ਮੈਡੀਕਲ ਸਟੋਰ ਦੇ ਕਾਮੇ ’ਤੇ ਹਮਲਾ ਕਰ ਕੇ ਨਗਦੀ ਲੁੱਟਣ ਵਾਲੇ ਕਾਬੂ
ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਸਤੰਬਰ
ਇਥੇ ਥਾਣਾ ਸਿਟੀ ਪੁਲੀਸ ਨੇ 6 ਦਿਨ ਪਹਿਲਾਂ ਮੈਡੀਕਲ ਸਟੋਰ ਦੇ ਕਾਮੇ ’ਤੇ ਹਮਲਾ ਕਰ ਕੇ ਉਸ ਕੋਲੋਂ ਨਗਦੀ ਲੁੱਟਣ ਵਾਲੇ 4 ਮੈਂਬਰੀ ਗਰੋਹ ਨੂੰ ਕਾਬੂ ਕਰ ਲਿਆ ਹੈ। ਨਕਾਬਪੋਸ਼ ਹਮਲਾਵਰਾਂ ਨੇ ਕਾਮੇ ਦੀ ਮਾਰੂ ਹਥਿਆਰਾਂ ਨਾਲ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਸੀ ਜੋ ਬੇਹੋਸ਼ ਹੋ ਗਿਆ ਸੀ ਤੇ ਹੁਣ ਵੀ ਜ਼ੇਰੇ ਇਲਾਜ ਹੈ। ਡੀਐੱਸਪੀ ਡੀ ਲਵਜੀਤ ਸਿੰਘ ਗਿੱਲ, ਡੀਐੱਸਪੀ ਸਿਟੀ ਰਵਿੰਦਰ ਸਿੰਘ, ਸੀਆਈਏ ਸਟਾਫ਼ ਇੰਚਾਰਜ ਦਲਜੀਤ ਸਿੰਘ ਬਰਾੜ ਅਤੇ ਥਾਣਾ ਸਿਟੀ ਮੁਖੀ ਗੁਰਤੇਜ ਸਿੰਘ ਨੇ ਦੱਸਿਆ ਕਿ 18 ਸਤੰਬਰ ਦੀ ਸ਼ਾਮ ਪਿੰਡ ਦੁਨੇਕੇ ਸਥਿਤ ਮੈਡੀਕਲ ਸਟੋਰ ਉੱਤੇ ਬੈਠੇ ਕਾਮੇ ਰਾਜੇਸ਼ ਕੁਮਾਰ ਵਾਸੀ ਧਰਮ ਸਿੰਘ ਨਗਰ ਗੋਧੇਵਾਲਾ ’ਤੇ ਚਾਰ ਨਾਮਲੂਮ ਨਕਾਬਪੋਸ਼ਾਂ ਹਮਲਾਵਰਾਂ ਨੇ ਉਸ ਉੱਤੇ ਮਾਰੂ ਹਮਲਾ ਕਰ ਦਿੱਤਾ। ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਹਮਲਾਵਰ ਨਕਦੀ ਅਤੇ ਉਸ ਦਾ ਮੋਬਾਈਲ ਫੋਨ ਲੈ ਕੇ ਫ਼ਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਐੱਸਐੱਸਪੀ ਡਾ. ਅੰਕੁਰ ਗੁਪਤਾ ਦੇ ਹੁਕਮਾਂ ’ਤੇ ਟੈਕਨੀਕਲ ਢੰਗਾਂ ਨਾਲ ਕਾਰਵਾਈ ਅਮਲ ਵਿੱਚ ਲਿਆਦੀ ਕਈ। ਇਸ ਦੌਰਾ ਮੁਲਜ਼ਮ ਜਸਪ੍ਰੀਤ ਸਿੰਘ ਉਰਫ ਜੱਜ, ਰਣਯੋਧ ਸਿੰਘ ਉਰਫ ਅਕਾਸ਼ ਉਰਫ ਭੋਲਾ ਦੋਵੇਂ ਲੰਡੇਕੇ ਨੂੰ ਕਾਬੂ ਕੀਤਾ। ਮੁਲਜ਼ਮਾਂ ਨੇ ਪੁੱਛ-ਪੜਤਾਲ ਦੱਸਿਆ ਕਿ ਉਕਤ ਵਾਰਦਾਤ ਵਿਜੈ ਕੁਮਾਰ ਉਰਫ ਕੇਲਾ ਨੇੜੇ ਗਰੀਨ ਗਰੋਵਰ ਸਕੂਲ ਲੰਡੇਕੇ ਅਤੇ ਸੁਖਦੇਵ ਸਿੰਘ ਉਰਫ ਸਕੈਬੀ ਵਾਸੀ ਦੁਸਾਂਝ ਅਤੇ ਵਿਜੈ ਕੁਮਾਰ ਅਰੋੜਾ ਉਰਫ ਵਿੱਕੀ ਵਾਸੀ ਭੀਮ ਨਗਰ ਕੈਂਪ ਮੋਗਾ ਦੇ ਕਹਿਣ ’ਤੇ ਕੀਤੀ ਸੀ। ਮੁਲਜ਼ਮਾਂ ਕੋਲੋਂ ਵਾਰਦਾਤ ਸਮੇਂ ਵਰਤੇ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।