ਬਹੁਤ ਕਠਿਨ ਸੀ ਇਹ ਸਫ਼ਰ ਧੁੱਪ ਦਾ
ਸੁਰਜੀਤ ਪਾਤਰ
ਕੁਲਦੀਪ ਕਲਪਨਾ ਦੀ ਕਵਿਤਾ ਦੀਆਂ ਸਤਰਾਂ ਹਨ:
ਬਹੁਤ ਕਠਿਨ ਸੀ ਇਹ ਸਫ਼ਰ ਧੁੱਪ ਦਾ
ਸਿਰ ਕੱਜਣ ਲਈ ਕੋਈ ਚਾਦਰ ਨਾ ਸੀ
ਕਤਲਗਾਹ ਚੋਂ ਗੁਜ਼ਰਨਾ ਸੀ, ਗੁਜ਼ਰ ਗਏ
ਸਫ਼ਰ ਵਿਚ ਕਿੱਦਾਂ ਹੋਈ ਪੁੱਛੋ ਨਾ ਇਹ
ਰੂਹ ਦੇ ਛਾਲੇ ਕਹਾਣੀ ਕਹਿਣਗੇ
ਹੁਣ ਤਾਂ ਸਹਿਰਾ ਤੇ ਵੀ ਬੱਦਲ ਰੋਏਗਾ…
ਕੁਲਦੀਪ ਕਲਪਨਾ ਚਲੀ ਗਈ।
ਮੈਨੂੰ ਇਹ ਖ਼ਬਰ ਸੁਣ ਕੇ ਹੌਲ ਪਿਆ। ਮੇਰੀਆਂ ਅੱਖਾਂ ਭਿੱਜ ਗਈਆਂ। ਉਹ ਕਿਉਂ ਚਲੀ ਗਈ? ਮੈਂ ਤਾਂ ਉਸ ਨੂੰ ਜਾਣ ਤੋਂ ਪਹਿਲਾਂ ਮਿਲਣਾ ਸੀ। ਕਿੰਨੀਆਂ ਗੱਲਾਂ ਅਣਕੀਤੀਆਂ ਹੀ ਰਹਿ ਗਈਆਂ।
ਜੇ ਕੁਲਦੀਪ ਜਿਉਂਦੀ ਹੁੰਦੀ ਉਹਨੇ ਹੱਸ ਕੇ ਕਹਿਣਾ ਸੀ: ਤੂੰ ਮੁਨੀਰ ਨਿਆਜ਼ੀ ਦੀ ਉਹ ਕਵਿਤਾ ਨਹੀਂ ਪੜ੍ਹੀ ਸੁਰਜੀਤ? ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ। ਉਹਨੇ ਪੂਰੀ ਕਵਿਤਾ ਸੁਣਾ ਦੇਣੀ ਸੀ:
ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ
ਜ਼ਰੂਰੀ ਬਾਤ ਕਹਨੀ ਹੋ,
ਕੋਈ ਵਾਅਦਾ ਨਿਭਾਨਾ ਹੋ
ਉਸੇ ਆਵਾਜ਼ ਦੇਨੀ ਹੋ
ਉਸੇ ਵਾਪਿਸ ਬੁਲਾਨਾ ਹੋ
ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ
ਮਦਦ ਕਰਨੀ ਹੋ ਉਸ ਕੀ
ਯਾਰ ਕੀ ਢਾਰਸ ਬੰਧਾਨਾ ਹੋ
ਬਹੁਤ ਦੇਰੀਨਾ ਰਸਤੋਂ ਪਰ
ਕਿਸੀ ਕੋ ਮਿਲਨੇ ਜਾਨਾ ਹੋ
ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ…
ਉਸ ਨੂੰ ਬਹੁਤ ਸ਼ਾਇਰੀ ਯਾਦ ਹੁੰਦੀ ਸੀ।
ਮੈਂ ਕੁਲਦੀਪ ਕਲਪਨਾ ਤੋਂ ਮਸਾਂ ਸਾਲ ਦੋ ਸਾਲ ਹੀ ਛੋਟਾ ਹਾਂ ਪਰ ਮੈਂ ਉਸ ਦਾ ਵਿਦਿਆਰਥੀ ਰਿਹਾ ਹਾਂ, ਰਣਧੀਰ ਕਾਲਜ ਕਪੂਰਥਲਾ ਵਿਚ। ਉਹ ਸਾਨੂੰ ਬੀ ਏ ਪੰਜਾਬੀ ਦੀ ਆਨਰਜ਼ ਪੜ੍ਹਾਉਂਦੀ ਸੀ। ਮੈਨੂੰ ਤੇ ਮੇਰੇ ਸਾਲਮ ਹਮਜਮਾਤੀ ਵੀਰ ਸਿੰਘ ਰੰਧਾਵਾ ਨੂੰ। ਮੈਨੂੰ ਉਹ ਮਰੀਅਮ ਵਰਗੀ ਲਗਦੀ। ਲੰਮ ਸਲੰਮੀ, ਪਤਲੀ, ਗੋਰੀ ਚਿੱਟੀ। ਜਦੋਂ ਪੜ੍ਹਾਉਂਦੀ ਜਾਂ ਕੋਈ ਹੋਰ ਗੱਲ ਕਰਦੀ ਤਾਂ ਉਹਦੇ ਹੋਂਠਾਂ ‘ਚੋਂ ਫੁੱਲ ਕਿਰਦੇ ਸਨ। ਅੱਜ ਉਸ ਨੂੰ ਯਾਦ ਕਰਦਿਆਂ ਅਹਿਮਦ ਫ਼ਰਾਜ਼ ਦਾ ਸ਼ਿਅਰ ਯਾਦ ਆ ਰਿਹਾ ਹੈ:
ਸੁਨਾ ਹੈ ਆਪ ਕੀ ਬਾਤੋਂ ਸੇ ਫੂਲ ਝਰਤੇ ਹੈਂ
ਯੇ ਬਾਤ ਹੈ ਤੋ ਚਲੋ ਬਾਤ ਕਰ ਕੇ ਦੇਖਤੇ ਹੈਂ
ਉਹ ਸਾਨੂੰ ਕਦੀ ਕਦੀ ਆਪਣੀ ਸੁਰੀਲੀ ਮਿੱਠੀ ਆਵਾਜ਼ ਵਿਚ ਆਪਣਾ ਕੋਈ ਗੀਤ ਵੀ ਸੁਣਾ ਦਿੰਦੀ। ਕਦੀ ਕਦੀ ਮੈਨੂੰ ਵੀ ਕੁਝ ਸੁਣਾਉਣ ਲਈ ਕਹਿ ਦਿੰਦੀ।
ਇਕ ਵਾਰੀ ਮੈਂ ਇਕ ਛੋਟੀ ਜਿਹੀ ਕਵਿਤਾ ਸੁਣਾਈ:
ਸੁਅੰਬਰ ਤਾਂ ਰਚਦੀ ਹੈ ਹਰ ਸੁੰਦਰੀ ਕੁਮਾਰੀ
ਭੁੱਖ ਕੋਈ ਦਾਅਵਾ ਨਹੀਂ ਹੈ ਦੋਸਤਾ
ਤ੍ਰੇਹ ਨਹੀਂ ਕੋਈ ਦਲੀਲ
ਹਉਕਿਆਂ ਦੇ ਨਾਲ ਕਿਸ ਵੱਜਦੀ ਸੁਣੀ ਹੈ ਬੰਸਰੀ…
