ਘੁਮੱਕੜ ਜ਼ਿੰਦਗੀ ਦੇ ਆਦੀ ਗੱਡੀਆਂ ਵਾਲੇ
ਚਿਮਟੇ, ਤੱਕਲੇ, ਖੁਰਚਣੇ ਬਣਾ ਲਓ, ਬੱਠਲਾਂ, ਬਾਲਟੀਆਂ ਨੂੰ ਥੱਲੇ ਲੱਗਵਾ ਲਓ, ਡੱਬਿਆਂ, ਪੀਪਿਆਂ ਨੂੰ ਢੱਕਣ ਲੱਗਵਾ ਲਓ। ਇਹ ਹੋਕੇ ਅੱਜਕੱਲ੍ਹ ਬੇਸ਼ੱਕ
ਘੱਟ ਸੁਣਨ ਨੂੰ ਮਿਲਦੇ ਹਨ, ਪਰ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਅਜੇ ਵੀ ਉਸੇ ਤਰ੍ਹਾਂ ਹੀ ਚੱਲ ਰਹੀ ਹੈ।
ਪੰਜਾਬ ਵਿੱਚ ਇਨ੍ਹਾਂ ਨੂੰ ਗੱਡੀਆਂ ਵਾਲੇ ਵੀ ਕਹਿ
ਦਿੰਦੇ ਹਨ। ਬੇਸ਼ੱਕ ਇਨ੍ਹਾਂ ਦੇ ਆਪਣੇ ਘਰ ਨਹੀਂ ਹੁੰਦੇ ਅਤੇ ਨਾ ਹੀ ਇਨ੍ਹਾਂ ਨੇ ਘਰ ਬਣਾਉਣ ਦੀ ਕਦੇ ਕੋਸ਼ਿਸ਼ ਕੀਤੀ ਹੈ, ਪਰ ਇਹ ਅਸਮਾਨ ਦੀ ਖੁੱਲ੍ਹੀ ਛੱਤ ਹੇਠ ਆਪਣੀ ਜ਼ਿੰਦਗੀ ਦਾ ਆਨੰਦ ਮਾਣਨਾ ਚੰਗੀ ਤਰ੍ਹਾਂ ਜਾਣਦੇ ਹਨ।
ਇਨ੍ਹਾਂ ਦੇ ਹਰ ਵੇਲੇ ਹੱਸਦੇ ਅਤੇ ਮੁਸਕਰਾਉਂਦੇ ਚਿਹਰਿਆਂ ਤੋਂ ਲੱਗਦਾ ਹੈ ਕਿ ਇਹ ਲੋਕ ਬੇਸੁਆਦੀ ਜ਼ਿੰਦਗੀ ਤੋਂ ਕੋਹਾਂ ਦੂਰ ਹਨ। ਇਹ ਸਰਕਾਰੀ ਸਹੂਲਤਾਂ ਤੋਂ ਵੀ ਬਿਰਵੇ ਹਨ ਕਿਉਂਕਿ ਇਨ੍ਹਾਂ ਦੇ ਆਪਣੇ ਪੱਕੇ ਟਿਕਾਣੇ ਨਾ ਹੋਣ ਕਰਕੇ ਆਧਾਰ ਕਾਰਡ ਹੀ ਨਹੀਂ ਬਣਦੇ। ਇਹ ਲੋਕ ਮਿਹਨਤੀ ਹੋਣ ਕਰਕੇ ਸਿਹਤ ਪੱਖੋਂ ਕਾਫ਼ੀ ਠੀਕ ਹੁੰਦੇ ਹਨ। ਗੱਡੀਆਂ ਵਾਲਿਆਂ ਦੇ ਨਾਵਾਂ ’ਚ ਵੀ ਵਿਲੱਖਣਤਾ ਹੈ। ਇਹ ਕਿਸੇ ਪੁਰਸ਼ ਦੇ ਨਾਂ ਨਾਲ ਰਾਮ ਜਾਂ ਸਿੰਘ ਅਤੇ ਕਿਸੇ ਇਸਤਰੀ ਦੇ ਨਾਂ ਨਾਲ ਦੇਵੀ ਜਾਂ ਬਾਈ ਨਹੀਂ ਜੋੜਦੇ ਜਵਿੇਂ ਮਰਦਾਂ ਦੇ ਨਾਂ ਹਨ ਫੂਲਾ, ਬਾਰੀਆ, ਪੋਹਲਾ, ਕਾਤੀਆ, ਕਾਂਸੀ, ਧਾਰੂ, ਭੂਕਾ, ਜੰਗੀਆਂ, ਮੋਮਨਾ, ਬਾਠਲੀਆ, ਫੋਟੂ, ਗੋਕਲ, ਰੰਗੀਆ ਅਤੇ ਔਰਤਾਂ ਦੇ ਨਾਂ ਹਨ ਚਾਂਦਨੀ, ਅਪਲੀ, ਬੁਦਨੀ, ਕਾਕੋ, ਬਿਜਲੀ, ਗੁੰਚੀ, ਪਰਪਾਈ, ਮਾਖੀ, ਡੋਲੀ, ਕਾਂਚੀ, ਫੂਲੋ, ਰੋਸ਼ਨੀ, ਰੱਤੀ, ਬਿੰਦੋ, ਕਾਜਲੀ, ਰੂਪੋ ਆਦਿ।
ਜੇਕਰ ਇਸ ਟੱਪਰੀਵਾਸ ਕਬੀਲੇ ਦੇ ਪਿਛੋਕੜ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਹ ਗਾਡੀਆ ਲੋਹਾਰ (ਜਾਂ ਗਾਡੀ-ਲੁਹਾਰ) ਰਾਜਸਥਾਨ ਦਾ ਇੱਕ ਟੱਪਰੀਵਾਸ ਕਬੀਲਾ ਹੈ ਜਨਿ੍ਹਾਂ ਦਾ ਪਿਛੋਕੜ ਰਾਜਸਥਾਨ ਦੇ ਸ਼ਹਿਰ ਚਿਤੌੜਗੜ੍ਹ ਦਾ ਹੈ। ਇਹ ਲੋਕ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਵੀ ਮਿਲਦੇ ਹਨ। ਇਹ ਟੋਲੀਆਂ ਵਿੱਚ ਘੁਮੱਕੜ ਜੀਵਨ ਬਤੀਤ ਕਰਦੇ ਹਨ ਅਤੇ ਆਪਣਾ ਸਾਰਾ ਸਾਮਾਨ ਗੱਡੀਆਂ ਉੱਤੇ ਲੱਦ ਕੇ ਰੱਖਦੇ ਹਨ। ਇਹ ਲੁਹਾਰਾ ਕੰਮ ਕਰਦੇ ਹਨ। ਇਸੇ ਲਈ ਇਨ੍ਹਾਂ ਨੂੰ ਗਾਡੀ ਲੋਹਾਰ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਪੰਜਾਬ ਵਿੱਚ ‘ਗੱਡੀਆਂ ਵਾਲੇ’ ਕਿਹਾ ਜਾਂਦਾ ਹੈ। ਛੋਟੇ ਮੋਟੇ ਖੇਤੀ ਸੰਦਾਂ ਦੀ ਮੁਰੰਮਤ, ਚਿਮਟੇ, ਤੱਕਲੇ, ਖੁਰਚਣੇ ਬਣਾਉਣਾ, ਬੱਠਲਾਂ, ਬਾਲਟੀਆਂ ਨੂੰ ਥੱਲੇ ਅਤੇ ਡੱਬਿਆਂ, ਪੀਪਿਆਂ ਨੂੰ ਢੱਕਣ ਲਾਉਣੇ ਇਨ੍ਹਾਂ ਦੇ ਮੁੱਖ ਕੰਮ ਹਨ। ਪੰਜਾਬ ਦੇ ਪਿੰਡਾਂ ’ਚ ਇਨ੍ਹਾਂ ਦਾ ਆਧਾਰ ਹੁਣ ਘਟ ਚੁੱਕਾ ਹੈ, ਪਰ ਫਿਰ ਵੀ ਘਰਾਂ ਦੇ ਚੁੱਲ੍ਹਿਆਂ ਦੀ ਸਵਾਹ ਕੱਢਣ ਵਾਲੀਆਂ ਕੜਛੀਆਂ, ਚਿਮਟੇ, ਤੱਕਲੇ, ਖੁਰਚਣੇ, ਬੱਠਲ ਮੁਰੰਮਤ ਕਰਨੇ, ਡੱਬਿਆਂ, ਪੀਪਿਆਂ ਨੂੰ ਢੱਕਣ ਲਾਉਣਾ ਇਨ੍ਹਾਂ ਦਾ ਮੁੱਖ ਕੰਮ ਜਾਰੀ ਹੈ।
ਕਹਿੰਦੇ ਹਨ ਕਿ ਰਾਜਸਥਾਨ ’ਚ ਅਮਿਟ ਰਹਿਣ ਵਾਲੇ ਮਹਾਰਾਣਾ ਪ੍ਰਤਾਪ ਦੀ ਅਕਬਰ ਕੋਲੋਂ ਹੋਈ ਹਾਰ ਤੋਂ ਬਾਅਦ ਇਹ ਲੋਕ ਆਪਣੇ ਘਰਾਂ ਨੂੰ ਤਿਆਗ ਕੇ ਕਬੀਲਿਆਂ ਦੇ ਰੂਪ ’ਚ ਆਏ। ਇਸ ਦੀ ਪੁਸ਼ਟੀ ਲੇਖਕ ਕਿਰਪਾਲ ਕਜ਼ਾਕ ਦੁਆਰਾ ਸੰਪਾਦਿਤ ਕਿਤਾਬ ‘ਗਾਡੀ ਲੁਹਾਰ ਕਬੀਲੇ ਦਾ ਸੱਭਿਆਚਾਰ’ ਰਾਹੀਂ ਵੀ ਕੀਤੀ ਗਈ ਹੈ। ਕੁਝ ਸਦੀਆਂ ਪਹਿਲਾਂ ਗਾਡੀ ਲੁਹਾਰ ਰਾਜਪੂਤ ਸ਼ਾਨੋ-ਸ਼ੌਕਤ ਨਾਲ ਆਪਣੀ ਮੁੱਖ ਧਾਰਾ ਨਾਲੋਂ ਟੁੱਟ ਗਏ ਸਨ ਅਤੇ ਉਹ ਆਪਣੀ ਜਨਮ ਭੋਇੰ ਨੂੰ ਤਿਆਗ ਕੇ ਟੱਪਰੀਵਾਸ ਕਬੀਲੇ ਦੇ ਰੂਪ ’ਚ ਰਹਿਣ ਲੱਗ ਪਏ ਸਨ। ਸਿੱਟੇ ਵਜੋਂ ਇਨ੍ਹਾਂ ਵੱਲੋਂ ਮੁਗ਼ਲ ਸ਼ਾਸਕਾਂ ਨਾਲ ਲੰਮੀ ਲੜਾਈ ਲੜਨ ਬਦਲੇ ਯੋਧਿਆਂ ਨੇ ਖਾਨਾਬਦੋਸ਼ੀ ਨੂੰ ਆਪਣੇ ਨਸੀਬਾਂ ਨਾਲ ਜੋੜ ਲਿਆ ਸੀ।
ਉਸ ਤੋਂ ਪਹਿਲਾਂ ਇਹ ਰਾਜਪੂਤਾਂ ਦੀਆਂ ਉੱਚ ਜਾਤੀਆਂ ’ਚੋਂ ਸਮਝੇ ਜਾਂਦੇ ਸਨ। ਇਹ ਆਪਣੇ-ਆਪ ਨੂੰ ਮਹਾਰਾਣਾ ਪ੍ਰਤਾਪ ਸਿੰਘ ਦੇ ਪੈਰੋਕਾਰ ਸਮਝਦੇ ਹਨ, ਜਿਸ ਸਬੰਧੀ ਇਤਿਹਾਸਕ ਹਵਾਲੇ ਵੀ ਦਿੱਤੇ ਜਾ ਸਕਦੇ ਹਨ। ਜਿਸ ਵਿੱਚ ਇਨ੍ਹਾਂ ਦਾ ਪ੍ਰਣ ਸੀ ਕਿ ਚਿਤੌੜ ਉਦੋਂ ਤੱਕ ਨਹੀਂ ਜਾਣਾ ਜਦੋਂ ਤੱਕ ਵੱਕਾਰ ਫਿਰ ਪ੍ਰਾਪਤ ਨਾ ਕੀਤਾ ਜਾ ਸਕੇ। ਮਹਾਰਾਣਾ ਪ੍ਰਤਾਪ ਦੇ ਨਾਲ ਜੁੜੇ ਰਾਜਪੂਤਾਂ ਨੇ ਇਸ ਅਹਿਦ ਦੀ ਪੂਰਤੀ ਲਈ ਹੀ ਘਰ-ਬਾਰ ਤਿਆਗੇ ਸਨ।
