For the best experience, open
https://m.punjabitribuneonline.com
on your mobile browser.
Advertisement

ਰੁਜ਼ਗਾਰ ਮੰਗਣ ਵਾਲਿਆਂ ਨੂੰ ਮਿਲਦੀਆਂ ਨੇ ਡਾਗਾਂ: ਨਵਜੋਤ ਸਿੱਧੂ

08:45 AM Jan 22, 2024 IST
ਰੁਜ਼ਗਾਰ ਮੰਗਣ ਵਾਲਿਆਂ ਨੂੰ ਮਿਲਦੀਆਂ ਨੇ ਡਾਗਾਂ  ਨਵਜੋਤ ਸਿੱਧੂ
ਮੋਗਾ ਵਿੱਚ ਰੈਲੀ ਦੌਰਾਨ ਸੰਬੋਧਨ ਕਰਦੇ ਹੋਏ ਨਵਜੋਤ ਸਿੱਧੂ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਜਨਵਰੀ
ਪੰੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਵੱਲੋਂ ‘ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ’ ਤਹਿਤ ਮੋਗਾ ਵਿੱਚ ਰੈਲੀ ਕੀਤੀ ਗਈ ਜਿਸ ਵਿਚ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸੁਪਰੀਮੋ ਕੇਜਰੀਵਾਲ ’ਤੇ ਨਿਸ਼ਾਨੇ ਸਾਧੇ। ਸ੍ਰੀ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ’ਚ ਅਮਨ-ਕਾਨੂੰਨ, ਬੇਰੁਜ਼ਗਾਰੀ ਅਤੇ ਰੇਤ ਮਾਫ਼ੀਆ ਦੇ ਮਾਮਲੇ ’ਤੇ ਘੇਰਿਆ।
ਉਨ੍ਹਾਂ ਪੰਜਾਬ ਦੇ ਮੁੱਦਿਆਂ ਉੱਤੇ ਮੁੱਖ ਮੰਤਰੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਜਿਹੜੇ ਮੁੱਖ ਮੰਤਰੀ ਲੋਕ ਮੁੱਦਿਆਂ ਦੀ ਗੱਲ ਕਰਦੇ ਸਨ, ਉਹ ਅੱਜ ਖੁਦ 150 ਗੱਡੀਆਂ ਦੇ ਕਾਫਲੇ ਨਾਲ ਨਿਕਲਦੇ ਹਨ ਜਿਸ ਨਾਲ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਕੰਗਾਲ ਹੋ ਰਿਹਾ ਹੈ ਅਤੇ ਕਰਜ਼ੇ ਦੀ ਮਾਰ ਹੇਠ ਦੱਬਿਆ ਪਿਆ ਹੈ। ਸੂਬੇ ਦੀ ਹਾਲਤ ਇਹ ਹੈ ਕਿ ਰੁਜ਼ਗਾਰ ਮੰਗ ਰਹੇ ਨੌਜਵਾਨਾਂ ਉੱਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਬਚਾਉਣ ਲਈ ਮੌਜੂਦਾ ਪ੍ਰਣਾਲੀ ਨੂੰ ਬਦਲਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ। ਉਨ੍ਹਾਂ ‘ਆਪ’ ਸੁਪਰੀਮੋ ਕੇਜਰੀਵਾਲ ’ਤੇ ਈਡੀ ਸਾਹਮਣੇ ਪੇਸ਼ ਹੋਣ ਤੋਂ ਬਹਾਨੇਬਾਜ਼ੀ ਕਰਨ ਉੱਤੇ ਵੀ ਨਿਸ਼ਾਨਾ ਸੇਧਿਆ। ਉਨ੍ਹਾਂ ਆਪਣੇ ਅੰਦਾਜ਼ ’ਚ ਕੇਂਦਰ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਿਸੇ ਨੂੰ ਈਡੀ ਦਾ ਫੋਨ ਆਉਂਦਾ ਹੈ ਤਾਂ ਉਹ ਭਾਜਪਾ ’ਚ ਸ਼ਾਮਲ ਹੋਣ ਦੀ ਗੱਲ ਆਖ ਕੇ ਖਹਿੜਾ ਛੁਡਵਾ ਲੈਂਦਾ ਹੈ। ਉਨ੍ਹਾਂ ਆਪਣਾ ਵਿਰੋਧ ਕਰਨ ਵਾਲੇ ਆਗੂਆਂ ਦਾ ਨਾਂ ਲਏ ਬਿਨਾਂ ਕਿਹਾ ਕਿ ਕਾਂਗਰਸ ਨੂੰ ਬੱਬਰ ਸ਼ੇਰਾਂ ਦੀ ਲੋੜ ਹੈ। ਉਨ੍ਹਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਉਹ ਕਾਂਗਰਸੀ ਸਨ ਅਤੇ ਕਾਂਗਰਸੀ ਹੀ ਮਰਨਗੇ। ਉਨ੍ਹਾਂ ਆਪਣਾ ਵਿਰੋਧ ਕਰਨ ਵਾਲਿਆਂ ਨੂੰ ਇਥੇ ਹੋਏ ਇਕੱਠ ਬਾਰੇ ਵੀ ਅਹਿਸਾਸ ਕਰਵਾਇਆ। ਇਸ ਮੌਕੇ ਸਾਬਕਾ ਮੰਤਰੀ ਲਾਲ ਸਿੰਘ, ਨਾਜਰ ਸਿੰਘ ਮਾਨਸ਼ਾਹੀਆ, ਸੁਰਜੀਤ ਸਿੰਘ ਧੀਮਾਨ, ਕਾਕਾ ਰਾਜਿੰਦਰ ਸਿੰਘ, ਮਹੇਸ਼ਇੰਦਰ ਸਿੰਘ, ਜਗਦੇਵ ਸਿੰਘ ਕਮਾਲੂ (ਸਾਬਕਾ ਵਿਧਾਇਕ) ਤੇ ਹੋਰ ਕਾਂਗਰਸੀ ਆਗੂ ਮੌਜੂਦ ਸਨ।

