ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਸ ਸ਼ਖ਼ਸ ਦਾ ਨਾਮ ਦੇਸ ਰਾਜ ਕਾਲੀ ਹੀ ਤਾਂ ਹੈ

06:15 AM Sep 07, 2023 IST

ਅਨੇਮਨ ਸਿੰਘ

ਜਲੰਧਰ ਮੈਨੂੰ ਦਾਦਕਾ ਪਿੰਡ ਹੀ ਲੱਗਦਾ ਹੈ। ਕਾਰਨ? ਇੱਥੇ ਕਈ ਕਲਮਾਂ ਅਜਿਹੀਆਂ ਹਨ ਜਿਨ੍ਹਾਂ ਨੇ ਮੈਨੂੰ ਕਾਫ਼ੀ ਪ੍ਰਭਾਵਿਤ ਕੀਤਾ। ਇਨ੍ਹਾਂ ’ਚੋਂ ਇਕ ਪ੍ਰੇਮ ਪ੍ਰਕਾਸ਼ ਹੈ ਜਿਨ੍ਹਾਂ ਨੂੰ ਮੈਂ ਕਲਮੀ ਰਿਸ਼ਤੇ ’ਚ ਦਾਦਾ ਆਖਦਾ ਹਾਂ; ਜਿੰਦਰ ਹਨ ਜੋ ਮੇਰੇ ਪਿਤਾ ਸਮਾਨ ਹਨ; ਤੇ ਇਕ ਸ਼ਖ਼ਸ ਅਜਿਹਾ ਹੈ ਜਿਸ ਲਈ ‘ਸੀ’ ਲਿਖਣਾ ਮੈਨੂੰ ਬੜਾ ਦੁੱਖਦਾਈ ਲੱਗ ਰਿਹਾ ਹੈ- ਉਹ ਹੈ ਦੇਸ ਰਾਜ ਕਾਲੀ। ਉਹ ਤਾਂ ਮੈਨੂੰ ਸਕਾ ਭਰਾ ਹੀ ਲੱਗਦਾ।
ਕਾਲੀ ਦੀਆਂ ਰਚਨਾਵਾਂ ਪੜ੍ਹਨਾ ਚੁਣੌਤੀ ਭਰਿਆ ਕਾਰਜ ਹੈ। ਹੋ ਸਕਦਾ, ਉਸ ਦੇ ਨਾਵਲ ਕਹਾਣੀਆਂ ਪੜ੍ਹਦਿਆਂ ਤੁਸੀਂ ਇਕ ਵਾਰ ਅੱਕ-ਥੱਕ ਜਾਓ ਪਰ ਪੜ੍ਹੋ ਜ਼ਰੂਰ। ਇਕ ਵਾਰ ਨਾ ਸਮਝ ਆਏ ਤਾਂ ਦੂਜੀ ਵਾਰ ਪੜ੍ਹੋ; ਦੂਜੀ ਵਾਰ ਨਹੀਂ ਸਮਝ ਆਇਆ ਤਾਂ ਤੀਜੀ ਵਾਰ ਪੜ੍ਹੋ। ਥੱਕੋ ਨਾ, ਪੜ੍ਹਦੇ ਜਾਵੋ। ਇਕ ਦਿਨ ਤੁਹਾਨੂੰ ਉਸ ਦੀਆਂ ਰਚਨਾਵਾਂ ਦੀ ਸਮਝ ਆ ਜਾਵੇਗੀ ਪਰ ਇਸ ਵਿਚਾਲੇ ਤੁਸੀਂ ਇਹ ਕਹਿ ਦੇਵੋ ਕਿ ਦੇਸ ਰਾਜ ਕਾਲੀ ਦੇ ਨਾਵਲ ਜਾਂ ਕਹਾਣੀਆਂ ਮੇਰੀ ਸਮਝ ’ਚ ਨਹੀਂ ਆਈਆਂ ਤਾਂ ਇਹ ਤੁਹਾਡੇ ਚੰਗੇ ਪਾਠਕ ਹੋਣ ਦੀ ਨਿਸ਼ਾਨੀ ਨਹੀਂ ਹੋਵੇਗੀ।
