ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਜ਼ਾਦੀ ਸੰਘਰਸ਼ ਦੀ ਚਿੰਤਨ-ਧਾਰਾ

05:40 AM Aug 15, 2023 IST
ਮਹਾਤਮਾ ਗਾਂਧੀ

ਰਾਮਚੰਦਰ ਗੁਹਾ

ਉੱਨੀ ਸੌ ਅੱਸੀਵਿਆਂ ਦੇ ਦਹਾਕੇ ਦੇ ਸ਼ੁਰੂ ਵਿੱਚ ਕਲਕੱਤੇ ਵਿੱਚ ਡਾਕਟੋਰਲ ਵਿਦਿਆਰਥੀ ਹੁੰਦਿਆਂ ਮੈਂ ਜਾਤੀ ਪ੍ਰਥਾ ਬਾਰੇ ਮਹਾਤਮਾ ਗਾਂਧੀ ਦੇ ਵਿਚਾਰਾਂ ਦੇ ਉਥਾਨ ਬਾਬਤ ਅਮਰੀਕੀ ਵਿਦਵਾਨ ਡੈਨਿਸ ਡਾਲਟਨ ਦਾ ਇਕ ਲੇਖ ਪੜ੍ਹਿਆ ਸੀ। ਇਹ ਲੇਖ ‘ਇੰਡੀਆ: ਯੂਨਿਟੀ ਐਂਡ ਡਾਇਵਰਸਿਟੀ’ ਦੇ ਸਿਰਲੇਖ ਹੇਠ ਆਈ ਇੱਕ ਕਿਤਾਬ ਵਿੱਚ ਪ੍ਰਕਾਸ਼ਿਤ ਹੋਇਆ ਸੀ। ਕੁਝ ਸਾਲਾਂ ਬਾਅਦ ਮੈਨੂੰ ਡਾਲਟਨ ਦੇ ਕਈ ਹੋਰ ਚੰਗੇ ਲੇਖ ਪੜ੍ਹਨ ਨੂੰ ਮਿਲੇ ਜਿਨ੍ਹਾਂ ਵਿੱਚ ‘ਨਮਕ ਮਾਰਚ’ ਅਤੇ ਗਾਂਧੀ ਅਤੇ ਬੰਗਾਲੀ ਇਨਕਲਾਬੀ ਐੱਮ.ਐੱਨ. ਰਾਏ ਵਿਚਕਾਰ ਤੁਲਨਾਤਮਿਕ ਲੇਖ ਵੀ ਸ਼ਾਮਿਲ ਸਨ।
ਉਦੋਂ ਤੀਕ ਮੈਂ ਗਾਂਧੀ ਬਾਰੇ ਕਾਫ਼ੀ ਸਮੱਗਰੀ ਪੜ੍ਹ ਚੁੱਕਿਆ ਸੀ। ਮੈਂ ਦੇਖਿਆ ਕਿ ਡੈਨਿਸ ਡਾਲਟਨ ਦਾ ਕਾਰਜ ਕਈ ਮਾਮਲਿਆਂ ਵਿੱਚ ਅਨੂਠਾ ਹੈ। ਪਹਿਲਾ ਇਹ ਕਿ ਡਾਲਟਨ ਨੇ ਗਾਂਧੀ ਦੀਆਂ ਬਹੁਤ ਸਾਰੀਆਂ ਲਿਖਤਾਂ ਅਤੇ ਭਾਸ਼ਣਾਂ ਦਾ ਨੇੜਿਓਂ ਅਧਿਐਨ ਕੀਤਾ ਸੀ। ਉਸ ਨੇ ਅਖ਼ਬਾਰੀ ਰਿਪੋਰਟਾਂ ਜਿਹੇ ਮੂਲ ਸਰੋਤਾਂ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਸੀ। ਦੂਜਾ, ਉਸ ਨੇ ਨਾ ਸਿਰਫ਼ ਗਾਂਧੀ ਦੇ ਪੈਰੋਕਾਰਾਂ ਅਤੇ ਕਰੀਬੀਆਂ ਸਗੋਂ ਉਨ੍ਹਾਂ ਦੇ ਵਿਰੋਧੀਆਂ ਵੱਲ ਵੀ ਕਾਫ਼ੀ ਧਿਆਨ ਦਿੱਤਾ ਸੀ। ਤੀਜਾ, ਸਿਖਲਾਈ ਵਜੋਂ ਇੱਕ ਰਾਜਨੀਤੀ ਵਿਗਿਆਨੀ ਹੁੰਦਿਆਂ ਆਪਣੇ ਅਕਾਦਮਿਕ ਵਿਸ਼ੇ ਦੇ ਹੋਰਨਾਂ ਮਾਹਿਰਾਂ ਦੇ ਉਲਟ ਉਸ ਨੇ ਆਪਣੇ ਵਿਸ਼ੇ ਪ੍ਰਤੀ ਗਹਿਰੀ ਇਤਿਹਾਸਕ ਪਹੁੰਚ ਧਾਰਨ ਕੀਤੀ ਸੀ।

Advertisement

ਰਾਬਿੰਦਰਨਾਥ ਟੈਗੋਰ

1993 ਵਿੱਚ ਡੈਨਿਸ ਡਾਲਟਨ ਨੇ ਆਪਣੀ ਕਿਤਾਬ ‘ਗਾਂਧੀ: ਨਾਨ-ਵਾਇਲੈਂਟ ਪਾਵਰ ਇਨ ਐਕਸ਼ਨ’ (ਗਾਂਧੀ: ਗਤੀਸ਼ੀਲ ਅਹਿੰਸਕ ਸ਼ਕਤੀ) ਵਿੱਚ ਗਾਂਧੀ ਬਾਰੇ ਆਪਣੀ ਤਾਉਮਰ ਖੋਜ ਅਤੇ ਲਿਖਤ ਨੂੰ ਸੰਜੋਇਆ ਸੀ। ਛਪਣ ਤੋਂ ਕੁਝ ਦੇਰ ਬਾਅਦ ਹੀ ਮੈਂ ਇਹ ਕਿਤਾਬ ਪੜ੍ਹੀ ਸੀ ਅਤੇ ਉਸ ਤੋਂ ਬਾਅਦ ਵੀ ਕਈ ਵਾਰ ਦਾ ਸਹਾਰਾ ਲਿਆ। ਇਹ ਕਿਤਾਬ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੀ ਵਿਰਾਸਤ ਬਾਰੇ ਮੇਰੀਆਂ ਪਸੰਦੀਦਾ ਕਿਤਾਬਾਂ ’ਚੋਂ ਇੱਕ ਹੈ। ਗਾਂਧੀ ਬਾਰੇ ਡਾਲਟਨ ਦੀ ਕਿਤਾਬ ਪੜ੍ਹਨ ਤੋਂ ਕਈ ਸਾਲਾਂ ਬਾਅਦ ਮੈਨੂੰ ਉਸ ਦੀ ਪਹਿਲਾਂ ਆਈ ਇੱਕ ਕਿਤਾਬ ਬਾਰੇ ਪਤਾ ਚੱਲਿਆ ਸੀ ਜਿਸ ਵਿੱਚ ਇੱਕ ਨਹੀਂ ਸਗੋਂ ਚਾਰ-ਚਾਰ ਚਿੰਤਕਾਂ ਦਾ ਅਧਿਐਨ ਕੀਤਾ ਗਿਆ ਸੀ। ਉਸ ਦਾ ਸਿਰਲੇਖ ਸੀ ‘ਇੰਡੀਅਨ ਆਈਡੀਆ ਆਫ ਫਰੀਡਮ’ ਜੋ 1982 ਵਿੱਚ ਪ੍ਰਕਾਸ਼ਿਤ ਹੋਈ ਸੀ। ਹੁਣ ਚਾਰ ਦਹਾਕਿਆਂ ਬਾਅਦ ਇਹ ਕਿਤਾਬ ਮੁੜ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਦੇ ਸੰਸਕਰਨ ਵਿੱਚ ਕਾਫ਼ੀ ਵਾਧਾ ਕੀਤਾ ਗਿਆ ਹੈ। ਮੂਲ ਲਿਖਤ ਦੇ ਅੱਠ ਸਫ਼ਿਆਂ ਦੇ ਮੁੱਖਬੰਦ ਵਿੱਚ ਉਸ ਦੀਆਂ ਨਿੱਜੀ ਯਾਦਾਂ ਵੀ ਜੋੜੀਆਂ ਗਈਆਂ ਹਨ ਜਿਨ੍ਹਾਂ ਵਿੱਚ ਡਾਲਟਨ ਭਾਰਤ ਅਤੇ ਭਾਰਤੀ ਚਿੰਤਕਾਂ ਨਾਲ ਆਪਣੇ ਤਾਉਮਰ ਰਿਸ਼ਤੇ ਦੀ ਕਹਾਣੀ ਬਿਆਨ ਕਰਦਾ ਹੈ; ਅਤੇ ਇਸ ਤੋਂ ਬਾਅਦ ਤਿੰਨ ਬੇਮਿਸਾਲ ਸ਼ਖ਼ਸੀਅਤਾਂ ਬੀ.ਆਰ. ਅੰਬੇਡਕਰ, ਐੱਮ.ਐੱਨ. ਰਾਏ ਅਤੇ ਜੈਪ੍ਰਕਾਸ਼ ਨਰਾਇਣ ਬਾਰੇ ਨਵੇਂ ਅਧਿਆਇ ਦਰਜ ਕੀਤੇ ਗਏ ਹਨ ਜੋ ਕਿਤਾਬ ਦੇ ਮੂਲ ਅੰਕ ਵਿੱਚ ਸ਼ਾਮਿਲ ਨਹੀਂ ਸਨ। ਇਨ੍ਹਾਂ ਤਿੰਨ ਚਿੰਤਕਾਂ ਨੂੰ ਸ਼ਾਮਿਲ ਕਰਨ ਨਾਲ ਸਿਰਲੇਖ ਵਿੱਚ ਇੱਕ ਛੋਟੀ, ਪਰ ਸੂਖ਼ਮ ਤਬਦੀਲੀ ਕਰਨ ਦੀ ਲੋੜ ਪਈ ਜਿਸ ਕਰਕੇ ਇਸ ਨੂੰ ਹੁਣ ‘ਇੰਡੀਅਨ ਆਈਡੀਆਜ਼ ਆਫ ਫਰੀਡਮ’ ਕਰ ਦਿੱਤਾ ਗਿਆ ਹੈ।

ਸਵਾਮੀ ਵਿਵੇਕਾਨੰਦ

ਜਿਹੜੇ ਚਾਰ ਚਿੰਤਕਾਂ ਬਾਰੇ ਡੈਨਿਸ ਡਾਲਟਨ ਨੇ ਮੂਲ ਰੂਪ ਵਿੱਚ ਚਰਚਾ ਕੀਤੀ ਸੀ, ਉਨ੍ਹਾਂ ਵਿੱਚ ਵਿਵੇਕਾਨੰਦ, ਔਰਬਿੰਦੋ, ਗਾਂਧੀ ਅਤੇ ਟੈਗੋਰ ਸ਼ਾਮਿਲ ਸਨ। ਪਹਿਲਾ ਇੱਕ ਅਧਿਆਤਮਕ ਆਗੂ ਸੀ, ਦੂਜਾ ਇਨਕਲਾਬੀ ਤੋਂ ਸੰਨਿਆਸੀ ਬਣ ਗਿਆ ਸੀ, ਤੀਜਾ ਇੱਕ ਸਿਆਸਤਦਾਨ ਤੇ ਸਮਾਜ ਸੁਧਾਰਕ ਸੀ ਅਤੇ ਚੌਥਾ ਕਵੀ ਸੀ। ਇਨ੍ਹਾਂ ’ਚੋਂ ਕੋਈ ਵੀ ਰਾਜਨੀਤੀ ਸ਼ਾਸਤਰੀ ਨਹੀਂ ਸੀ ਜੋ ਪੱਛਮੀ ਅਕਾਦਮੀਸ਼ਨਾਂ ਦੀ ਪ੍ਰੀਭਾਸ਼ਾ ’ਤੇ ਪੂਰਾ ਉਤਰ ਸਕੇ; ਕਹਿਣਾ ਪਵੇਗਾ ਕਿ ਉਨ੍ਹਾਂ ਦੀਆਂ ਪੇਸ਼ੇਵਰ ਅਤੇ ਨਿੱਜੀ ਉਡਾਣਾਂ ਹੌਬਜ਼, ਲੌਕ, ਕੈਂਟ ਅਤੇ ਮਿੱਲ ਜਿਹੇ ਪੱਛਮੀ ਚਿੰਤਕਾਂ ਨਾਲੋਂ ਕਾਫ਼ੀ ਵੱਖਰੀਆਂ ਸਨ। ਫਿਰ ਵੀ ਭਾਰਤੀ ਸਿਆਸੀ ਸੋਚ ਧਾਰਾ ਵਿੱਚ ਵਿਵੇਕਾਨੰਦ, ਔਰਬਿੰਦੋ, ਗਾਂਧੀ ਅਤੇ ਟੈਗੋਰ ਦੇ ਯੋਗਦਾਨ ਨੂੰ ਕਿਸੇ ਵੀ ਅਕਾਦਮਿਕ ਦਾਰਸ਼ਨਿਕ ਜਾਂ ਸਿਧਾਂਤਕਾਰ ਨਾਲੋਂ ਘੱਟ ਨਹੀਂ ਅੰਗਿਆ ਜਾ ਸਕਦਾ।
ਇਸ ਕਿਤਾਬ ਦਾ ਮੂਲ ਵਿਸ਼ਾ ਵਸਤੂ ਇਹ ਹੈ ਕਿ ਆਜ਼ਾਦੀ ਦੇ ਭਾਰਤੀ ਖ਼ਿਆਲ ਸੋਚ ਦੀਆਂ ਦੇਸੀ ਰਵਾਇਤਾਂ ਖ਼ਾਸਕਰ ਧਾਰਮਿਕ ਵਿਚਾਰਾਂ ’ਤੇ ਆਧਾਰਿਤ ਹਨ। ਡਾਲਟਨ ਦਾ ਤਰਕ ਹੈ ਕਿ ਇਹ ਸਾਰੇ ਚਿੰਤਕ ਆਜ਼ਾਦੀ ਦੀ ਵਿਅਕਤੀਗਤ ਅਤੇ ਰਾਜਨੀਤਕ ਖੋਜ ਨੂੰ ਅਧਿਆਤਮਕ ਮੁਕਤੀ ਦੀ ਬੇਹੱਦ ਗਹਿਰੀ ਨਿੱਜੀ ਖੋਜ ਦੇ ਰੂਪ ਵਿੱਚ ਲੈਂਦੇ ਹਨ ਜੋ ਅੱਗੋਂ ਸਮੁੱਚੇ ਰੂਪ ਵਿੱਚ ਸਮਾਜ ਦੇ ਬਦਲਾਓ ਨਾਲ ਜੁੜਦੀ ਹੈ। ਇਨ੍ਹਾਂ ਚਿੰਤਕਾਂ ਦਾ ਸਰੋਕਾਰ ਜਨਤਕ ਜੀਵਨ ਦੇ ਇਖ਼ਲਾਕ ਨਾਲ ਸੀ। ਮਿਸਾਲ ਵਜੋਂ ਇਨ੍ਹਾਂ ਲਈ ਸਾਧਨਾਂ ਤੇ ਉਦੇਸ਼ਾਂ ਵਿਚਕਾਰ ਸੰਬੰਧ ਮਾਅਨੇ ਰੱਖਦਾ ਸੀ। ਇਸੇ ਕਰਕੇ ਇਨ੍ਹ੍ਵਾਂ ’ਚੋਂ ਬਹੁਤ ਸਾਰੇ ਚਿੰਤਕ ਅਹਿੰਸਾ ’ਤੇ ਜ਼ੋਰ ਦਿੰਦੇ ਸਨ।

Advertisement

ਔਰਬਿੰਦੋ ਘੋਸ਼

ਆਜ਼ਾਦੀ ਦੇ ਭਾਰਤੀ ਖ਼ਿਆਲਾਤ ਨਾਲ ਪਛਾਣੇ ਜਾਂਦੇ ਚਿੰਤਕ ਸ਼ਾਇਦ ਆਲੋਚਨਾਤਮਿਕ ਪ੍ਰੰਪਰਾਵਾਦੀ ਆਖੇ ਜਾ ਸਕਦੇ ਹਨ (ਜੇ ਅਸ਼ੀਸ਼ ਨੰਦੀ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਵੇ)। ਡਾਲਟਨ ਲਿਖਦਾ ਹੈ ਕਿ ‘ਭਾਰਤੀ ਪ੍ਰੰਪਰਾ ਵਿੱਚ ਅਜਿਹੇ ਬਹੁਤ ਸਾਰੇ ਕਾਰਕ ਹਨ ਜਿਨ੍ਹਾਂ ਨੂੰ ਵਿਵੇਕਾਨੰਦ ਬਹੁਤ ਜ਼ੋਰ ਨਾਲ ਰੱਦ ਕਰਦੇ ਹਨ ਅਤੇ ਪ੍ਰਗਤੀ ਬਾਰੇ ਉਨ੍ਹਾਂ ਦੇ ਵਿਚਾਰ ਦਾ ਅਰਥ ਇਹ ਹੈ ਕਿ ਭਾਰਤ ਨੂੰ ਨਾ ਸਿਰਫ਼ ਆਪਣੇ ਅਤੀਤ ਨੂੰ ਮੁੜ ਚੇਤੇ ਕਰਨਾ ਪਵੇਗਾ ਸਗੋਂ ਇਸ ਵਿੱਚ ਸੁਧਾਰ ਵੀ ਲਿਆਉਣਾ ਪਵੇਗਾ।’ ਵਡੇਰੇ ਰੂਪ ਵਿੱਚ ਇਹ ਗੱਲ ਔਰਬਿੰਦੋ, ਗਾਂਧੀ ਅਤੇ ਟੈਗੋਰ ਬਾਰੇ ਵੀ ਸੱਚ ਹੈ। ਵਿਅਕਤੀ ਦੇ ਤੌਰ ’ਤੇ ਇਹ ਚਿੰਤਕ ਸੱਭਿਆਚਾਰਕ ਰੂਪ ਵਿੱਚ ਜ਼ਮੀਨ ਨਾਲ ਜੁੜੇ ਹੋਏ ਸਨ ਜਦੋਂਕਿ ਆਪਣੀ ਸੋਚ ਪੱਖੋਂ ਖੁੱਲ੍ਹੇਪਣ ਅਤੇ ਮੌਲਿਕਤਾ ਦੇ ਮਾਲਕ ਸਨ। ਉਹ ਆਪਣੇ ਸੱਭਿਆਚਾਰਕ ਸਰੋਤਾਂ ਤੋਂ ਊਰਜਾ ਲੈਂਦੇ ਸਨ ਜਦੋਂਕਿ ਆਧੁਨਿਕ ਜਗਤ ਦੀਆਂ ਚੁਣੌਤੀਆਂ ਮੁਤਾਬਿਕ ਢਲਣ ਦੀ ਲੋੜ ਨੂੰ ਪ੍ਰਵਾਨ ਕਰਦੇ ਸਨ। ਇੰਝ, ਉਨ੍ਹਾਂ ਅੰਤਰੀਵ ਆਜ਼ਾਦੀ, ਵਿਅਕਤੀ ਦੀ ਆਤਮਿਕ ਮੁਕਤੀ ’ਤੇ ਆਪਣੇ ਫੋਕਸ ਵਿੱਚ ਦੇਸੀ ਰਵਾਇਤਾਂ ਨੂੰ ਸ਼ਾਮਿਲ ਕੀਤਾ; ਨਾਲ ਹੀ ਰਾਜਨੀਤਕ ਅਤੇ ਸਮਾਜਿਕ ਆਜ਼ਾਦੀ ਦੇ ਪੱਛਮੀ ਸੰਕਲਪਾਂ ਦੇ ਮਹੱਤਵ ਨੂੰ ਬੇਖ਼ੌਫ਼ ਹੋ ਕੇ ਪ੍ਰਵਾਨ ਕਰਦੇ ਸਨ।
ਸਭ ਜਾਣਦੇ ਹਨ ਕਿ ਬੀ.ਆਰ. ਅੰਬੇਡਕਰ ਬੁੱਧ ਨੂੰ ਕਿੰਨਾ ਜ਼ਿਆਦਾ ਮੰਨਦੇ ਸਨ। ਕਿਤਾਬ ਦੇ ਇੱਕ ਦਿਲਚਸਪ ਪੈਰ੍ਹੇ ਵਿੱਚ ਡਾਲਟਨ ਇਸ ਵੱਲ ਧਿਆਨ ਖਿੱਚਦਾ ਹੈ ਕਿ ਵਿਵੇਕਾਨੰਦ, ਔਰਬਿੰਦੋ ਅਤੇ ਗਾਂਧੀ ਉੱਪਰ ਬੁੱਧ ਦਾ ਅਸਰ ਕਿੰਨਾ ਘੱਟ ਸੀ। ਡਾਲਟਨ ਦੀ ਦਲੀਲ ਹੈ ਕਿ ‘ਭਾਰਤੀ ਚਿੰਤਕਾਂ ਦੀ ਇਹ ਮੰਡਲੀ ਜੀਵਨ ਨੂੰ ਆਤਮਿਕ ਮੁਕਤੀ ਅਤੇ ਵਿਚਾਰ ਦੀ ਖੋਜ ਦੇ ਤੌਰ ’ਤੇ ਵੇਖਦੀ ਸੀ। ਉਨ੍ਹਾਂ ਨੇ ਇੱਕ ਸਾਂਝੀ ਬੌਧਿਕ ਪਰੰਪਰਾ ਦੇ ਦਾਇਰੇ ਅੰਦਰ ਇਸ ਆਦਰਸ਼ ਨੂੰ ਸਾਕਾਰ ਕੀਤਾ। ਬੁੱਧ ਦੀ ਤਾਉਮਰ ਪਰਿਵਰਤਨ ਅਤੇ ਜਾਗ੍ਰਿਤੀ ਦੀ ਤਲਾਸ਼ ਦਾ ਮਾਡਲ ਉਨ੍ਹਾਂ ਦੀ ਬੌਧਿਕ ਯਾਤਰਾ ਦੇ ਉਥਾਨ ਲਈ ਮਿਸਾਲ ਬਣ ਗਿਆ।’ ਇਹ ਕਿਤਾਬ ਖ਼ੁਦ ਇਨ੍ਹਾਂ ਚਿੰਤਕਾਂ ਦੇ ਜੀਵੰਤ ਅਤੇ ਸੁਚੱਜੇ ਢੰਗ ਨਾਲ ਚੁਣੇ ਗਏ ਕਥਨਾਂ ਦੁਆਲੇ ਸਿਰਜੇ ਬਿਰਤਾਂਤ ਰਾਹੀਂ ਪਾਠਕ ਨੂੰ ਜੋੜਦੀ ਹੈ। ਮਿਸਾਲ ਵਜੋਂ ਇੱਥੇ ਟੈਗੋਰ ਆਤਮਾ ਅਤੇ ਧਰਮ ਦੇ ਰੂਪ ਵਿਚਕਾਰ ਫ਼ਰਕ ਦਾ ਖੁਲਾਸਾ ਕਰਦੇ ਹਨ:
‘‘ਧਰਮ ਦੀ ਭਾਵਨਾ ਕਹਿੰਦੀ ਹੈ ਕਿ ਕਿਸੇ ਆਦਮੀ ਦਾ ਅਪਮਾਨ ਕਰਨ ਨਾਲ ਅਪਮਾਨ ਕਰਨ ਵਾਲੇ ਅਤੇ ਹੋਣ ਵਾਲੇ ਦਾ ਕੋਈ ਲਾਭ ਨਹੀਂ ਹੁੰਦਾ, ਪਰ ਧਰਮ ਦਾ ਰੂਪ ਕਹਿੰਦਾ ਹੈ ਕਿ ਆਦਮੀ ਪ੍ਰਤੀ ਬੇਰਹਿਮੀ ਨਾਲ ਸਲੂਕ ਕਰਨ ਦੇ ਤਫ਼ਸੀਲੀ ਨੇਮਾਂ ਦੀ ਤਨਦੇਹੀ ਨਾਲ ਪਾਲਣਾ ਨਾ ਕਰਨਾ ਧਰਮ ਨੂੰ ਤਿਲਾਂਜਲੀ ਦੇਣ ਦੇ ਤੁੱਲ ਹੈ। ਆਤਮਾ ਸਾਨੂੰ ਦੂਜੇ ਇਨਸਾਨਾਂ ’ਤੇ ਬੇਲੋੜੇ ਜ਼ੁਲਮ ਢਾਹ ਕੇ ਆਪਣੀ ਆਤਮਾ ਨੂੰ ਬਰਬਾਦ ਨਾ ਕਰਨ ਦੀ ਨਸੀਹਤ ਦਿੰਦੀ ਹੈ, ਪਰ ਧਰਮ ਦਾ ਰੂਪ ਮਾਪਿਆਂ ਨੂੰ ਆਪਣੀ ਵਿਧਵਾ ਧੀ ਨੂੰ ਮਹੀਨੇ ਦੇ ਕੁਝ ਨਿਸ਼ਚਿਤ ਦਿਨਾਂ ’ਚ ਖਾਣ ਪੀਣ ਦਾ ਸਾਮਾਨ ਦੇਣ ਤੋਂ ਵਰਜਦਾ ਹੈ ਤਾਂ ਕਿ ਪਸ਼ਤਾਚਾਪ ਰਾਹੀਂ ਉਸ ਦਾ ਕਲਿਆਣ ਹੋ ਸਕੇ। ਆਤਮਾ ਸਾਨੂੰ ਬੁਰੇ ਵਿਚਾਰਾਂ ਅਤੇ ਕਰਮਾਂ ਤੋਂ ਪਸ਼ਤਾਚਾਪ ਰਾਹੀਂ ਛੁਟਕਾਰਾ ਪਾਉਣ ਦਾ ਰਾਹ ਦੱਸਦੀ ਹੈ, ਪਰ ਧਰਮ ਦਾ ਰੂਪ ਸੂਰਜ ਜਾਂ ਚੰਦਰਮਾ ਗ੍ਰਹਿਣ ਵਾਲੇ ਕਿਸੇ ਦਿਨ, ਕਿਸੇ ਖ਼ਾਸ ਨਦੀ ਵਿੱਚ ਨਹਾਉਣ ਦੀ ਸਲਾਹ ਦਿੰਦਾ ਹੈ। ਆਤਮਾ ਸਾਨੂੰ ਹਰ ਜਾਤ ਦੇ ਸਾਰੇ ਚੰਗੇ ਇਨਸਾਨਾਂ ਦਾ ਸਤਿਕਾਰ ਕਰਨ ਦਾ ਉਪਦੇਸ਼ ਦਿੰਦੀ ਹੈ, ਪਰ ਰੂਪ ਸਿਰਫ਼ ਬ੍ਰਾਹਮਣ ਦੀ ਪੂਜਾ ਕਰਨ ਲਈ ਕਹਿੰਦਾ ਹੈ, ਭਾਵੇਂ ਉਹ ਕਿੰਨਾ ਵੀ ਨਕਾਰਾ ਕਿਉਂ ਨਾ ਹੋਵੇ। ਕੁੱਲ ਮਿਲਾ ਕੇ ਧਰਮ ਦੀ ਭਾਵਨਾ ਸਾਨੂੰ ਆਜ਼ਾਦੀ ਵੱਲ ਲੈ ਕੇ ਜਾਂਦੀ ਹੈ ਜਦੋਂਕਿ ਧਰਮ ਦਾ ਰੂਪ ਗ਼ੁਲਾਮੀ ਦਾ ਰਾਹ ਦਿਖਾਉਂਦਾ ਹੈ।’’

ਡਾ. ਬੀ.ਆਰ. ਅੰਬੇਡਕਰ

ਇਉਂ ਹੀ ਅੰਬੇਡਕਰ ਆਪਣੀ ਕਿਤਾਬ ‘ਦਿ ਬੁੱਧਾ ਐਂਡ ਹਿਜ਼ ਧੰਮਾ’ (ਬੁੱਧ ਅਤੇ ਉਨ੍ਹਾਂ ਦਾ ਧੰਮ) ਵਿੱਚ ਲਿਖਦੇ ਹਨ ਕਿ ਇਨਸਾਨ ਕਿਵੇਂ ਆਜ਼ਾਦੀ ਪਾ ਸਕਦੇ ਹਨ:
‘ਜਦੋਂ ਸਹੀ ਮੰਤਵ ਜਾਗਦੇ ਹਨ ਤਾਂ ਇੱਛਾ ਜਾਗ੍ਰਿਤ ਹੋ ਕੇ ਗਤੀਸ਼ੀਲ ਹੋ ਜਾਂਦੀ ਹੈ। ਦੇਖਣ ਦੀ ਉਚਿਤ ਰੌਸ਼ਨੀ ਆ ਜਾਣ ਨਾਲ ਇੱਛਾ ਦੀ ਗਤੀ ਦੀਆਂ ਦਿਸ਼ਾਵਾਂ ਨਜ਼ਰ ਆਉਂਦੀਆਂ ਹਨ ਕਿ ਆਦਮੀ ਦਾ ਮਾਰਗ ਦਰਸ਼ਨ ਹੋ ਸਕੇ ਜਿਸ ਨਾਲ ਉਸ ਦੀ ਮੁਕਤੀ ਦਾ ਰਾਹ ਸਾਫ਼ ਹੋ ਸਕੇ। ਇੰਝ ਭਾਵੇਂ ਆਦਮੀ ਬੱਝਿਆ ਹੁੰਦਾ ਹੈ ਪਰ ਫਿਰ ਵੀ ਸੁਤੰਤਰ ਹੁੰਦਾ ਹੈ; ਉਹ ਕਿਸੇ ਵੀ ਪਲ ਆਪਣਾ ਸਫ਼ਰ ਸ਼ੁਰੂ ਕਰ ਸਕਦਾ ਹੈ ਜਿਸ ਨਾਲ ਉਹ ਅੰਤ ਨੂੰ ਮੁਕਤ ਹੋ ਜਾਵੇਗਾ। ਇਹ ਇਸ ਲਈ ਹੁੰਦਾ ਹੈ ਕਿਉਂਕਿ ਮਨ ਨੂੰ ਆਪਣੀ ਮਰਜ਼ੀ ਦੇ ਕਿਸੇ ਵੀ ਮਾਰਗ ’ਤੇ ਚੱਲਣ ਲਈ ਸਿੱਖਿਅਤ ਕਰਨਾ ਸੰਭਵ ਹੁੰਦਾ ਹੈ। ਇਹ ਮਨ ਹੈ ਜੋ ਸਾਨੂੰ ਜੀਵਨ ਦੇ ਘਰ ਵਿੱਚ ਕੈਦੀ ਬਣਾਉਂਦਾ ਹੈ ਅਤੇ ਮਨ ਹੀ ਸਾਨੂੰ ਕੈਦੀ ਬਣਾ ਕੇ ਰੱਖਦਾ ਹੈ। ਪਰ ਮਨ ਜੋ ਕਰ ਸਕਦਾ ਹੈ, ਉਸ ਨੂੰ ਮਿਟਾ ਵੀ ਸਕਦਾ ਹੈ।’
ਢੁੱਕਵੇਂ ਕਥਨਾਂ ਨੂੰ ਪਛਾਣਨ ਦੀ ਡਾਲਟਨ ਕੋਲ ਨਾ ਸਿਰਫ਼ ਕਮਾਲ ਦੀ ਅੱਖ ਹੈ ਸਗੋਂ ਉਸ ਦੇ ਆਪਣੇ ਨਿਰਣੇ ਵੀ ਰਾਹ ਦਰਸਾਊ ਹਨ। ਇੰਝ, ਉਹ ਸਮਾਜ ਸੁਧਾਰ ਲਈ ਗਾਂਧੀ ਦੀ ਬਹੁ-ਪਰਤੀ ਪਹੁੰਚ ਬਾਰੇ ਲਿਖਦਾ ਹੈ ਕਿ ‘ਛੂਆਛਾਤ ਖਿਲਾਫ਼ ਉਨ੍ਹਾਂ ਦੀ ਮੁਹਿੰਮ ਦਾ ਮੰਤਵ ਜਾਤੀਆਂ ਅਤੇ ਅਛੂਤਾਂ ਅੰਦਰ ਇੱਕ ਸਾਂਝੀ ਭਾਵਨਾ ਪੈਦਾ ਕਰਨਾ ਸੀ; ਹਿੰਦੂ-ਮੁਸਲਿਮ ਏਕਤਾ ਲਈ ਉਨ੍ਹਾਂ ਦਾ ਸੰਘਰਸ਼ ਧਾਰਮਿਕ ਫ਼ਿਰਕਿਆਂ ਦਰਮਿਆਨ ਇਕਸੁਰਤਾ ਪੈਦਾ ਕਰਨੀ ਚਾਹੁੰਦਾ ਸੀ; ਖੱਦਰ ਦੀ ਵਰਤੋਂ ਤੇ ਚਰਖਾ ਚਲਾਉਣਾ ਪੜ੍ਹੇ ਲਿਖੇ ਭਾਰਤੀਆਂ ਦੇ ਸਮੂਹਾਂ ਅਤੇ ਬਹੁਗਿਣਤੀ ਦਿਹਾਤੀ ਅਵਾਮ ਵਿਚਕਾਰ ਵਧਦੇ ਪਾੜੇ ਨੂੰ ਪੂਰਨ ਦੀ ਕੋਸ਼ਿਸ਼ ਸੀ।’
ਬਹਰਹਾਲ, ਭਾਰਤ ਦੇ ਨੌਜਵਾਨਾਂ ਨੂੰ ਆਜ਼ਾਦੀ ਦਾ ਗਹਿਰਾ ਅਰਥ ਜਾਣਨ ਲਈ ਇੱਕ ਬਜ਼ੁਰਗ ਅਮਰੀਕੀ ਦਾਨਿਸ਼ਵਰ ਦੇ ਇਸ ਨਵੇਂ ਸੰਸਕਰਨ ਤੋਂ ਮਦਦ ਲੈਣੀ ਬਣਦੀ ਹੈ। ਇਹ ਕਿਤਾਬ ਮਹਾਂ ਗਿਆਨ ਤੇ ਗਹਿਰੀ ਮਾਨਵਤਾ ਦਾ ਵੀ ਕਾਰਜ ਹੈ ਜਿਸ ਨੂੰ ਵੱਡੇ ਪੱਧਰ ’ਤੇ ਪੜ੍ਹਿਆ ਅਤੇ ਵਿਚਾਰਿਆ ਜਾਣਾ ਚਾਹੀਦਾ ਹੈ।
ਈ-ਮੇਲ: ramachandraguha@yahoo.in

Advertisement