ਜੂਨ ਚੁਰਾਸੀ ਦੇ ਉਹ ਦਿਨ...
ਜਗਤਾਰ ਸਿੰਘ*
15 ਜੂਨ 1984 ਦੀ ਸਵੇਰ ਆਮ ਦਿਨਾਂ ਨਾਲੋਂ ਕੁਝ ਜ਼ਿਆਦਾ ਤਪੀ ਹੋਈ ਮਹਿਸੂਸ ਹੋ ਰਹੀ ਸੀ। ਦੂਜੀ ਸੰਸਾਰ ਜੰਗ ਵੇਲਿਆਂ ਦੇ ਦੋ ਇੰਜਣਾਂ ਵਾਲੇ ਭਾਰਤੀ ਹਵਾਈ ਸੈਨਾ ਦੇ ਡਕੋਟਾ ਜਹਾਜ਼ ਦੀਆਂ ਐਲੂਮੀਨੀਅਮ ਦੀਆਂ ਸੀਟਾਂ ਕਰ ਕੇ ਤਪਸ਼ ਜ਼ਿਆਦਾ ਮਹਿਸੂਸ ਹੋ ਰਹੀ ਸੀ। ਇਹ ਜਹਾਜ਼ ਚੰਡੀਗੜ੍ਹ ਤੋਂ ਪੱਤਰਕਾਰਾਂ ਦੇ ਪਹਿਲੇ ਗਰੁੱਪ ਨੂੰ ਲੈ ਕੇ ਯੁੱਧ ਖੇਤਰ ਲਈ ਉੱਡਿਆ। ਯੁੱਧ ਖੇਤਰ ਹੋਰ ਕੋਈ ਨਹੀਂ ਸਗੋਂ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਕੰਪਲੈਕਸ ਸੀ ਜੋ ਸਿੱਖਾਂ ਦਾ ਸਭ ਤੋਂ ਪਾਵਨ ਸਥਾਨ ਮੰਨਿਆ ਜਾਂਦਾ ਹੈ।
ਜਿਉਂ ਹੀ ਹਵਾਈ ਜਹਾਜ਼ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ’ਤੇ ਉਤਰਿਆ ਤਾਂ ਫ਼ੌਜ ਦੇ ਬਖ਼ਤਰਬੰਦ ਟਰੱਕਾਂ ਨੇ ਇਸ ਵੱਲ ਗੰਨਾਂ ਤਾਣ ਕੇ ਇੰਝ ‘ਸਵਾਗਤ’ ਕੀਤਾ ਜਿਵੇਂ ਉਸ ਦੇ ਇਲਾਕੇ ਵਿਚ ਕੋਈ ਦੁਸ਼ਮਣ ‘ਜਹਾਜ਼’ ਆ ਵੜਿਆ ਹੋਵੇ। ਹਵਾਈ ਸੈਨਾ ਨੂੰ ਤਵੱਕੋ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਪੱਤਰਕਾਰਾਂ ਨੂੰ ਵਾਕਿਆਤ ਵਾਲੀ ਥਾਂ ਤੱਕ ਪਹੁੰਚਾਉਣ ਲਈ ਵਾਹਨਾਂ ਦਾ ਬੰਦੋਬਸਤ ਕਰੇਗਾ। ਕਰੀਬ ਦੋ ਘੰਟੇ ਬਾਅਦ ਪੰਜਾਬ ਰੋਡਵੇਜ਼ ਦੀ ਇਕ ਖਟਾਰਾ ਬੱਸ ਉੱਥੇ ਪਹੁੰਚੀ। ਤਾਪਮਾਨ 40 ਡਿਗਰੀ ’ਤੇ ਪਹੁੰਚ ਰਿਹਾ ਸੀ ਤੇ ਹਵਾਈ ਸੈਨਾ ਦੇ ਅਫ਼ਸਰ ਆਪਣੇ ਸੀਮਤ ਜਿਹੇ ਸਾਧਨਾਂ ਨਾਲ ਪੱਤਰਕਾਰਾਂ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ। ਦੋ ਮਹਿਲਾ ਪੱਤਰਕਾਰਾਂ ਨੂੰ ਤਾਂ ਗਸ਼ ਹੀ ਪੈ ਚੱਲੀ ਸੀ। ਪਹਿਲਾਂ ਲੱਗ ਰਿਹਾ ਸੀ ਕਿ ਸ਼ਾਇਦ ਪ੍ਰਸ਼ਾਸਨ ਨਾਲ ਤਾਲਮੇਲ ਦੀ ਘਾਟ ਹੈ ਪਰ ਬਾਅਦ ਵਿਚ ਸਪੱਸ਼ਟ ਹੋਇਆ ਕਿ ਅਸਲ ਵਿਚ ਇਹ ਸਭ ਕੁਝ ਵਿਉਂਤਬੰਦੀ ਦੀ ਹੀ ਕੜੀ ਸੀ ਤਾਂ ਕਿ ਪੱਤਰਕਾਰਾਂ ਨੂੰ ਸਮੁੱਚੇ ਕੰਪਲੈਕਸ ਵਿਚ ਨਾ ਲਿਜਾਇਆ ਜਾਵੇ।
ਬੱਸ ਕਮਾਂਡ ਸਦਰ ਮੁਕਾਮ ਪਹੁੰਚੀ ਅਤੇ ਅਸੀਂ ਅਪਰੇਸ਼ਨਜ਼ ਰੂਮ ਵਿਚ ਦਾਖ਼ਲ ਹੋਏ ਜਿੱਥੇ ਕੰਧ ਉਪਰ ‘ਯੁੱਧ ਖੇਤਰ’ ਭਾਵ ਦਰਬਾਰ ਸਾਹਿਬ ਕੰਪਲੈਕਸ ਦਾ ਇਕ ਵੱਡਾ ਨਕਸ਼ਾ ਲਟਕ ਰਿਹਾ ਸੀ। ਇੱਥੇ ਅਪਰੇਸ਼ਨ ਦੇ ਕਮਾਂਡਰ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਦੀ ਬ੍ਰੀਫਿੰਗ ਤੋਂ ਬਾਅਦ ਪ੍ਰੈੱਸ ਪਾਰਟੀ ਯੁੱਧ ਖੇਤਰ ਵੱਲ ਰਵਾਨਾ ਹੋ ਗਈ।
ਘੰਟਾ ਘਰ (ਜੋ ਕਈ ਸਾਲਾਂ ਬਾਅਦ ਢਾਹਿਆ ਗਿਆ) ਵੱਲ ਪੈਂਦੇ ਦਰਬਾਰ ਸਾਹਿਬ ਕੰਪਲੈਕਸ ਦੇ ਮੁੱਖ ਦੁਆਰ ’ਤੇ ਹੋਈ ਬਹੁਤ ਭਾਰੀ ਗੋਲੀਬਾਰੀ ਦੂਜੀ ਸੰਸਾਰ ਜੰਗ ਵੇਲੇ ਦੀ ਬਰਬਾਦੀ ਦਾ ਚੇਤਾ ਕਰਵਾ ਰਹੀ ਸੀ। ਘੰਟੇ ਦੀਆਂ ਸੂਈਆਂ ਚਾਰ ਜੂਨ ਦੀ ਸਵੇਰ ’ਤੇ ਰੁਕੀਆਂ ਹੋਈਆਂ ਸਨ ਜਦੋਂ ਅਪਰੇਸ਼ਨ ਸ਼ੁਰੂ ਹੋਇਆ ਸੀ। ਚਾਰੇ ਪਾਸੇ ਸੰਨਾਟਾ ਛਾਇਆ ਹੋਇਆ ਸੀ, ਅੰਦਰ ਮਨੁੱਖੀ ਮਾਸ ਦੀ ਦੁਰਗੰਧ ਫੈਲੀ ਹੋਈ ਸੀ। ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਚਾਂਦੀ ਦੇ ਵਰਕ ਵਾਲੇ ਦਰਵਾਜ਼ੇ ’ਤੇ ਅੰਗਰੇਜ਼ੀ ਦੇ ਵੱਡੇ ਅੱਖਰਾਂ ਵਿਚ ਲਿਖਿਆ ਇਕ ਨੋਟਿਸ ਚਸਪਾ ਕੀਤਾ ਹੋਇਆ ਸੀ: ਅੰਡਰ ਆਰਮੀ ਆਕੂਪੇਸ਼ਨ (ਫ਼ੌਜ ਦੇ ਕਬਜ਼ੇ ਅਧੀਨ)।
ਫ਼ੌਜ ਦੇ ਅਧਿਕਾਰੀਆਂ ਨੂੰ ਇਹ ਸਮਝਾਉਣ ਲਈ ਕਾਫ਼ੀ ਤਰੱਦਦ ਕਰਨਾ ਪੈ ਰਿਹਾ ਸੀ ਕਿ ਕਿਵੇਂ ਦਰਬਾਰ ਸਾਹਿਬ ਦਾ ਨੁਕਸਾਨ ਨਹੀਂ ਹੋਣ ਦਿੱਤਾ ਗਿਆ ਪਰ ਸਿੱਖਾਂ ਦੀ ਸਮੂਹਿਕ ਮਾਨਸਿਕਤਾ ਨੂੰ ਪਹੁੰਚੇ ਨੁਕਸਾਨ ਦਾ ਕੀ ? ... ਅਕਾਲ ਤਖ਼ਤ ਦੀ ਪਹਿਲੀ ਮੰਜ਼ਿਲ ’ਤੇ ਖ਼ੂਨ ਦੇ ਛਿੱਟਿਆਂ ਨਾਲ ਰੰਗੀ ਸਫ਼ੇਦ ਚਾਦਰ ਵਿਚ ਲਿਪਟੀ ਗੁਰੂ ਗ੍ਰੰਥ ਸਾਹਿਬ ਦੀ ਇਕ ਇਤਿਹਾਸਕ ਬੀੜ ਨਜ਼ਰ ਆਈ। ਬੀੜ ਨੂੰ ਸਾਂਭਣ ਦਾ ਇਹ ਤਰੱਦਦ ਐਨਾ ਤਰਾਸਦਿਕ ਹੋ ਨਿੱਬੜਿਆ ਕਿ ਮੈਨੂੰ ਕਈ ਸਾਲਾਂ ਤੱਕ ਝੰਜੋੜਦਾ ਰਿਹਾ।
* * *
ਇਹ ਇਕ ਅਜਿਹਾ ਮੁਕੱਦਸ ਸਥਾਨ ਸੀ ਜਿੱਥੇ ਕਿਸੇ ਵਿਅਕਤੀ ਨੂੰ ਵਰਦੀ ਪਹਿਨ ਕੇ ਅੰਦਰ ਜਾਣ ਦੀ ਆਗਿਆ ਨਹੀਂ ਸੀ ਕਿਉਂਕਿ ਰੱਬ ਦਾ ਘਰ ਕਿਸੇ ਦੁਨਿਆਵੀ ਤਾਕਤ ਨੂੰ ਨਹੀਂ ਪਛਾਣਦਾ। ਪਰ ਜੂਨ ਤੋਂ ਕਾਫ਼ੀ ਦੇਰ ਪਹਿਲਾਂ ਹੀ ਬੰਦੂਕਧਾਰੀ ਖਾੜਕੂਆਂ ਨੇ ਕਬਜ਼ਾ ਕਰ ਕੇ ਇਸ ਸਥਾਨ ਦੀ ਪਵਿੱਤਰਤਾ ਭੰਗ ਕਰ ਦਿੱਤੀ ਸੀ।
* * *
ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਸੀ ਜਦੋਂ ਇਹ ਸਥਾਨ ਇਕ ਆਜ਼ਾਦ ਰਾਜ ਲਈ ਸਿੱਖਾਂ ਦੇ ਹਥਿਆਰਬੰਦ ਸੰਘਰਸ਼ ਦਾ ਮਰਕਜ਼ ਬਣਿਆ ਸੀ। ਉਂਝ, ਉਦੋਂ ਤੱਕ ਇਸ ਨੂੰ ਭਾਰਤੀ ਸਟੇਟ ਨਾਲ ਟਕਰਾਅ ਦੇ ਮੰਤਵ ਦੇ ਰੂਪ ਵਿਚ ਨਹੀਂ ਐਲਾਨਿਆ ਗਿਆ ਸੀ। ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਪੈਂਦੀ ਅਕਾਲ ਤਖ਼ਤ ਦੀ ਲੋਕੇਸ਼ਨ ਦੇ ਮੱਦੇਨਜ਼ਰ ਇਸ ਦੀ ਖਾੜਕੂਆਂ ਵੱਲੋਂ ਕੀਤੀ ਕਿਲੇਬੰਦੀ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਦਰਬਾਰ ਸਾਹਿਬ ਨੇੜੇ ਸਥਿਤ ਬੁੰਗਾ ਰਾਮਗੜ੍ਹੀਆ ਨੂੰ ਇਸ ਦੀ ਸੁਰੱਖਿਆ ਲਈ ਇਕ ਕਿਲੇ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਹਰੇਕ ਸ਼ਾਂਤਮਈ ਅੰਦੋਲਨ ਦੀ ਸ਼ੁਰੂਆਤ ਅਕਾਲ ਤਖ਼ਤ ’ਤੇ ਅਰਦਾਸ ਨਾਲ ਕੀਤੀ ਸੀ। ਬਹਰਹਾਲ, ਖਾੜਕੂਆਂ ਦੀਆਂ ਇਨ੍ਹਾਂ ਸਾਰੀਆਂ ਕਾਰਵਾਈਆਂ ਦੇ ਆਧਾਰ ’ਤੇ ਅਪਰੇਸ਼ਨ ਬਲਿਊ ਸਟਾਰ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਦਰਬਾਰ ਸਾਹਿਬ ’ਚੋਂ ਬਾਹਰ ਆਉਂਦਿਆਂ ਇਕ ਸੀਨੀਅਰ ਅਫ਼ਸਰ ਨੇ ਉਸ ਜਗ੍ਹਾ ਵੱਲ ਇਸ਼ਾਰਾ ਕੀਤਾ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗੋਲੀ ਮਾਰੀ ਗਈ ਸੀ। ਇਹ ਜਗ੍ਹਾ ਉਹ ਨਹੀਂ ਸੀ ਜਿਸ ਬਾਬਤ ਪਹਿਲਾਂ ਅਪਰੇਸ਼ਨਜ਼ ਰੂਮ ਵਿਚ ਉਚ ਅਧਿਕਾਰੀਆਂ ਵੱਲੋਂ ਕੀਤੀ ਗਈ ਬ੍ਰੀਫਿੰਗ ਵਿਚ ਦੱਸਿਆ ਗਿਆ ਸੀ। ਖ਼ੈਰ, ਉਸ ਨੇ ਗ਼ਲਤੀ ਭਾਂਪ ਕੇ ਝਟਪਟ ‘ਦਰੁਸਤੀ’ ਕਰ ਲਈ। ਉਸ ਵੇਲੇ ਤੱਕ ਸਰਕਾਰੀ ਦਾਅਵੇ ਮੁਤਾਬਕ ਸੰਤ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਮੇਜਰ ਜਨਰਲ (ਸੇਵਾਮੁਕਤ) ਸ਼ਬੇਗ ਸਿੰਘ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਦੀਆਂ ਮ੍ਰਿਤਕ ਦੇਹਾਂ ਅਕਾਲ ਤਖ਼ਤ ਦੀ ਬੇਸਮੈਂਟ ’ਚੋਂ ਬਰਾਮਦ ਹੋਈਆਂ ਸਨ ਪਰ ਇਸ ਦਾਅਵੇ ਦੇ ਉਲਟ ਉਨ੍ਹਾਂ ਨੂੰ ਝੰਡਾ ਬੁੰਗੇ ਦੇ ਸਾਹਮਣੇ ਉਦੋਂ ਗੋਲੀ ਵੱਜੀ ਸੀ ਜਦੋਂ ਉਹ ਬੇਸਮੈਂਟ ’ਚੋਂ ਬਾਹਰ ਆ ਰਹੇ ਸਨ। ਸੰਤ ਭਿੰਡਰਾਂਵਾਲਿਆਂ, ਅਮਰੀਕ ਸਿੰਘ ਅਤੇ ਮੇਜਰ ਜਨਰਲ ਸ਼ਬੇਗ ਸਿੰਘ ਦੀਆਂ ਅਸਥੀਆਂ 14 ਜੂਨ ਨੂੰ 200 ਹੋਰਨਾਂ ਵਿਅਕਤੀਆਂ ਦੀਆਂ ਅਸਥੀਆਂ ਨਾਲ ਕੀਰਤਪੁਰ ਸਾਹਿਬ ਵਿਖੇ ਵਿਸਰਜਿਤ ਕੀਤੀਆਂ ਗਈਆਂ। ਅਣਪਛਾਤੀਆਂ ਲਾਸ਼ਾਂ ਨੂੰ ਨਗਰ ਨਿਗਮ ਦੇ ਟਰੱਕਾਂ ਵਿਚ ਲੱਦ ਕੇ ਗੁਰਦੁਆਰਾ ਸ਼ਹੀਦਾਂ ਨੇੜਲੇ ਸ਼ਮਸ਼ਾਨਘਾਟ ਲਿਜਾ ਕੇ ਸਮੂਹਿਕ ਤੌਰ ’ਤੇ ਸਸਕਾਰ ਕੀਤਾ ਗਿਆ।
* * *
ਹਾਲਾਂਕਿ ਸਾਕਾ ਨੀਲਾ ਤਾਰਾ ਦੀ ਅਗਾਊਂ ਯੋਜਨਾਬੰਦੀ ਕਈ ਮਹੀਨੇ ਪਹਿਲਾਂ ਕਰ ਲਈ ਗਈ ਸੀ ਪਰ ਉੱਥੇ ਮੌਜੂਦ ਖਾੜਕੂਆਂ ਵਲੋਂ ਦਿੱਤੀ ਗਈ ਸਖ਼ਤ ਟੱਕਰ ਕਰ ਕੇ ਫ਼ੌਜ ਦੀਆਂ ਗਿਣਤੀਆਂ ਮਿਣਤੀਆਂ ਹਵਾ ਵਿਚ ਉਡ ਗਈਆਂ। ਇੱਥੋਂ ਤੱਕ ਕਿ ਪੱਛਮੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਕੇ ਸੁੰਦਰਜੀ ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਖਾੜਕੂਆਂ ਦੀ ਆਪਣੇ ਕਾਜ਼ ਪ੍ਰਤੀ ਸਮਰਪਣ, ਵਚਨਬੱਧਤਾ ਅਤੇ ਲੜਨ ਦੇ ਜਜ਼ਬੇ ਦੀ ਗੱਲ ਪ੍ਰਵਾਨ ਕੀਤੀ ਸੀ।
