ਕਰਮਾਂ ਵਾਲੇ
ਹਰਜੀਤ ਸਿੰਘ
‘‘ਸੁਣਾਉ ਕੀ ਹਾਲ ਹੈ, ਸਭ ਤੋਂ ਪਹਿਲਾਂ ਇਹ ਦੱਸੋ ਕਿ ਧੀ ਰਾਣੀ ਦਾ ਕੀ ਹਾਲ ਹੈ?’’ ਮੇਰਾ ਇਹ ਦੋਸਤ ਮੇਰੀ ਬੇਟੀ ਨੂੰ ਧੀ ਰਾਣੀ ਕਹਿ ਕੇ ਸੰਬੋਧਨ ਕਰਦਾ ਸੀ।
‘‘ਬਹੁਤ ਵਧੀਆ ਹੈ, ਮੈਂ ਨਾਨਾ ਬਣ ਗਿਆ ਹਾਂ। ਦੋਹਤਾ ਹੋਇਆ ਹੈ,’’ ਮੈਂ ਆਖਿਆ।
‘‘ਵਾਹ ਵਾਹ, ਵਧਾਈਆਂ ਵਧਾਈਆਂ। ਮੈਂ ਅੱਜ ਬਹੁਤ ਖ਼ੁਸ਼ ਹਾਂ ਸਗੋਂ ਅੱਜ ਖ਼ੁਸ਼ੀ ਦਾ ਪਾਰਾਵਾਰ ਹੀ ਨਹੀਂ। ਮੇਰੇ ਕੋਲ ਲਫ਼ਜ਼ ਹੀ ਨਹੀਂ ਹਨ। ਮੇਰੀ ਸਮਝ ਤੋਂ ਬਾਹਰ ਹੈ ਕਿ ਖ਼ੁਸ਼ੀ ਦਾ ਇਜ਼ਹਾਰ ਕਿਵੇਂ ਕਰਾਂ। ਜੇ ਧੀ ਦੇ ਘਰ ਪੁੱਤਰ ਜਨਮ ਲਵੇ ਤਾਂ ਉਸ ਦੀ ਸਹੁਰੇ ਘਰ ਇੱਜ਼ਤ ਬਣ ਜਾਂਦੀ ਹੈ, ਨਹੀਂ ਤਾਂ ਉਸ ਦੀ ਕੋਈ ਕਦਰ ਨਹੀਂ ਹੁੰਦੀ।’’ ਉਹ ਬੋਲੀ ਜਾ ਰਿਹਾ ਸੀ। ਫਿਰ ਕੁਝ ਸੈਕਿੰਡ ਚੁੱਪ ਕਰਕੇ ਕਹਿਣ ਲੱਗਾ, ‘‘ਚੱਲ ਇਹ ਦੱਸ, ਸਾਡੇ ਧੀਆਂ ਪੁੱਤ ਵਿਦੇਸ਼ ਕਿਉਂ ਜਾਂਦੇ ਹਨ? ਇੰਡੀਆ ਅਤੇ ਕੈਨੇਡਾ ਵਿੱਚ ਕੀ ਫ਼ਰਕ ਹੈ?’’
‘‘ਸਭ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਮੈਨੂੰ ਭਾਰਤ ’ਤੇ ਮਾਣ ਹੈ। ਇਹ ਮੇਰਾ ਦੇਸ਼ ਹੈ। ਇਸ ਨੇ ਮੈਨੂੰ ਸਭ ਕੁਝ ਦਿੱਤਾ ਹੈ। ਦੂਜਾ, ਕੈਨੇਡਾ ਅਤੇ ਭਾਰਤ ਵਿੱਚ ਫ਼ਰਕ ਸਿਸਟਮ ਦਾ ਹੈ। ਸਾਡਾ ਸਿਸਟਮ ਸਹੀਂ ਨਹੀਂ। ਮਿਸਾਲ ਦੇ ਤੌਰ ’ਤੇ ਆਪਾਂ ਦੋਹਤੇ ਦੀ ਗੱਲ ਕੀਤੀ ਸੀ। ਬਰਥ ਸਰਟੀਫਿਕੇਟ ਲੈਣ ਲਈ ਕਿਸੇ ਦਫ਼ਤਰ ਦੇ ਗੇੜੇ ਨਹੀਂ ਕੱਢਣੇ ਪਏ। ਘਰੋਂ ਹੀ ਅਪਲਾਈ ਕੀਤਾ ਅਤੇ ਸਰਟੀਫਿਕੇਟ ਘਰ ਆ ਗਿਆ। ਹੁਣ ਮੈਂ ਤੈਨੂੰ ਇੰਡੀਆ ਦੀ ਕਹਾਣੀ ਸੁਣਾਉਂਦਾ ਹਾਂ। ਇੱਕ ਵਿਅਕਤੀ ਨੇ ਆਪਣਾ ਬੱਚਾ ਸਕੂਲ ਵਿੱਚ ਦਾਖਲ ਕਰਾਉਣਾ ਸੀ। ਬੱਚੇ ਦੇ ਜਨਮ ਸਰਟੀਫਿਕੇਟ ਦੀ ਫੋਟੋ ਕਾਪੀ ਲੈ ਕੇ ਉਹ ਸਕੂਲ ਗਿਆ। ਪ੍ਰਿੰਸੀਪਲ ਨੇ ਅਸਲ ਜਨਮ ਸਰਟੀਫਿਕੇਟ ਦੀ ਮੰਗ ਕੀਤੀ।ਉਹ ਘਰ ਗਿਆ। ਸਾਰਾ ਘਰ ਛਾਣ ਮਾਰਿਆ, ਪਰ ਸਰਟੀਫਿਕੇਟ ਨਾ ਮਿਲਿਆ। ਹਾਰ ਕੇ ਉਸ ਨੇ ਸੋਚਿਆ ਕਿ ਨਵਾਂ ਸਰਟੀਫਿਕੇਟ ਹੀ ਲੈ ਲਵਾਂ। ਉਹ ਸੁਵਿਧਾ ਕੇਂਦਰ ਗਿਆ। ਦੋ ਲੰਮੀਆਂ ਕਤਾਰਾਂ ਲੱਗੀਆਂ ਸਨ। ਪਹਿਲੀ ਕਤਾਰ ਵਿੱਚ ਇੱਕ ਕਰਮਚਾਰੀ ਫਾਰਮ ਦੇ ਰਿਹਾ ਸੀ ਅਤੇ ਦੱਸ ਰਿਹਾ ਸੀ ਕਿ ਫਾਰਮ ਕਿਵੇਂ ਭਰਨਾ ਹੈ ਅਤੇ ਕਿਹੜੇ ਕਿਹੜੇ ਦਸਤਾਵੇਜ਼ ਨਾਲ ਲਗਾਉਣੇ ਹਨ। ਦੋ ਕੁ ਘੰਟੇ ਬਾਅਦ ਉਸ ਦੀ ਵਾਰੀ ਆਈ। ਉਸ ਨੇ ਫਾਰਮ ਲਿਆ। ਲੋੜੀਂਦੇ ਦਸਤਾਵੇਜ਼ ਲੈਣ ਘਰ ਗਿਆ। ਜਦੋਂ ਵਾਪਸ ਆਇਆ ਤਾਂ ਫਾਰਮ ਲੈਣ ਦਾ ਸਮਾਂ ਨਿਕਲ ਚੁੱਕਾ ਸੀ। ਫਿਰ ਦੂਸਰੇ ਦਿਨ (ਅ)ਸੁਵਿਧਾ ਕੇਂਦਰ ਗਿਆ। ਦੋ ਕੁ ਘੰਟੇ ਬਾਅਦ ਉਸ ਦੀ ਵਾਰੀ ਆਈ।ਰਸੀਦ ਦੇ ਕੇ ਉਸ ਨੂੰ ਮਹੀਨੇ ਕੁ ਬਾਅਦ ਆ ਕੇ ਸਰਟੀਫਿਕੇਟ ਲੈਣ ਲਈ ਕਿਹਾ ਗਿਆ। ਮਹੀਨੇ ਬਾਅਦ ਫਿਰ ਲਾਈਨ ਵਿੱਚ ਲੱਗ ਗਿਆ, ਕਾਫ਼ੀ ਚਿਰ ਬਾਅਦ ਜਦੋਂ ਵਾਰੀ ਆਈ ਤਾਂ ਸਰਟੀਫਿਕੇਟ ਤਿਆਰ ਨਹੀਂ ਸੀ। ਇਸ ਲਈ ਪੰਦਰਾਂ ਦਿਨਾਂ ਬਾਅਦ ਆਉਣ ਦੀ ਹਦਾਇਤ ਹੋਈ। ਅਖੀਰ ਸਰਟੀਫਿਕੇਟ ਮਿਲ ਗਿਆ। ਜਦੋਂ ਘਰ ਜਾ ਕੇ ਉਸ ਨੇ ਪੜ੍ਹਿਆ ਤਾਂ ਪਿਤਾ ਦਾ ਨਾਂ ਗ਼ਲਤ ਲਿਖਿਆ ਸੀ। ਉਹ ਫਿਰ ਸੁਵਿਧਾ ਕੇਂਦਰ ਗਿਆ। ਕਤਾਰ ਵਿੱਚ ਲੱਗਿਆ ਅਤੇ ਆਪਣੀ ਸਮੱਸਿਆ ਦੱਸੀ।
‘ਇਸ ਵਿੱਚ ਸਾਡਾ ਕੋਈ ਕਸੂਰ ਨਹੀਂ। ਵਿਭਾਗ ਨੇ ਜਿਹੜਾ ਸਰਟੀਫਿਕੇਟ ਦਿੱਤਾ ਉਹ ਹੀ ਅਸੀਂ ਤੁਹਾਨੂੰ ਦੇ ਦਿੱਤਾ। ਅਸੀਂ ਇਸ ਵਿੱਚ ਕੋਈ ਅਦਲਾ ਬਦਲੀ ਨਹੀਂ ਕਰ ਸਕਦੇ। ਤੁਸੀਂ ਸਬੰਧਿਤ ਵਿਭਾਗ ਕੋਲ ਜਾ ਕੇ ਆਪਣੀ ਸਮੱਸਿਆ ਦਾ ਹੱਲ ਲੱਭੋ,’ ਕਰਮਚਾਰੀ ਨੇ ਜਵਾਬ ਦਿੱਤਾ।
