ਤੇਲ ਪਾਈਪਲਾਈਨ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਮਿਲੇਗਾ ਇਨਾਮ
ਸੰਗਰੂਰ: ਇੰਡੀਅਨ ਆਇਲ ਨੇ ਪਾਈਪਲਾਈਨ ਨਾਲ ਨੂੰ ਨੁਕਸਾਨ ਪਹੁੰਚਾਉਣ ਜਾਂ ਛੇੜਛਾੜ ਕਰਨ ਵਾਲੇ ਮਸ਼ਕੂਕਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਲਈ ਇਨਾਮ ਸਕੀਮ ਲਾਗੂ ਕੀਤੀ ਗਈ ਹੈ। ਘੁਸਪੈਠੀਏ ਜਾਂ ਘੁਸਪੈਠ ਦੀ ਗਤੀਵਿਧੀ ਬਾਰੇ ਜਾਣਕਾਰੀ ਮੁਖਬਰ ਦੁਆਰਾ ਇੰਡੀਅਨ ਆਇਲ ਦੇ ਟੌਲ ਫ੍ਰੀ ਨੰਬਰ 18001801340 ਰਾਹੀਂ ਸਾਂਝੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਹ ਦੇਣ ਵਾਲੇ ਦੀ ਇੱਛਾ ਹੋਵੇ ਤਾਂ ਅਜਿਹੀ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਦੀ ਸੂਚਨਾ ਦੇਣ ਵਾਲੇ ਲੋਕਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਇੰਡੀਅਨ ਆਇਲ ਦੇ ਬੁਲਾਰੇ ਨੇ ਦੱਸਿਆ ਕਿ ਇਹ ਨਕਦ ਇਨਾਮ ਉਸ ਵਿਅਕਤੀ ਨੂੰ ਮਿਲਣਯੋਗ ਹੋਵੇਗੀ ਜਿਸ ਨੇ ਪਾਈਪਲਾਈਨ ਘੁਸਪੈਠ ਦੀ ਘਟਨਾ ਨੂੰ ਟਾਲਣ ਦੇ ਨਤੀਜੇ ਵਜੋਂ ਸਥਾਨਕ ਪੁਲੀਸ ਸਮੇਤ ਕਾਰਪੋਰੇਸ਼ਨ/ਸੁਰੱਖਿਆ ਏਜੰਸੀਆਂ ਨੂੰ ਮਾਮਲੇ ਦੀ ਤੁਰੰਤ ਰਿਪੋਰਟ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਈ ਹੋਵੇ। ਬੁਲਾਰੇ ਨੇ ਪਾਈਪਲਾਈਨਾਂ ਦੇ ਨੇੜਲੇ ਖੇਤਰਾਂ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਇੰਡੀਅਨ ਆਇਲ ਜਾਂ ਸਥਾਨਕ ਪੁਲੀਸ ਅਧਿਕਾਰੀਆਂ ਨੂੰ ਦੇਣ ਦੀ ਅਪੀਲ ਕੀਤੀ। - ਨਿੱਜੀ ਪੱਤਰ ਪ੍ਰੇਰਕ