* * *
ਸਾਕਾ ਨੀਲਾ ਤਾਰਾ ਦਾ ਅੰਤ ਸੰਤ ਭਿੰਡਰਾਂਵਾਲਿਆਂ, ਅਮਰੀਕ ਸਿੰਘ ਅਤੇ ਮੇਜਰ ਜਨਰਲ ਸੇਵਾਮੁਕਤ ਸ਼ਬੇਗ ਸਿੰਘ ਅਤੇ ਸੈਂਕੜੇ ਹੋਰਨਾਂ ਲੋਕਾਂ ਦੀ ਮੌਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਅਤੇ ਧਰਮ ਯੁੱਧ ਮੋਰਚੇ ਦੇ ਆਗੂ ਹਰਚੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਬਹੁਤ ਸਾਰੇ ਹੋਰਨਾਂ ਦੀ ਗ੍ਰਿਫ਼ਤਾਰੀ ਨਾਲ ਹੋਇਆ। ਫ਼ੌਜੀ ਕਾਰਵਾਈ ਕਰ ਕੇ ਬਹੁਤ ਸਾਰੀਆਂ ਫ਼ੌਜੀ ਛਾਉਣੀਆਂ ਵਿਚ ਸਿੱਖ ਫ਼ੌਜੀਆਂ ਨੇ ਬਗਾਵਤ ਕਰ ਦਿੱਤੀ। ਬਹੁਤ ਸਾਰੇ ਸਿੱਖ ਫ਼ੌਜੀ ਅੰਮ੍ਰਿਤਸਰ ਵੱਲ ਮਾਰਚ ਕਰਦੇ ਹੋਏ ਰਾਹ ਵਿਚ ਸੁਰੱਖਿਆ ਦਸਤਿਆਂ ਨਾਲ ਹੋਏ ਮੁਕਾਬਲੇ ਵਿਚ ਮਾਰੇ ਗਏ।
* * *
ਫ਼ੌਜ ਨੇ ਸਾਕਾ ਨੀਲਾ ਤਾਰਾ ਅਪਰੇਸ਼ਨ ਦੀ ਲੜੀ ਦੇ ਰੂਪ ਵਿਚ ਪੰਜਾਬ ਵਿਚ 42 ਹੋਰਨਾਂ ਗੁਰਦੁਆਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਸੀ। ਇਨ੍ਹਾਂ ਗੁਰਦੁਆਰਿਆਂ ਵਿਚ ਕੋਈ ਖਾੜਕੂ ਮੌਜੂਦ ਨਹੀਂ ਸੀ ਜਿਸ ਕਰ ਕੇ ਸਰਕਾਰ ਦੇ ਇਰਾਦਿਆਂ ਨੂੰ ਲੈ ਕੇ ਸਵਾਲ ਉਠਾਏ ਗਏ ਸਨ। ਗੁਰਦੁਆਰਾ ਦੂਖਨਿਵਾਰਨ ਸਾਹਿਬ, ਪਟਿਆਲਾ ਵਿਚ ਵੀ ਫ਼ੌਜੀ ਟੈਂਕ ਦਾਖ਼ਲ ਹੋਏ ਸਨ। ਪੂਰੇ ਪੰਜਾਬ ਨੂੰ ਫ਼ੌਜੀ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਬਾਕੀ ਦੁਨੀਆਂ ਨਾਲ ਅਲੱਗ ਥਲੱਗ ਕਰ ਦਿੱਤਾ ਗਿਆ ਸੀ।
* ਸੀਨੀਅਰ ਪੱਤਰਕਾਰ ਦੀ ਕਿਤਾਬ ‘ਦਿ ਖਾਲਿਸਤਾਨ ਸਟ੍ਰਗਲ: ਏ ਨਾਨ ਮੂਵਮੈਂਟ’ ਦੇ ਅੰਸ਼ਾਂ ’ਤੇ ਆਧਾਰਿਤ।