ਕਾਲੀ ਪੰਜਾਬੀ ਦਾ ਇਕੋ-ਇਕ ਗਲਪਕਾਰ ਸੀ ਜੋ ਮਨ ਦੀ ਰਫ਼ਤਾਰ ਨੂੰ ਫੜ ਕੇ ਲਿਖਦਾ। ਉਹ ਜਿਵੇਂ ਮਨ ਸੋਚਦਾ, ਉਵੇਂ ਲਿਖਦਾ। ਮੈਂ ਜਦੋਂ ਉਸ ਦੇ ਨਾਵਲ ਕਹਾਣੀਆਂ ਪੜ੍ਹਦਾ ਤਾਂ ਹੈਰਾਨੀ ਹੁੰਦੀ। ਇੰਨੀ ਰਫ਼ਤਾਰ ਨਾਲ ਪਾਤਰਾਂ ਦੀ ਮਨੋ-ਸਥਿਤੀ ਬਦਲਦੀ ਦੇਖ ਕੇ ਉਸ ਦੀ ਗਲਪ ਚੇਤਨਾ ’ਤੇ ਰਸ਼ਕ ਆਉਂਦਾ। ਉਸ ਰਚਨਾਵਾਂ ਦੇ ਸਿਰਲੇਖ ਦਿਲਾਂ ਨੂੰ ਟੁੰਬਦੇ, ਕੁਝ ਸੋਚਣ ਲਈ ਮਜਬੂਰ ਕਰਦੇ। ‘ਬਿੱਲੀ ਤੇਰਾ ਸ਼ੁਕਰੀਆ’, ‘ਟਿਟਰ ਟਿਟਰ ਟ੍ਰੀ ਟ੍ਰੀ ਟਰੈਂਅ’, ‘ਪੰਚਕੂਲੇ ’ਚ ਜਨਾਜ਼ਾ’, ‘ਭੈਰਵੀ’, ‘ਫਕੀਰੀ’ ,‘ਪ੍ਰਥਮ ਪੌਰਾਣ’, ‘ਪ੍ਰਣੇਸ਼ਵਰੀ’, ‘ਸ਼ਹਿਰ ’ਚ ਸਾਨ੍ਹ ਹੋਣ ਦਾ ਮਤਲਬ’, ‘ਤਸੀਹੇ ਕਦੇ ਬੁੱਢੇ ਨਹੀਂ ਹੁੰਦੇ’ ਆਦਿ ਕਿੰਨੇ ਸਿਰਲੇਖਾਂ ਦੀ ਮਿਸਾਲ ਦਿੱਤੀ ਜਾ ਸਕਦੀ ਹੈ ਜੋ ਸਾਡੇ ਅੰਦਰ ਧੁੜਧੁੜੀ ਲਾ ਦਿੰਦੇ।
ਦੇਸ ਰਾਜ ਕਾਲੀ ਪਾਠਕ ਨੂੰ ਆਪਣੇ ਬਿਰਤਾਂਤ ਦੀ ਤੰਦ ਨਹੀਂ ਫੜਾਉਂਦਾ ਸਗੋਂ ਪਾਠਕ ਦੇ ਜਿ਼ਹਨ ਨੂੰ ਹੌਲ਼ੀ ਹੌਲ਼ੀ ਕੁਤਰਦਾ ਰਹਿੰਦਾ ਹੈ। ਇਸ ਨਾਲ ਦਰਦ ਤਾਂ ਘੱਟ ਹੁੰਦਾ ਹੈ ਪਰ ਚੀਸ ਵੱਧ ਉੱਠਦੀ ਹੈ। ਇਹੋ ਚੀਸ ਉਹ ਚਾਹੁੰਦਾ ਹੈ ਸਾਡੇ ਅੰਦਰ ਪੈਦਾ ਹੁੰਦੀ ਰਹੇ ਤਾਂ ਕਿ ਅਸੀਂ ਹੋਰ ਚੌਕਸ ਹੋ ਕੇ ਉਸ ਦੇ ਨਾਵਲ ਨਾਲ ਜੁੜੀਏ। ਇਸੇ ਤਰ੍ਹਾਂ ਮੇਰੇ ਨਾਲ ਵੀ ਉਸ ਦਾ ਨਵਾਂ ਨਾਵਲ ‘ਸ਼ਹਿਰ ਵਿਚ ਸਾਨ੍ਹ ਹੋਣ ਦਾ ਮਤਲਬ’ ਪੜ੍ਹਦੇ ਸਮੇਂ ਹੋਇਆ। ਸੰਬੋਧਨੀ ਸੁਰ ’ਚ ਸ਼ੁਰੂ ਹੋਏ ਉਸ ਦੇ ਨਾਵਲ ਕਹਾਣੀਆਂ ਨੂੰ ਜਿਉਂ ਜਿਉਂ ਪੜ੍ਹਦੇ ਹਾਂ, ਇਸ ’ਚ ਅਗਾਂਹ ਦੀ ਅਗਾਂਹ ਹੋਰ ਕਿੰਨੀਆਂ ਕਹਾਣੀਆਂ ਆ ਨਿਕਲਦੀਆਂ ਹਨ ਜੋ ਤੁਹਾਡੇ ਮਨ ਅੰਦਰ ਸ਼ੋਰ ਮਚਾਉਣ ਲੱਗਦੀਆਂ ਹਨ। ਕਈ ਵਾਰ ਤਾਂ ਪੜ੍ਹਦੇ ਇੰਞ ਲੱਗਦਾ ਹੈ ਕਿ ਸਾਰਾ ਨਾਵਲ ਕਿਸੇ ਕਥਾ ਵਾਚਕ ਵਾਂਗ ਸਾਨੂੰ ਦੇਸ ਰਾਜ ਕਾਲੀ ਖੁਦ ਸੁਣਾ ਰਿਹਾ ਹੈ। ਇਸ ਦਾ ਕਾਰਨ ਉਸ ਦੀ ਮਲੰਗੀ ਹੈ। ਉਹ ਫ਼ਕੀਰਾਂ ਵਾਂਗ ਸ਼ਹਿਰ ਦੀਆਂ ਗਲੀਆਂ ’ਚ ਤੁਰਿਆ ਫਿਰਦਾ ਹੈ। ਉਸ ਦੀਆਂ ਲਿਖਤਾਂ ’ਚ ਖਾਸੀਅਤ ਇਹ ਲੱਗੀ ਕਿ ਕਾਲੀ ਦੀ ਦ੍ਰਿਸ਼ਟੀ ਛੋਟੀ ਤੋਂ ਛੋਟੀ ਘਟਨਾ ’ਤੇ ਕੇਂਦਰਿਤ ਹੋ ਕਿਵੇਂ ਉਸ ਨੂੰ ਹੂ-ਬ-ਹੂ ਬਿਆਨ ਕਰ ਜਾਂਦੀ ਹੈ।
ਉਸ ਦੇ ਦੋ ਨਾਵਲ ‘ਸ਼ਹਿਰ ਵਿਚ ਸਾਨ੍ਹ ਹੋਣ ਦਾ ਮਤਲਬ’ ਤੇ ਦੂਜਾ ‘ਤਸੀਹੇ ਕਦੇ ਬੁੱਢੇ ਨਹੀਂ ਹੁੰਦੇ’ ਕਿਸੇ ਲਤਾੜੇ ਹੋਏ ਸੰਸਾਰਕ ਸ਼ਹਿਰ ਦੀ ਯਾਤਰਾ ਕਰਾਉਂਦੇ ਹਨ। ਨਾਵਲਾਂ ’ਚ ਜਗਮਗ ਕਰਦੀ ਦਿਸਦੀ ਜਿ਼ੰਦਗੀ ਦੇ ਪਿੱਛੇ ਫੈਲੇ ਹਨੇਰੇ ਦੇ ਵੀ ਦ੍ਰਿਸ਼ ਸਾਕਾਰ ਹੁੰਦੇ ਹਨ। ਉਹ ਸ਼ਹਿਰ ਦੀ ਹਰ ਤੰਗ ਗਲੀ ’ਚ ਸਾਨੂੰ ਲੈ ਜਾਂਦਾ ਹੈ। ਇਹ ਉਹ ਗਲੀਆਂ ਹਨ ਜਿੱਥੇ ਰੁਦਨ ਤਾਂ ਹੈ ਪਰ ਰੋਣ ਲਈ ਕਿਸੇ ਕੋਲ ਵਿਹਲ ਨਹੀਂ। ਜਿੱਥੇ ਹਾਸੇ ਮਿਲ ਵੀ ਜਾਣ ਪਰ ਹੱਸਣ ਦਾ ਸਮਾਂ ਨਹੀਂ। ਜਿੱਥੇ ਪਲ ਪਲ ਮਨੁੱਖੀ ਜ਼ਿੰਦਗੀ ਲੂਣ ਵਾਂਗ ਖੁਰਦੀ ਹੈ। ਕਾਲੀ ਦੇ ਸਾਰੇ ਨਾਵਲ ਕਿੰਨੇ ਵੱਡੇ ਕੈਨਵਸ ਨੂੰ ਆਪਣੇ ਕਲੇਵਰ ’ਚ ਲਈ ਬੈਠੇ ਹਨ। ਕਿੰਨਾ ਕੁਝ ਜੋ ਅਸੀਂ ਦੇਖਦੇ ਹਾਂ, ਸਾਡੀ ਨਜ਼ਰ ਉਸ ਵੱਲੋਂ ਅਵੇਸਲੀ ਹੋ ਜਾਂਦੀ ਹੈ ਪਰ ਕਾਲੀ ਦੀ ਤਿੱਖੀ ਨਜ਼ਰ ਇਸ ਨੂੰ ਫੜ ਕੇ ਸਾਡੇ ਸਨਮੁੱਖ ਰੱਖਦੀ ਹੈ। ਉਸ ਅੰਦਰ ਦੱਬੇ-ਕੁਚਲੇ ਲੋਕਾਂ ਤੋਂ ਲੈ ਕੇ ਸਮਾਜ ਦੇ ਹਰ ਵਰਗ ਦੀ ਪੀੜ ਹੈ। ਇਹ ਪੀੜ ਅਜਿਹੀ ਪੀਕ ਨਾਲ ਭਰੀ ਹੋਈ ਹੈ ਜਿੱਥੇ ਕੋਈ ਮੱਲ੍ਹਮ ਵੀ ਅਸਰ ਨਹੀਂ ਕਰਦੀ।
ਉਸ ਦੇ ਨਾਵਲਾਂ ’ਚ ਆਇਆ ਹਰ ਪਾਤਰ ਤ੍ਰਿਸਕਾਰ ਕੇ ਨਹੀਂ ਬਲਕਿ ਉੱਪਰ ਉੱਠ ਕੇ ਜਿਊਣ ਦੀ ਉਮੀਦ ਰੱਖਦਾ ਹੈ। ਇਹ ਪਾਤਰ ਸ਼ਹਿਰੀ ਜੀਵਨ ਨੂੰ ਜੱਫ਼ਾ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਕਾਲੀ ਦੀਆਂ ਲਿਖਤਾਂ ਹੀਰੇ ਨਹੀਂ ਸਗੋਂ ਪੱਥਰ ਹਨ ਜਿਹੜੀਆਂ ਸਾਡੇ ਸਿਰ ’ਚ ਐਨ ਵੱਜਦੀਆਂ ਹਨ ਪਰ ਕੋਈ ਜ਼ਖ਼ਮ ਨਹੀਂ ਕਰਦੀਆਂ। ਜੇ ਕੁਝ ਹੁੰਦਾ ਹੈ ਤਾਂ ਸਾਡੇ ਦਿਲ ’ਚ ਹੀ ਹੁੰਦਾ ਹੈ। ਉਸ ਦੀ ਲਿਖਤ ਦਾ ਹਰ ਪਾਤਰ ਤਾਰਿਆਂ ’ਤੇ ਕਦਮ ਰੱਖ ਤੁਰਨਾ ਚਾਹੁੰਦਾ ਹੈ ਪਰ ਇਸ ਰਸਹੀਣ, ਗੰਧਹੀਣ ਜ਼ਿੰਦਗ਼ੀ ਦੀ ਖਗੋਲ ’ਚ ਵੀ ਬਣਾਉਟੀ ਚਕਾਚੌਂਧ ਵਾਲੇ ਉਪ-ਗ੍ਰਹਿਆਂ ਦੇ ਜਾਲ਼ਿਆਂ ’ਚ ਭ੍ਰਮਣ ਕਰਦਾ ਰਹਿ ਜਾਂਦਾ ਹੈ।
ਮੈਨੂੰ ਕਾਲੀ ਦੀ ਦੋਸਤੀ ’ਤੇ ਮਾਣ ਹੈ। ਉਹ ਕਈ ਵਾਰ ਮਾਨਸਾ ਆਇਆ। ਮੇਰੇ ਕੋਲ ਰਿਹਾ। ਮੈਂ ਉਸ ਦੀ ਬਿਗਾਨੀ ਮਾਂ ਦੀ ਕੁੱਖ ’ਚੋਂ ਜੰਮਿਆ ਉਸ ਦਾ ਸਕਾ ਭਰਾ ਹਾਂ। ਉਦੋਂ ਉਹ ਚਰਪਟ ਨਾਥ, ਗੋਰਖ ਨਾਥ, ਜਲੰਧਰ ਨਾਥ, ਮਛੰਦਰ ਨਾਥ ਤੇ ਹੋਰ ਪਤਾ ਨਹੀਂ ਕਿੰਨੇ ਨਾਥਾਂ ਦੀ ਸੰਗਤ ਦਾ ਆਨੰਦ ਮਾਣ ਰਿਹਾ ਸੀ। ਉਹ ਨਾਥਾਂ ਨੂੰ ਚਿਲਮਾਂ ਭਰ ਭਰ ਦਿੰਦਾ ਤੇ ਉਨ੍ਹਾਂ ਦੇ ਪ੍ਰਵਚਨ ਸੁਣਦਾ। ਨਾਥਾਂ ਦੀ ਬਹਿਸ ਦੇਖਦਾ ਤੇ ਆਪਣੇ ਦਿਮਾਗ਼ ’ਚ ਭਰਦਾ ਰਹਿੰਦਾ। ਮੇਰੀ ਡਿਊਟੀ ਉਨ੍ਹਾਂ ਲਈ ਗਜ਼ਾ ਇਕੱਠੀ ਕਰਨ ’ਤੇ ਲਗਾਈ ਹੁੰਦੀ ਸੀ। ਕਦੇ ਸਮਾਂ ਮਿਲਦਾ ਤਾਂ ਮੈਂ ਵੀ ਉਨ੍ਹਾਂ ਦੀ ਸੰਗਤ ਦਾ ਕੁਝ ਪਲ ਆਨੰਦ ਮਾਣਦਾ ਪਰ ਕਾਲੀ ਤਾਂ ਰਹਿੰਦਾ ਹੀ ਉਨ੍ਹਾਂ ’ਚ ਸੀ। ਉਸ ਅੰਦਰ ਸ਼ਾਇਦ ਇਸੇ ਕਾਰਨ ਮਲੰਗੀ ਵੀ ਸੀ। ਮੈਨੂੰ ਉਹ ਕੋਈ ਫ਼ਕੀਰ ਲੱਗਦਾ। ਇਸੇ ਕਾਰਨ ਉਸ ਦੀਆਂ ਕਿੰਨੀਆਂ ਕਹਾਣੀਆਂ ’ਚ ਦਬੰਗਪੁਣਾ, ਫ਼ਕੀਰੀ ਤੇ ਮਲੰਗੀ ਦੇਖਣ ਨੂੰ ਮਿਲਦੀ ਹੈ।