ਆਪਣੇ ਪਰਿਵਾਰ ਸਮੇਤ ਜੰਗਲਾਂ ’ਚ ਰਹਿ ਕੇ ਮੁਗਲ ਸ਼ਾਸਕਾਂ ਵਿਰੁੱਧ ਲੜੀ ਲੰਬੀ ਲੜਾਈ ਨੂੰ ਇਹ ਹਾਰ ਗਏ ਸਨ ਤੇ ਇਨ੍ਹਾਂ ਦਾ ਵੱਕਾਰ ਗੁਆਚ ਗਿਆ ਸੀ। ਇਤਿਹਾਸਕਾਰਾਂ ਅਨੁਸਾਰ ਵੀ ਰਾਜਪੂਤ ਅਕਬਰ ਤੋਂ ਹਾਰਨ ਉਪਰੰਤ ਆਪਣੀ ਅਣਖ ਆਬਰੂ ਦੀ ਦੁਬਾਰਾ ਪ੍ਰਾਪਤੀ ਤੱਕ ਚਿਤੌੜ ਦੀ ਮਿੱਟੀ ਨੂੰ ਨਾ ਛੂਹਣ ਲਈ ਵਚਨਬੱਧ ਹੋ ਗਏ ਸਨ। ਉਨ੍ਹਾਂ ਦਾ ਖੁਫ਼ੀਆ ਐਲਾਨ ਸੀ ਕਿ ਜਦੋਂ ਤੱਕ ਚਿਤੌੜ ’ਚ ਗੁਆਚਿਆ ਵੱਕਾਰ ਬਹਾਲ ਨਹੀਂ ਹੋ ਜਾਂਦਾ, ਉਹ ਉਦੋਂ ਤੱਕ ਟਿਕ ਕੇ ਨਹੀਂ ਬੈਠਣਗੇ। ਕਾਫ਼ਲਿਆਂ ’ਚ ਘੁੰਮਦੇ ਰਹਿਣਗੇ ਤੇ ਕਿਸੇ ਤੋਂ ਮੰਗ ਕੇ ਨਹੀਂ ਖਾਣਗੇ।
ਹੁਣ ਤੱਕ ਇਹ ਛੋਟਾ-ਮੋਟਾ ਤਰਖਾਣਾਂ, ਲੁਹਾਰਾਂ ਕੰਮ ਕਰਕੇ ਆਪਣਾ ਡੰਗ ਟਪਾ ਰਹੇ ਹਨ। ਬੇਸ਼ੱਕ ਇਸ ਕਬੀਲੇ ਦੇ ਲੋਕਾਂ ਦੀ ਜ਼ਿੰਦਗੀ ਆਜ਼ਾਦ ਅਤੇ ਬੇਪਰਵਾਹ ਹੈ, ਪਰ ਸਰਕਾਰਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਦੇ ਵੀ ਆਪਣੇ ਘਰ ਹੋਣ, ਇਨ੍ਹਾਂ ਦੇ ਵੀ ਆਧਾਰ ਕਾਰਡ ਹੋਣ, ਇਨ੍ਹਾਂ ਦੇ ਬੱਚੇ ਵੀ ਦੂਜੇ ਬੱਚਿਆਂ ਵਾਂਗ ਤਾਲੀਮ ਲੈ ਸਕਣ ਤਾਂ ਕਿ ਇਨ੍ਹਾਂ ਦੀ ਘੁਮੱਕੜ ਜ਼ਿੰਦਗੀ ’ਚ ਠਹਿਰਾਅ ਆ ਸਕੇ।
ਸੰਪਰਕ: 94179-90040