ਸੜਕਾਂ ਕੰਢੇ ਮਲਬਾ ਸੁੱਟਣ ਵਾਲਿਆਂ ਦੇ ਚਲਾਨ ਹੋਣਗੇ: ਕਮਿਸ਼ਨਰ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 23 ਨਵੰਬਰ
ਮੁਹਾਲੀ ਨਗਰ ਨਿਗਮ ਨੇ ਸ਼ਹਿਰ ਦੀ ਦਿੱਖ ਸੁਧਾਰਨ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ। ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਸਣੇ ਸੜਕ ਤੇ ਫੁਟਪਾਥਾਂ ਤੋਂ ਮਲਬਾ ਹਟਾਉਣ ਅਤੇ ਗਰੀਨ ਬੈਲਟਾਂ ਦੇ ਰੱਖ-ਰਖਾਅ ਲਈ ਅੱਜ ਨਿਗਮ ਕਮਿਸ਼ਨਰ ਟੀ ਬੈਨਿਥ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰ ਕੇ ਸੜਕਾਂ ਦੀ ਮੁਰੰਮਤ ਪ੍ਰੀਮਿਕਸ ਪਾਉਣ, ਆਰਐਮਸੀ ਪੁਆਇੰਟਾਂ (ਕੂੜਾ ਸੁੱਟਣ ਵਾਲੀਆਂ ਥਾਵਾਂ) ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਨਿਰੀਖਣ ਕੀਤਾ। ਇਸ ਮੌਕੇ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਰਣਜੀਵ ਕੁਮਾਰ ਵੀ ਹਾਜ਼ਰ ਸਨ। ਕਮਿਸ਼ਨਰ ਨੇ ਕਿਹਾ ਕਿ ਸੜਕਾਂ ਕਿਨਾਰੇ ਤੇ ਖਾਲੀ ਥਾਵਾਂ ’ਤੇ ਮਲਬਾ, ਕੂੜਾ ਸੁੱਟਣ ਵਾਲਿਆਂ ਦੇ ਚਲਾਨ ਕਰ ਕੇ ਜੁਰਮਾਨਾ ਵਸੂਲਿਆ ਜਾਵੇਗਾ।
ਕਮਿਸ਼ਨਰ ਟੀ ਬੈਨਿਥ ਨੇ ਫੇਜ਼-3ਏ ਸਥਿਤ ਟਰੈਫਿਕ ਲਾਈਟਾਂ ਤੋਂ ਲਖਨੌਰ ਟੀ-ਪੁਆਇੰਟ ਐਂਟਰੀ, ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਵਾਈਪੀਐਸ ਚੌਕ, ਵਾਈਪੀਐਸ ਸਕੂਲ ਤੋਂ ਫੇਜ਼-9 ਨੂੰ ਜਾਂਦੀ ਸੜਕ (ਬੁੜੈਲ ਜੇਲ੍ਹ ਦੀ ਪਿਛਲੀ ਸੜਕ), ਫੇਜ਼-9/ ਫੇਜ਼-10 ਦੀ ਡਿਵਾਈਡਿੰਗ, ਫੇਜ਼-10/ ਫੇਜ਼-11 ਡਿਵਾਈਡਿੰਗ ਰੋਡ ਸਣੇ ਸੈਕਟਰ-66/ਸੈਕਟਰ-67 ਦੀ ਡਿਵਾਈਡਿੰਗ ਸੜਕ ਉੱਤੇ ਕਰਵਾਏ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਨ੍ਹਾਂ ਥਾਵਾਂ ’ਤੇ ਮਲਬਾ ਚੁੱਕਣ, ਸੈਂਟਰ ਵਰਜ ਦੀ ਰਿਪੇਅਰ, ਗਰਿੱਲਾਂ ਦੀ ਰਿਪੇਅਰ, ਸਟਰੀਟ ਲਾਈਟ ਦੇ ਖੰਭਿਆਂ ਨੂੰ ਰੰਗ ਕਰਨਾ ਅਤੇ ਹਾਰਟੀਕਲਚਰ ਵੇਸਟ ਨੂੰ ਚੁੱਕਣ ਦਾ ਕੰਮ ਚੱਲ ਰਿਹਾ ਹੈ।
ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਸਾਰੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇ। ਉਨ੍ਹਾਂ ਸੈਨੀਟੇਸ਼ਨ ਸ਼ਾਖਾ ਨੂੰ ਵੀ ਆਦੇਸ਼ ਦਿੱਤੇ ਕਿ ਰਿਹਾਇਸ਼ੀ ਖੇਤਰ ਅਤੇ ਸੜਕਾਂ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ।