ਸੰਵਿਧਾਨ ਵਿਰੋਧੀਆਂ ਨੂੰ ਚੋਣਾਂ ਵਿੱਚ ਮਿਲੇਗੀ ਸਜ਼ਾ: ਮੋਦੀ
* ਪ੍ਰਧਾਨ ਮੰਤਰੀ ਨੇ ਸੰਵਿਧਾਨ ਖ਼ਤਮ ਕਰਨ ਸਬੰਧੀ ਵਿਰੋਧੀ ਧਿਰਾਂ ਦੇ ਦੋਸ਼ਾਂ ਦਾ ਖੰਡਨ ਕੀਤਾ
* ਵਿਰੋਧੀਆਂ ਉੱਤੇ ਅਫਵਾਹਾਂ ਫੈਲਾਉਣ ਦਾ ਲਾਇਆ ਦੋਸ਼
ਪੂਰਨੀਆ/ਗਯਾ (ਬਿਹਾਰ), 16 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਦੇ ਦੋਸ਼ਾਂ ਕਿ ਭਾਜਪਾ ਸੰਵਿਧਾਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਦਾ ਖੰਡਨ ਕਰਦਿਆਂ ਅੱਜ ਕਿਹਾ ਕਿ ਉਹ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਪ੍ਰਤੀ ਸ਼ੁਕਰਗੁਜ਼ਾਰ ਹਨ ਕਿਉਂਕਿ ਇਹ ਸੰਵਿਧਾਨ ਨਾ ਹੁੰਦਾ ਤਾਂ ਕਦੇ ਵੀ ਇੱਕ ਪੱਛੜੇ ਪਰਿਵਾਰ ਵਿੱਚ ਪੈਦਾ ਹੋਇਆ ਗ਼ਰੀਬ ਲੜਕਾ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਸੀ। ਬਿਹਾਰ ਦੇ ਗਯਾ ਅਤੇ ਪੂਰਨੀਆ ਜ਼ਿਲ੍ਹਿਆਂ ਵਿੱਚ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਦੌਰਾਨ ਮੋਦੀ ਨੇ ਸੰਵਿਧਾਨ ਪ੍ਰਤੀ ਆਪਣੇ ਉੱਚ ਸਨਮਾਨ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਆਪਣੀ ਸਰਕਾਰ ਵੱਲੋਂ ਸਕੂਲਾਂ ਤੋਂ ਲੈ ਕੇ ਸੁਪਰੀਮ ਕੋਰਟ ਤੇ ਸੰਸਦ ਤੱਕ ‘ਸੰਵਿਧਾਨ ਦਿਵਸ’ ਮਨਾਏ ਜਾਣ ਦਾ ਜ਼ਿਕਰ ਕੀਤਾ। ਮੋਦੀ ਨੇ ਵਿਰੋਧੀ ਧਿਰ ’ਤੇ ਅਫਵਾਹਾਂ ਫੈਲਾ ਕੇ ਦੇਸ਼ ਦੇ ਸੰਵਿਧਾਨ ਨੂੰ ਸਿਆਸੀ ਹਥਕੰਡੇ ਵਜੋਂ ਵਰਤਣ ਦਾ ਦੋਸ਼ ਲਾਇਆ। ਉਨ੍ਹਾਂ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਸਮੇਤ ਵਿਰੋਧੀ ਆਗੂਆਂ ’ਤੇ ਸੰਵਿਧਾਨ ਨੂੰ ਲੈ ਕੇ ਸਿਆਸਤ ਕਰਨ ਦਾ ਦੋਸ਼ ਵੀ ਲਾਇਆ।
ਉਨ੍ਹਾਂ ਕਿਹਾ ਕਿ ਇਹ ਚੋਣ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗੀ ਜੋ ਸੰਵਿਧਾਨ ਦੇ ਖ਼ਿਲਾਫ਼ ਹਨ ਅਤੇ ਦੇਸ਼ ਨੂੰ ‘ਵਿਕਸਤ ਭਾਰਤ’ ਬਣਾਉਣ ਦੇ ਕੇਂਦਰ ਦੇ ਯਤਨਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਗ਼ਰੀਬਾਂ, ਦਲਿਤਾਂ ਦੀ ਏਨੀ ਪਰਵਾਹ ਕਿਉਂ ਕਰਦਾ ਹਾਂ। ਮੈਂ ਅਜਿਹਾ ਇਸ ਲਈ ਕਰਦਾ ਹਾਂ ਕਿਉਂਕਿ ਮੈਂ ਉਨ੍ਹਾਂ ਵਿਚੋਂ ਆਇਆ ਹਾਂ। ਇਸ ਲਈ ਮੈਂ ਖੁਦ ਨੂੰ ਇਸ ਸਮਾਜਿਕ ਵਰਗ ਦਾ ਸ਼ੁਕਰਗੁਜ਼ਾਰ ਮਹਿਸੂਸ ਕਰਦਾ ਹਾਂ। ਮੈਂ ਬਾਬਾ ਸਾਹਿਬ ਅੰਬੇਡਕਰ ਵੱਲੋਂ ਬਣਾਏ ਗਏ ਸੰਵਿਧਾਨ ਪ੍ਰਤੀ ਵੀ ਸ਼ੁਕਰਗੁਜ਼ਾਰ ਮਹਿਸੂਸ ਕਰਦਾ ਹਾਂ ਕਿਉਂਕਿ ਇਸ ਤੋਂ ਬਿਨਾਂ ਗ਼ਰੀਬ ਦਾ ਬੇਟਾ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਸੀ।’’ ਦੇਸ਼ ਦੇ ਸੰਵਿਧਾਨ ਨੂੰ ਲੈ ਕੇ ਮੋਦੀ ਦੀ ਇਹ ਟਿੱਪਣੀ ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਇਸ ਦੋਸ਼ ਤੋਂ ਇੱਕ ਦਿਨ ਬਾਅਦ ਆਈ ਹੈ ਕਿ ਭਾਜਪਾ ਦੇ ਆਗੂ ਮੁੜ ਤੋਂ ਸੱਤਾ ਵਿੱਚ ਆਉਣ ਲਈ ਸੰਵਿਧਾਨ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰ ਰਹੇ ਹਨ ਪਰ ਪਾਰਟੀ ਅਤੇ ਪ੍ਰਧਾਨ ਮੰਤਰੀ ਨੇ ਚੁੱਪ ਵੱਟੀ ਹੋਈ ਹੈ। ਬਿਹਾਰ ਦੇ ਗਯਾ ਜ਼ਿਲ੍ਹੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਇਨ੍ਹਾਂ ਚੋਣਾਂ ਵਿੱਚ ਹੰਕਾਰੀ ਗੱਠਜੋੜ ਦੇ ਆਗੂਆਂ ਨੂੰ ਸਜ਼ਾ ਮਿਲੇਗੀ। -ਪੀਟੀਆਈ
ਟੀਐੱਮਸੀ ’ਤੇ ਪੱਛਮੀ ਬੰਗਾਲ ਗੁੰਡਿਆਂ ਤੇ ਘੁਸਪੈਠੀਆਂ ਨੂੰ ‘ਪੱਟੇ’ ’ਤੇ ਦੇਣ ਦਾ ਦੋਸ਼
ਬਲੂਰਘਾਟ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤ੍ਰਿਣਮੂਲ ਕਾਂਗਰਸ (ਟੀਐੱਮਸੀ) ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਉਹ ਘੁਸਪੈਠੀਆਂ ਨੂੰ ਸੁਰੱਖਿਆ ਦੇ ਰਹੀ ਹੈ ਪਰ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਵਾਲੇ ਕਾਨੂੰਨ ‘ਸੀਏਏ’ ਦਾ ਵਿਰੋਧ ਕਰ ਰਹੀ ਹੈ। ਮੋਦੀ ਨੇ ਬਲੂਰਘਾਟ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਨੂੰ ਗੁੰਡਿਆਂ ਤੇ ਘੁਸਪੈਠੀਆਂ ਨੂੰ ‘ਪੱਟੇ’ ’ਤੇ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸੂਬੇ ਵਿੱਚ ਰਾਮਨੌਮੀ ਸਮਾਰੋਹ ਦਾ ਕਥਿਤ ਵਿਰੋਧ ਕਰਨ ਲਈ ਸੱਤਾਧਾਰੀ ਟੀਐੱਮਸੀ ਦੀ ਆਲੋਚਨਾ ਕੀਤੀ ਅਤੇ ਕਲਕੱਤਾ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ‘ਸਚਾਈ ਦੀ ਜਿੱਤ’ ਕਰਾਰ ਦਿੱਤਾ ਜਿਸ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਨੂੰ ਹਾਵੜਾ ਵਿੱਚ ਸ਼ੋਭਾ ਯਾਤਰਾ ਕੱਢਣ ਦੀ ਇਜ਼ਾਜਤ ਦਿੱਤੀ ਗਈ ਸੀ। ਮੋਦੀ ਨੇ ਕਿਹਾ, ‘‘ਇਸ ਸਾਲ ਦਾ ਰਾਮਨੌਮੀ ਸਮਾਰੋਹ ਥੋੜ੍ਹਾ ਵੱਖਰਾ ਹੈ ਕਿਉਂਕਿ ਰਾਮਲੱਲਾ ਅਯੁੱਧਿਆ ਵਿੱਚ ਆਪਣੇ ਘਰ ਪਰਤ ਆਏ ਹਨ। ਪਰ ਟੀਐੱਮਸੀ ਪਿਛਲੇ ਸਾਲਾਂ ਵਾਂਗ ਸੂਬੇ ਵਿੱਚ ਰਾਮਨੌਮੀ ਸਮਾਰੋਹਾਂ ਦਾ ਵਿਰੋਧ ਕਰ ਰਹੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਦੇਸ਼ਖਲੀ ਵਿੱਚ ਮਹਿਲਾਵਾਂ ਖਿਲਾਫ਼ ਅਪਰਾਧ ਦੀਆਂ ਘਟਨਾਵਾਂ ਕਾਰਨ ਪੂਰਾ ਦੇਸ਼ ‘ਭੈਭੀਤ’ ਹੈ। ਉਨ੍ਹਾਂ ਕਿਹਾ, ‘‘ਸੂਬੇ ਵਿੱਚ ਭ੍ਰਿਸ਼ਟਾਚਾਰ ਅਤੇ ਅਪਰਾਧ ਵੱਡੇ ਪੱਧਰ ’ਤੇ ਹੈ। ਇੱਥੋਂ ਤੱਕ ਕਿ ਜਦੋਂ ਕੇਂਦਰੀ ਏਜੰਸੀਆਂ ਇਨ੍ਹਾਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਉਨ੍ਹਾਂ ’ਤੇ ਵੀ ਹਮਲਾ ਕੀਤਾ ਜਾਂਦਾ ਹੈ। ਜਾਪਦਾ ਹੈ ਕਿ ਟੀਐੱਮਸੀ ਨੇ ਸੂਬੇ ਨੂੰ ਘੁਸਪੈਠੀਆਂ ਅਤੇ ਗੁੰਡਿਆਂ ਨੂੰ ਪੱਟੇ ’ਤੇ ਦੇ ਦਿੱਤਾ ਹੈ।’’ ਮੋਦੀ ਨੇ ਕਿਹਾ, ‘‘ਪੱਛਮੀ ਬੰਗਾਲ ਸਰਕਾਰ ਘੁਸਪੈਠੀਆਂ ਨੂੰ ਬਚਾਉਂਦੀ ਹੈ ਪਰ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦਾ ਵਿਰੋਧ ਕਰਦੀ ਹੈ ਜੋ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿੰਦਾ ਹੈ।’’ -ਪੀਟੀਆਈ