ਵੀਹ ਕੁ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਸਬੰਧਿਤ ਦਫ਼ਤਰ ਪਹੁੰਚਿਆ। ਦਫ਼ਤਰੀ ਬਾਊ ਦੇ ਪੇਸ਼ ਹੋਇਆ। ਆਪਣੀ ਸਮੱਸਿਆ ਦੱਸੀ। ਬਾਊ ਜੀ ਨੇ ਰਿਕਾਰਡ ਵੇਖਿਆ। ‘ਤੇਰਾ ਸਰਟੀਫਿਕੇਟ ਬਿਲਕੁਲ ਸਹੀ ਹੈ। ਸਾਡੇ ਰਿਕਾਰਡ ਮੁਤਾਬਿਕ ਜਿਹੜਾ ਪਿਉ ਦਾ ਨਾਂ ਹੈ, ਉਹ ਹੀ ਲਿਖਿਆ ਹੈ ਜੋ ਤੂੰ ਕਹਿ ਰਿਹਾ ਏਂ ਉਹ ਨਾਂ ਗ਼ਲਤ ਹੈ,’ ਦਫ਼ਤਰੀ ਬਾਉੂ ਨੇ ਫ਼ੈਸਲਾ ਸੁਣਾ ਦਿੱਤਾ।
‘ਆਹ ਵੇਖੋ ਫੋਟੋ, ਤੁਹਾਡੇ ਦਫ਼ਤਰ ਵੱਲੋਂ ਜਿਹੜਾ ਪਹਿਲਾ ਸਰਟੀਫਿਕੇਟ ਜਾਰੀ ਕੀਤਾ ਸੀ। ਇਸ ਵਿੱਚ ਮੇਰਾ ਨਾਂ ਸਹੀ ਹੈ, ਹੁਣ ਗ਼ਲਤ ਕਿਵੇਂ ਹੋ ਗਿਆ। ਜੇਕਰ ਇਹ ਸਰਟੀਫਿਕੇਟ ਨਾ ਗੁਆਚਦਾ ਤਾਂ ਮੈਂ ਕਿਉਂ ਆਉਂਦਾ। ਬਾਊ ਜੀ ਮੇਰੀ ਮਦਦ ਕਰੋ। ਮੇਰੇ ਬੱਚੇ ਦਾ ਸਕੂਲ ਵਿੱਚ ਦਾਖਲਾ ਔਖਾ ਹੋ ਜਾਣਾ ਹੈ।’ ਉਸ ਨੇ ਤਰਲਾ ਮਾਰਿਆ।
‘ਮੈਂ ਕੁਝ ਨਹੀਂ ਕਰ ਸਕਦਾ। ਤੂੰ ਦਫ਼ਤਰ ਦੇ ਸੁਪਰਡੰਟ ਜਾਂ ਮੁਖੀ ਨੂੰ ਮਿਲ ਲੈ।’ ਉਹ ਉਨ੍ਹਾਂ ਨੂੰ ਮਿਲਿਆ, ਪਰ ਗੱਲ ਨਾ ਬਣੀ। ਉਹ ਦਫ਼ਤਰ ਦੇ ਬਾਹਰ ਆ ਗਿਆ ਅਤੇ ਸੋਚੀਂ ਪੈ ਗਿਆ ਕਿ ਕੀ ਕਰਾਂ। ਇੰਨੇ ਚਿਰ ਨੂੰ ਇੱਕ ਵਿਅਕਤੀ ਆਇਆ ਅਤੇ ਕਹਿਣ ਲੱਗਾ, ‘ਵੇਖ ਮਿੱਤਰਾ, ਤੇਰਾ ਕੰਮ ਇਸ ਤਰ੍ਹਾਂ ਨਹੀਂ ਬਣਨਾ। ਰੁਪਏ 15000 ਲੱਗਣਗੇ ਤੇ ਕੱਲ੍ਹ ਤੱਕ ਤੇਰਾ ਕੰਮ ਹੋ ਜਾਵੇਗਾ,’ ਉਸ ਨੇ ਆਖਿਆ।
‘ਪੰਦਰਾਂ ਹਜ਼ਾਰ, ਓ ਭਰਾਵਾ, ਮੈਂ ਗ਼ਰੀਬ ਬੰਦਾ ਹਾਂ, ਮੇਰੇ ਕੋਲ ਏਨੇ ਪੈਸੇ ਨਹੀਂ ਹਨ।’
‘ਠੀਕ ਹੈ ਫਿਰ, ਧੱਕੇ ਖਾਂਦਾ ਰਹਿ। ਤੇਰਾ ਕੁਛ ਨਹੀਂ ਬਣਨਾ,’ ਇਹ ਕਹਿ ਕੇ ਉਹ ਬੰਦਾ ਤੁਰਦਾ ਬਣਿਆ। ਉਸ ਨੇ ਕੁਝ ਸੈਕਿੰਡ ਸੋਚਿਆ।
‘ਗੱਲ ਸੁਣੋ, ਵੀਰ ਜੀ, ਮੈਂ ਸਿਰਫ਼ ਪੰਜ ਹਜ਼ਾਰ ਦਾ ਬੰਦੋਬਸਤ ਕਰ ਸਕਦਾ ਹਾਂ। ਇਸ ਤੋਂ ਜ਼ਿਆਦਾ ਨਹੀਂ।’