ਉਸ ਅੰਦਰ ਕੋਈ ਵਲ-ਛਲ ਨਹੀਂ ਸੀ। ਜਦੋਂ ਸਿਰਜਣਾ ਕਾਲੀ ਅੰਦਰ ਸ਼ੋਰ ਮਚਾਉਂਦੀ ਤਾਂ ਉਹ ਸਾਰੀ ਰਾਤ ਜਲੰਧਰ ਦੀਆਂ ਗਲੀਆਂ ਕੱਛ ਮਾਰਦਾ। ਉਹ ਇੰਨਾ ਰੁੱਝਾ ਰਹਿੰਦਾ ਕਿ ਇਕ ਪੈਰ ਉਸ ਦਾ ਅੰਮ੍ਰਿਤਸਰ ਹੁੰਦਾ ਕਿਸੇ ਸੈਮੀਨਾਰ ’ਚ ਤੇ ਦੂਜਾ ਪੈਰ ਜੈਪੁਰ ’ਚ। ਉਸ ਦੇ ਜਿੰਨੇ ਇੱਧਰ ਦੋਸਤ ਹਨ, ਉਸ ਤੋਂ ਵੀ ਦੁੱਗਣੇ ਉਸ ਦੇ ਹੋਰ ਭਾਸ਼ਾਵਾਂ ਦੇ ਲੇਖਕ ਦੋਸਤ ਹਨ। ਮੈਨੂੰ ਉਸ ਦੀ ਕਿੰਨੀ ਵਾਰ ਸੰਗਤ ਕਰਨ ਦਾ ਮਾਣ ਪ੍ਰਾਪਤ ਹੋਇਆ, ਹਰ ਵਾਰ ਤਾਜ਼ਾ-ਤਾਜ਼ਾ ਹੋਇਆ ਮਹਿਸੂਸ ਹੁੰਦਾ।
ਉਹ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਪੜ੍ਹਿਆ ਪਰ ਮੰਚ ’ਤੇ ਜਦੋਂ ਕਿਸੇ ਵਿਸ਼ੇ ’ਤੇ ਬਹਿਸ ਕਰਦਾ ਤਾਂ ਵੱਡੇ ਵੱਡੇ ਵਿਦਵਾਨਾਂ ਦੀਆਂ ਗੋਡਣੀਆਂ ਲਵਾ ਦਿੰਦਾ। ਉਹ ਜਿਸ ਨਾਲ ਵੀ ਖੜ੍ਹਦਾ, ਡਾਂਗ ਵਾਂਗ ਖੜ੍ਹਦਾ। ਉਹ ਇਸ ਤਰ੍ਹਾਂ ਦੀ ਆਵੀ ਸੀ ਜਿਸ ਅੰਦਰ ਤੁਸੀਂ ਆਪਣੇ-ਆਪ ਨੂੰ ਕੱਚਾ ਸਮਝ ਸੁੱਟ ਲਵੋ ਤਾਂ ਪੱਕਾ ਗਿਆਨਵਾਨ ਤੇ ਸ਼ੁੱਧ ਸੋਨਾ ਬਣ ਕੇ ਨਿਕਲੋਗੇ। ਅੰਜਲੀ ਭਾਬੀ ਉਸ ਦੀ ਪਤਨੀ ਘੱਟ, ਦੋਸਤ ਜ਼ਿਆਦਾ ਸੀ। ਉਹ ਕਾਲੀ ਦੀ ਹਰ ਅਦਾ ਨੂੰ ਸਮਝਦੀ; ਆਰਥਿਕ ਤੰਗੀ ਝੱਲਦਿਆਂ ਵੀ ਕਾਲੀ ਦੇ ਚਿਹਰੇ ’ਤੇ ਸ਼ਿਕਨ ਨਹੀਂ ਸੀ ਦੇਖ ਸਕਦੀ। ਭਾਬੀ ਵੀ ਕਾਲੀ ਤੋਂ ਕਿਤੇ ਘੱਟ ਨਹੀਂ। ਮੈਨੂੰ ਇਹ ਵੀ ਮਾਣ ਹੁੰਦਾ ਕਿ ਪ੍ਰੇਮ ਪ੍ਰਕਾਸ਼ ਨੇ ‘ਲਕੀਰ’ ਦੀ ਵਾਗਡੋਰ ਕਾਲੀ ਜਿਹੇ ਸੁਹਿਰਦ ਲੇਖਕ ਨੂੰ ਸੌਂਪੀ। ਕਾਲੀ ਭਾਵੇਂ ਲਕੀਰ ਦਾ ਅੰਕ ਆਰਥਿਕ ਪੱਖ ਕਾਰਨ ਕੱਢਣ ਤੋਂ ਲੇਟ ਹੋ ਜਾਂਦਾ, ਫਿਰ ਵੀ ਉਹ ਇਸ ਲਈ ਆਪਣੀ ਜਿੰਦ ਜਾਨ ਲਗਾ ਦਿੰਦਾ।
ਕਾਲੀ ਦੀਆਂ ਰਚਨਾਵਾਂ ਪੜ੍ਹਦਿਆਂ ਕੋਈ ਚੁੱਪ ਧਿੰਗੋਜ਼ੋਰੀ ਸਾਡੇ ਅੰਦਰ ਪਸਰ ਜਾਂਦੀ ਹੈ। ਇਹ ਚੁੱਪ ਸ਼ਾਇਦ ਕਾਲੀ ਨੇ ਵੀ ਸਿਰਜਣ ਪਲਾਂ ਦੌਰਾਨ ਕਿੰਨੇ ਦਿਨ ਖ਼ਾਮੋਸ਼ੀ ਦੀ ਸਮਾਧੀ ’ਚ ਰਹਿ ਕੇ ਮਹਿਸੂਸ ਕੀਤੀ ਹੋਵੇ; ਤੇ ਹੁਣ ਇੰਨਾ ਕੁਝ ਲਿਖ ਕੇ ਵੀ ਇਕ ਗੱਲ ਹੈ ਜੋ ਕੰਬਣੀ ਛੇੜ ਰਹੀ ਹੈ, ਇੰਨੇ ਸਾਹਿਤਕ ਮੁਜੱਸਮੇ ਦਾ ਮਾਲਕ ਦੇਸ ਰਾਜ ਕਾਲੀ ਸਾਡੇ ਕੋਲੋਂ ਸਰੀਰਕ ਤੌਰ ’ਤੇ ਵਿੱਛੜ ਗਿਆ। ਉਸ ਦੇ ਇੰਝ ਅਛੋਪਲੇ ਜਿਹੇ ਤੁਰ ਜਾਣ ਕਾਰਨ ਸਾਹਿਤਕ ਜਗਤ ’ਚ ਵੀ ਖ਼ਾਮੋਸ਼ੀ ਪਸਰ ਗਈ ਹੈ। ਕਾਲੀ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਸਾਡੀਆਂ ਅਕਾਦਮੀਆਂ, ਸੰਸਥਾਵਾਂ ਤੇ ਸਭਾਵਾਂ ਨੂੰ ਬਿਨਾ ਕਿਸੇ ਜਿਊਰੀ ਦੇ ਮੈਂਬਰਾਂ ਦੀ ਰਾਇ ਤੋਂ ਆਪ ਚੱਲ ਕੇ ਕਾਲੀ ਦੁਆਰਾ ਰਚੇ ਸਾਹਿਤ ਨੂੰ ਆਰਥਿਕ ਤੌਰ ’ਤੇ ਵੱਡੀ ਰਾਸ਼ੀ ਵਾਲਾ ਪੁਰਸਕਾਰ ਦੇ ਕੇ ਨਵਾਜਣਾ ਚਾਹੀਦਾ ਹੈ ਤਾਂ ਜੋ ਉਸ ਦੇ ਪਰਿਵਾਰ ਦਾ ਗੁਜ਼ਰ-ਬਸਰ ਆਸਾਨੀ ਨਾਲ ਹੋ ਸਕੇ।
ਸੰਪਰਕ: 98720-92101

Advertisement

Advertisement