Advertisement

ਰੈਲੀ ਵਿਚ ਸ਼ਾਮਲ ਹੋਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ: ਸੂਦ

ਸ਼ਹਿਰੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਅੱਜ ਕਿਹਾ ਕਿ ਰੈਲੀ ਵਿਚ 90 ਫ਼ੀਸਦ ਲੋਕ ਮੋਗਾ ਤੋਂ ਬਾਹਰਲੇ ਹਲਕਿਆਂ ਦੇ ਸਨ। ਉਨ੍ਹਾਂ ਕਿਹਾ ਕਿ ਜਿਹੜੇ ਕਾਂਗਰਸ ਸਿਪਾਹੀ ਰੈਲੀ ਵਿੱਚ ਸ਼ਾਮਲ ਹੋਏ ਹਨ ਉਨ੍ਹਾਂ ਖ਼ਿਲਾਫ਼ ਪਾਰਟੀ ਹਾਈਕਮਾਨ ਨੂੰ ਕਾਰਵਾਈ ਲਈ ਲਿਖਿਆ ਜਾਵੇਗਾ ਅਤੇ ਜਿਨ੍ਹਾਂ ਪਾਰਟੀ ਆਗੂਆਂ ਨੇ ਰੈਲੀ ਵਿਚ ਸ਼ਮੂਲੀਅਤ ਨਹੀਂ ਕੀਤੀ ਉਨ੍ਹਾਂ ਦਾ ਰੈਲੀ ਵਿਚ ਨਾ ਜਾਣ ਉੱਤੇ ਧੰਨਵਾਦ ਕੀਤਾ ਹੈ। ਜਾਣਕਾਰੀ ਅਨੁਸਾਰ ਮਾਲਵਿਕਾ ਸੂਦ ਨੇ ਕੱਲ੍ਹ ਕਾਂਗਰਸੀ ਵਰਕਰਾਂ ਨੂੰ ਰੈਲੀ ਵਿਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਸੀ ਇਸ ਦੇ ਬਾਵਜੂਦ ਰੈਲੀ ’ਚ ਵੱਡੀ ਗਿਣਤੀ ਕਾਂਗਰਸ ਆਗੂਆਂ ਤੇ ਵਰਕਰਾਂ ਦਾ ਇਕੱਠ ਹੋ ਗਿਆ। ਰੈਲੀ ਵਿਚ ਹਜ਼ਾਰਾਂ ਦੀ ਤਦਾਦ ਵਿਚ ਵਰਕਰ ਪੁੱਜਣ ਕਾਰਨ ਸਿੱਧੂ ਬਾਗੋ-ਬਾਗ ਦਿਖਾਈ ਦਿੱਤੇ ਤੇ ਸਿੱਧੂ ਨੇ ਰੈਲੀ ਵਿਚ ਕਈ ਵਾਰ ਵੱਡਾ ਇਕੱਠ ਹੋਣ ਦਾ ਹਾਈ ਕਮਾਂਡ ਨੂੰ ਸੁਨੇਹਾ ਵੀ ਦਿੱਤਾ।

Advertisement

Advertisement
Author Image

Advertisement