ਸੱਚ ਬੋਲਣ ਵਾਲਿਆਂ ਨੂੰ ਜੇਲ੍ਹਾਂ ’ਚ ਡੱਕਿਆ ਜਾ ਰਿਹੈ: ਸਿੱਧੂ
ਨਿੱਜੀ ਪੱਤਰ ਪ੍ਰੇਰਕ
ਨਾਭਾ, 7 ਅਕਤੂਬਰ
ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਅੱਜ ਇੱਥੇ ਨਾਭਾ ਜੇਲ੍ਹ ’ਚ ਬੰਦ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਮੁਲਾਕਾਤ ਕੀਤੀ। ਉਹ ਲਗਪਗ ਇੱਕ ਘੰਟਾ ਇੱਥੇ ਰੁਕੇ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਸਿਸਟਮ ਪੂਰੀ ਤਰ੍ਹਾਂ ਲੜਖੜਾ ਗਿਆ ਹੈ। ਉਨ੍ਹਾਂ ਕਿਹਾ, ‘‘ਸਰਕਾਰ ਵੱਲੋਂ ਸੁਖਪਾਲ ਖਹਿਰਾ ਨੂੰ ਜਿਸ ਤਰੀਕੇ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਉਸ ਨਾਲ ਖਹਿਰਾ ਦਾ ਕੁਝ ਨਹੀਂ ਗਿਆ ਪਰ ਉਨ੍ਹਾਂ ਦੋ ਲੱਖ ਲੋਕਾਂ ਦੀ ਹੱਤਕ ਹੋਈ ਹੈ, ਜਨਿ੍ਹਾਂ ਨੇ ਖਹਿਰਾ ਨੂੰ ਆਪਣਾ ਨੁਮਾਇੰਦਾ ਚੁਣਿਆ ਸੀ।’’ ਸਾਬਕਾ ਵਿਧਾਇਕ ਨੇ ਆਖਿਆ ਕਿ ਬਿਨਾ ਵਰਦੀ ਪਹਨਿੇ ਇੱਕ ਵਿਅਕਤੀ ਵੱਲੋਂ ਵਿਧਾਇਕ ਨੂੰ ਖਿੱਚ ਲਿਜਾਣ ਨਾਲ ਸਮੁੱਚੀ ਵਿਧਾਨਪਾਲਿਕਾ ਦਾ ਕਥਿਤ ਅਪਮਾਨ ਹੋਇਆ ਤੇ ਇਹ ਕਾਰਵਾਈ ਪੂਰੇ ਸਿਸਟਮ ’ਤੇ ਸਵਾਲ ਖੜ੍ਹੇ ਕਰਦੀ ਹੈ। ਸਿੱਧੂ ਨੇ ਕਿਹਾ, ‘‘ਇਸ ਪੂਰੇ ਸਿਸਟਮ ’ਚ ਤਬਦੀਲੀ ਦੀ ਲੋੜ ਹੈ, ਜਿਹੜਾ 2015 ਦੇ ਕੇਸ ਵਿੱਚ ਹਾਲੇ ਤੱਕ ਚਲਾਨ ਪੇਸ਼ ਨਹੀਂ ਕਰ ਸਕਿਆ ਪਰ ਫਿਰ ਵੀ ਕਿਸੇ ਦੀ ਜਵਾਬਦੇਹੀ ਤੈਅ ਨਹੀਂ। ਬਸ ਸੱਚ ਬੋਲਣ ਵਾਲਿਆਂ ਉੱਪਰ ਤਲਵਾਰ ਦੀ ਤਰ੍ਹਾਂ ਕੇਸ ਲਟਕਾ ਕੇ ਰੱਖੇ ਜਾਂਦੇ ਹਨ।’’ ਉਨ੍ਹਾਂ ਨੇ ਅਕਾਲੀ ਦਲ ਅਤੇ ‘ਆਪ’ ਸਣੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸੇ ਸਿਸਟਮ ਦਾ ਹਿੱਸਾ ਦੱਸਿਆ। ਇਸ ਮੌਕੇ ਉਨ੍ਹਾਂ ਨੇ ‘ਆਪ’ ਨਾਲ ਗਠਜੋੜ ਬਾਰੇ ਹਾਈ ਕਮਾਨ ਦੇ ਹਰ ਫੈਸਲੇ ਨਾਲ ਰਜ਼ਾਮੰਦੀ ਪ੍ਰਗਟਾਈ ਤੇ ਕਿਹਾ ਕਿ ਹਾਈਕਮਾਨ ਦਾ ਫ਼ੈਸਲਾ ਸੂਬੇ ਦੀ ਲੀਡਰਸ਼ਿਪ ਨੂੰ ਮੰਨਣਾ ਚਾਹੀਦਾ ਹੈ।
‘ਸਰਕਾਰ ਨੇ ਸਰਪੰਚਾਂ ਨੂੰ ਕਠਪੁਤਲੀ ਬਣਾਇਆ’
ਮਸਤੂਆਣਾ ਸਾਹਿਬ (ਐੱਸ.ਐੱਸ. ਸੱਤੀ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਨਿ੍ਹਾਂ ਪੰਚਾਂ (ਪੰਚਾਇਤ ਮੈਂਬਰਾਂ) ਨੂੰ ਬਹੁਤ ਮਾਣ ਦਿੱਤਾ ਜਾਂਦਾ ਹੈ ਉਨ੍ਹਾਂ ਨੂੰ ਅੱਜ ਦੀਆਂ ਸਰਕਾਰਾਂ ਨੇ ‘ਕਠਪੁਤਲੀਆਂ’ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਵੱਲੋਂ ਚੁਣੇ ਗਏ ਪੰਚ ਪਿੰਡਾਂ ਵਾਸੀਆਂ ਨੂੰ ਹੀ ਜਵਾਬਦੇਹ ਹੁੰਦੇ ਹਨ, ਸਰਕਾਰ ਦੇ ਨੁਮਇੰਦਿਆਂ ਨੂੰ ਨਹੀਂ। ਸ੍ਰੀ ਸਿੱਧੂ ਪੰਜਾਬ ਅੰਦਰ ਪੰਚਾਇਤਾਂ ਬਹਾਲ ਹੋਣ ਦੀ ਖੁਸ਼ੀ ’ਚ ਰਖਵਾਏ ਗਏ ਸ੍ਰੀ ਅਖੰਡ ਪਾਠ ਦੇ ਭੋਗ ਮੌਕੇ ਹਾਜ਼ਰੀ ਲਵਾਉਣ ਆਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਸਰਪੰਚਾਂ ਨੂੰ ਇੰਨੀਆਂ ਸ਼ਕਤੀਆਂ ਦਿੱਤੀਆਂ ਗਈਆਂ ਸਨ ਕਿ ਉਹ ਪਿੰਡਾਂ ਨੂੰ ਆਤਮਨਿਰਭਰ ਬਣਾ ਕੇ ਉਸ ਦਾ ਵਿਕਾਸ ਕਰ ਸਕਦੇ ਹਨ ਪਰ ਹੁਣ ਸਰਕਾਰ ਸਰਪੰਚ ਨੂੰ ਕਠਪੁਤਲੀ ਬਣਾ ਕੇ ਕੰਮ ਕਰ ਰਹੀ ਹੈ। ਇਸ ਮੌਕੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਤੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ ਤੇ ਹੋਰ ਹਾਜ਼ਰ ਸਨ।