ਪਹਿਲਾਂ ਕਰੀਅਰ ਖ਼ਤਮ ਦੀ ਗੱਲ ਕਰਨ ਵਾਲੇ ਹੁਣ ਮੈਨੂੰ ਸਰਬੋਤਮ ਆਖਣ ਲੱਗੇ: ਬੁਮਰਾਹ
ਨਿਊਯਾਰਕ, 10 ਜੂਨ
ਇੱਥੇ ਬੀਤੀ ਰਾਤ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਟੀ-20 ਵਿਸ਼ਵ ਕੱਪ ਮੈਚ ਵਿੱਚ ਭਾਰਤ ਦੀ ਜਿੱਤ ਦੇ ਹੀਰੋ ਰਹੇ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਕਹਿਣਾ ਹੈ ਕਿ ਉਸ ਨੂੰ ਇਹ ਗੱਲ ਬਹੁਤ ਹਾਸੋਹੀਣੀ ਲੱਗਦੀ ਹੈ ਕਿ ਇੱਕ ਸਾਲ ਪਹਿਲਾਂ ਤੱਕ ਲੋਕ ਉਸ ਦਾ ਕਰੀਅਰ ਖ਼ਤਮ ਹੋਣ ਦੀ ਗੱਲ ਕਰ ਰਹੇ ਸਨ ਅਤੇ ਹੁਣ ਉਸ ਨੂੰ ਸਰਬੋਤਮ ਕਹਿੰਦੇ ਹਨ। ਕੱਟੜ ਵਿਰੋਧੀ ਮੰਨੇ ਜਾਂਦੇ ਪਾਕਿਸਤਾਨ ਨਾਲ ਮੁਕਾਬਲੇ ਦੌਰਾਨ ਭਾਰਤ ਨੇ ਸ਼ਾਨਦਾਰ ਗੇਂਦਬਾਜ਼ੀ ਸਕਦਾ ਇਹ ਮੈਚ ਛੇ ਦੌੜਾਂ ਨਾਲ ਜਿੱਤ ਲਿਆ। ਇਸ ਵਿੱਚ ਬੁਮਰਾਹ ਨੇ ਚਾਰ ਓਵਰਾਂ ਵਿੱਚ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਜ਼ਿਕਰਯੋਗ ਹੈ ਕਿ ਬੁਮਰਾਹ ਨੇ 2022 ਵਿੱਚ ਸਰਜਰੀ ਕਰਵਾਈ ਸੀ ਜਿਸ ਕਾਰਨ ਉਹ ਟੀ-20 ਵਿਸ਼ਵ ਕੱਪ ਨਹੀਂ ਖੇਡ ਸਕਿਆ ਸੀ। ਘਰੇਲੂ ਧਰਤੀ ’ਤੇ ਲੜੀ ਵਿੱਚ ਵਾਪਸੀ ਕਰਨ ਤੋਂ ਪਹਿਲਾਂ ਉਹ ਫਿਰ ਜ਼ਖ਼ਮੀ ਹੋ ਗਿਆ ਜਿਸ ਕਾਰਨ ਉਹ 10 ਮਹੀਨੇ ਕ੍ਰਿਕਟ ਨਹੀਂ ਖੇਡ ਸਕਿਆ। ਲੋਕ ਉਸ ’ਤੇ ਸਵਾਲ ਚੁੱਕਣ ਲੱਗੇ ਸਨ ਪਰ ਪਿਛਲੇ ਸਾਲ 67 ਵਿਕਟਾਂ ਲੈ ਕੇ ਉਸ ਨੇ ਆਲੋਚਕਾਂ ਦਾ ਮੂੰਹ ਬੰਦ ਕਰ ਦਿੱਤਾ ਹੈ। ਇਸ ਬਾਰੇ ਬੁਮਰਾਹ ਨੇ ਕਿਹਾ, ‘‘ਸਾਲ ਪਹਿਲਾਂ ਇਹੀ ਲੋਕ ਕਹਿ ਰਹੇ ਸਨ ਕਿ ਮੈਂ ਦੁਬਾਰਾ ਨਹੀਂ ਖੇਡ ਸਕਾਂਗਾ ਪਰ ਹੁਣ ਇਹ ਸਵਾਲ ਬਦਲ ਗਿਆ ਹੈ।’’ -ਪੀਟੀਆਈ