‘ਤੇਰਾ ਕੰਮ ਪੰਜਾਹ ਹਜ਼ਾਰ ਦਾ ਹੈ, ਮੇਰੇ ਮੂੰਹੋਂ ਪੰਦਰਾਂ ਹਜ਼ਾਰ ਨਿਕਲ ਗਿਆ।ਮੈਂ ਸੋਚਿਆ ਚਲੋ ਗ਼ਰੀਬ ਬੰਦਾ ਲਗਦੈ, ਮਦਦ ਕਰ ਦਿਆਂ। ਜਾਹ ਫਿਰ ਤੁਰ ਕੇ ਮੇਲਾ ਵੇਖ, ਪੰਜ ਹਜ਼ਾਰ ਵਿੱਚ ਕੰਮ ਕਰਾਉਂਦਾ ਫਿਰਦਾ ਹੈ...।’
ਉਹ ਉਦਾਸ ਹੋ ਕੇ ਘਰ ਆ ਗਿਆ। ਅਗਲੇ ਦਿਨ ਕਚਹਿਰੀ ਗਿਆ।ਵਕੀਲ ਨੂੰ ਆਪਣੀ ਕਹਾਣੀ ਸੁਣਾਈ।
‘ਕੋਈ ਨਾ ਹੋ ਜਾਊ ਮਸਲਾ ਹੱਲ। ਪੰਦਰਾਂ ਹਜ਼ਾਰ ਲੱਗੂ,’ ਵਕੀਲ ਨੇ ਆਖਿਆ।
‘ਵੇਖੋ ਵਕੀਲ ਸਾਹਿਬ, ਮੈਂ ਗ਼ਰੀਬ ਬੰਦਾ ਹਾਂ। ਏਨੇ ਪੈਸੇ ਮੇਰੇ ਕੋਲ ਨਹੀਂ ਹਨ, ਪਰ ਮੈਂ ਵਾਅਦਾ ਕਰਦਾ ਹਾਂ ਕਿ ਹਰ ਪੇਸ਼ੀ ’ਤੇ ਤਿੰਨ ਹਜ਼ਾਰ ਦਿਆਂਗਾ, ਜਦੋਂ ਤੱਕ ਤੁਹਾਡੇ ਪੈਸੇ ਪੂਰੇ ਨਹੀਂ ਹੋ ਜਾਂਦੇ।’ ਵਕੀਲ ਨੇ ਉਸ ਵਿਅਕਤੀ ਵੱਲ ਵੇਖਿਆ, ਹੱਸ ਕੇ ਕਹਿਣ ਲੱਗਾ, ‘ਚੱਲ ਤੂੰ ਵੀ ਕੀ ਯਾਦ ਕਰੇਂਗਾ, ਏਦਾਂ ਹੀ ਸਹੀ।’
ਮਾਣਯੋਗ ਜੱਜ ਸਾਹਿਬ ਨੇ ਪਹਿਲੀ ਪੇਸ਼ੀ ਹੀ ਦਫ਼ਤਰ ਦਾ ਰਿਕਾਰਡ ਤਲਬ ਕਰ ਲਿਆ। ਹੁਣ ਦਫ਼ਤਰ ਦੇ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਨ੍ਹਾਂ ਉਸ ਵਿਅਕਤੀ ਨਾਲ ਸੰਪਰਕ ਕੀਤਾ ਅਤੇ ਕੇਸ ਵਾਪਸ ਲੈਣ ਲਈ ਕਿਹਾ।
‘ਤੁਸੀਂ ਆਪਣਾ ਕੇਸ ਵਾਪਸ ਲੈ ਲਉ। ਅਸੀਂ ਤੁਹਾਡਾ ਸਰਟੀਫਿਕਟ ਹੁਣੇ ਹੀ ਬਣਾ ਦਿੰਦੇ ਹਾਂ।’
‘ਮੇਰੇ ਦੂਜੇ ਬੱਚੇ ਦੇ ਸਰਟੀਫਿਕੇਟ ਵਿੱਚ ਵੀ ਨਾਂ ਦੀ ਗ਼ਲਤੀ ਹੈ।’ ਉਸ ਨੇ ਅਖਿਆ।
‘ਉਹ ਵੀ ਠੀਕ ਕਰ ਦਿੰਦੇ ਹਾਂ। ਬੱਸ ਕੇਸ ਵਾਪਸ ਲੈ ਲਉ,’ ਦਫ਼ਤਰ ਦੇ ਕਰਮਚਾਰੀ ਨੇ ਆਖਿਆ।
‘ਮੈਂ ਵਕੀਲ ਨੂੰ ਪੰਦਰਾਂ ਹਜ਼ਾਰ ਦੇਣੇ ਹਨ। ਉਹ ਮੈਨੂੰ ਦੇ ਦਿਉ। ਮੈਂ ਕੇਸ ਵਾਪਸ ਲੈ ਲਵਾਂਗਾ।’ ‘ਇਹ ਤਾਂ ਬਹੁਤ ਜ਼ਿਆਦਾ ਹੈ। ਤੁਸੀਂ ਜਾਇਉ ਨਾ, ਸਾਨੂੰ ਸਲਾਹ ਕਰ ਲੈਣ ਦਿਉ,’ ਕੁਛ ਚਿਰ ਬਾਅਦ ਇੱਕ ਕਰਮਚਾਰੀ ਨੇ ਆ ਕੇ ਆਖਿਆ, ‘ਅਸੀਂ ਤੈਨੂੰ ਪੰਜ ਹਜ਼ਾਰ ਦਿਆਂਗੇ। ਇਹ ਪੈਸੇ ਵਕੀਲ ਨੂੰ ਦੇ ਦੇ, ਦੋਵੇਂ ਸਰਟੀਫਿਕੇਟ ਵੀ ਬਣਾ ਦਿਆਂਗੇ, ਬੱਸ ਕੇਸ ਵਾਪਸ ਲੈ ਲੈ।’
