For the best experience, open
https://m.punjabitribuneonline.com
on your mobile browser.
Advertisement

ਉਹ ਵੀ ਦਿਨ ਸਨ

09:58 AM Oct 26, 2024 IST
ਉਹ ਵੀ ਦਿਨ ਸਨ
Advertisement

ਮੋਹਣ ਸਿੰਘ ਮੁਗਲ ਮਾਜਰੀ

Advertisement

ਗੱਲ ਪੰਜ ਕੁ ਦਹਾਕੇ ਪਹਿਲਾਂ ਦੀ ਹੈ। ਪੰਜਾਬ ਨੇ ਨਵੇਂ ਯੁੱਗ ਵਿੱਚ ਅਜੇ ਕਦਮ ਨਹੀਂ ਸੀ ਧਰਿਆ। ਕੱਚੀਆਂ ਕੰਧਾਂ, ਤਰੇੜਾਂ ਨਾਲ ਭਰੀਆਂ ਹੋਈਆਂ, ਡਿਗੂੰ-ਡਿਗੂੰ ਕਰਦੀਆਂ ਬੋਦੀਆਂ ਛੱਤਾਂ, ਪਰ ਲੋਕ ਦਿਲ ਦੇ ਸਾਫ਼, ਸਾਂਝਾਂ ਗੂੜ੍ਹੀਆਂ ਤੇ ਬੜੇ ਮਜ਼ਬੂਤ ਇਰਾਦੇ ਵਾਲੇ ਹੁੰਦੇ ਸਨ। ਰਿਸ਼ਤਿਆਂ ਦਾ ਰੰਗ ਪੱਕਾ ਸੀ। ਪਰਿਵਾਰ ਸਾਂਝੇ, ਇੱਕੋ ਛੱਤ ਹੇਠ ਪਿਆਰ ਨਾਲ ਰਹਿੰਦੇ ਸਨ। ਵੱਡਿਆਂ ਨਾਲ ਪਿਆਰ ਸੀ ਤੇ ਮਨ ਵਿੱਚ ਰੱਬ ਦਾ ਭੈਅ ਸੀ। ਪੈਸੇ ਦਾ ਜਾਦੂ ਸਿਰ ਚੜ੍ਹ ਕੇ ਨਹੀਂ ਸੀ ਬੋਲਦਾ। ਇੱਕ ਘਰ ਦਾ ਦੁੱਖ ਸਾਰੇ ਪਿੰਡ ਦਾ ਦੁੱਖ ਸੀ। ਬਰਕਤਾਂ ਹੀ ਬਰਕਤਾਂ ਸਨ। ਸਾਰਾ ਪੰਜਾਬ ਗੁਰਾਂ ਦੇ ਨਾਂ ’ਤੇ ਵੱਸਦਾ ਸੀ।
ਹਰ ਗੱਲ ਦੀਵਾਲੀ ਤੋਂ ਸ਼ੁਰੂ ਹੁੰਦੀ ਸੀ ਤੇ ਦੀਵਾਲੀ ’ਤੇ ਹੀ ਮੁੱਕਦੀ ਸੀ। ਦੀਵਾਲੀ ਉਡੀਕਦਿਆਂ ਅੱਖਾਂ ਪੱਕ ਜਾਂਦੀਆਂ ਸਨ। ਦੀਵਾਲੀ ਤੋਂ ਤਿੰਨ ਮਹੀਨੇ ਪਹਿਲਾਂ ਦੀਵਾਲੀ ਦੇ ਦਿਨਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਂਦੀ ਸੀ। ਦਿਨ ਘਟੀ ਜਾਂਦੇ ਤੇ ਚਾਅ ਦੂਣ-ਸਵਾਈ ਹੋਈ ਜਾਂਦਾ। ਪੰਦਰਾਂ ਕੁ ਦਿਨ ਪਹਿਲਾਂ ਲਿੱਪ-ਲਿਪਾਈ ਦਾ ਕੰਮ ਸ਼ੁਰੂ ਹੋ ਜਾਂਦਾ ਜੋ ਲਗਾਤਾਰ ਚੱਲੀ ਜਾਂਦਾ। ਘਰਾਂ ਦੀ ਛੱਤ ਤੋਂ ਲਿਪਾਈ ਸ਼ੁਰੂ ਹੋ ਕੇ ਬਾੜਿਆਂ, ਢਾਰਿਆਂ ਤੇ ਡੰਗਰਾਂ ਵਾਲੇ ਕੋਠਿਆਂ ’ਤੇ ਜਾ ਮੁੱਕਦੀ। ਬਰਸਾਤ ਵਿੱਚ ਪਾਟੀਆਂ-ਤਰੇੜਾਂ ਕੰਧਾਂ ਨੂੰ ਭਰ ਕੇ ਪੱਧਰਾ ਕਰਨਾ ਤੇ ਫਿਰ ਘਰ ਦੀਆਂ ਸੁਆਣੀਆਂ ਨੇ ਲਾਲ ਮਿੱਟੀ ਨਾਲ ਕੰਧਾਂ ਨੂੰ ਲਿੱਪਣਾ ਤੇ ਪਾਂਡੂ ਦੇ ਪਰੋਲੇ ਮਾਰ-ਮਾਰ ਕੰਧਾਂ ਲਿਸ਼ਕਾ ਦੇਣੀਆਂ। ਲਿਸ਼ਕਦੀਆਂ ਕੰਧਾਂ ਉੱਪਰ ਵੇਲ-ਬੂਟੀਆਂ ਪਾਉਣੀਆਂ, ਕਾਂ, ਚਿੜੀਆਂ, ਘੁੱਗੀਆਂ, ਕਬੂਤਰ, ਪੈਲਾਂ ਪਾਉਂਦੇ ਮੋਰ ਬਣਾਉਣੇ, ਕੂੰਜਾਂ ਦੀਆਂ ਡਾਰਾਂ ਬਣਾਉਣੀਆਂ, ਹਾਥੀ, ਘੋੜੇ ਤੇ ਮਨ-ਪਸੰਦ ਜਾਨਵਰ ਬਣਾਉਣੇ ਤੇ ਮਨ ਭਾਉਂਦੇ ਰੰਗ ਭਰਨੇ। ਰੰਗ ਭਰਨ ਲਈ ਗੁਆਂਢੀਆਂ ਦੀਆਂ ਸਲਾਹਾਂ ਲੈਣੀਆਂ, ਇੱਕ ਦੂਜੇ ਤੋਂ ਵਧ ਕੇ ਜ਼ੋਰ ਲਾਉਣਾ। ਘਰ ਦਾ ਇੱਕ-ਇੱਕ ਖੂੰਜਾਂ ਹੱਸਦਾ ਨਜ਼ਰ ਆਉਂਦਾ ਸੀ। ਰਸੋਈ ਖ਼ਾਸ ਕਰਕੇ ਚੁੱਲ੍ਹੇ ਨੂੰ ਨਵੀਂ ਦਿੱਖ ਦਿੱਤੀ ਜਾਂਦੀ ਸੀ।