ਉਹ ਹੱਸ ਕੇ ਪੁੱਛਣ ਲੱਗੀ: ਕੌਣ ਐ ਇਹ ਖੁਸ਼ਕਿਸਮਤ? ਮੈਂ ਤਾਂ ਚੁੱਪ ਰਿਹਾ। ਟਿੱਚਰੀ ਵੀਰ ਸਿੰਘ ਕਹਿਣ ਲੱਗਾ: ਮੈਡਮ ਜੀ, ਖੁਸ਼ਕਿਸਮਤ ਕਿ ਬਦਕਿਸਮਤ? ਮੈਡਮ ਸਣੇ ਸਾਡੀ ਤਿੰਨ ਜਣਿਆਂ ਦੀ ਜਮਾਤ ਹੱਸ ਪਈ।
ਖ਼ੈਰ ਫਿਰ ਅਸੀਂ ਵਿਛੜ ਗਏ।
ਅਸੀਂ ਐਮ ਏ ਕਰਨ ਪਟਿਆਲੇ ਆ ਗਏ ਤੇ ਕੁਲਦੀਪ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਲੈਕਚਰਾਰ ਲੱਗ ਗਈ। ਫਿਰ ਕੁਝ ਸਾਲਾਂ ਬਾਅਦ ਮੈਂ ਉਹਨੂੰ ਚਿੱਠੀ ਲਿਖੀ। ਉਸ ਦੇ ਬੋਲਾਂ ਵਰਗੇ ਹੀ ਸੁਹਣੇ ਅੱਖਰਾਂ ਵਿਚ ਲਿਖਿਆ, ਉਸ ਦਾ ਉੱਤਰ ਵੀ ਆਇਆ। ਇਹ ਸੁਹਣੀਆਂ ਸ਼ਾਇਰਾਨਾ ਚਿੱਠੀਆਂ ਦਾ ਸਿਲਸਿਲਾ ਇਕ ਦੋ ਸਾਲ ਚੱਲਦਾ ਰਿਹਾ। ਉਸ ਦੇ ਖ਼ਤ ਦੇ ਇਕ ਹਿੱਸੇ ਤੋਂ ਉਨ੍ਹਾਂ ਖ਼ਤਾਂ ਦੀ ਤਾਸੀਰ ਪਤਾ ਲੱਗ ਸਕਦੀ ਹੈ:
”ਹੁਣੇ ਬਾਹਰ ਬੈਠੀ ਸਾਂ, ਚੰਨ ਸ਼ਾਇਦ ਚੌਧਵੀਂ ਦਾ ਹੈ। ਮੈਨੂੰ ਕੁਝ ਸੁੱਝਿਆ। ਮੈਂ ਅੰਦਰੋਂ ਡਾਇਰੀ ਲੈਣ ਆਈ ਪਰ ਅੱਗੇ ਤੇਰਾ ਖ਼ਤ ਪਿਆ ਸੀ। ਮੈਂ ਜੋ ਲਿਖਣ ਆਈ ਸਾਂ ਉਹ ਤਾਂ ਭੁੱਲ ਗਈ, ਜੋ ਲਿਖਿਆ ਉਹ ਇਸ ਤਰ੍ਹਾਂ ਹੈ:
ਨੈਣਾਂ ਦੀ ਝੀਲ ਅੰਦਰ
ਅਹੁ ਚਾਨਣੀ ਹੈ ਡੋਲੀ
ਰੇਤੇ ਦੇ ਕਿਣਕਿਆਂ ਤੇ
ਕੁੁਝ ਡੁੱਲ੍ਹ ਗਏ ਅੱਖਰ
ਇਹ ਵੀ ਅਦਾ ਹੈ ਸ਼ਾਇਦ
ਜੀਣੇ ਦੀ ਜ਼ਿੰਦਗੀ ਨੂੰ
ਸ਼ਿਕਵੇ ਗਿਲੇ ਸੁਣਾ ਕੇ
ਸਮਿਆਂ ਤੋਂ ਵਕਤ ਲੈਣਾ
ਤੇ ਫੇਰ ਸ਼ਰਮ ਜਾਣਾ।”
ਮੇਰੇ ਮਨ ਵਿਚ ਕੁਲਦੀਪ ਲਈ ਬਹੁਤ ਅਦਬ ਤੇ ਅਪਣੱਤ ਸੀ ਤੇ ਹੈ। ਉਸ ਦੇ ਮਨ ਵਿਚ ਵੀ ਮੇਰੇ ਲਈ ਮੋਹ ਜ਼ਰੂਰ ਸੀ।
