ਲੁੱਟ-ਖੋਹ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ: ਧਾਲੀਵਾਲ
ਜਗਬੀਰ ਸੱਗੂ
ਅੰਮ੍ਰਿਤਸਰ, 23 ਜਨਵਰੀ
ਪਿਛਲੇ ਦਿਨੀਂ ਸੁਨਿਆਰੇ ਦੀ ਦੁਕਾਨ ’ਤੇ ਹੋਈ ਲੁੱਟ ਸਬੰਧੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੀੜਤ ਵਿਅਕਤੀ ਦੀ ਦੁਕਾਨ ’ਤੇ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਮਾਨ ਸਰਕਾਰ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਸਿਰ ਨਹੀਂ ਚੁੱਕਣ ਦੇਵੇਗੀ ਅਤੇ ਇਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੁਲੀਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੁਲੀਸ ਨੇ ਚਾਰ ਦਿਨਾਂ ਦੇ ਅੰਦਰ ਹੀ ਲੁਟੇਰਿਆਂ ਨੂੰ ਕਾਬੂ ਕਰ ਕੇ ਸੁਨਿਆਰੇ ਦੀ ਦੁਕਾਨ ’ਤੇ ਲੁੱਟ ਕਰਨ ਵਾਲਿਆਂ ਤੋਂ ਸਾਮਾਨ ਵੀ ਬਰਾਮਦ ਕਰ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਕਰਨ ਉਪਰੰਤ ਸਬੰਧਤ ਦੁਕਾਨਦਾਰ ਦੇ ਸਪੁਰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਅਤੇ ਬਟਾਲਾ ਦੀ ਪੁਲਿਸ ਨੇ ਪੂਰੀ ਮੁਸਤੈਦੀ ਨਾਲ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਿਸ ਦੀ ਗਸ਼ਤ ਨੂੰ ਹੋਰ ਵਧਾਇਆ ਜਾਵੇਗਾ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਸਖਤ ਨਜਰ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਵੀ ਅਜਨਾਲਾ ਵਿਖੇ ਲੁੱਟ ਹੋਈ, ਉਸ ਦੇ ਲੁੱਟ ਦੇ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਸੀ।ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਨਸ਼ੇੜੀ ਕਿਸਮ ਦੇ ਲੋਕ ਹਨ। ਦੁਕਾਨ ਦੇ ਮਾਲਕ ਕੁਲਦੀਪ ਸਿੰਘ ਦੀਪਕ ਜਿਊਲਰ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪੁਲੀਸ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲੀਸ ਨੇ ਪੂਰੀ ਮੁਸਤੈਦੀ ਨਾਲ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੇ ਨਾਲ ਡੀ.ਐਸ.ਪੀ ਅਜਨਾਲਾ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।