For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਹਲਕੇ ਤੋਂ ਬਾਦਲ ਪਰਿਵਾਰ ਦੀ ਇਹ ਆਖਰੀ ਚੋਣ ਹੋਵੇਗੀ: ਮਾਨ

06:37 AM May 24, 2024 IST
ਬਠਿੰਡਾ ਹਲਕੇ ਤੋਂ ਬਾਦਲ ਪਰਿਵਾਰ ਦੀ ਇਹ ਆਖਰੀ ਚੋਣ ਹੋਵੇਗੀ  ਮਾਨ
ਮੁੱਖ ਮੰਤਰੀ ਭਗਵੰਤ ਮਾਨ ਗੁਰਾਇਆ ’ਚ ਪਵਨ ਕੁਮਾਰ ਟੀਨੂੰ ਦੇ ਹੱਕ ’ਚ ਰੋਡ ਸ਼ੋਅ ਕਰਦੇ ਹੋਏ। -ਫੋਟੋ: ਮਲਕੀਅਤ ਿਸੰਘ
Advertisement

* ਸਾਰਾ ਪੰਜਾਬ ‘ਆਪ’ ਨਾਲ ਹੋਣ ਦਾ ਕੀਤਾ ਦਾਅਵਾ

Advertisement

ਹਤਿੰਦਰ ਮਹਿਤਾ
ਜਲੰਧਰ, 23 ਮਈ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿਚ ਨਕੋਦਰ, ਆਦਮਪੁਰ, ਗੁਰਾਇਆ ਤੇ ਜਲੰਧਰ ਛਾਉਣੀ ਸਣੇ ਵੱਖ ਵੱਖ ਥਾਵਾਂ ’ਤੇ ਰੋਡ ਸ਼ੋਅ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਲੋਕ ਸਭਾ ਚੋਣਾਂ ਬਾਦਲ ਪਰਿਵਾਰ ਦੀ ਆਖਰੀ ਚੋਣ ਹੋਵੇਗੀ ਕਿਉਕਿ ਐਤਕੀਂ ਉਨ੍ਹਾਂ ਹੱਥੋਂ ਬਠਿੰਡਾ ਦੀ ਸੀਟ ਵੀ ਜਾਂਦੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਤਿ ਦੀ ਗਰਮੀ ਦੇ ਬਾਵਜੂਦ ਇੰਨੇ ਲੋਕ ਇਕੱਠੇ ਹੋਏ, ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅੱਠ ਦਿਨਾਂ ਬਾਅਦ ‘ਆਪ’ ਨੇ ਫੈਸਲਾ ਕਰਨਾ ਹੈ ਕਿ ਦੇਸ਼ ਕਿੱਧਰ ਨੂੰ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਈਵੀਐੱਮਜ਼ ਵਿਚ ‘ਆਪ’ ਦਾ ਬਟਨ ਚੌਥੇ ਨੰਬਰ ’ਤੇ ਹੋਵੇਗਾ, ਪਰ ਉਹ ਪਹਿਲੇ ਨੰਬਰ ’ਤੇ ਆਉਣਗੇ। ਮਾਨ ਨੇ ਕਿਹਾ ਕਿ ਜਿੱਤ ਤੋਂ ਬਾਅਦ ਟੀਨੂੰ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਸ਼ੁਰੂ ਹੋਵੇਗੀ। 4 ਜੂਨ ਨੂੰ ਜਿੱਤ ਦਰਜ ਕਰਕੇ ਸਾਰਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦਿੱਲੀ ਵਿੱਚ ਟੀਨੂੰ ਵਰਗੇ ਆਗੂ ਗੂੰਜਣਗੇ ਤਾਂ ਪੰਜਾਬ ਦਾ ਭਲਾ ਹੋਵੇਗਾ। ਸ੍ਰੀ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਵਰਗੇ ਲੀਡਰ ਆਪਣੀਆਂ ਗੱਡੀਆਂ ’ਤੇ ਛਤਰੀਆਂ ਲਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਲੋਕਾਂ ਦੇ ਬਿੱਲ ਜ਼ੀਰੋ ਕਰ ਦਿੱਤੇ ਹਨ, ਉਸੇ ਤਰ੍ਹਾਂ ਵਿਰੋਧੀ ਧਿਰ ਦੀਆਂ ਸੀਟਾਂ ਵੀ ਘਟਾ ਕੇ ਜ਼ੀਰੋ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਜੇ ਮੁੜ ਸੱਤਾ ’ਚ ਆਉਂਦੀ ਹੈ ਤਾਂ ਉਹ ਸੰਵਿਧਾਨ ਨੂੰ ਬਦਲ ਦੇਣਗੇ। ਨਕੋਦਰ ਤੇ ਜਲੰਧਰ ਛਾਉਣੀ ਵਿਚ ਲੋਕਾਂ ਦਾ ਸਮਰਥਨ ਦੇਖ ਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ’ਚ ਲੋਕ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਟੀਨੂੰ ਗਰੀਬ ਪਰਿਵਾਰ ਦਾ ਮੈਂਬਰ ਹੈ ਤੇ ਉਸ ਨੇ ਗਰੀਬੀ ਦੇਖੀ ਹੈ। ਉਹ ਗਰੀਬੀ ਲਈ ਹੀ ਕਾਨੂੰਨ ਬਣਾਏਗਾ। ਮਾਨ ਨੇ ਕਿਹਾ ਕਿ ਜਲੰਧਰ ਦੇ ਦਿਹਾਤੀ ਖੇਤਰਾਂ ’ਚ ਜਿੱਤ ਤੋਂ ਬਾਅਦ ਵਿਕਾਸ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਲੀਡਰਾਂ ਨੇ ਪਹਾੜਾਂ ਵਿੱਚ ਮਹਿਲ ਬਣਾਏ ਹੋਏ ਹਨ। ਸੁਖਬੀਰ ਬਾਦਲ ’ਤੇ ਨਿਸ਼ਾਨਾ ਸੇਧਦੇ ਹੋਏ ਮਾਨ ਨੇ ਕਿਹਾ ਕਿ ਬਾਦਲ ਦਾ ਅਜਿਹਾ ਹੋਟਲ ਹੈ ਜਿਸ ਦੇ ਹਰ ਕਮਰੇ ’ਚ ਸਵਿਮਿੰਗ ਪੂਲ ਹੈ। ਮਾਨ ਨੇ ਕਿਹਾ ਕਿ ਜਲਦ ਹੀ ਬਾਦਲ ਦੇ ਹੋਟਲ ਨੂੰ ਸਕੂਲ ’ਚ ਤਬਦੀਲ ਕੀਤਾ ਜਾਵੇਗਾ। ਹਾਰ ਦੇ ਡਰ ਕਾਰਨ ਬਾਦਲ ਪਰਿਵਾਰ ’ਚ ਲੜਾਈ ਸ਼ੁਰੂ ਹੋ ਗਈ ਹੈ। ਮਾਨ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਬਠਿੰਡਾ ਸੀਟ ਵੀ ਅਕਾਲੀ ਦਲ ਤੋਂ ਖੁੱਸ ਜਾਵੇਗੀ। ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਮਾਨ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਜਲੰਧਰ ਸੀਟ ਤੋਂ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਵੀ ਮੌਜੂਦ ਸਨ।