‘ਠੀਕ ਹੈ, ਵਕੀਲ ਨਾਲ ਸਲਾਹ ਕਰ ਕੇ ਦੱਸਦਾ ਹਾਂ।’ ਉਹ ਫਿਰ ਵਕੀਲ ਕੋਲ ਗਿਆ, ਸਾਰੀ ਕਹਾਣੀ ਬਿਆਨ ਕੀਤੀ। ਵਕੀਲ ਨੇ ਆਖਿਆ, ‘ਮੇਰਾ ਕੰਮ ਤੈਨੂੰ ਸਹੀ ਸਰਟੀਫਿਕੇਟ ਲੈ ਕੇ ਦੇਣਾ ਸੀ। ਉਹ ਤੈਨੂੰ ਦਫ਼ਤਰ ਦੇਣ ਲਈ ਤਿਆਰ ਹੈ। ਜਿੱਥੋਂ ਤੱਕ ਮੇਰੀ ਫੀਸ ਦਾ ਸਵਾਲ ਹੈ, ਜਿਹੜੇ ਪੰਜ ਹਜ਼ਾਰ ਤੈਨੂੰ ਦਫ਼ਤਰ ਦੇਣ ਲਈ ਤਿਆਰ ਹੈ, ਉਹ ਲਿਆ ਕੇ ਮੈਨੂੰ ਦੇ ਦੇ।ਤੇਰਾ ਮੇਰਾ ਹਿਸਾਬ ਕਿਤਾਬ ਖ਼ਤਮ। ਮੈਂ ਅਗਲੀ ਪੇਸ਼ੀ ਕੇਸ ਵਾਪਸ ਲੈ ਲਵਾਂਗਾ। ਵੈਸੇ ਮਾਰੇ ਨਾਲੋਂ ਭਜਾਇਆ ਚੰਗਾ ਹੁੰਦਾ ਹੈ।’
ਹੁਣ ਸਰਟੀਫਿਕੇਟ ਲੈਣ ਵਾਲਾ ਵਿਅਕਤੀ, ਦਫ਼ਤਰ ਦਾ ਸਟਾਫ ਅਤੇ ਵਕੀਲ ਸਾਰੇ ਖ਼ੁਸ਼ ਸਨ। ਠੀਕ ਹੈ, ਗ਼ਲਤੀ ਹੋਈ। ਇਹ ਗਲਤੀ ਸਰਟੀਫਿਕੇਟ ਜਾਰੀ ਕਰਨ ਵਾਲਾ ਦਫ਼ਤਰ ਸੁਧਾਰ ਸਕਦਾ ਸੀ, ਪਰ ਦਫ਼ਤਰੀ ਕਰਮਚਾਰੀ ਲਾਲਚ ਵਿੱਚ ਆ ਗਿਆ। ਮਸਲਾ ਕਚਹਿਰੀ ਜਾ ਕੇ ਹੱਲ ਹੋਇਆ।
ਮੈਨੂੰ ਇਹ ਪਤਾ ਨਹੀਂ ਕਿ ਵਿਕਸਿਤ ਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਹੈ ਜਾਂ ਨਹੀਂ, ਪਰ ਜੇਕਰ ਹੁੰਦਾ ਵੀ ਹੋਵੇ ਤਾਂ ਇਹ ਆਮ ਆਦਮੀ ਨੂੰ ਪ੍ਰਭਾਵਿਤ ਨਹੀਂ ਕਰਦਾ। ਉਸ ਦੇ ਕੰਮ ਨਿਰਵਿਘਨ ਅਤੇ ਬਿਨਾਂ ਰਿਸ਼ਵਤ ਤੋਂ ਹੁੰਦੇ ਹਨ। ਗ਼ਲਤੀ ਉੱਥੇ ਵੀ ਹੁੰਦੀ ਹੈ, ਪਰ ਸੁਧਾਰੀ ਜਾਂਦੀ ਹੈ। ਜਿਸ ਪੱਧਰ ’ਤੇ ਗ਼ਲਤੀ ਹੁੰਦੀ ਹੈ, ਉੱਥੇ ਹੀ ਸੁਧਾਰ ਲਈ ਜਾਂਦੀ ਹੈ।
