For the best experience, open
https://m.punjabitribuneonline.com
on your mobile browser.
Advertisement

ਅਨੁਸ਼ਾਸਨੀ ਕਾਰਵਾਈ ਦਾ ਖ਼ੁਦ ਸਾਹਮਣਾ ਕਰਨ ਵਾਲੇ ਚੁੱਕ ਰਹੇ ਨੇ ਸਵਾਲ: ਪ੍ਰਨੀਤ

11:32 AM Feb 07, 2023 IST
ਅਨੁਸ਼ਾਸਨੀ ਕਾਰਵਾਈ ਦਾ ਖ਼ੁਦ ਸਾਹਮਣਾ ਕਰਨ ਵਾਲੇ ਚੁੱਕ ਰਹੇ ਨੇ ਸਵਾਲ  ਪ੍ਰਨੀਤ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਫਰਵਰੀ

Advertisement

ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਪਾਰਟੀ ਹਾਈ ਕਮਾਨ ਦੇ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਕਾਂਗਰਸ ਦੀ ਅਨੁਸ਼ਾਸਨੀ ਐਕਸ਼ਨ ਕਮੇਟੀ ਦੇ ਸਕੱਤਰ ਤਾਰਿਕ ਅਨਵਰ ਨੂੰ ਅੱਜ ਆਪਣਾ ਜਵਾਬ ਦਾਖਲ ਕਰਦਿਆਂ ਸੰਸਦ ਮੈਂਬਰ ਨੇ ਤਾਰਿਕ ਅਨਵਰ ਨੂੰ ਕਰਾਰੇ ਹੱਥੀਂ ਲਿਆ।

ਉਨ੍ਹਾਂ ਲਿਖਿਆ, ”ਮੈਂ ਹੈਰਾਨ ਹਾਂ ਕਿ ਜਿਸ ਨੇ ਸ੍ਰੀਮਤੀ ਗਾਂਧੀ ਦੇ ਵਿਦੇਸ਼ੀ ਨਾਗਰਿਕ ਹੋਣ ਦੇ ਮੁੱਦੇ ‘ਤੇ 1999 ਵਿੱਚ ਕਾਂਗਰਸ ਛੱਡੀ ਸੀ ਤੇ 20 ਸਾਲ ਪਾਰਟੀ ਤੋਂ ਬਾਹਰ ਰਹਿਣ ਕਾਰਨ ਖੁਦ ਵੀ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਦਾ ਰਿਹਾ, ਉਹ ਸ਼ਖ਼ਸ ਹੁਣ ਅਖੌਤੀ ਅਨੁਸ਼ਾਸਨੀ ਮਾਮਲੇ ‘ਤੇ ਮੇਰੇ ‘ਤੇ ਸਵਾਲ ਕਰ ਰਿਹਾ ਹੈ?’ ਜ਼ਿਕਰਯੋਗ ਹੈ ਕਿ ਕਾਂਗਰਸ ਹਾਈ ਕਮਾਨ ਨੇ ਪ੍ਰਨੀਤ ਕੌਰ ਨੂੰ ਮੁਅੱਤਲ ਤਾਂ ਕਰ ਦਿੱਤਾ ਸੀ ਤੇ ਨਾਲ ਹੀ ਨੋਟਿਸ ਜਾਰੀ ਕਰ ਕੇ ਪੁੱਛਿਆ ਸੀ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਤੁਹਾਡੇ ਖ਼ਿਲਾਫ਼ ਬਰਖਾਸਤਗੀ ਦੀ ਕਾਰਵਾਈ ਅਮਲ ‘ਚ ਕਿਉਂ ਨਾ ਲਿਆਂਦੀ ਜਾਵੇ। ਇਸ ਦਾ ਜਵਾਬ ਤਿੰਨ ਦਿਨਾਂ ‘ਚ ਮੰਗਿਆ ਗਿਆ ਸੀ।

ਸੰਸਦ ਮੈਂਬਰ ਨੇ ਕਿਹਾ, ”ਪੰਜਾਬ ਦੇ ਜਿਹੜੇ ਕਾਂਗਰਸੀਆਂ ਨੇ ਉਨ੍ਹਾਂ ‘ਤੇ ਇਲਜ਼ਾਮ ਲਾਏ ਹਨ, ਇਹ ਉਹ ਲੋਕ ਹਨ, ਜਿਨ੍ਹਾਂ ਖ਼ਿਲਾਫ਼ ਬਹੁਤ ਸਾਰੇ ਮਾਮਲੇ ਬਕਾਇਆ ਹਨ ਤੇ ਉਨ੍ਹਾਂ ਦੇ ਪਤੀ ਨੇ ਇਨ੍ਹਾਂ ਦੀ ਰੱਖਿਆ ਇਸ ਲਈ ਕੀਤੀ ਸੀ ਕਿਉਂਕਿ ਇਹ ਆਪਣੀ ਪਾਰਟੀ ਦੇ ਮੈਂਬਰ ਸਨ।’ ਦੋਸ਼ਾਂ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਉਹ ਹਮੇਸ਼ਾ ਹਲਕਾ ਵਾਸੀਆਂ ਅਤੇ ਪੰਜਾਬ ਦੇ ਮੁੱਦੇ ਉਠਾਉਂਦੇ ਰਹੇ ਹਨ ਕਿਉਂਕਿ ਹਲਕੇ ਦੇ ਨੁਮਾਇੰਦੇ ਦਾ ਇਹ ਫਰਜ਼ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜ ਵਿੱਚ ਕਾਂਗਰਸ ਦੇ ਹਰ ਮੰਤਰੀ ਅਤੇ ਸੰਸਦ ਮੈਂਬਰਾਂ ਨੂੰ ਆਪਣੇ ਖੇਤਰ ਤੇ ਸੂਬੇ ਦੇ ਮਸਲਿਆਂ ਦੇ ਹੱੱਲ ਲਈ ਕੇਂਦਰੀ ਮੰਤਰੀਆਂ ਨੂੰ ਮਿਲਣਾ ਪੈਂਦਾ ਹੈ। ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਵੀ ਕਾਂਗਰਸ ਸਰਕਾਰ ਨੂੰ ਅਜਿਹਾ ਕਰਨਾ ਪੈ ਰਿਹਾ ਹੈ। ਇਸੇ ਤਰਜ਼ ‘ਤੇ ਹੀ ਉਨ੍ਹਾਂ ਨੂੰ ਵੀ ਭਾਜਪਾ ਸਰਕਾਰ ਦੇ ਮੰਤਰੀਆਂ ਅਤੇ ਹੋਰਾਂ ਨੂੰ ਮਿਲਣਾ ਪੈਂਦਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਗੱਲ ਕਾਂਗਰਸ ਹਾਈ ਕਮਾਨ ਨੂੰ ਪਸੰਦ ਹੋਵੇ ਜਾਂ ਨਾ, ਪਰ ਅਜਿਹੇ ਮਸਲਿਆਂ ਦੇ ਹੱਲ ਲਈ ਉਹ ਭਵਿੱਖ ‘ਚ ਵੀ ਕੇਂਦਰ ਸਰਕਾਰ ਨੂੰ ਮਿਲਦੇ ਰਹਿਣਗੇ। ਅਜਿਹੀ ਸੂਰਤ ‘ਚ ਉਨ੍ਹਾਂ ਖਿਲਾਫ਼ ਜੋ ਵੀ ਕਾਰਵਾਈ ਕਰਨੀ ਹੋਵੇ, ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਚੌਥੀ ਵਾਰ ਸੰਸਦ ਮੈਂਬਰ ਪ੍ਰਨੀਤ ਕੌਰ 2009 ਤੋਂ 2014 ਤੱਕ ਕੇਂਦਰੀ ਵਿਦੇਸ਼ ਰਾਜ ਮੰਤਰੀ ਰਹੇ ਹਨ। ਗਾਂਧੀ ਪਰਿਵਾਰ, ਖਾਸ ਕਰਕੇ ਸੋਨੀਆ ਗਾਂਧੀ ਨਾਲ ਪ੍ਰਨੀਤ ਕੌਰ ਦੀ ਵਧੇਰੇ ਨੇੜਤਾ ਮੰਨੀ ਜਾਂਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਤੋਂ ਬਾਅਦ ਪ੍ਰਨੀਤ ਕੌਰ ‘ਤੇ ਪਤੀ ਵੱਲੋਂ ਬਣਾਈ ਪੀਐੱਲਸੀ ਅਤੇ ਫੇਰ ਭਾਜਪਾ ਲਈ ਹੀ ਸਰਗਰਮੀਆਂ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਹੁਣ ਦੀ ਕਾਰਵਾਈ ਨੂੰ ਵੀ ਪੰਜਾਬ ਕਾਂਗਰਸ ਦੇ ਨੇਤਾ ਬਹੁਤ ਦੇਰੀ ਨਾਲ ਹੋਈ ਕਾਰਵਾਈ ਮੰਨ ਰਹੇ ਹਨ।

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×