ਇਨ੍ਹੀਂ ਦਿਨੀਂ ਨਾਗਮਣੀ ਵਿਚ ਮੇਰੀ ਇਕ ਕਵਿਤਾ ਛਪੀ। ਕੁਲਦੀਪ ਕਲਪਨਾ ਦਾ ਖ਼ਤ ਆਇਆ: ਨਾਗਮਣੀ ਵਿਚ ਤੇਰੀ ਕਵਿਤਾ ਪੜ੍ਹੀ। ਬਹੁਤ ਚੰਗੀ ਲੱਗੀ। ਤੂੰ ਜ਼ਰੂਰ ਇਕ ਦਿਨ ਬਹੁਤ ਵਧੀਆ ਕਵੀ ਬਣੇਂਗਾ। ਜਿਹੜੀ ਕਵਿਤਾ ਕਲਪਨਾ ਨੂੰ ਚੰਗੀ ਲੱਗੀ ਸੀ, ਉਹ ਕਿਤੇ ਗਵਾ ਬੈਠਾ ਹਾਂ। ਪਰ ਅੱਜ ਉਸ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਕੁਝ ਇਸ ਤਰ੍ਹਾਂ ਸੀ:
ਓਸ ਕੁੜੀ ਦੇ ਹੱਥ ਬਲ਼ਦੇ ਨੇ
ਜੋ ਖ਼ਤ ਆਵੇ
ਪੜ੍ਹਨੋਂ ਪਹਿਲਾਂ ਹੀ
ਉਸ ਦੇ ਹੱਥਾਂ ਵਿਚ ਜਲ਼ ਜਾਂਦਾ ਹੈ…
ਕੁਲਦੀਪ ਬਹੁਤ ਜ਼ਹੀਨ, ਬਾਰੀਕਬੀਨ, ਸੁਨੱਖੀ, ਉੱਚੇ ਸੁਹਜ ਸੁਆਦਾਂ ਵਾਲੀ, ਹੱਸਾਸ ਸ਼ਖ਼ਸੀਅਤ ਸੀ। ਸ਼ਾਇਦ ਉਹਦੇ ਇਹ ਗੁਣ ਹੀ ਉਸ ਦਾ ਦੁਖਾਂਤ ਬਣ ਗਏ। ਉਹਨੂੰ ਉਹਦੀ ਰੂਹ ਦੇ ਹਾਣ ਦਾ ਕੋਈ ਹਮਸਫ਼ਰ ਨਾ ਮਿਲ਼ਿਆ। ਇਹ ਸਾਡੀਆਂ ਕਈ ਦਾਨਿਸ਼ਵਰ ਕੁੜੀਆਂ ਦਾ ਦੁਖਾਂਤ ਹੈ ਕਿ ਉਨ੍ਹਾਂ ਦੀ ਸੰਵੇਦਨਾ ਨੂੰ ਸੰਭਾਲਣ ਜੋਗੀ ਰੂਹ ਵਾਲੇ ਪੁਰਖ ਬਹੁਤ ਵਿਰਲੇ ਟਾਵੇਂ ਹਨ। ਸ਼ਾਇਦ ਸਾਡੇ ਪਰਿਵਾਰਾਂ ਕੋਲੋਂ ਧੀਆਂ ਅਤੇ ਪੁੱਤਰਾਂ ਦੇ ਪਾਲਣ ਪੋਸਣ ਵਿਚ ਕੋਈ ਵੱਡਾ ਵਿਤਕਰਾ ਰਹਿ ਜਾਂਦਾ ਹੈ ਕਿਉਂਕਿ ਅਸੀਂ ਅੰਨ ਪਾਣੀ ਨਾਲ ਹੀ ਨਹੀਂ, ਬੋਲ ਬਾਣੀ ਨਾਲ ਵੀ ਪਲ਼ਦੇ ਹਾਂ।
ਕੁਲਦੀਪ ਨੇ ਬਹੁਤ ਸੁਹਣੀਆਂ ਗ਼ਜ਼ਲਾਂ, ਗੀਤਾਂ ਤੇ ਨਜ਼ਮਾਂ ਦੀਆਂ ਕਿਤਾਬਾਂ ਲਿਖੀਆਂ। ਉਸ ਦੀ ਸ਼ਾਇਰੀ ਦੇ ਸ਼ਬਦ ਰੂਹ ‘ਚੋਂ ਕਸ਼ੀਦ ਕੀਤੇ ਹੋਏ ਕਤਰੇ ਹਨ। ਇਸ ਵਿਚ ਖ਼ਿਆਲ ਦੀ ਬਾਰੀਕੀ ਹੈ, ਅੱਗ ਦੀ ਨੀਲੀ ਲਾਟ ਜਿਹੀ ਸ਼ਿੱਦਤ ਅਤੇ ਗਹਿਰਾ ਰਾਗ ਹੈ:
ਇਹ ਸੰਦਲ ਦਾ ਜੰਗਲ, ਇਹ ਨਾਗਾਂ ਦੀ ਬਸਤੀ
ਇਹ ਜੁਗਨੂੰ ਕਿ ਜਗਦੇ ਚਿਰਾਗਾਂ ਦੀ ਬਸਤੀ
ਇਹ ਉਮਰਾਂ ਤੋਂ ਲੰਮੇ ਵਿਯੋਗਾਂ ਦੇ ਰਿਸ਼ਤੇ
ਇਹ ਸਦੀਆਂ ਤੋਂ ਲੰਮੇ ਵਰਾਗਾਂ ਦੀ ਬਸਤੀ
ਸਫ਼ਾ ਦਰ ਸਫ਼ਾ ਇਲਮ ਹੈਰਤ ਦਾ ਹੋਇਆ
ਕਦਮ ਦਰ ਕਦਮ ਇਹ ਕਿਤਾਬਾਂ ਦੀ ਬਸਤੀ
ਉਸ ਦਾ ਇਕ ਸ਼ਿਅਰ ਉਸ ਦੀ ਸ਼ਾਇਰੀ ਦੇ ਸਰੋਤਾਂ ਦੇ ਸੁਰਾਗ ਦਿੰਦਾ ਹੈ:
ਅਪਣੀ ਜ਼ਾਤ ਦੇ ਖੋਲ ਦੇ ਅੰਦਰ ਮੈਂ ਸੁੱਤੀ ਰਹਿਣਾ ਸੀ
ਜੇ ਨਾ ਮੈਨੂੰ ਝੂਣਦੀਆਂ ਇਹ ਖ਼ੌਫ਼ਨਾਕ ਘਟਨਾਵਾਂ
ਉਹ ਜਿਸ ਮਾਤਾ ਪਿਤਾ ਦੀ ਧੀ ਹੈ ਉਨ੍ਹਾਂ ਦੀ ਸੁਰ ਨਹੀਂ ਮਿਲੀ। ਪਿਤਾ ਨੇ ਹੋਰ ਵਿਆਹ ਕਰਵਾ ਲਿਆ। ਕੁਲਦੀਪ ਆਪਣੀ ਮਾਂ ਦੇ ਨਾਲ ਹੀ ਰਹੀ। ਇਸ ਤੋੜ ਵਿਛੋੜੇ ਨੇ ਕੁਲਦੀਪ ਦੇ ਦਿਲ ਨੂੰ ਬਹੁਤ ਗਹਿਰਾ ਦਰਦ ਅਤੇ ਰੋਹ ਦਿੱਤਾ। ਕੁਲਦੀਪ ਨੂੰ ਕੁਲਦੀਪ ਕਲਪਨਾ ਬਣਾਉਣ ਵਿਚ ਇਸ ਖ਼ੌਫ਼ਨਾਕ ਘਟਨਾ ਦਾ ਕਾਫ਼ੀ ਹਿੱਸਾ ਹੈ। ਜੇ ਇਹ ਨਾ ਹੁੰਦਾ ਤਾਂ ਬਕੌਲ ਕੁਲਦੀਪ ਉਹਨੇ ਆਪਣੀ ਜ਼ਾਤ ਦੇ ਖੋਲ ਅੰਦਰ ਸੁੱਤੀ ਹੀ ਰਹਿਣਾ ਸੀ।
ਉਹ ਜਾਗੀ ਹੋਈ ਕੁੜੀ ਸੀ, ਕੱਚੀ ਨੀਂਦੇ ਤ੍ਰਭਕ ਕੇ ਜਾਗੀ ਹੋਈ ਕੁੜੀ। ਜਿਸ ਦਿਨ ਉਸ ਨੂੰ ਕਿਸੇ ਨੇ ਦੱਸਿਆ ਹੋਵੇਗਾ ਉਹਦੀ ਮਾਂ ਇਕੱਲੀ ਕਿਉਂ ਰਹਿ ਰਹੀ ਹੈ, ਉਸ ਦਿਨ ਉਹ ਅਪਣੀ ਜ਼ਾਤ ਦੇ ਖੋਲ ਵਿਚੋਂ ਤ੍ਰਭਕ ਕੇ ਜਾਗ ਪਈ ਹੋਵੇਗੀ। ਉਸ ਦੀਆਂ ਅੱਖਾਂ ਵਿਚ ਦਰਦ ਤੇ ਹੈਰਾਨਗੀ ਸੀ। ਆਪਣੀਆਂ ਹੀ ਚਾਰ ਸਤਰਾਂ ਯਾਦ ਆ ਗਈਆਂ। ਲਿਖਣ ਦੀ ਗੁਸਤਾਖੀ ਕਰ ਰਿਹਾ ਹਾਂ:
ਤੇਰੇ ਬੋਲਾਂ ਚ ਅੱਜ ਬੇਗਾਨਗੀ ਹੈ
ਤਦੇ ਤਾਂ ਸ਼ਹਿਰ ਵਿਚ ਵੀਰਾਨਗੀ ਹੈ
ਜਿਨ੍ਹਾਂ ਅੱਖਾਂ ਬਦਲਦੇ ਨੈਣ ਦੇਖੇ
ਉਨ੍ਹਾਂ ਵਿਚ ਦਰਦ ਤੇ ਹੈਰਾਨਗੀ ਹੈ
ਇਕ ਸਾਲ ਮੈਂ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਲੈਕਚਰਾਰ ਰਿਹਾ। ਓਦੋਂ ਕੁਲਦੀਪ ਗੌਰਮਿੰਟ ਕਾਲਜ ਫ਼ਾਰ ਵਿਮਨ ਵਿਚ ਪੜ੍ਹਾਉਂਦੀ ਸੀ। ਅਸੀਂ, ਮੈਂ ਤੇ ਜੋਗਿੰਦਰ ਕੈਰੋਂ ਕਦੇ ਸਬੱਬੀਂ ਕੁਲਦੀਪ ਨੂੰ ਕਿਸੇ ਗਲੀ ਬਾਜ਼ਾਰ ਜਾਂ ਕਿਸੇ ਥੀਏਟਰ ਦੀ ਲੌਬੀ ਵਿਚ ਆਪਣੀਆਂ ਸਹੇਲੀਆਂ ਦੀਪਕ ਭੁੱਲਰ ਤੇ ਵੀਣਾ ਦੱਤ ਨਾਲ ਜਾਂਦੀ ਆਉਂਦੀ ਨੂੰ ਮਿਲ ਪੈਂਦੇ। ਕਦੇ ਕਦੇ ਉਚੇਚਾ ਪ੍ਰੋਗਰਾਮ ਬਣਾ ਕੇ ਅਸੀਂ ਮਿਲਣ ਜਾਂਦੇ। ਓਥੇ ਰਹਿੰਦਿਆਂ ਮੈਂ ਉਸ ਬਾਰੇ ਕਵਿਤਾ ਲਿਖੀ:
ਉਹ ਖ਼ੂਬਸੂਰਤ ਪਗਡੰਡੀ ਹੈ
ਉਸ ਉੱਤੇ ਕਿਸੇ ਦੀ ਪੈੜ ਨਹੀਂ
ਉਸ ਉੱਤੇ ਕਿਸੇ ਦੀ ਪੈੜ ਨਹੀਂ ਪੈ ਸਕਦੀ
ਉਹ ਸਿੱਧੀ ਸਤੀਰ ਗਗਨ-ਮੁਖੀ ਪਗਡੰਡੀ ਹੈ
ਕਹਿਕਸ਼ਾਂ ਵੱਲ ਜਾਂਦੀ ਪਗਡੰਡੀ
