ਚਿੰਤਾ ਦਾ ਚਿੰਤਨ
ਮਨੁੱਖ ਦੀ ਬੁੱਧੀ ਦਾ ਵਿਕਾਸ ਹੋਇਆ ਤਾਂ ਹਰ ਵਰਤਾਰੇ ਨੂੰ ਆਪਣੇ ਹਿਸਾਬ ਨਾਲ ਸਹੀ ਕਰਨ ਦੀ ਕੋਸ਼ਿਸ਼ ਕਾਰਨ ਚਿੰਤਾ ਉਪਜੀ। ਮਨੁੱਖ ਨੂੰ ਇਹ ਸੋਝੀ ਹੈ ਕਿ ਚਿੰਤਾ ਕਰਨਾ ਵਿਅਰਥ ਹੁੰਦਾ ਹੈ। ਇਸ ਦੇ ਬਾਵਜੂਦ ਇਹ ਘਟ ਨਹੀਂ ਰਹੀ। ਇਹ ਲੇਖ ਇਸੇ ਵਰਤਾਰੇ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਇਸ ਦਾ ਹੱਲ ਸੁਝਾਉਂਦਾ ਹੈ।
ਨਰਿੰਦਰ ਸਿੰਘ ਕਪੂਰ
ਜਦੋਂ ਤੱਕ ਮਨੁੱਖ ਦਾ ਦਿਮਾਗ਼ ਵਿਕਸਿਤ ਨਹੀਂ ਸੀ ਹੋਇਆ, ਸਭ ਕੁਝ ਪ੍ਰਕਿਰਤਿਕ ਨੇਮਾਂ ਅਨੁਸਾਰ, ਸਵੈ-ਚਾਲਕ ਢੰਗ ਨਾਲ ਚਲਦਾ ਸੀ। ਕੋਈ ਅਨਿਸ਼ਚਿਤਤਾ ਜਾਂ ਵਿਘਨ ਨਹੀਂ ਸੀ। ਕਾਰਨ-ਕਾਰਨ ਨਾਲ ਸਭ ਕੁਝ ਆਪਮੁਹਾਰੇ ਵਾਪਰਦਾ ਸੀ। ਮਨੁੱਖ ਦੇ ਦਿਮਾਗ਼ ਦੇ ਵਿਕਸਿਤ ਹੋਣ ਨਾਲ ਮਨੁੱਖ ਨੇ ਸੋਚਣਾ ਆਰੰਭਿਆ ਅਤੇ ਆਲੇ-ਦੁਆਲੇ ਵਿੱਚ ਦਖ਼ਲ ਦੇਣਾ ਸ਼ੁਰੂ ਕੀਤਾ ਜਿਸ ਕਾਰਨ ਬਹੁਤਾ ਕੁਝ ਨਿਸ਼ਚਿਤ ਨਾ ਰਿਹਾ। ਮਨੁੱਖ ਨੇ ਸੰਦਾਂ ਦਾ ਨਿਰਮਾਣ ਕੀਤਾ, ਨਵੇਂ ਨੇਮ ਘੜੇ ਅਤੇ ਸਥਾਪਤ ਨੇਮ ਬਦਲ ਦਿੱਤੇ ਜਾਂ ਤੋੜ ਦਿੱਤੇ। ਇਹ ਪ੍ਰਕਿਰਿਆ ਹੁਣ ਵੀ ਵਾਪਰ ਰਹੀ ਹੈ। ਇਸ ਪ੍ਰਕਿਰਿਆ ਦੇ ਤੇਜ਼ ਹੋ ਜਾਣ ਕਰਕੇ, ਹੁਣ ਪਤਾ ਹੀ ਨਹੀਂ ਲੱਗਦਾ ਕਿ ਵਿਕਾਸ ਵਾਪਰ ਰਿਹਾ ਹੈ ਕਿ ਨਹੀਂ ਵਾਪਰ ਰਿਹਾ। ਵਿਕਾਸ ਅਤੇ ਵਿਨਾਸ਼ ਦੋਵੇਂ ਵਾਪਰਨ ਦੀਆਂ ਸੰਭਾਵਨਾਵਾਂ ਹਨ ਪਰ ਨਿਰਣਾ ਹਰੇਕ ਵਿਅਕਤੀ ਆਪ ਕਰ ਰਿਹਾ ਹੈ। ਆਸ ਤਾਂ ਇਹ ਸੀ ਕਿ ਮਨੁੱਖ ਆਪਣੀ ਅਕਲ-ਬੁੱਧੀ ਨਾਲ ਚੰਗੇ ਅਤੇ ਲਾਭਕਾਰੀ ਨਿਰਣੇ ਕਰੇਗਾ, ਕਲਿਆਣਕਾਰੀ ਕਦਮ ਚੁੱਕੇਗਾ ਪਰ ਇਵੇਂ ਸੰਤੁਸ਼ਟ ਕਰਨ ਵਾਲਾ ਕੁਝ ਵਾਪਰਿਆ ਨਹੀਂ। ਇਸ ਸਥਿਤੀ ਵਿੱਚੋਂ ਚਿੰਤਾ ਉਪਜੀ ਹੈ। ਚਿੰਤਾ ਮਨੁੱਖ ਉਪਜਾਉਂਦਾ ਹੈ, ਚਿੰਤਾ ਦਾ ਸਬੰਧ ਮਨੁੱਖ ਨਾਲ ਹੈ, ਚਿੰਤਾ ਦਾ ਪ੍ਰਭਾਵ ਵੀ ਮਨੁੱਖ ਉੱਤੇ ਪੈਂਦਾ ਹੈ। ਬਾਹਰ ਕੋਈ ਚਿੰਤਾ ਨਹੀਂ ਹੈ, ਚਿੰਤਾ ਮਨੁੱਖ ਦੇ ਅੰਦਰ ਹੈ। ਮਨੁੱਖ ਤੋਂ ਇਲਾਵਾ ਜੀਵਾਂ ਵਿੱਚ ਕੋਈ ਚਿੰਤਾ ਨਹੀਂ ਕਿਉਂਕਿ ਉਨ੍ਹਾਂ ਕੋਲ ਬੁੱਧੀ ਨਹੀਂ ਹੈ, ਸੰਦ ਬਣਾਉਣ ਦੀ ਸਮਰੱਥਾ ਨਹੀਂ ਹੈ, ਵਿਉਂਤਾਂ ਬਣਾਉਣ ਦੀ ਯੋਗਤਾ ਨਹੀਂ ਹੈ। ਪਸ਼ੂਆਂ ਅਤੇ ਪੰਛੀਆਂ ਦੇ ਸਬੰਧ ਵਿੱਚ ਸਭ ਕੁਝ ਪਹਿਲਾਂ ਦੀ ਤਰ੍ਹਾਂ ਹੀ ਵਾਪਰ ਰਿਹਾ ਹੈ। ਹੋਰ ਜੀਵਾਂ ਨੂੰ ਇਸ ਅਤੇ ਉਸ ਵਿੱਚੋਂ ਚੋਣ ਕਰਨ ਦੀ ਲੋੜ ਨਹੀਂ ਹੈ ਜਿਸ ਕਾਰਨ ਚਿੰਤਾ ਨਹੀਂ ਹੈ। ਚਿੰਤਾ ਕਿਸ ਨੂੰ ਹੋਣੀ ਸੀ, ਕਿਸ ਗੱਲ ਦੀ ਹੋਣੀ ਸੀ?
