ਸੇਵਾਮੁਕਤ ਲੈਫਟੀਨੈਂਟ ਕਰਨਲ ਦੀ ਕੁੱਟਮਾਰ ਕਰਨ ਵਾਲੇ ਕਾਬੂ
ਹਰਜੀਤ ਸਿੰਘ
ਜ਼ੀਰਕਪੁਰ, 11 ਨਵੰਬਰ
ਇੱਥੇ ਗੁਰਦੁਆਰਾ ਨਾਭਾ ਸਾਹਿਬ ਨੇੜੇ ਸੇਵਾਮੁਕਤ ਲੈਫਟੀਨੈਂਟ ਕਰਨਲ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲੀਸ ਨੇ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਰ ਸਵਾਰ ਤਿੰਨ ਨੌਜਵਾਨਾਂ ਨੇ ਅੱਗੇ ਲੰਘਣ ਤੋਂ ਝਗੜਾ ਕਰਦੇ ਹੋਏ ਸੇਵਾਮੁਕਤ ਅਧਿਕਾਰੀ ਦੀ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਸੀ।
ਡੀਐੱਸਪੀ ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ, ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੇਵਾਮੁਕਤ ਲੈਫਟੀਨੈਂਟ ਕਰਨਲ ਬਿਕਰਮ ਸਿੰਘ ਵਾਸੀ ਗ੍ਰੀਨ ਲੋਟਸ ਸਕਸ਼ਮ ਸੁਸਾਇਟੀ ਨੇ ਦੱਸਿਆ ਕਿ ਨੌਂ ਨਵੰਬਰ ਨੂੰ ਸ਼ਾਮ ਸਾਢੇ ਚਾਰ ਵਜੇ ਉਹ ਆਪਣੀ ਕਾਰ ਵਿੱਚ ਗੁਰਦੁਆਰਾ ਨਾਭਾ ਸਾਹਿਬ ਸੜਕ ਤੋਂ ਆਪਣੀ ਸੁਸਾਇਟੀ ਨੂੰ ਆ ਰਿਹਾ ਸੀ। ਇਸ ਦੌਰਾਨ ਸੜਕ ਆਵਾਜਾਈ ਜਾਮ ਵਰਗੇ ਹਾਲਾਤ ਸਨ। ਉਸ ਪਿੱਛੇ ਕਾਰ ਵਿੱਚ ਸਵਾਰ ਤਿੰਨ ਨੌਜਵਾਨ ਆਏ ਜਿਨ੍ਹਾਂ ਨੇ ਆਵਾਜਾਈ ਖੁੱਲ੍ਹਣ ਦੀ ਉਡੀਕ ਕੀਤੇ ਬਿਨਾਂ ਹਾਰਨ ਮਾਰਨੇ ਸ਼ੁਰੂ ਕਰ ਦਿੱਤੇ। ਸ਼ਿਕਾਇਤਕਰਤਾ ਨੇ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਉਸ ਨੂੰ ਗੱਡੀ ਵਿੱਚ ਖਿੱਚ ਕੇ ਬਾਹਰ ਕੱਢ ਲਿਆ ਤੇ ਕੁੱਟਮਾਰ ਕੀਤੀ। ਇਸ ਦੌਰਾਨ ਹਮਲਾਵਰਾਂ ਨੇ ਉਸ ਦੇ ਗੰਭੀਰ ਸੱਟਾਂ ਮਾਰੀਆਂ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਨ੍ਹਾਂ ਵੱਲੋਂ ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ। ਪੁਲੀਸ ਨੇ ਹਮਲਾਵਰ ਲੜਕਿਆਂ ਨੂੰ ਕਾਰ ਦੇ ਨੰਬਰ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਕਾਬੂ ਕੀਤਾ। ਮੁਲਜ਼ਮਾਂ ਦੀ ਪਛਾਣ ਵਿਜੈ ਸਿੰਘ, ਅਭਿਸ਼ੇਕ ਵਾਸੀ ਉਜਾਨਾ ਤਹਿਸੀਲ ਨਰਵਾਣਾ ਜ਼ਿਲ੍ਹਾ ਜੀਂਦ ਅਤੇ ਸਚਿਨ ਵਾਸੀ ਫਤਿਹਾਬਾਦ ਹਰਿਆਣਾ ਦੇ ਰੂਪ ਵਿੱਚ ਹੋਈ ਹੈ।