ਇੱਕ ਦਿਨ ਮੇਰਾ ਬੇਟਾ ਮੇਰੇ ਪੋਤਰੇ ਦਾ ਪਾਸਪੋਰਟ ਬਣਾਉਣ ਲਈ ਫੋਟੋ ਖਿਚਾਉਣ ਲਈ ਵੇਅਰਹਾਊਸ ਗਿਆ। ਸਵੇਰੇ 10 ਵਜੇ ਗੱਡੀ ਪਾਰਕਿੰਗ ’ਤੇ ਲਗਾਈ। ਫਰੀ ਪਾਰਕਿੰਗ ਦੀ ਮਿਆਦ ਇੱਕ ਘੰਟਾ ਸੀ। ਭਾਵ ਜੇਕਰ ਗੱਡੀ ਲਗਾਤਾਰ ਇੱਕ ਘੰਟੇ ਤੋਂ ਵੱਧ ਸਮਾਂ ਲੱਗੀ ਤਾਂ ਜੁਰਮਾਨਾ ਦੇਣਾ ਪੈਣਾ ਸੀ। ਅੰਦਰ ਜਾ ਕੇ ਪਤਾ ਕੀਤਾ, ਪਰ ਉੱਥੇ ਇਹ ਸਹੂਲਤ ਮੌਜੂਦ ਨਹੀਂ ਸੀ।ਪੰਦਰਾਂ ਕੁ ਮਿੰਟਾਂ ਬਾਅਦ ਵਾਪਸ ਆ ਗਏ ਅਤੇ ਲਗਭਗ ਪੰਦਰਾਂ ਕੁ ਮਿੰਟਾਂ ਵਿੱਚ ਮੈਰੀ ਵੈਲ (ਮਾਲ) ਵਿੱਚ ਪਹੁੰਚ ਗਏ। ਫੋਟੋ ਦੀ ਕਾਰਵਾਈ ਪੂਰੀ ਹੁੰਦਿਆਂ ਲਗਭਗ ਅੱਧਾ ਘੰਟਾ ਲੱਗ ਗਿਆ। ਬਿਲ ਦਿੱਤਾ, ਰਸੀਦ ਤੇ ਪੈਸੇ ਦੇਣ ਦਾ ਸਮਾਂ ਗਿਆਰਾਂ ਵਜੇ ਸੀ। ਹੁਣ ਫਿਰ ਦੁਬਾਰਾ ਕੁਝ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਕਰਾਉਣ ਲਈ ਵੇਅਰ ਹਾਊਸ (ਮਾਲ) ਪਹੁੰਚ ਗਏ। ਸਾਰਾ ਕੰਮ ਪੂਰਾ ਕਰਦਿਆਂ ਅੱਧਾ ਘੰਟਾ ਲੱਗ ਗਿਆ। ਵਾਪਸ ਆਏ ਤਾਂ ਸੱਤਰ ਡਾਲਰ ਦੀ ਪਨੈਲਟੀ ਟਿਕਟ ਕਾਰ ’ਤੇ ਲੱਗੀ ਹੋਈ ਸੀ। ਇਸ ਦੀ ਅਦਾਇਗੀ ਵੀਹ ਦਿਨਾਂ ਦੇ ਅੰਦਰ ਅੰਦਰ ਕਰਨੀ ਸੀ, ਪਰ ਇਸ ਦੇ ਵਿਰੁੱਧ ਅਪੀਲ ਕੀਤੀ ਜਾ ਸਕਦੀ ਸੀ। ਘਰ ਆ ਕੇ ਇੱਕ ਪੱਤਰ ਲਿਖਿਆ ਗਿਆ ਜਿਸ ਵਿੱਚ ਸਾਰੀ ਸਥਿਤੀ ਸ਼ਪਸ਼ਟ ਕੀਤੀ ਗਈ ਕਿ ਕਾਰ ਵੇਅਰ ਹਾਊਸ ’ਤੇ ਇੱਕ ਵਾਰ ਨਹੀਂ, ਦੋ ਵਾਰ ਲਗਾਈ ਸੀ ਅਤੇ ਦੋਵੇਂ ਵਾਰੀ ਪਾਰਕਿੰਗ ਦਾ ਸਮਾਂ ਇੱਕ ਘੰਟੇ ਤੋਂ ਵੱਧ ਨਹੀਂ ਸੀ। ਨਾਲ ਮੈਰੀ ਵੈਲ ਮਾਲ ਵੱਲੋਂ ਜਾਰੀ ਕੀਤੀ ਬਿੱਲ ਦੀ ਰਸੀਦ ਜਿਸ ’ਤੇ ਸਮਾਂ ਲਿਖਿਆ ਸੀ, ਉਹ ਲਗਾ ਦਿੱਤੀ। ਤਿੰਨ ਦਿਨਾਂ ਬਾਅਦ ਪੱਤਰ ਦਾ ਜਵਾਬ ਆ ਗਿਆ ਜਿਸ ਵਿੱਚ ਸਬੰਧਿਤ ਅਧਿਕਾਰੀ ਨੇ ਮੁਆਫ਼ੀ ਮੰਗੀ ਅਤੇ ਪਨੈਲਟੀ ਖ਼ਤਮ ਕਰ ਦਿੱਤੀ।
ਬੱਸ ਇਹੋ ਹੀ ਫ਼ਰਕ ਹੈ ਉਨ੍ਹਾਂ ਦਾ ਅਤੇ ਸਾਡਾ। ਅਸੀਂ ਗ਼ਲਤੀ ਕਰਦੇ ਹਾਂ, ਫਿਰ ਗਲਤੀ ’ਤੇ ਗਲਤੀ ਕਰਦੇ ਹਾਂ, ਪਰ ਉਸ ਨੂੰ ਸੁਧਾਰਦੇ ਨਹੀਂ। ਉਹ ਗ਼ਲਤੀ ਮੰਨਦੇ ਹਨ ਅਤੇ ਸੁਧਾਰਦੇ ਵੀ ਹਨ।’’
‘‘ਹੁਣ ਕਿੱਥੇ ਹੋ?’’