ਵੰਨ-ਸੁਵੰਨਤਾ ਦੀ ਸੋਝੀ ਕੇਵਲ ਮਨੁੱਖ ਨੂੰ ਹੈ, ਇਹ ਲਵਾਂ ਕਿ ਉਹ ਲਵਾਂ, ਇਹ ਕਰਾਂ ਕਿ ਉਹ ਕਰਾਂ ਦੀ ਸਮੱਸਿਆ ਮਨੁੱਖ ਦੀ ਹੈ। ਇਹ ਚਿੰਤਾ ਸਮੱਸਿਆ ਬਣ ਜਾਂਦੀ ਹੈ। ਇਹ ਚਿੰਤਾ ਗੰਭੀਰ ਹੋ ਜਾਵੇ ਤਾਂ ਉਹ ਤੌਖ਼ਲਾ ਬਣ ਜਾਂਦੀ ਹੈ। ਮਨੁੱਖ ਸਮੱਸਿਆਵਾਂ ਤੋਂ ਤਿੰਨ ਢੰਗਾਂ ਨਾਲ ਡਰਦਾ ਹੈ, ਉਹ ਬੇਇੱਜ਼ਤੀ ਤੋਂ ਡਰਦਾ ਹੈ, ਨੁਕਸਾਨ ਤੋਂ ਘਬਰਾਉਂਦਾ ਹੈ, ਸਮੇਂ ਦੇ ਬਰਬਾਦ ਹੋਣ ਤੋਂ ਪ੍ਰੇਸ਼ਾਨ ਹੁੰਦਾ ਹੈ। ਤੁਸੀਂ ਜੋ ਮਰਜ਼ੀ ਫ਼ੈਸਲਾ ਕਰੋ, ਚੋਣ ਕਰੋ, ਫ਼ੈਸਲਾ ਕਰਦਿਆਂ ਹੀ ਮਹਿਸੂਸ ਹੋਵੇਗਾ ਕਿ ਇਹ ਨਹੀਂ, ਉਹ ਫ਼ੈਸਲਾ ਕਰਨਾ ਚਾਹੀਦਾ ਸੀ। ਜਦੋਂ ਰਿਸ਼ਤੇ ਦੀ ਗੱਲ ਪੱਕੀ ਹੋ ਜਾਂਦੀ ਹੈ ਤਾਂ ਥੋੜ੍ਹੇ ਚਿਰ ਮਗਰੋਂ ਹੀ ਦੋਹਾਂ ਧਿਰਾਂ ਨੂੰ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਜੇ ਥੋੜ੍ਹਾ ਜਿਹਾ ਹੋਰ ਉਡੀਕ ਲੈਂਦੇ ਤਾਂ ਰਿਸ਼ਤਾ ਬਿਹਤਰ ਥਾਂ ਹੋ ਜਾਣਾ ਸੀ। ਜਦੋਂ ਜੀਵਨ ਵਿੱਚ ਵੰਨ-ਸੁਵੰਨਤਾ ਆਉਂਦੀ ਹੈ ਤਾਂ ਨਾਲ ਹੀ ਚਿੰਤਾ ਵੀ ਆਉਂਦੀ ਹੈ। ਗਹਿਣੇ ਖਰੀਦੋਗੇ, ਗਹਿਣੇ ਚੋਰੀ ਹੋ ਜਾਣ ਦੀ ਚਿੰਤਾ ਵੀ ਨਾਲ ਲੈ ਆਓਗੇ। ਇਸਤਰੀ ਤਿਆਰ ਹੋ ਕੇ ਵੀ ਚਿੰਤਾ ਕਰਦੀ ਹੈ ਕਿ ਮੈਂ ਹੋਰਾਂ ਵਿੱਚ ਕਿਹੋ ਜਿਹੀ ਲੱਗਾਂਗੀ? ਚਾਵਾਂ ਨਾਲ ਵਿਆਹ ਹੋਵੇਗਾ, ਕੁਝ ਚਿਰ ਮਗਰੋਂ ਇੱਕ-ਦੂਜੇ ਦੀ ਵਫ਼ਾਦਾਰੀ ’ਤੇ ਸ਼ੱਕ ਹੋਣ ਲੱਗ ਪਏਗਾ। ਮਨੁੱਖ ਦਾ ਦੂਜਾ ਨਾਂ ਚਿੰਤਾ ਹੀ ਹੈ। ਮਨੁੱਖ ਚਿੰਤਾ ਕਰਨ ਵਾਲਾ ਜੀਵ ਹੈ। ਕੋਰਸ ਕਿਹੜਾ ਕਰਾਂ, ਪਲਾਟ ਕਿੱਥੇ ਲਵਾਂ, ਕਾਰ ਕਿਹੜੀ ਖਰੀਦਾਂ, ਵਿਆਹ ਕਿਸ ਨਾਲ ਕਰਾਂ। ਵਿਆਹ ਕੇਵਲ ਮਨੁੱਖ ਕਰਦੇ ਹਨ। ਵਾਸਤਵ ਵਿੱਚ ਮਨੁੱਖ ਜੋ ਕਰਦੇ ਹਨ, ਉਸ ਵਿੱਚੋਂ ਚਿੰਤਾ ਉਪਜਦੀ ਹੈ। ਮਨੁੱਖ ਸੰਪੂਰਨਤਾ ਭਾਲਦਾ ਹੈ ਪਰ ਸਭ ਕੁਝ ਅਧੂਰਾ ਸਾਬਤ ਹੁੰਦਾ ਹੈ।
