੀਤ, ਜਗਦੇਵ ਸਿੰਘ ਸਿੱਧੂ ਦੇ ਭਤੀਜੇ ਅਤੇ ਮਾ. ਸੁਖਦੇਵ ਸਿੰਘ ਧਾਲੀਵਾਲ ਦੇ ਸਪੁੱਤਰ ਦੀ ਮੌਤ ’ਤੇ ਸਭਾ ਵੱਲੋਂ ਇਨ੍ਹਾਂ ਸਾਰੀਆਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਉਪਰੰਤ ਕੇਸਰ ਸਿੰਘ ਨੀਰ ਨੇ ਇਕਬਾਲ ਖ਼ਾਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਉਸ ਦੀ ਸਾਹਿਤਕ ਦੇਣ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਸ਼ਾਇਰ ਜਸਵਿੰਦਰ ਸਿੰਘ ਰੁਪਾਲ ਨੇ ਆਪਣੀ ਕਵਿਤਾ ਰਾਹੀਂ ਇਕਬਾਲ ਖ਼ਾਨ ਨੂੰ ਸ਼ਰਧਾਂਜਲੀ ਦਿੱਤੀ। ਡਾ. ਬਾਠ ਨੇ ਗੀਤ ਰਾਹੀਂ ਇਕਬਾਨ ਖ਼ਾਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਹਾਣੀਕਾਰਾ ਗੁਰਚਰਨ ਕੌਰ ਥਿੰਦ ਨੇ ਇਕਬਾਲ ਖ਼ਾਨ ਦੀ ਹੀ ਇੱਕ ਕਵਿਤਾ ‘ਕਲਮ ਦੀ ਅੱਖ’ ਸੁਣਾ ਕੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਇਕਬਾਲ ਖ਼ਾਨ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵੀ ਸ਼ਾਮਲ ਹੋਏ। ਜਥੇਬੰਦੀਆਂ ਵਿੱਚ ਅਰਪਨ ਲਿਖਾਰੀ ਸਭਾ ਤੋਂ ਇਲਾਵਾ ਐਡਮਿੰਟਨ ਤੋਂ ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਆਫ ਐਡਮਿੰਟਨ ਅਤੇ ਮੈਪਲ ਲੀਫ ਰਾਇਟਰਜ਼ ਫਾਊਂਡੇਸ਼ਨ ਵੱਲੋਂ ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਭਾ ਵਿਨੀਪੈਗ, ਈਸਟ ਇੰਡੀਆ ਡਿਫੈਂਸ ਕਮੇਟੀ ਵੈਨਕੂਵਰ ਅਤੇ ਕੈਲਗਰੀ ਦੀਆਂ ਸਾਰੀਆਂ ਸਾਹਿਤਕ ਅਤੇ ਭਾਈਚਾਰਕ ਜਥੇਬੰਦੀਆਂ ਅਤੇ ਕੈਨੇਡਾ ਦੇ ਵੱਖ ਵੱਖ ਸੂਬਿਆਂ ਅਤੇ ਸ਼ਹਿਰਾਂ ਦੇ ਸਾਹਿਤਕਾਰਾਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਦੇਸ਼ ਵਿਦੇਸ਼ ਤੋਂ ਉਹਦੇ ਮਿੱਤਰ ਪਿਆਰਿਆਂ ਦੇ ਸ਼ੋਕ ਸੰਦੇਸ਼ ਪੜ੍ਹੇ ਗਏ ਖ਼ਾਸ ਕਰਕੇ ਉਹਦੇ ਪਿੰਡ ਖ਼ਾਨਖ਼ਾਨਾ (ਨੇੜੇ ਬੰਗਾ) ਨਿਵਾਸੀਆਂ ਵੱਲੋਂ ਪਿੰਡ ਦੇ ਸਕੂਲ ਲਈ ਕੀਤੀ ਮਦਦ ਦਾ ਖ਼ਾਸ ਜ਼ਿਕਰ ਕਰਦਿਆਂ ਸ਼ੋਕ ਸੰਦੇਸ਼ ਭੇਜਿਆ ਗਿਆ।
ਸੁਖਵਿੰਦਰ ਸਿੰਘ ਤੂਰ ਨੇ ਇਕਬਾਲ ਖ਼ਾਨ ਦੀ ਫਿਰੋਜ਼ਦੀਨ ਸ਼ਰਫ਼ ਨੂੰ ਸੰਬੋਧਿਤ ਕਰਕੇ ਲਿਖੀ ਕਵਿਤਾ ‘ਅਰਥੀ ਮੈਂ ਚੁੱਕੀ ਫਿਰਦਾਂ ਪੰਜਾਬ ਦੀ’ ਸੁਣਾ ਕੇ ਇਕਬਾਲ ਖ਼ਾਨ ਨੂੰ ਯਾਦ ਕੀਤਾ। ਲਖਵਿੰਦਰ ਸਿੰਘ ਜੌਹਲ ਨੇ ਕਿਰਤੀ ਨਾਂ ਦੀ ਕਵਿਤਾ ਨਾਲ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕੁਲਦੀਪ ਕੌਰ ਘਟੌੜਾ, ਜਸਵਿੰਦਰ ਅਰਪਨ, ਪ੍ਰੋ. ਸੁਖਵਿੰਦਰ ਸਿੰਘ ਥਿੰਦ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਸਤਨਾਮ ਸਿੰਘ ਢਾਅ ਨੇ ਕਿਹਾ ਕਿ ਭਾਵੇਂ ਇਕਬਾਲ ਖ਼ਾਨ ਸਾਡੇ ਵਿੱਚ ਨਹੀਂ ਰਿਹਾ ਪਰ ਉਹਦੇ ਕੀਤੇ ਕੰਮ ਹਮੇਸ਼ਾਂ ਯਾਦ ਰਹਿਣਗੇ। ਡਾ. ਜੋਗਾ ਸਿੰਘ ਸਿਹੋਤਾ ਨੇ ਪ੍ਰੋ. ਦਰਸ਼ਨ ਸਿੰਘ ਕੋਮਲ ਦੀ ਲਿਖੀ ਕਵਿਤਾ ਪੇਸ਼ ਕਰਕੇ ਹਾਜ਼ਰੀਨ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਨ੍ਹਾਂ ਤੋਂ ਇਲਾਵਾ ਜਸਵਿੰਦਰ ਸਿੰਘ ਅਰਪਨ, ਪ੍ਰਿਤਪਾਲ ਸਿੰਘ ਮੱਲ੍ਹੀ ਅਤੇ ਸੁਖਦੇਵ ਕੌਰ ਢਾਅ ਨੇ ਵੀ ਸ਼ਰਧਾਂਜਲੀ ਸਮਾਗਮ ਵਿੱਚ ਭਰਪੂਰ ਯੋਗਦਾਨ ਪਇਆ।
ਖ਼ਬਰ ਸਰੋਤ: ਅਰਪਨ ਲਿਖਾਰੀ ਸਭਾ
ਸੰਪਰਕ: 403-285-6091