‘‘ਹੁਣ ਨਿਊਜ਼ੀਲੈਂਡ ਹਾਂ ਬੇਟੇ ਕੋਲ। ਇੱਥੇ ਵੀ ਖੁਸ਼ਖਬਰੀ ਹੈ। ਮੈਂ ਦਾਦਾ ਬਣ ਗਿਆ ਹਾਂ। ਪੋਤਰਾ ਹੋਇਆ ਹੈ।’’
‘‘ਵਾਹ, ਤੁਸੀਂ ਬੜੇ ਕਰਮਾਂ ਵਾਲੇ ਹੋ। ਦੋ ਦੋ ਖ਼ੁਸ਼ੀਆਂ। ਤੁਸੀਂ ਮੋਤੀ ਪੁੰਨ ਕੀਤੇ ਹੋਣੇ ਹਨ।’’
‘‘ਇਹ ਤਾਂ ਕੁਦਰਤ ਦਾ ਨਿਯਮ ਹੈ। ਇਸ ਵਿੱਚ ਕਰਮਾਂ ਦੀ ਕੀ ਗੱੱਲ ਹੋਈ।ਜਿਹੜੇ ਦੇਸ਼ਾਂ ਵਿੱਚ ਬੱਚੇ ਰਹਿ ਰਹੇ ਹਨ, ਉੱਥੇ ਇਹ ਸੋਚ ਨਹੀਂ ਹੈ। ਤੈਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਇੱਥੋਂ ਦੇ ਡਾਕਟਰ, ਮਾਂ ਪਿਉ ਨੂੰ ਦੱਸ ਦਿੰਦੇ ਹਨ ਕਿ ਆਉਣ ਵਾਲਾ ਬੱਚਾ ਲੜਕਾ ਹੈ ਜਾਂ ਲੜਕੀ ਕਿਉਂਕਿ ਇਹ ਬੱਚੀਆਂ ਨੂੰ ਕੁੱਖ ਵਿੱਚ ਨਹੀਂ ਮਾਰਦੇ। ਇੱਕ ਦਿਨ ਮੈਂ ਹਸਪਤਾਲ ਗਿਆ।ਵੇਟਿੰਗ ਰੂਮ ਵਿੱਚ ਮਿਲਣ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਇੱਕ ਗੋਰੀ, ਆਪਣੇ ਦੋ ਕੁ ਸਾਲ ਦੇ ਬੇਟੇ ਨੂੰ ਲੈ ਕੇ ਆਈ ਅਤੇ ਆ ਕੇ ਕੁਰਸੀ ’ਤੇ ਬੈਠ ਗਈ। ਵੇਟਿੰਗ ਰੂਮ ਵਿੱਚ ਫਰੀ ਕੌਫੀ/ਚਾਹ ਦਾ ਇੰਤਜ਼ਾਮ ਹੁੰਦਾ ਹੈ। ਪੜ੍ਹਨ ਲਈ ਰਸਾਲੇ ਆਦਿ ਮੌਜੂਦ ਹੁੰਦੇ ਹਨ। ਉਹ ਰਸਾਲਾ ਪੜ੍ਹਨ ਲੱਗ ਪਈ। ਉਸ ਦਾ ਬੱਚਾ, ਮੇਰੇ ਕੋਲ ਆ ਗਿਆ। ਮੈਂ ਵੀ ਉਸ ਨਾਲ ਬੱਚਿਆਂ ਵਰਗੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਮੇਰੇ ਨਾਲ ਖੇਡਣ ਲੱਗ ਪਿਆ। ਬੱਚੇ ਦੇ ਜ਼ਰੀਏ ਮੈਂ ਉਸ ਨਾਲ ਗੱਲੀਂ ਲੱਗ ਗਿਆ। ਤੈਨੂੰ ਪਤਾ ਹੈ, ਇਹ ਮੇਰੀ ਭੈੜੀ ਆਦਤ ਹੈ ਕਿ ਮੈਂ ਹਰ ਇੱਕ ਨਾਲ ਗੱਲੀਂ ਲੱਗ ਜਾਂਦਾ ਹਾਂ। ਉਸ ਨੇ ਪੁੱਛਿਆ ਕਿ ਤੁਹਾਨੂੰ ਪਤਾ ਹੈ ਕਿ ਤੁਹਾਡਾ ਬੇਬੀ ਲੜਕਾ ਹੈ ਜਾਂ ਲੜਕੀ। ਮੈਂ ਦੱਸਿਆ ਕਿ ਮੈਨੂੰ ਪਤਾ ਹੈ। ਮੈਂ ਉਸ ਨੂੰ ਦੱਸਿਆ ਕਿ ਸਾਡੇ ਦੇਸ਼ ਵਿੱਚ ਬੱਚੇ ਦੇ ਲਿੰਗ ਬਾਰੇ ਦੱਸਣਾ ਅਪਰਾਧ ਹੈ। ਡਾਕਟਰ ਨੂੰ ਅਜਿਹਾ ਕਰਨ ’ਤੇ ਸਜ਼ਾ ਅਤੇ ਜੁਰਮਾਨਾ ਕਰਨ ਦਾ ਕਾਨੂੰਨ ਹੈ।
‘ਪਰ ਅਜਿਹਾ ਕਿਉਂ?’ ਉਸ ਨੇ ਪੁੱਛਿਆ।
‘ਇਸ ਕਰਕੇ ਕਿ ਅਸੀਂ ਕੁੱਖ ਵਿੱਚ ਹੀ ਬੱਚੀਆਂ ਦਾ ਕਤਲ ਕਰ ਦਿੰਦੇ ਹਾਂ।’
‘ੳ ਹੌਰੀਬਲ (ਭਿਆਨਕ), ਸ਼ੇਮ ਸ਼ੇਮ ਸ਼ੇਮ (ਸ਼ਰਮ ਆਉਣੀ ਚਾਹੀਦੀ ਹੈ),’ ਉਸ ਨੇ ਆਖਿਆ। ਉਸ ਨੇ ਆਪਣਾ ਸਿਰ ਆਪਣੇ ਗੋਡਿਆਂ ਵਿੱਚ ਰੱਖ ਲਿਆ। ਕੁਦਰਤੀ ਮੇਰੇ ਮਿਲਣ ਦਾ ਸਮਾਂ ਹੋ ਗਿਆ। ਮੈਂ ਉੱਥੋਂ ਉੱਠ ਪਿਆ। ਮੈਂ ਵੀ ਕਈ ਦਿਨ ਅਸਹਿਜ ਹੀ ਰਿਹਾ।
ਅੱਛਾ ਮਿੱਤਰਾ, ਤੇਰੇ ਮੁਤਾਬਿਕ ਜਿਨ੍ਹਾਂ ਘਰਾਂ ਵਿੱਚ ਲੜਕੇ ਜਨਮ ਲੈਂਦੇ ਹਨ, ਉਹ ਘਰ ਕਰਮਾਂ ਵਾਲੇ ਹੁੰਦੇ ਹਨ। ਜੇਕਰ ਇਹ ਸੱਚ ਹੈ ਤਾਂ ਇਹ ਦੱਸ ਕਿ ਜਦੋਂ ਇਹ ਲੜਕੇ ਵੱਡੇ ਹੋ ਕੇ ਆਪਣੇ ਬਜ਼ੁਰਗ ਮਾਪਿਆਂ ਨੂੰ ਘਰੋਂ ਬੇਘਰ ਕਰਕੇ ਬਿਰਧ ਆਸ਼ਰਮਾਂ ਵਿੱਚ ਛੱਡ ਆਉਂਦੇ ਹਨ ਤਾਂ ਉਦੋਂ ਮਾਂ ਪਿਉ ਦੇ ਕਰਮ ਕਿੱਥੇ ਜਾਂਦੇ ਹਨ?’’
‘‘ਅੱਛਾ, ਮੈਂ ਤੇਰਾ ਬਹੁਤ ਸਮਾਂ ਲੈ ਲਿਆ ਹੈ। ਬਾਕੀ ਗੱਲਾਂ ਫਿਰ ਕਰਾਂਗੇ,’’ ਇਹ ਕਹਿ ਕੇ ਉਸ ਨੇ ਫੋਨ ਬੰਦ ਕਰ ਦਿੱਤਾ।
ਮੇਰਾ ਇਹ ਦੋਸਤ ਅਧਿਆਪਕ ਰਿਟਾਇਰ ਹੋਇਆ ਹੈ।
ਸੰਪਰਕ: 92177-01415 (ਵੱਟਸਐਪ)
ਈ-ਮੇਲ: Harjitsinghacfa@gmail.com