ਮਨੁੱਖ ਜੋ ਕਰਦਾ ਹੈ, ਉਸ ਵਿੱਚ ਅਕਲ ਵਰਤਦਾ ਹੈ। ਆਪਣੇ ਵੱਲੋਂ ਤਾਂ ਉਹ ਸਭ ਕੁਝ ਹੋਰਾਂ ਨਾਲ ਠੀਕ ਕਰਦਾ ਹੈ ਪਰ ਕੁਝ ਵੀ ਪੂਰਾ ਠੀਕ ਨਹੀਂ ਹੁੰਦਾ ਜਿਸ ਕਾਰਨ ਹੋਰਾਂ ਨਾਲ ਸਬੰਧ ਵਿਗੜਦੇ ਹਨ, ਗਲਤਫ਼ਹਿਮੀਆਂ ਉਪਜਦੀਆਂ ਹਨ, ਤਲਾਕ ਹੋ ਜਾਂਦੇ ਹਨ, ਮੁਕੱਦਮੇਬਾਜ਼ੀ ਆਰੰਭ ਹੋ ਜਾਂਦੀ ਹੈ। ਉਦਾਹਰਣ ਵਜੋਂ ਜਦੋਂ ਕੋਈ ਪ੍ਰੀਖਿਆ ਵਿੱਚ ਸਫਲ ਨਹੀਂ ਹੁੰਦਾ ਉਹ ਅਧਿਆਪਕਾਂ ਨੂੰ, ਸਿੱਖਿਆ ਪ੍ਰਣਾਲੀ ਨੂੰ ਦੋਸ਼ ਦੇਣ ਦਾ ਯਤਨ ਕਰੇਗਾ ਪਰ ਚਿੰਤਾ ਉਸ ਨੂੰ ਆਪ ਕਰਨੀ ਪਵੇਗੀ। ਮਨੁੱਖ ਆਪਣੇ ਕੀਤੇ ਫ਼ੈਸਲੇ ਨੂੰ ਲਾਭਕਾਰੀ ਢੰਗ ਨਾਲ ਉਲਟਾ ਨਹੀਂ ਸਕਦਾ। ਗ਼ਲਤ ਫ਼ੈਸਲੇ ਨਾਲ ਦਾਖਲ ਹੋ ਕੇ ਫੇਲ੍ਹ ਹੋਣ ਤੋਂ ਉਹ ਬਚ ਨਹੀਂ ਸਕਦਾ। ਗ਼ਲਤ ਵਪਾਰ ਦੀ ਚੋਣ ਕਰਨ ਨਾਲ ਘਾਟਾ ਬਰਦਾਸ਼ਤ ਕਰਨਾ ਪਵੇਗਾ। ਮਨੁੱਖ ਕਰਦਾ ਤਾਂ ਸਭ ਕੁਝ ਲਾਭਕਾਰੀ ਉਦੇਸ਼ ਨਾਲ ਹੈ ਪਰ ਹੋਣ ਵਾਲਾ ਨੁਕਸਾਨ ਚਿੰਤਾ ਉਪਜਾਉਂਦਾ ਹੈ। ਆਤਮਘਾਤ, ਚਿੰਤਾ ਕਰਨ ਦੀ ਸਿਖਰ ਹੁੰਦੀ ਹੈ। ਅਜੋਕੇ ਸੰਸਾਰ ਵਿੱਚ ਸੌ ਵਿੱਚੋਂ ਅੱਸੀ ਵਪਾਰਕ ਯਤਨ ਫੇਲ੍ਹ ਹੁੰਦੇ ਹਨ।
ਚਿੰਤਾ ਵਾਲੇ ਅਨੁਭਵ ਮਨੁੱਖ ਦੀ ਰੂਪ-ਰੇਖਾ, ਸੁਭਾਅ, ਆਦਤਾਂ ਆਦਿ ਦਾ ਨਿਰਮਾਣ ਕਰਦੇ ਹਨ। ਵਿਆਹ ਵੇਲੇ ਇਸਤਰੀ-ਪੁਰਸ਼ ਦੋਵੇਂ ਜਵਾਨ, ਤੰਦਰੁਸਤ ਅਤੇ ਸੋਹਣੇ ਵਿਖਾਈ ਦਿੰਦੇ ਹਨ ਪਰ ਆਮਦਨ, ਪਰਿਵਾਰ ਅਤੇ ਪਰਿਵਾਰ ਦੇ ਜੀਆਂ ਦੀਆਂ ਸਮੱਸਿਆਵਾਂ ਨਾਲ ਉਪਜਣ ਵਾਲੀ ਚਿੰਤਾ ਇਸਤਰੀ ਦੇ ਨੈਣ-ਨਕਸ਼ਾਂ ਦੀ ਰੌਣਕ ਅਤੇ ਪੁਰਸ਼ ਦੀ ਸਿਹਤ ਉੱਤੇ ਮਾਰੂ ਪ੍ਰਭਾਵ ਪਾਉਂਦੀ ਹੈ। ਸੱਚ ਤਾਂ ਇਹ ਹੈ ਕਿ ਹਰੇਕ ਮਨੁੱਖ ਜ਼ਿੰਦਗੀ ਦਾ ਜੂਆ ਖੇਡਦਾ ਹੈ ਜਿਸ ਵਿੱਚ ਜਿੱਤਾਂ ਨਾਲੋਂ ਹਾਰਾਂ ਵਧੇਰੇ, ਨਫ਼ੇ ਨਾਲੋਂ ਘਾਟੇ ਵਧੇਰੇ ਪੈਂਦੇ ਹਨ। ਮਨੁੱਖ ਦਾ ਚਿੰਤਾਯੁਕਤ ਅਤੇ ਚਿੰਤਾਮੁਕਤ ਹੋਣਾ ਨਿਰੰਤਰ ਵਾਪਰਦਾ ਰਹਿੰਦਾ ਹੈ। ਜਦੋਂ ਅਸੀਂ ਕਿਸੇ ਜਾਣੂੰ ਨੂੰ ਮਿਲਦੇ ਹਾਂ ਤਾਂ ਵਾਸਤਵ ਵਿੱਚ ਅਸੀਂ ਆਪਣੀਆਂ ਚਿੰਤਾਵਾਂ ਦਾ ਵਟਾਂਦਰਾ ਹੀ ਕਰਦੇ ਹਾਂ। ਇਸਤਰੀਆਂ, ਪੁਰਸ਼ਾਂ ਨਾਲੋਂ ਵਧੇਰੇ ਚਿੰਤਾ ਕਰਦੀਆਂ ਹਨ ਕਿਉਂਕਿ ਉਨ੍ਹਾਂ ਦੇ ਰੁਝੇਵੇਂ ਵਧੇਰੇ ਹੁੰਦੇ ਹਨ। ਇੱਕ ਉਮਰ ਤੋਂ ਮਗਰੋਂ ਧੀ ਮਾਪਿਆਂ ਦੀ ਚਿੰਤਾ ਦਾ ਕਾਰਨ ਬਣਨ ਲੱਗ ਪੈਂਦੀ ਹੈ। ਵੱਧ ਤੋਂ ਵੱਧ ਜਾਣਨ ਉਪਰੰਤ ਮੁੜ ਭੋਲਾ ਨਹੀਂ ਬਣਿਆ ਜਾ ਸਕਦਾ। ਕੋਈ ਫ਼ੈਸਲਾ ਕਰਨ ਦੀ ਮਜਬੂਰੀ ਆਪਣੀ ਕਿਸਮ ਦੇ ਭੈਅ ਉਪਜਾਉਂਦੀ ਹੈ। ਹਰੇਕ ਫ਼ੈਸਲੇ ਨਾਲ ਖਰਚਾ ਜੁੜਿਆ ਹੁੰਦਾ ਹੈ। ਪੁਰਸ਼ਾਂ ਦੀਆਂ ਚਿੰਤਾਵਾਂ ਆਰਥਿਕ ਹੁੰਦੀਆਂ ਹਨ ਜਦੋਂਕਿ ਇਸਤਰੀ ਸਬੰਧਾਂ ਦੀਆਂ ਚਿੰਤਾਵਾਂ ਦਾ ਸਾਹਮਣਾ ਕਰਦੀ ਹੈ। ਅਜੋਕੇ ਸੰਸਾਰ ਵਿੱਚ ਨਾਜਾਇਜ਼ ਸਬੰਧ ਆਮ ਹਨ ਜਿਹੜੇ ਚਿੰਤਾ ਉਪਜਾਉਂਦੇ ਹਨ। ਅਜਿਹੇ ਸਬੰਧ ਬੇਇੱਜ਼ਤੀ, ਅਪਮਾਨ ਅਤੇ ਨੁਕਸਾਨ ਨਾਲ ਜੁੜੇ ਹੋਣ ਕਰਕੇ ਪਰਿਵਾਰਾਂ ਨੂੰ ਬਰਬਾਦ ਕਰ ਰਹੇ ਹਨ। ਜਦੋਂ ਅਸੀਂ ਕੋਈ ਸਮੱਸਿਆ ਹੱਲ ਕਰਨ ਦਾ ਯਤਨ ਕਰਦੇ ਹਾਂ, ਸਮੱਸਿਆ ਹੋਰ ਹੀ ਪਾਸੇ ਚੱਲ ਪੈਂਦੀ ਹੈ। ਨਾਜਾਇਜ਼ ਸਬੰਧਾਂ ਨਾਲ ਪਤੀ-ਪਤਨੀ ਦੇ ਆਪਸੀ ਸਬੰਧ ਪ੍ਰਭਾਵਿਤ ਹੁੰਦੇ ਹਨ ਜਿਸ ਕਾਰਨ ਇੱਕ-ਦੂਜੇ ਦੇ ਵਿਹਾਰ ’ਤੇ ਸ਼ੱਕ ਕੀਤਾ ਜਾਂਦਾ ਹੈ। ਸ਼ੱਕ ਘੁਣ ਵਾਂਗ ਵਿਅਕਤੀ ਨੂੰ ਖੋਖਲਾ ਕਰ ਦਿੰਦਾ ਹੈ। ਜੇ ਪਤੀ/ਪਤਨੀ ਇੱਕ ਵਾਰੀ ਬੇਵਫ਼ਾਈ ਕਰੇ ਤਾਂ ਉਸ ਦੇ ਵਿਹਾਰ ਸਬੰਧੀ ਕਈ ਸਾਲ ਸ਼ੱਕ ਵਾਲੀ ਸਥਿਤੀ ਬਣੀ ਰਹਿੰਦੀ ਹੈ। ਅਜਿਹੀ ਸਥਿਤੀ ਵਿੱਚ ਪਤੀ-ਪਤਨੀ ਦੋਹਾਂ ਦਾ ਰਲ ਕੇ ਰਹਿਣਾ ਬੜਾ ਦੁਖਦਾਈ ਹੁੰਦਾ ਹੈ। ਸ਼ੱਕ ਵਾਲੀ ਸਥਿਤੀ ਸਮੁੱਚੇ ਪਰਿਵਾਰ ਦੇ ਜੀਵਨ ਨੂੰ ਲੀਹ ਤੋਂ ਲਾਹ ਦਿੰਦੀ ਹੈ।
ਅਜੋਕੇ ਸਮੇਂ ਵਿੱਚ ਸਭ ਤੋਂ ਵਧੇਰੇ ਚਿੰਤਾ ਦਾ ਖੇਤਰ ਸਿੱਖਿਆ ਹੁੰਦਾ ਜਾ ਰਿਹਾ ਹੈ। ਧਿਆਨ ਖਿੰਡਾਉਣ ਵਾਲੇ ਯੰਤਰ ਸ਼ਕਤੀਸ਼ਾਲੀ ਹੁੰਦੇ ਜਾ ਰਹੇ ਹਨ ਅਤੇ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਵਿਦਿਆਰਥੀਆਂ ਵਿੱਚ ਆਤਮਘਾਤ ਕਰਨ ਦੀ ਪ੍ਰਵਿਰਤੀ ਬਲਵਾਨ ਹੋ ਰਹੀ ਹੈ। ਪੜ੍ਹਾਈ ਔਖੀ ਹੋ ਗਈ ਹੈ, ਔਖੀ ਤਾਂ ਸਾਰੀ ਜ਼ਿੰਦਗੀ ਹੋ ਗਈ ਹੈ, ਸੋ ਔਖੇ ਕੰਮਾਂ ਤੋਂ ਬਚਣ ਲਈ ਜਵਾਨ ਨਸ਼ਿਆਂ ਦੇ ਲੜ ਲੱਗ ਰਹੇ ਹਨ, ਵਿਦੇਸ਼ ਜਾ ਰਹੇ ਹਨ, ਆਪਣੇ ਜੀਵਨ ਨੂੰ ਅਣਕਿਆਸੀਆਂ ਅਣਪਰਖੀਆਂ ਲੀਹਾਂ ’ਤੇ ਪਾ ਰਹੇ ਹਨ। ਜਵਾਨ ਪੜ੍ਹਨ ਦੇ ਉਦੇਸ਼ ਨਾਲ ਵਿਦੇਸ਼ ਜਾ ਰਹੇ ਹਨ, ਜਿੱਥੇ ਉਨ੍ਹਾਂ ਨੂੰ ਜਿਸ ਕੋਰਸ ਵਿੱਚ ਦਾਖ਼ਲਾ ਮਿਲਦਾ ਹੈ, ਉਸ ਵਿੱਚ ਦਾਖ਼ਲ ਹੋ ਜਾਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਪੜ੍ਹਾਈ ਸਮਝ ਨਹੀਂ ਆਉਂਦੀ, ਅਧਿਆਪਕਾਂ ਦਾ ਉਚਾਰਨ ਸਮਝ ਨਹੀਂ ਆਉਂਦਾ ਅਤੇ ਉਹ ਬੰਦ ਗਲੀ ਵਿੱਚ ਫਸ ਗਏ ਮਹਿਸੂਸ ਕਰਦੇ ਹਨ। ਜੇ ਕੋਈ ਛੋਟੇ ਜਿਹੇ ਪਿੰਡ ਤੋਂ ਸਿੱਧਾ ਵਿਦੇਸ਼ ਵਿੱਚ ਵਿਕਸਿਤ ਦੇਸ਼ ਦੇ ਮਹਾਂਨਗਰ ਵਿੱਚ ਪਹੁੰਚ ਜਾਵੇਗਾ ਤਾਂ ਉਸ ਦਾ ਵਿਹਾਰ ਗੁੂੰਗੇ-ਬੋਲੇ ਬੰਦੇ ਵਾਲਾ ਹੋਵੇਗਾ। ਕਈ ਵਾਰ ਉਹ ਅਨੈਤਿਕ ਅਤੇ ਗ਼ਲਤ ਕੰਮਾਂ ਵਿੱਚ ਪੈ ਜਾਂਦੇ ਹਨ। ਲੜਕੇ ਅਤੇ ਲੜਕੀਆਂ ਮਾਪਿਆਂ ਤੋਂ ਦੂਰ ਹੋਣ ਕਰਕੇ ਉਹ ਪੜ੍ਹਾਈ ਕਰ ਨਹੀਂ ਕਰ ਸਕਦੇ, ਕੁਝ ਸਮਝ ਨਹੀਂ ਪੈਂਦਾ। ਸੋ ਉਹ ਪੜ੍ਹਾਈ ਤੋਂ ਬਚਣ, ਚਿੰਤਾ ਤੋਂ ਖਹਿੜਾ ਛੁਡਾਉਣ ਵਾਸਤੇ ਸਰੀਰਕ ਤਾਂਘਾਂ ਵਿੱਚ ਉਲਝ ਜਾਂਦੇ ਹਨ। ਹਰ ਅਣਚਾਹੀ ਸਥਿਤੀ ਆਪਣੀ ਪ੍ਰਕਾਰ ਦੀ ਚਿੰਤਾ ਉਪਜਾਉਂਦੀ ਹੈ। ਹੁਣ ਜਵਾਨੀ ਵਿੱਚ ਹੀ ਦਿਲ ਦੇ ਦੌਰੇ ਪੈਣ ਲੱਗ ਪਏ ਹਨ।
ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਅਤੇ ਪਛਾਣ ਉਸ ਦੀ ਬੁੱਧੀ ਹੈ ਪਰ ਇਹੀ ਬੁੱਧੀ ਉਸ ਦੀ ਸਭ ਤੋਂ ਵੱਡੀ ਸਮੱਸਿਆ ਵੀ ਹੈ। ਚੇਤਨਾ ਨਾਲ ਮਨੁੱਖ ਜੀਵਨ ਮਾਣਦਾ ਹੈ ਪਰ ਚੇਤਨਾ ਹੀ ਮੌਤ ਦੀ ਚਿੰਤਾ ਵੀ ਉਪਜਾਉਂਦੀ ਹੈ। ਮੌਤ ਦੀ ਸੋਝੀ ਮਨੁੱਖ ਨੂੰ ਨਿਤਾਣਾ ਕਰਦੀ ਹੈ। ਮੌਤ ਦੀ ਸੋਝੀ ਕਾਰਨ ਧਰਮ ਦਾ ਦਖ਼ਲ ਆਰੰਭ ਹੁੰਦਾ ਹੈ। ਧਰਮ, ਮਨੁੱਖ ਨੂੰ ਅੰਦਰੋਂ ਕਾਬੂ ਕਰਦਾ ਹੈ ਅਤੇ ਸਮਾਜ ਮਨੁੱਖ ਨੂੰ ਬਾਹਰੋਂ ਤਬਲੇ ਵਾਂਗ ਕੱਸ ਦਿੰਦਾ ਹੈ। ਮਨੁੱਖ ਹੋਰਾਂ ਨਾਲੋਂ ਵੱਖਰਾ ਹੋਣਾ ਚਾਹੁੰਦਾ ਹੈ। ਪ੍ਰਚਾਰ ਵੀ ਕੀਤਾ ਜਾਂਦਾ ਹੈ ਕਿ ਭੀੜ ਤੋਂ ਵੱਖਰੇ ਹੋਵੋ ਪਰ ਹੋਰਾਂ ਨਾਲੋਂ ਵੱਖਰੇ ਹੋਣ ਦੇ ਯਤਨ ਵਿੱਚ ਸਾੜੇ-ਈਰਖਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਵਿਅਕਤੀਵਾਦ ਹੋਰਾਂ ਨਾਲੋਂ ਵੱਖਰੇ ਹੋਣ ਦਾ ਹੀ ਯਤਨ ਹੁੰਦਾ ਹੈ। ਜਿਉਂ-ਜਿਉਂ ਵਿਅਕਤੀਵਾਦ ਪਸਰ ਰਿਹਾ ਹੈ, ਤਿਉਂ-ਤਿਉਂ ਮਨੁੱਖ ਦੀਆਂ ਮਾਨਸਿਕ ਉਲਝਣਾਂ ਉਪਜ ਰਹੀਆਂ ਹਨ। ਕਿਸੇ ਵੇਲੇ ਸਾਂਝੀ ਟੱਬਰਦਾਰੀ ਹਰ ਕਿਸੇ ਦੀ ਪਨਾਹ ਬਣਦੀ ਸੀ। ਹੁਣ ਇਹ ਸਹੂਲਤ ਨਹੀਂ ਹੈ। ਹੁਣ ਕੋਈ ਕਿਸੇ ਨਾਲ ਪ੍ਰਸੰਨ ਹੋ ਕੇ ਨਹੀਂ ਰਹਿ ਸਕਦਾ। ਪਛਾੜਨ ਅਤੇ ਹਰਾਉਣ ਦੀ ਪ੍ਰਕਿਰਿਆ ਹਰ ਥਾਂ ਆਰੰਭ ਹੋ ਜਾਂਦੀ ਹੈ। ਇਸ ਪ੍ਰਵਿਰਤੀ ਵਿੱਚੋਂ ਥੜੇਬੰਦੀਆਂ, ਗੁੱਟਬੰਦੀਆਂ, ਵਿਰੋਧੀ ਪਾਰਟੀਆਂ, ਵਿਚਾਰਧਾਰਾਵਾਂ ਦਾ ਜਨਮ ਹੁੰਦਾ ਹੈ। ਇਹ ਰਾਜਨੀਤੀ ਹੈ, ਰਾਜਨੀਤੀ ਦਾ ਉਦੇਸ਼ ਵਿਰੋਧੀ ਨੂੰ ਮੁਕਾਉਣਾ, ਹਰਾਉਣਾ ਹੁੰਦਾ ਹੈ, ਜਿੱਥੇ ਚੋਣਾਂ ਹੋਣਗੀਆਂ ਉੱਥੇ ਨਫ਼ਰਤ ਹੋਵੇਗੀ। ਵਿਰੋਧੀ ਧਿਰ ਹਾਕਮ ਜਮਾਤ ਨੂੰ ਪਰੇਸ਼ਾਨ ਕਰਦੀ ਹੈ। ਵਿਰੋਧ ਦਾ ਬੋਲਬਾਲਾ ਹੋਣ ਨਾਲ ਰੌਲਾ ਬਹੁਤ ਪੈਂਦਾ ਹੈ ਪਰ ਸਥਿਤੀ ਨਾ ਸੁਧਰਦੀ ਹੈ ਨਾ ਬਦਲਦੀ ਹੈ। ਇਹ ਪਰੇਸ਼ਾਨ ਕਰਨ ਵਾਲੀ, ਚਿੰਤਾ ਉਪਜਾਉਣ ਵਾਲੀ ਸਥਿਤੀ ਹੈ। ਚਿੰਤਾ ਵਿਰੋਧੀ ਭਾਵ ਉਪਜਾਉਂਦੀ ਹੈ। ਇਸ ਕਾਰਨ ਸਵੇਰੇ ਦੋ ਵਜੇ ਨੀਂਦਰ ਉੱਖੜ ਜਾਂਦੀ ਹੈ ਅਤੇ ਵਿਅਕਤੀ ਬੇਚੈਨੀ ਅਨੁਭਵ ਕਰਦਾ ਹੈ। ਚਿੰਤਾ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ।
ਚਿੰਤਾ ਇੱਕ ਸੂਖ਼ਮ ਮਸਲਾ ਹੈ। ਸਥੂਲ ਮਸਲਿਆਂ ਨੂੰ ਸੁਲਝਾਉਣਾ ਸੌਖਾ ਹੁੰਦਾ ਹੈ ਜਦੋਂਕਿ ਸੂਖ਼ਮ ਸਮੱਸਿਆ ਦੇ ਸਾਰੇ ਪੱਖ ਸੌਖਿਆਂ ਪਕੜ ਵਿੱਚ ਨਹੀਂ ਆਉਂਦੇ। ਚਿੰਤਾ ਕਰਨ ਦੇ ਇਸਤਰੀ ਅਤੇ ਪੁਰਸ਼ ਦੇ ਢੰਗ ਵੱਖਰੇ ਹੁੰਦੇ ਹਨ। ਪੁਰਸ਼ਾਂ ਦੀਆਂ ਚਿੰਤਾਵਾਂ ਆਰਥਿਕ ਅਤੇ ਇਸਤਰੀਆਂ ਦੀਆਂ ਸਰੀਰਕ ਤੇ ਸਬੰਧਾਂ ਬਾਰੇ ਹੁੰਦੀਆਂ ਹਨ। ਇਸਤਰੀ ਸਾਰੀ ਉਮਰ ਚਿੰਤਾ ਵਿੱਚ ਗੁਜ਼ਾਰਦੀ ਹੈ। ਗਰਭ ਵਿੱਚ ਮਾਰੇ ਜਾਣ ਤੋਂ ਡਰਦੀ ਹੈ। ਵਿਆਹ ਉਪਰੰਤ ਸਹੁਰੇ ਘਰ ਵਿੱਚ ਸਾੜੇ ਜਾਣ ਤੋਂ ਡਰਦੀ ਹੈ। ਨੂੰਹ ਦੇ ਆਉਣ ’ਤੇ ਨੂੰਹ-ਧੀ ਵੱਲੋਂ ਘਰੋਂ ਕੱਢੇ ਜਾਣ ਤੋਂ ਸਹਿਮੀ ਰਹਿੰਦੀ ਹੈ। ਵਕਤ ਦੇ ਬੀਤਣ ਨਾਲ ਪੁਰਸ਼ ਦਾ ਮਹੱਤਵ ਵਧਦਾ ਹੈ ਜਦੋਂਕਿ ਇਸਤਰੀ ਦਾ ਘਟਦਾ ਹੈ। ਜੇਕਰ ਘਰ ਆਉਣ ਵਿੱਚ ਪਤੀ ਨੂੰ ਦੇਰ ਹੋ ਜਾਵੇ ਤਾਂ ਪਤਨੀ ਚਿੰਤਾ ਕਰਦੀ ਹੈ। ਜੇ ਪਤਨੀ ਨੂੰ ਦੇਰ ਹੋ ਜਾਵੇ ਤਾਂ ਪਤੀ ਵੱਲੋਂ ਪਤਨੀ ’ਤੇ ਸ਼ੱਕ ਕੀਤਾ ਜਾਂਦਾ ਹੈ। ਸ਼ੱਕ ਅਜਿਹੀ ਸਥਿਤੀ ਹੁੰਦੀ ਹੈੈ ਜਦੋਂ ਸਾਡੇ ਕੋਲ ਕੋਈ ਸਬੂਤ ਨਹੀ ਹੁੰਦਾ ਪਰ ਦੂਜੇ ਦਾ ਵਿਹਾਰ ਸਾਨੂੰ ਠੀਕ ਪ੍ਰਤੀਤ ਨਹੀਂ ਹੁੰਦਾ। ਜਦੋਂ ਵੀ ਕਿਸੇ ਪ੍ਰਕਾਰ ਦੀ ਹਿੰਸਾ ਵਾਪਰਦੀ ਹੈ, ਉਸ ਦਾ ਅੰਤਲਾ ਨੁਕਸਾਨ ਇਸਤਰੀ ਨੂੰ ਬਰਦਾਸ਼ਤ ਕਰਨਾ ਪੈਂਦਾ ਹੈ। ਰਾਜਨੀਤੀ, ਧਰਮ ਅਧੀਨ ਹੋਣ ਦੀ ਥਾਂ ਧਰਮ, ਰਾਜਨੀਤੀ ਅਧੀਨ ਹੋ ਗਿਆ ਹੈ। ਚਿੰਤਾ ਕਾਰਨ ਹੀ ਜੀਵਨ ਵਿੱਚ ਤਣਾਓ ਅਤੇ ਦਬਾਓ ਹੈ ਜਿਸ ਕਾਰਨ ਹਰ ਕੋਈ ਘੱਟ ਜਾਂ ਵੱਧ ਮਾਤਰਾ ਵਿੱਚ ਡਿਪ੍ਰੈਸ਼ਨ ਦਾ ਸ਼ਿਕਾਰ ਹੈ। ਅਜੋਕੇ ਯੁੱਗ ਦੀ ਸਾਰਿਆਂ ਦੀ ਸਭ ਤੋਂ ਵੱਡੀ ਸਮੱਸਿਆ ਡਿਪ੍ਰੈਸ਼ਨ ਹੈ।
