ਪਰਿਵਾਰ ਭਲਾਈ ਵਿਭਾਗ ਦੀ ਸਹਾਇਕ ਡਾਇਰੈਕਟਰ ਦਾ ਪਰਸ ਖੋਹਣ ਵਾਲੇ ਕਾਬੂ
ਹਰਜੀਤ ਸਿੰਘ
ਡੇਰਾਬੱਸੀ, 5 ਅਕਤੂਬਰ
ਪੁਲੀਸ ਨੇ ਬੀਤੇ ਦਿਨੀਂ ਪੈਦਲ ਜਾ ਰਹੀ ਪਰਿਵਾਰ ਭਲਾਈ ਵਿਭਾਗ ਦੀ ਸਹਾਇਕ ਡਾਇਰੈਕਟਰ ਤੋਂ ਪਰਸ ਖੋਹਣ ਦੇ ਮਾਮਲੇ ਵਿੱਚ ਤਿੰਨ ਝਪਟਮਾਰਾਂ ਨੂੰ 48 ਘੰਟੇ ਵਿੱਚ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਪਰਸ ਵਿੱਚ ਮੌਜੂਦ ਨਕਦੀ ਤੇ ਹਰ ਸਾਮਾਨ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਅਮਿਤ ਕੁਮਾਰ, ਸੰਜੀਵ ਕੁਮਾਰ ਉਰਫ਼ ਸੋਨੂੰ ਅਤੇ ਗੌਰਵ ਕੁਮਾਰ ਵਜੋਂ ਹੋਈ ਹੈ। ਅਮਿਤ ਕੁਮਾਰ ਅਤੇ ਸੰਜੀਵ ਕੁਮਾਰ ਉਰਫ਼ ਸੋਨੂੰ ਨੇ ਭੱਜਣ ਦੀ ਕੋਸ਼ਿਸ਼ ਦੌਰਾਨ ਜ਼ਖ਼ਮੀ ਹੋ ਗਏ।
ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਮੁਤਾਬਕ, ਰੀਤੂ ਪੁੱਤਰੀ ਰਾਜਵੀਰ ਸਿੰਘ ਵਾਸੀ ਗੁਲਮੋਹਰ ਸਿਟੀ ਐਕਸਟੈਨਸ਼ਨ ਨੇ ਦੱਸਿਆ ਕਿ ਉਹ ਪੇਂਡੂ ਸ਼ਗਨ ਐਂਡ ਹੈਲਥ ਫੈਮਿਲੀ ਵੈਲਫੇਅਰ ਕੌਂਸਲ ਜ਼ੀਰਕਪੁਰ ਵਿੱਚ ਬਤੌਰ ਸਹਾਇਕ ਡਾਇਰੈਕਟਰ ਵਜੋਂ ਨੌਕਰੀ ਕਰਦੀ ਹੈ। ਬੀਤੇ ਦਿਨੀਂ ਉਹ ਜ਼ੀਰਕਪੁਰ ਡਿਊਟੀ ਨਿਭਾ ਕੇ ਡੇਰਾਬੱਸੀ ਸਥਿਤ ਟਰੈਫਿਕ ਬੂਥ ਤੋਂ ਪੈਦਲ ਘਰ ਵੱਲ ਜਾ ਰਹੀ ਸੀ। ਇਸ ਦੌਰਾਨ ਜਦ ਉਹ ਡੀਏਵੀ ਸਕੂਲ ਸਾਹਮਣੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਉਸਦਾ ਪਰਸ ਖੋਹ ਕੇ ਫ਼ਰਾਰ ਹੋ ਗਏ। ਝਪਟਮਾਰੀ ਦੀ ਘਟਨਾ ਦੌਰਾਨ ਉਹ ਜ਼ਖ਼ਮੀ ਵੀ ਹੋ ਗਈ। ਉਸਦੇ ਪਰਸ ਵਿੱਚ ਤੀਹ ਹਜ਼ਾਰ ਰੁਪਏ ਦੀ ਨਕਦੀ, ਮੋਬਾਈਲ ਫੋਨ, ਬੈਂਕ ਦਾ ਏਟੀਐੱਮ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ।
ਡੀਐੱਸਪੀ ਸ੍ਰੀ ਬਰਾੜ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਨੂੰ ਗੰਭੀਰਤ ਨਾਲ ਲੈਂਦਿਆਂ ਕੇਸ ਦਰਜ ਕਰ ਲਿਆ। ਥਾਣਾ ਮੁਖੀ ਮਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮਾਮਲੇ ਵਿੱਚ ਸ਼ਾਮਲ ਤਿੰਨਾਂ ਝਪਟਮਾਰਾਂ ਨੂੰ ਕਾਬੂ ਕਰ ਕੇ ਖੋਹਿਆ ਹੋਇਆ ਸਾਮਾਨ ਬਰਾਮਦ ਕਰ ਲਿਆ ਹੈ।