ਕੈਮਰੇ ਪਿੱਛੇ ਕੰਮ ਕਰਨ ਵਾਲੇ ਵੀ ਪਿਆਰ ਦੇ ਹੱਕਦਾਰ: ਐਮੀ ਵਿਰਕ
ਨਵੀਂ ਦਿੱਲੀ:
ਪੰਜਾਬੀ ਅਦਾਕਾਰ ਐਮੀ ਵਿਰਕ ਨੇ ਫ਼ਿਲਮ ਦੀ ਸਫ਼ਲਤਾ ਲਈ ਕੈਮਰੇ ਦੇ ਪਿੱਛੇ ਕੰਮ ਕਰਨ ਵਾਲੇ ਅਮਲੇ ਦੇ ਅਣਮੁੱਲੇ ਯੋਗਦਾਨ ਦਾ ਜ਼ਿਕਰ ਕਰਦਿਆਂ ਆਖਿਆ ਕਿ ਇਹ ਲੋਕ ਵੱਧ ਤੋਂ ਵੱਧ ਪਿਆਰ ਦੇ ਹੱਕਦਾਰ ਹਨ। ਕੌਮੀ ਰਾਜਧਾਨੀ ਵਿੱਚ ਆਪਣੀ ਆਉਣ ਵਾਲੀ ਫ਼ਿਲਮ ‘ਬੈਡ ਨਿਊਜ਼’ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮੀ ਨੇ ਪਰਦੇ ਦੇ ਪਿੱਛੇ ਰਹਿਣ ਵਾਲੇ ਅਮਲੇ ਦੇ ਯੋਗਦਾਨ ਬਾਰੇ ਗੱਲ ਕੀਤੀ। ਉਸ ਨੇ ਕਿਹਾ, ‘ਕਲਾਕਾਰਾਂ ਦਾ ਕੰਮ ਸੌਖਾ ਹੈ ਪਰ ਸਭ ਤੋਂ ਔਖਾ ਕੰਮ ਸਪੌਟ ਬੁਆਏਜ਼, ਰੋਸ਼ਨੀ ਕਰਨ ਵਾਲਿਆਂ ਅਤੇ ਡਾਂਸਰਾਂ ਦਾ ਹੈ। ਉਨ੍ਹਾਂ ਨੂੰ ਸਾਡੇ ਤੋਂ ਦੋ ਘੰਟੇ ਪਹਿਲਾਂ ਸੈੱਟ ’ਤੇ ਆਉਣਾ ਪੈਂਦਾ ਹੈ ਅਤੇ ਦੋ ਘੰਟੇ ਮਗਰੋਂ ਜਾਣਾ ਪੈਂਦਾ ਹੈ। ਜੇ 12 ਘੰਟੇ ਦੀ ਸ਼ਿਫਟ ਹੈ, ਤਾਂ ਉਹ ਸਿਰਫ਼ 4-5 ਘੰਟੇ ਦੀ ਨੀਂਦ ਲੈਂਦੇ ਹਨ ਅਤੇ ਅਕਸਰ ਉਨ੍ਹਾਂ ਨੂੰ ਸਭ ਤੋਂ ਵੱਧ ਝਿੜਕਿਆ ਜਾਂਦਾ ਹੈ।’ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਸੈੱਟ ’ਤੇ ਸਭ ਤੋਂ ਵੱਧ ਪਿਆਰ ਮਿਲਣਾ ਚਾਹੀਦਾ ਹੈ। ਫ਼ਿਲਮ ‘ਬੈਡ ਨਿਊਜ਼’ 2019 ਵਿੱਚ ਆਈ ਫ਼ਿਲਮ ‘ਗੁੱਡ ਨਿਊਜ਼’ ਦਾ ਸੀਕੁਅਲ ਹੈ। ਫ਼ਿਲਮ ‘ਬੈਡ ਨਿਊਜ਼’ ਵਿੱਚ ਤ੍ਰਿਪਤੀ ਡਿਮਰੀ ਅਤੇ ਨੇਹਾ ਧੂਪੀਆ ਵੀ ਹਨ। ਇਹ ਫ਼ਿਲਮ ਆਨੰਦ ਤਿਵਾੜੀ ਵੱਲੋਂ ਬਣਾਈ ਗਈ ਹੈ। ਇਹ ਇੱਕ ਕਾਮੇਡੀ ਫ਼ਿਲਮ ਹੈ। ਫ਼ਿਲਮ ਜੁੜਵਾਂ ਬੱਚਿਆਂ ’ਤੇ ਅਧਾਰਤ ਹੈ ਜਿਨ੍ਹਾਂ ਦੀ ਮਾਂ ਇਕ ਹੈ ਪਰ ਪਿਤਾ ਵੱਖ ਵੱਖ ਹੁੰਦੇ ਹਨ। -ਆਈਏਐੱਨਐੱਸ