ਉਦਯੋਗਿਕ ਕਰਾਂਤੀ ਤੋਂ ਪਹਿਲਾਂ ਰੌਲਾ-ਰੱਪਾ ਨਹੀਂ ਸੀ ਹੁੰਦਾ, ਚੁੱਪ-ਚਾਂ ਹੁੰਦੀ ਸੀ। ਸੁਖਾਵੀਂ ਚੁੱਪ ਹੋਣ ਕਰਕੇ ਸ਼ਾਂਤੀ ਹੁੰਦੀ ਸੀ। ਸ਼ਾਂਤੀ ਹੋਣ ਕਰਕੇ ਲੋਕਾਂ ਦਾ ਵਿਹਾਰ ਸਰਲ, ਸਾਦਾ ਅਤੇ ਸਿੱਧਾ ਹੁੰਦਾ ਸੀ। ਸਮਾਜ ਦੀ ਚਾਲ ਹੌਲੀ ਸੀ। ਸਵੈ-ਸੰਪੰਨ ਛੋਟਾ ਜਿਹਾ ਸਮਾਜ ਹੁੰਦਾ ਸੀ। ਹਰ ਕੋਈ ਹਰ ਕਿਸੇ ਨੂੰ ਜਾਣਦਾ ਸੀ। ਵੱਡੇ ਪਰਿਵਾਰ ਵਾਲਾ ਮਾਹੌਲ ਹੁੰਦਾ ਸੀ। ਆਪਣੇ ਸਮਾਜ ਤੋਂ ਬਾਹਰ ਕਿਸੇ ਨੂੰ ਜਾਣਨ ਦੀ ਲੋੜ ਨਹੀਂ ਸੀ। ਸੋਚਣਾ ਤਸੀਹਾ ਲੱਗਦਾ ਸੀ। ਇਹ ਵਿਸ਼ਵਾਸ ਦਾ ਜ਼ਮਾਨਾ ਸੀ। ਪਰਿਵਰਤਨ ਵਿੱਚ ਕਿਸੇ ਦੀ ਦਿਲਚਸਪੀ ਨਹੀਂ ਸੀ। ਲੋਕ ਪਰੰਪਰਾ ਨਾਲ ਪ੍ਰਸੰਨ ਸਨ। ਹਰ ਕਿਸੇ ਵਿੱਚ ਹੋਰਾਂ ਵਰਗਾ ਬਣਨ ਦੀ ਰੀਝ ਸੀ। ਜੀਵਨ ਨਿਰਧਾਰਤ ਲੀਹਾਂ ’ਤੇ ਨਿਰਵਿਘਨ ਚਲਦਾ ਸੀ। ਕਿਸੇ ਕਿਸਮ ਦੀ ਚਿੰਤਾ ਨਹੀਂ ਸੀ।
ਕੀ ਚਿੰਤਾ ਦਾ ਕੋਈ ਇਲਾਜ ਹੈ? ਇਲਾਜ ਤਾਂ ਅਜੋਕੀ ਕਿਸੇ ਸਮੱਸਿਆ ਦਾ ਵੀ ਨਹੀਂ। ਹਰ ਚੀਜ਼ ਵਾਂਗ ਚਿੰਤਾ ਕਰਨ ਦੀ ਵੀ ਆਦਤ ਪੈ ਜਾਂਦੀ ਹੈ। ਇਲਾਜ ਲੱਭਣਾ ਸਮਾਜ-ਵਿਗਿਆਨੀਆਂ ਅਤੇ ਮਨੋਵਿਗਿਆਨੀਆਂ ਦਾ ਖੇਤਰ ਹੈ ਪਰ ਸਮੱਸਿਆਵਾਂ ਇੰਨੀਆਂ ਅਤੇ ਇੰਨੀਆਂ ਵੱਡੀਆਂ ਹਨ ਅਤੇ ਇਨ੍ਹਾਂ ਬਾਰੇ ਇੰਨੀਆਂ ਰਾਵਾਂ ਹਨ ਕਿ ਸਥਿਤੀ ਵਿੱਚ ਕੋਈ ਪਛਾਣਨਯੋਗ ਪਰਿਵਰਤਨ ਨਹੀਂ ਵਾਪਰ ਰਿਹਾ। ਧਰਮ ਦੇ ਪ੍ਰਭਾਵ ਦੇ ਘਟਣ ਕਾਰਨ ਜੀਵਨ ਦੇ ਨੈਤਿਕ ਪੱਖ ਕਮਜ਼ੋਰ ਪੈ ਗਏ ਹਨ। ਹੁਣ ਚਰਿੱਤਰਵਾਨ ਵਿਅਕਤੀ ਲੱਭਦੇ ਹੀ ਨਹੀਂ। ਜਿਨ੍ਹਾਂ ਨੂੰ ਮਹਾਂ-ਪੁਰਸ਼ ਸਮਝਿਆ ਸੀ ਉਹ ਬਲਾਤਕਾਰ ਦੇ ਮੁਕੱਦਮੇ ਅਤੇ ਸਜ਼ਾਵਾਂ ਭੁਗਤ ਰਹੇ ਹਨ। ਮੈਂ ਇਸ ਸਮੱਸਿਆ ਬਾਰੇ ਬਹੁਤ ਸੋਚਿਆ ਹੈ। ਮੈਨੂੰ ਤਾਂ ਚਿੰਤਾ ’ਤੇ ਕਾਬੂ ਪਾਉਣ ਦਾ ਕਾਰਗਰ ਢੰਗ ਯੋਗਾ ਪ੍ਰਤੀਤ ਹੋਇਆ ਹੈ ਜਿਸ ਨੂੰ ਇੱਕ ਅਨੁਸ਼ਾਸਨ ਵਜੋਂ ਅਪਨਾਉਣ ਨਾਲ ਅਸੀਂ ਸਰੀਰਕ ਪੱਖੋਂ ਤੰਦਰੁਸਤ ਅਤੇ ਮਾਨਸਿਕ ਪੱਖੋਂ ਬਲਵਾਨ ਹੋ ਸਕਦੇ ਹਾਂ। ਯੋਗ ਨਾਲ ਇਸ ਸਮੱਸਿਆ ਦਾ ਸਾਹਮਣਾ ਕਰਨ ਦਾ ਸਾਹਸ ਉਪਜ ਸਕਦਾ ਹੈ।