‘ਹਰ ਵਾਰ ਇੰਝ ਗੋਲੀ ਨਹੀਂ ਚੱਲਣੀ’
* ਅਰਸ਼ ਡੱਲਾ ਨੇ ਕੁਲਬੀਰ ਜ਼ੀਰਾ ਨੂੰ ਸੰਦੇਸ਼ ਭੇਜ ਕੇ ਦਿੱਤੀ ਧਮਕੀ
* ਜ਼ੀਰਾ ਨੇ ਪੁਲੀਸ ਦੀ ਕਾਰਵਾਈ ’ਤੇ ਨਾਰਾਜ਼ਗੀ ਜਤਾਈ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 6 ਫ਼ਰਵਰੀ
ਜ਼ੀਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ’ਤੇ ਤਿੰਨ ਦਿਨ ਪਹਿਲਾਂ ਉਨ੍ਹਾਂ ਦੀ ਕਾਰ ’ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਤੋਂ ਬਾਅਦ ਵਿਦੇਸ਼ ’ਚ ਬੈਠੇ ਗੈਂਗਸਟਰ ਅਰਸ਼ ਡੱਲਾ ਵੱਲੋਂ ਉਨ੍ਹਾਂ ਨੂੰ ਵੁਆਇਸ ਮੈਸੇਜ ਭੇਜ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਡੱਲਾ ਨੇ ਸਪਸ਼ਟ ਸ਼ਬਦਾਂ ਵਿਚ ਜ਼ੀਰਾ ਨੂੰ ਕਿਹਾ, ‘ਗੋਲੀ ਹਰ ਵਾਰ ਇੰਝ ਨਹੀਂ ਚੱਲਣੀ, ਅਗਲੀ ਵਾਰ ਗੋਲੀ ਸਿੱਧੀ ਤੇਰੇ ’ਤੇ ਚੱਲੇਗੀ।’ ਸ੍ਰੀ ਜ਼ੀਰਾ ਵੱਲੋਂ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਗਈ ਹੈ। ਪਹਿਲੇ ਮਾਮਲੇ ਵਿਚ ਉਨ੍ਹਾਂ ਉਪਰ ਗੋਲੀਆਂ ਚਲਾਉਣ ਵਾਲਿਆਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਿਆ। ਐਸਪੀ (ਡੀ) ਰਣਧੀਰ ਕੁਮਾਰ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲੀਸ ਦੀ ਕਾਰਗੁਜ਼ਾਰੀ ਤੋਂ ਕੁਲਬੀਰ ਜ਼ੀਰਾ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਉਨ੍ਹਾਂ ਆਖਿਆ ਕਿ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਅਜਿਹੀਆਂ ਵਾਰਦਾਤਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਕਮਜ਼ੋਰ ਧਾਰਾਵਾਂ ਲਾ ਕੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਸਾਬਕਾ ਵਿਧਾਇਕ ਨੇ ਕਿਹਾ ਕਿ ਕੇਸ ਵਿਚ ਇਰਾਦਾ ਕਤਲ ਦੀ ਧਾਰਾ ਦਰਜ ਨਹੀਂ ਕੀਤੀ ਗਈ। ਇਸ ਮਾਮਲੇ ਦੀ ਪੜਤਾਲ ਅਜੇ ਚੱਲ ਹੀ ਰਹੀ ਸੀ ਕਿ ਇਸ ਦੌਰਾਨ ਗੈਂਗਸਟਰ ਅਰਸ਼ ਡੱਲਾ ਵੱਲੋਂ ਜ਼ੀਰਾ ਨੂੰ ਧਮਕੀ ਭਰਿਆ ਮੈਸੇਜ ਭੇਜਿਆ ਗਿਆ ਹੈ। ਜ਼ੀਰਾ ਨੇ ਇਸ ਬਾਬਤ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨਾਲ ਵੀ ਫ਼ੋਨ ’ਤੇ ਗੱਲਬਾਤ ਕੀਤੀ ਹੈ। ਜ਼ੀਰਾ ਨੇ ਲੰਘੀਆਂ ਪੰਚਾਇਤੀ ਚੋਣਾਂ ਦੌਰਾਨ ਵੀ ਧਮਕੀਆਂ ਮਿਲਣ ਦੀ ਸ਼ਿਕਾਇਤ ਪੁਲੀਸ ਕੋਲ ਦਰਜ ਕਰਵਾਈ ਸੀ। ਲਗਾਤਾਰ ਧਮਕੀਆਂ ਕਾਰਨ ਕੁਲਬੀਰ ਜ਼ੀਰਾ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਆਪਣੇ ਵਿਰੋਧੀ ਨੇਤਾਵਾਂ ਉਪਰ ਵੀ ਸ਼ੱਕ ਜ਼ਾਹਰ ਕੀਤਾ ਹੈ।