ਪਸ਼ੂਆਂ ਦੀਆਂ ਖੁਰਲੀਆਂ, ਮੁਰਗੀਆਂ ਦੇ ਖੁੱਡੇ ਤੇ ਢਾਹੇ ਲਿੱਪ ਪੋਚ ਕੇ ਨਵੇਂ ਨਕੋਰ ਬਣਾਉਣੇ। ਪਸ਼ੂਆਂ ਨੂੰ ਨਹਾ-ਧੋਆ ਕੇ ਪਿੰਡੇ ’ਤੇ ਤੇਲ ਮਲ-ਮਲ ਕੇ ਪਿੰਡੇ ਲਿਸ਼ਕਾ ਦੇਣੇ। ਸਿੰਗਾਂ ਨੂੰ ਕਾਲਾ ਤੇਲ ਲਾਉਣਾ। ਪਸ਼ੂਆਂ ਨੂੰ ਦੀਵਾਲੀ ਦੀਆਂ ਖ਼ੁਸ਼ੀਆਂ ਵਿੱਚ ਹਿੱਸੇਦਾਰ ਬਣਾਉਣਾ ਪੰਜਾਬੀ ਸੱਭਿਆਚਾਰ ਦੀ ਪਛਾਣ ਸੀ। ਲੋਕਾਂ ਦਾ ਗਾਰੇ ਨਾਲ ਮੂੰਹ ਸਿਰ ਇੱਕ ਹੋ ਜਾਂਦਾ ਸੀ, ਪਰ ਚਾਅ ਮੱਠਾ ਨਹੀਂ ਸੀ ਪੈਂਦਾ। ਕੰਮ ਦੇ ਨਾਲ-ਨਾਲ ਖਾਣ ਪੀਣ ਦੇ ਜਸ਼ਨ ਚੱਲੀ ਜਾਂਦੇ। ਗੁੜ ਦੀ ਰੋੜੀ, ਮੱਕੀ-ਛੋਲੇ ਦੇ ਭੁੰਨੇ ਹੋਏ ਦਾਣੇ, ਜੋ ਭੱਠੀ ਤੋਂ ਭੁੰਨਾ ਕੇ ਲਿਆਉਂਦੇ ਸੀ, ਮਿਲ ਕੇ ਖਾਂਦੇ ਸੀ। ਵੰਡ-ਵੰਡਾਈ ਪਿੱਛੇ ਜ਼ੋਰ ਅਜ਼ਮਾਈ ਜ਼ਰੂਰ ਹੋ ਜਾਂਦੀ ਸੀ। ਮਾਂ ਦੀ ਮਿੱਠੀ ਝਿੜਕ, ਬਾਪੂ ਦਾ ਖੂੰਡਾ ਮਾਹੌਲ ਨੂੰ ਸੂਤ ਕਰ ਦਿੰਦਾ ਸੀ।
ਫਿਰ ਸ਼ੁਰੂ ਹੋ ਜਾਂਦਾ ਮਠਿਆਈਆਂ ਬਣਾਉਣ ਦਾ ਤੇ ਖੋਆ ਕੱਢਣ ਦਾ ਕੰਮ ਜੋ ਚਾਰ-ਪੰਜ ਦਿਨ ਜਾਰੀ ਰਹਿੰਦਾ। ਖੋਆ ਕੱਢਣ ਲਈ ਸਾਰੇ ਪਰਿਵਾਰ ਨੂੰ ਹੱਥ ਵਟਾਉਣਾ ਪੈਂਦਾ। ਖੋਏ ਦੀ ਬਰਫ਼ੀ, ਪਿੰਨੀਆਂ, ਬੇਸਣ ਦੇ ਲੱਡੂ, ਸ਼ੱਕਰਪਾਰੇ, ਮੱਠੀਆਂ (ਮਿੱਠੀਆਂ ਅਤੇ ਨਮਕੀਨ) ਥਾਲ ਭਰ-ਭਰ ਇਕੱਠੇ ਕਰੀ ਜਾਂਦੇ। ਮਠਿਆਈ ਦੀ ਖੁਸ਼ਬੋ ਕੰਧਾਂ ਟੱਪ ਕੇ ਗੁਆਂਢੀਆਂ ਕੇ ਨੱਕ ਤੀਕ ਪਹੁੰਚ ਜਾਂਦੀ ਸੀ। ਹਰ ਘਰ ਦਾ ਮਾਹੌਲ ਵਿਆਹ ਵਰਗਾ ਹੁੰਦਾ ਸੀ। ਹਰੇਕ ਦੀ ਟੌਹਰ ਵੇਖਣ ਵਾਲੀ ਹੁੰਦੀ ਸੀ। ਨਵੇਂ-ਨਵੇਂ ਕੱਪੜੇ ਪਾ ਕੇ ਚਾਈਂ ਚਾਈਂ ਗਲੀਆਂ ਵਿੱਚ ਗੇੜੇ ਮਾਰਨੇ, ਇੱਕ ਦੂਜੇ ਨੂੰ ਗਲ ਨਾਲ ਲਾਉਣਾ, ਜੱਫੀਆਂ ਪਾ ਕੇ ਮਿਲਣਾ। ਦੂਰ ਦਰਾਡੇ ਵਸਦੇ ਘਰ ਦੇ ਜੀਆਂ ਨੇ ਆ ਕੇ ਰੌਣਕਾਂ ਲਾ ਦੇਣੀਆਂ, ਖ਼ਾਸ ਕਰਕੇ ਫ਼ੌਜੀਆਂ ਦੇ ਛੁੱਟੀ ਆਉਣ ਦਾ ਚਾਅ ਸਾਰੇ ਗੁਆਂਢ ਨੂੰ ਸੱਜਰੇਪਣ ਦਾ ਅਹਿਸਾਸ ਕਰਾ ਦਿੰਦਾ ਸੀ।
ਦੀਵਾਲੀ ਵਾਲੇ ਦਿਨ ਤੀਜਾ ਪਹਿਰ ਹੁੰਦਿਆਂ ਹੀ ਲੋਕ ਦੀਵੇ ਰੱਖਣ ਲਈ ਤੁਰ ਪੈਂਦੇ। ਗੁਰਦੁਆਰੇ ਤੋਂ ਸ਼ੁਰੂ ਹੋ ਕੇ ਖੂਹ, ਟੋਭੇ, ਢੇਰ, ਗੁਹਾਰੇ, ਰਸਤੇ, ਚੁਰਸਤੇ, ਮੜ੍ਹੀਆਂ ਮਸਾਣਾਂ ਅਤੇ ਸਕੂਲਾਂ ਦੇ ਗੇਟ ਸਾਰੇ ਦੀਵਿਆਂ ਨਾਲ ਲਿਸ਼ਕਦੇ ਹੁੰਦੇ ਸਨ। ਗੱਲ ਕੀ ਹਰ ਇੱਕ ਦਾ ਸਤਿਕਾਰ ਹੁੰਦਾ ਤੇ ਨਗਰ ਖੇੜੇ ਦੀ ਸੁੱਖ ਮੰਗੀ ਜਾਂਦੀ ਸੀ। ਹਰ ਚਿਹਰੇ ’ਤੇ ਖ਼ੁਸ਼ੀ, ਰੌਣਕ ਤੇ ਪਿਆਰ ਦਾ ਸੰਗਮ ਹੁੰਦਾ ਸੀ। ਉਦੋਂ ਦਿਨ ਭਾਵੇਂ ਜਲਦੇ-ਬਲਦੇ ਅਖਵਾਉਂਦੇ ਸਨ, ਪਰ ਦਿਲਾਂ ਨੂੰ ਠਾਰਨ ਵਾਲੇ ਸਨ। ਵਿਛੜਿਆਂ ਨੂੰ ਮਿਲਾਉਣ ਵਾਲੇ ਸਨ। ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਾਲੇ ਸਮੇਂ ਹਾਸੇ-ਮਖੌਲ ਨਾਲ ਝੋਲੀਆਂ ਭਰਨ ਵਾਲੇ ਸਨ। ਕਾਸ਼! ਉਸ ਤਰ੍ਹਾਂ ਦੀ ਦੀਵਾਲੀ ਮੁੜ ਆ ਜਾਵੇ।
ਸੰਪਰਕ: 84271-05977

Advertisement

Advertisement
Author Image

joginder kumar

View all posts

Advertisement