ਵਿਧਾਇਕ ਕੋਟਲੀ ਵੱਲੋਂ ਆਦਮਪੁਰ ਵਿਚ ਰੋਡ ਸ਼ੋਅ ਦਾ ਵਿਰੋਧ

ਮੁੱਖ ਮੰਤਰੀ ਭਗਵੰਤ ਮਾਨ ਅੱਜ ਦੇਰ ਸ਼ਾਮ ਰੋਡ ਸ਼ੋਅ ਲਈ ਆਦਮਪੁਰ ਪਹੁੰਚੇ ਤਾਂ ਸਥਾਨਕ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਰੇਲਵੇ ਰੋਡ ’ਤੇ ਕਾਲੇ ਝੰਡੇ ਲੈ ਕੇ ਉਨ੍ਹਾਂ ਦਾ ਵਿਰੋਧ ਕੀਤਾ। ਇਸ ਮੌਕੇ ਵਿਧਾਇਕ ਕੋਟਲੀ ਤੇ ਉਨ੍ਹਾਂ ਦੇ ਸਾਥੀਆਂ ਨੇ ਭਗਵੰਤ ਮਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਵਿਧਾਇਕ ਕੋਟਲੀ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨੂੰ ਪੁਲੀਸ ਨੇ ਪਿੱਛੇ ਹੀ ਰੋਕ ਦਿੱਤਾ ਸੀ ਪਰ ਉਹ ਕਿਸੇ ਤਰ੍ਹਾਂ ਇਕੱਲੇ ਹੀ ਰੇਲਵੇ ਰੋਡ ’ਤੇ ਆ ਗਏ ਤੇ ਸੜਕ ਵਿਚਾਲੇ ਬੈਠ ਕੇ ਧਰਨਾ ਦਿੱਤਾ। ਇਸੇ ਦੌਰਾਨ ਪੁਲੀਸ ਉਨ੍ਹਾਂ ਨੂੰ ਧੱਕੇ ਨਾਲ ਚੁੱਕ ਕੇ ਆਪਣੀ ਗੱਡੀ ਵਿਚ ਬਿਠਾ ਕੇ ਲੈ ਗਈ, ਪਰ ਥੋੜ੍ਹੇ ਸਮੇਂ ਬਾਅਦ ਹੀ ਵਿਧਾਇਕ ਕੋਟਲੀ ਨੂੰ ਛੱਡ ਦਿੱਤਾ। ਕੋਟਲੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਅਸੈਂਬਲੀ ਵਿਚ ਉਨ੍ਹਾਂ ਦਾ ਅਪਮਾਨ ਕੀਤਾ ਸੀ ਤੇ ਉਨ੍ਹਾਂ ਮੁੱਖ ਮੰਤਰੀ ਦੇ ਆਦਮਪੁਰ ਆਉਣ ’ਤੇ ਵਿਰੋਧ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਪੁਲੀਸ ਉਨ੍ਹਾਂ ਨੂੰ ਬੀਤੀ ਰਾਤ ਤੋਂ ਹੀ ਲੱਭ ਰਹੀ ਸੀ ਪਰ ਉਹ ਕਿਸੇ ਤਰ੍ਹਾਂ ਮਾਨ ਦੇ ਰੋਡ ਸ਼ੋਅ ਵਾਲੀ ਥਾਂ ’ਤੇ ਪਹੁੰਚ ਗਏ।

Advertisement
Author Image

joginder kumar

View all posts

Advertisement
Advertisement
×