For the best experience, open
https://m.punjabitribuneonline.com
on your mobile browser.
Advertisement

‘ਫਿਕਸ ਮੈਚ’ ਖੇਡਣ ਵਾਲੇ ਸਿਰਫ਼ ਆਪਣੇ ਹਿੱਤ ਪਾਲਦੇ ਨੇ: ਖੁੱਡੀਆਂ

07:45 AM May 09, 2024 IST
‘ਫਿਕਸ ਮੈਚ’ ਖੇਡਣ ਵਾਲੇ ਸਿਰਫ਼ ਆਪਣੇ ਹਿੱਤ ਪਾਲਦੇ ਨੇ  ਖੁੱਡੀਆਂ
ਇੱਕ ਪਿੰਡ ਵਿੱਚ ਗੁਰਮੀਤ ਸਿੰਘ ਖੁੱਡੀਆਂ ਦਾ ਸਵਾਗਤ ਕਰਦੇ ਹੋਏ ਲੋਕ।
Advertisement

ਸ਼ਗਨ ਕਟਾਰੀਆ
ਬਠਿੰਡਾ, 8 ਮਈ
ਸੰਸਦੀ ਹਲਕੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਦੇਸ਼ ਦੀ ਪੰਚਾਇਤ ’ਚ ਆਪਣਾ ਨੁਮਾਇੰਦਾ ਅਜਿਹਾ ਚੁਣ ਕੇ ਭੇਜੋ, ਜੋ ਪੰਜਾਬ ਦੇ ਹਿੱਤਾਂ ਧੜੱਲੇ ਨਾਲ ਲਈ ਪੈਰਵੀ ਕਰ ਸਕੇ। ਉਨ੍ਹਾਂ ਕਿਹਾ ਕਿ ਫਿਕਸ ਮੈਚ ਖੇਡਣ ਵਾਲੇ ਖਿਡਾਰੀ ਸਿਰਫ਼ ਆਪਣੇ ਹਿੱਤ ਹੀ ਪਾਲਦੇ ਹਨ।
ਸ੍ਰੀ ਖੁੱਡੀਆਂ ਨੇ ਅੱਜ ਚੀਫ਼ ਵਿੱਪ੍ਹ ਪ੍ਰੋ. ਬਲਜਿੰਦਰ ਕੌਰ ਨਾਲ ਚੋਣ ਪ੍ਰਚਾਰ ਕੀਤਾ। ਇਸ ਮੁਹਿੰਮ ਦੌਰਾਨ ਭਰਵੇਂ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੀ ‘ਪੰਜਾਬ ਬਚਾਓ’ ਯਾਤਰਾ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਸਵਾਲ ਕੀਤਾ ਕਿ ਸੁਖਬੀਰ ਬਾਦਲ ਹੀ ਦੱਸੇ ਕਿ ਪੰਜਾਬ ਬਚਾਉਣਾ ਕਿਸ ਤੋਂ ਹੈ? ਜਿਨ੍ਹਾਂ ਦੇ ਰਾਜ ’ਚ ਬੇਅਦਬੀਆਂ ਹੋਈਆਂ ਹੋਣ ਜਾਂ ਫਿਰ ਨਸ਼ਿਆਂ ਦੇ ਦਰਿਆ ਵਗਾਉਣ ਵਾਲਿਆਂ ਤੋਂ? ਜਾਂ ਫਿਰ ਉਨ੍ਹਾਂ ਤੋਂ ਜਿਨ੍ਹਾਂ ਦੇ ਰਾਜ ’ਚ ਕੇਬਲ, ਰੇਤਾ, ਬੱਜਰੀ, ਟਰਾਂਸਪੋਰਟ, ਸ਼ਰਾਬ ਤੇ ਭੂ-ਮਾਫ਼ੀਆ ਨੇ ਚੰਮ ਦੀਆਂ ਚਲਾਈਆਂ ਹੋਣ? ਜਾਂ ਫਿਰ ਜਿਨ੍ਹਾਂ ਨੇ ਕਾਲੇ ਖੇਤੀ ਕਾਨੂੰਨਾਂ ਦੀ ਨਿਰਲੱਜਤਾ ਨਾਲ ਵਕਾਲਤ ਕੀਤੀ ਹੋਵੇ? ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਪੰਜਾਬ ’ਚ ਭੋਗ ਪੈ ਚੁੱਕਾ ਹੈ ਜਦਕਿ ਕਾਂਗਰਸ ਦਾ ਪੈਣ ਵਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਜਿੰਨੇ ਆਗੂ ਹਨ, ਸਭ ਵੱਖੋ-ਵੱਖਰੇ ਰਾਗ ਅਲਾਪ ਰਹੇ ਹਨ। ਉਨ੍ਹਾਂ ਕਿਹਾ ਕਿ ਉਂਜ ਵੀ 70 ਫੀਸਦੀ ਕਾਂਗਰਸੀ ਆਗੂ ਪਹਿਲਾਂ ਹੀ ਪਾਰਟੀ ਛੱਡ ਕੇ ਹੋਰਨਾਂ ਪਾਰਟੀਆਂ ’ਚ ਜਾ ਚੁੱਕੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੀ ਕਿਸੇ ਵੀ ਸੀਟ ’ਤੇ ਕਾਂਗਰਸ ਮੁਕਾਬਲੇ ’ਚ ਨਹੀਂ ਕਿਉਂ ਕਿ ਇੱਕ-ਦੂਜੇ ਨੂੰ ਨੀਵਾਂ ਵਿਖਾਉਣ ਲਈ ਸਾਰੇ ਆਗੂ ਡੱਡੂਆਂ ਵਾਂਗੂੰ ਇੱਕ-ਦੂਜੇ ਦੀਆਂ ਲੱਤਾਂ ਖਿੱਚਣ ’ਚ ਜੁਟੇ ਹੋਏ ਹਨ।
ਉਨ੍ਹਾਂ ਆਖਿਆ ਕਿ ਭਾਜਪਾ ਦੇਸ਼ ’ਚ ਫੈੱਡਰਲ ਸਿਸਟਮ ਦੀ ਮੁੱਦਈ ਅਤੇ ਕਿਸਾਨ ਵਿਰੋਧੀ ਹੈ। ਇਸੇ ਪਾਰਟੀ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕਰਕੇ ਸਮੁੱਚੀ ਖੇਤੀ ਕਾਰਪੋਰੇਟਾਂ ਦੇ ਹੱਥਾਂ ’ਚ ਦੇਣ ਦੀਆਂ ਤਰਕੀਬਾਂ ਘੜੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅਰਥਚਾਰਾ ਖੇਤੀ ’ਤੇ ਨਿਰਭਰ ਹੈ ਅਤੇ ਭਾਜਪਾ ਖੇਤ ਕਿਸਾਨਾਂ ਹੱਥੋਂ ਖੋਹ ਕੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਵਿਸ਼ਵਾਸ ਨਾਲ ਕਿਹਾ ਕਿ ਪੰਜਾਬੀ ‘ਆਪ’ ਦੇ ਉਮੀਦਵਾਰਾਂ ਦੀ ਚੋਣ ਕਰ ਕੇ ਕੇਂਦਰ ਵਿੱਚ ਭੇਜਣਗੇ, ਜੋ ‘ਇੰਡੀਆ’ ਗੱਠਜੋੜ ਦੀ ਬਣਨ ਜਾ ਰਹੀ ਸਰਕਾਰ ਵਿੱਚ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਗੇ।

Advertisement

ਅਮਿਤ ਸਿੰਘ ਖੁੱਡੀਆਂ ਭਖਾ ਰਹੇ ਨੇ ਆਪਣੇ ਪਿਤਾ ਦੇ ਹੱਕ ’ਚ ਚੋਣ ਅਖਾੜਾ

ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਅਮਿਤ ਸਿੰਘ ਖੁੱਡੀਆਂ ਨੇ ਆਪਣੇ ਪਿਤਾ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਬਠਿੰਡਾ ਨੇੜਲੇ ਪਿੰਡਾਂ ’ਚ ਭਖ਼ਾਇਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਜੋਕਾਂ ਬਣ ਕੇ ਚਿੰਬੜੀਆਂ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਦਿਵਾਇਆ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਕੇਂਦਰ ਵਿੱਚ ‘ਇੰਡੀਆ’ ਗੱਠਜੋੜ ਸਰਕਾਰ ਬਣਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਜਾਣ।

Advertisement
Author Image

sukhwinder singh

View all posts

Advertisement
Advertisement
×