ਨੌਕਰੀ ਦਿਵਾਉਣ ਲਈ ਪੈਸਿਆਂ ਦੇ ਲੈਣ-ਦੇਣ ਦੀ ਸਾਲਸੀ ਕਰਨ ਵਾਲੇ ਕਸੂਤੇ ਫਸੇ
ਐੱਸ ਐੱਸ ਸੱਤੀ
ਮਸਤੂਆਣਾ ਸਾਹਿਬ, 12 ਅਕਤੂਬਰ
ਨੇੜਲੇ ਪਿੰਡ ਕਾਂਝਲਾ ਦੇ ਸਰਪੰਚ ਵੱਲੋਂ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਥਿਤ ਤੌਰ ’ਤੇ 25-26 ਲੱਖ ਰੁਪਏ ਦੀ ਠੱਗੀ ਮਾਰਨ ਦੇ ਰੋਸ ਵਜੋਂ ਪੀੜਤ ਪਰਿਵਾਰ ਵੱਲੋਂ ਸਰਪੰਚ ਦੀ ਕੋਠੀ ਅੱਗੇ ਇਨਸਾਫ਼ ਲੈਣ ਲਈ ਧਰਨਾ ਦਿੱਤਾ ਅਤੇ ਸਰਪੰਚ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦੂਜੇ ਪਾਸੇ ਸਰਪੰਚ ਅਮਨਦੀਪ ਸਿੰਘ ਕਾਂਝਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਗਿਆ।
ਰਾਣੋ ਕੌਰ ਪਤਨੀ ਜਰਨੈਲ ਸਿੰਘ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲੀਸ ਪ੍ਰਸ਼ਾਸਨ ਵੱਲੋਂ ਕੋਈ ਇਨਸਾਫ਼ ਨਾ ਮਿਲਣ ਕਾਰਨ ਅੱਜ ਇੱਥੇ ਆਪਣੀ ਮਾਤਾ ਨਛੱਤਰ ਕੌਰ, ਬੇਟੀ ਹਰਮਨ ਕੌਰ, ਸਨੀ ਕੁਮਾਰ, ਭੈਣ ਪਰਮਜੀਤ ਕੌਰ, ਪਿਤਾ ਬਲਵੀਰ ਸਿੰਘ ਸਮੇਤ ਬੱਚਿਆਂ ਨੂੰ ਲੈ ਕੇ ਅੱਜ ਦੁਪਹਿਰ ਤੋਂ ਧਰਨਾ ਦੇਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਮੰਤਰੀ ਗੋਬਿੰਦ ਸਿੰਘ ਦੇ ਪੁੱਤਰ ਤੇ ਕਾਂਝਲਾ ਦੇ ਸਰਪੰਚ ਅਮਨਦੀਪ ਸਿੰਘ ਨੇ ਨੌਜਵਾਨਾਂ ਨੂੰ ਏਮਜ਼ ਹਸਪਤਾਲ ਬਠਿੰਡਾ ਅਤੇ ਪੀਜੀਆਈ ਚੰਡੀਗੜ੍ਹ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਵੱਖ-ਵੱਖ ਪਰਿਵਾਰਾਂ ਤੋਂ 25-26 ਲੱਖ ਦੇ ਰੁਪਏ ਉਨ੍ਹਾਂ ਰਾਹੀਂ ਲਏ ਹਨ ਪਰ ਸਰਪੰਚ ਵੱਲੋਂ ਕੋਈ ਨੌਕਰੀ ਨਹੀਂ ਦਿਵਾਈ ਗਈ ਅਤੇ ਹੁਣ ਜਦੋਂ ਪੈਸੇ ਮੰਗਦੇ ਹਾਂ ਤਾਂ ਆਨਾਕਾਨੀ ਕਰ ਰਿਹਾ ਹੈ। ਰਾਣੋ ਕੌਰ ਮੁਤਾਬਿਕ,‘ਮੇਰਾ ਪਤੀ ਜਰਨੈਲ ਸਿੰਘ ਪੁਲੀਸ ਮੁਲਾਜ਼ਮ ਹੈ। ਸਾਡੇ ਰਾਹੀਂ ਸਰਪੰਚ ਨੂੰ ਪੈਸੇ ਦੇਣ ਵਾਲੇ ਪਰਿਵਾਰਾਂ ਵੱਲੋਂ ਸਾਡੇ ’ਤੇ ਹੀ ਠੱਗੀ ਦੇ ਪਰਚੇ ਦਰਜ ਕਰਵਾ ਦਿੱਤੇ ਗਏ ਹਨ ਅਤੇ ਜਰਨੈਲ ਸਿੰਘ ਨੂੰ ਤਿੰਨ ਵਾਰ ਮੁਅੱਤਲ ਕਰਵਾ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਸਰਪੰਚ ਨੂੰ ਕਰਨੈਲ ਸਿੰਘ ਭਵਾਨੀਗੜ੍ਹ ਤੋਂ ਸਾਢੇ ਪੰਜ ਲੱਖ ਰੁਪਏ, ਜਸਵਿੰਦਰ ਸਿੰਘ ਗੋਬਿੰਦਗੜ੍ਹ, ਹਰਵਿੰਦਰ ਸਿੰਘ ਮਲਕੋਂ, ਜਰਨੈਲ ਸਿੰਘ ਭਵਾਨੀਗੜ੍ਹ, ਕਮਲ ਸਿੰਘ ਬੱਖੋਪੀਰ, ਅਵਤਾਰ ਸਿੰਘ ਬਲਿਆਲ, ਧਰਮਿੰਦਰ ਸਿੰਘ ਸੰਗਰੂਰ ਅਤੇ ਮਨਜੀਤ ਕੁਮਾਰ ਧਨੌਲਾ ਤੋਂ ਤਿੰਨ-ਤਿੰਨ ਲੱਖ ਰੁਪਏ ਨੌਕਰੀ ਦਿਵਾਉਣ ਵਾਸਤੇ ਦਿੱਤੇ ਸਨ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਇਨਸਾਫ਼ ਨਾ ਮਿਲਿਆ ਤਾਂ ਉਹ ਆਤਮ ਹੱਤਿਆ ਕਰ ਲਵੇਗੀ। ਧਰਨੇ ਦੌਰਾਨ ਪਹੁੰਚੇ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।