ਚੋਣ ਲੜਨ ਦੇ ਚਾਹਵਾਨਾਂ ਨੂੰ ਵੋਟਰ ਸੂਚੀਆਂ ’ਚੋਂ ਨਹੀਂ ਲੱਭ ਰਹੇ ਨਾਮ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 30 ਸਤੰਬਰ
ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਪਰ ਇਥੇ ਅੱਜ ਸਿਰਫ਼ ਦੋ ਨਾਮਜ਼ਦਗੀ ਕਾਗਜ਼ ਹੀ ਦਾਖਲ ਹੋਏ। ਇਨ੍ਹਾਂ ’ਚੋਂ ਇਕ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਬਿੰਦਰ ਮਨੀਲਾ ਨੇ ਪਿੰਡ ਸੰਗਤਪੁਰਾ ਢੈਪਈ ਤੋਂ ਅਤੇ ਦੂਜੇ ਉਨ੍ਹਾਂ ਦੀ ਪਤਨੀ ਸਾਬਕਾ ਸਰਪੰਚ ਪਲਵਿੰਦਰ ਕੌਰ ਸਿੱਧੂ ਨੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਹਨ। ਸਬ-ਡਿਵੀਜ਼ਨਲ ਮੈਜਿਸਟਰੇਟ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰਾਂ ’ਚ ਅੱਜ ਸਾਰਾ ਦਿਨ ਗਹਿਮਾ-ਗਹਿਮੀ ਵਾਲਾ ਮਾਹੌਲ ਰਿਹਾ। ਸਰਪੰਚ ਤੇ ਪੰਚ ਬਣਨ ਲਈ ਚੋਣ ਮੈਦਾਨ ’ਚ ਨਿੱਤਰਨ ਦੇ ਚਾਹਵਾਨ ਇਨ੍ਹਾਂ ਦਫ਼ਤਰਾਂ ਦੇ ਚੱਕਰ ਕੱਟਦੇ ਦੇਖੇ ਗਏ। ਬਹੁਤੇ ਤਾਂ ਵੋਟਰ ਸੂਚੀਆਂ ਅਤੇ ਚੁੱਲ੍ਹਾ ਟੈਕਸ ਦੇ ਚੱਕਰਾਂ ’ਚ ਹੀ ਉਲਝੇ ਰਹੇ। ਕੁਝ ਇਕ ਚਾਹਵਾਨ ਅਜਿਹੇ ਵੀ ਸਾਹਮਣੇ ਆਏ ਜਿਹੜੇ ਚੋਣ ਲੜਨ ਦੀ ਤਿਆਰੀ ਤਾਂ ਕਰ ਰਹੇ ਸਨ ਪਰ ਉਨ੍ਹਾਂ ਦੇ ਨਾਂ ਹੀ ਵੋਟਰ ਸੂਚੀਆਂ ’ਚੋਂ ਗਾਇਬ ਮਿਲੇ। ਹਾਕਮ ਧਿਰ ਨਾਲ ਜੁੜੇ ਇਕ ਨੌਜਵਾਨ ਆਗੂ ਨੇ ਵੀ ਅਜਿਹੀ ਸ਼ਿਕਾਇਤ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦਾ ਇਕ ਹਿੱਸਾ ਚੁੱਕ ਕੇ ਨੇੜਲੇ ਅਗਵਾੜ ਖੁਆਜਾ ਬਾਜੂ ’ਚ ਪਾ ਦਿੱਤਾ ਗਿਆ ਹੈ ਅਤੇ ਉਸ ਦਾ ਨਾਂ ਵੀ ਵੋਟਰ ਸੂਚੀ ’ਚ ਨਹੀਂ ਲੱਭ ਰਿਹਾ। ਇਸੇ ਤਰ੍ਹਾਂ ਪਿੰਡ ਪੋਨਾ ’ਚ ਸਰਪੰਚ ਬਣਨ ਲਈ ਚੋਣ ਲੜਨ ਦੀ ਤਿਆਰੀ ਵਿੱਢਣ ਵਾਲੇ ਇਕ ਹੋਰ ਚਾਹਵਾਨ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ ਸੀ। ਸਾਬਕਾ ਸਰਪੰਚ ਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਹਾਕਮ ਧਿਰ ਤੇ ਅਧਿਕਾਰੀਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਇਕ ਪਾਸੇ ਚੁੱਲ੍ਹਾ ਟੈਕਸ ਵਾਲਾ ਮਸਲਾ ਹੱਲ ਕਰਨ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਜਗਰਾਉਂ ’ਚ ਇਸ ਦੇ ਨਾਂ ’ਤੇ ਪੈਸੇ ਉਗਰਾਹੇ ਜਾ ਰਹੇ ਹਨ। ਉਸ ਨੇ ਸਵਾਲ ਕੀਤਾ ਕਿ ਇਹ ਉਗਰਾਹੀ ਜਾ ਰਹੀ ਰਕਮ ਕਿਸ ਖਾਤੇ ਵਿੱਚ ਜਾਵੇਗੀ।
ਕਾਂਗਰਸੀ ਆਗੂਆਂ ਵੱਲੋਂ ਚੋਣ ਅਮਲ ਰੋਕ ਕੇ ਵੋਟਰ ਸੂਚੀਆਂ ’ਚ ਸੋਧ ਕਰਨ ਦੀ ਮੰਗ
ਕਾਂਗਰਸ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਵੋਟਰ ਸੂਚੀਆਂ ਦੇ ਮਸਲੇ ਸਬੰਧੀ ਐੱਸਡੀਐੱਮ ਨੂੰ ਮਿਲੇ ਅਤੇ ਵੋਟਰ ਸੂਚੀਆਂ ’ਚ ਵੱਡੀ ਪੱਧਰ ’ਤੇ ਛੇੜਛਾੜ ਹੋਣ ਦਾ ਦੋਸ਼ ਲਾਇਆ। ਕਾਂਗਰਸ ਦੇ ਸੀਨੀਅਰ ਆਗੂ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਵੋਟਰ ਸੂਚੀਆਂ ’ਚ ਵੱਡੇ ਪੱਧਰ ’ਤੇ ਨਾਂ ਕੱਟੇ ਜਾਣ ਦੀ ਸ਼ਿਕਾਇਤ ਕੀਤੀ ਅਤੇ ਚੋਣਾਂ ਦਾ ਅਮਲ ਰੋਕ ਕੇ ਵੋਟਰ ਸੂਚੀਆਂ ’ਚ ਸੋਧ ਕਰਨ ਦੀ ਮੰਗ ਕੀਤੀ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਹੈ ਕਿ ਹਾਰ ਹੁੰਦੀ ਦੇਖ ਕੇ ਹਾਕਮ ਧਿਰ ਲੋਕਤੰਤਰ ਦਾ ਘਾਣ ਕਰ ਰਹੀ ਹੈ। ਐੱਸਡੀਐੱਮ ਕਰਣਦੀਪ ਸਿੰਘ ਨੇ ਮਿਲੀਆਂ ਸ਼ਿਕਾਇਤਾਂ ਦੀ ਪੜਤਾਲ ਕਰਵਾਉਣ ਦੀ ਗੱਲ ਆਖੀ ਹੈ।