ਇਕ ਦਿਨ ਮੈਂ ਉਹਦੇ ਦਰ ਤੇ ਦਸਤਕ ਦਿੱਤੀ
ਉਹ ਕਹਿਣ ਲੱਗੀ: ਆ ਜਾ, ਜੀ ਆਇਆਂ ਨੂੰ
ਮੈਂ ਅੰਦਰ ਗਿਆ
ਕਹਿਣ ਲੱਗੀ ਬੈਠ ਜਾ
ਪਰ ਮੈਨੂੰ ਲੱਗਾ ਕੋਈ ਕੁਰਸੀ ਖ਼ਾਲੀ ਨਹੀਂ
ਇਕ ਕੁਰਸੀ ਤੇ ਬਲਰਾਜ ਸਾਹਨੀ ਬੈਠਾ ਸੀ
ਇਕ ਤੇ ਬਾਵਾ ਬਲਵੰਤ
ਇਕ ਤੇ ਮਹਿਦੀ ਹਸਨ
ਇਕ ਤੇ ਜਗਜੀਤ ਸਿੰਘ
ਇਕ ਤੇ ਸ਼ਿਵ ਕੁਮਾਰ ਬਟਾਲਵੀ
ਸਾਰੀਆਂ ਕੁਰਸੀਆਂ
ਗੈਰਹਾਜ਼ਰਾਂ ਨੇ ਮੱਲੀਆਂ ਹੋਈਆਂ ਸਨ।
ਫਿਰ ਮੈਂ ਨੌਕਰੀ ਕਰਨ ਪੀ ਏ ਯੂ ਲੁਧਿਆਣਾ ਆ ਗਿਆ, ਵਿਆਹ, ਬੱਚੇ, ਘਰ। ਇਕ ਲੰਮਾ ਅਰਸਾ ਕੁਲਦੀਪ ਨਾਲ ਮੁਲਾਕਾਤ ਨਾ ਹੋਈ ਪਰ ਉਸ ਦੀਆਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਕਵਿਤਾਵਾਂ ਪੜ੍ਹਦਾ ਰਿਹਾ:
ਇਕ ਸਾਇਆ ਸੀ ਉਸ ਦੇ ਤੇ ਮੇਰੇ ਵਿਚਕਾਰ
ਵਰਜਿਤ ਫਲ ਦੇ ਵਾਂਗੂੰ ਮੈਨੂੰ ਮਿਲਿਆ ਪਿਆਰ
ਅਦਨ ਬਾਗ ਤੋਂ ਧਰਤੀ, ਧਰਤੀ ਤੋਂ ਦੋਜ਼ਖ਼
ਰੂਹ ਦੀ ਮਿੱਟੀ ਕਿੱਥੇ ਕਿੱਥੇ ਹੋਈ ਖੁਆਰ
ਜਦ ਵੀ ਮਿਲਿਆ ਉਹ ਮੈਨੂੰ ਏਦਾਂ ਮਿਲਿਆ
ਸ਼ਾਮ ਪਈ ਜਿਉਂ ਡੁਬਦਾ ਸੂਰਜ ਨਦੀਓਂ ਪਾਰ
ਮੈਨੂੰ ਵੀ ਜਲਦੀ ਸੀ ਕਿਧਰੇ ਪਹੁੰਚਣ ਦੀ
ਉਸ ਦਾ ਪਹਿਲਾਂ ਤੋਂ ਕਿਧਰੇ ਸੀ ਇਕਰਾਰ
… … …
ਤੂੰ ਜੋ ਉਸ ਨੂੰ ਦਿੱਤੀਆਂ ਛਾਂਵਾਂ ਮੇਰੀਆਂ ਨੇ
ਮੰਜ਼ਿਲ ਤੇਰੀ ਹੋਈ ਰਾਹਵਾਂ ਮੇਰੀਆਂ ਨੇ
ਤੈਨੂੰ ਮਾਣ ਹਯਾਤੀ ਦੇ ਸਭ ਸੁੱਖਾਂ ਦਾ
ਹੰਝੂ ਪੀੜ ਤੇ ਹੋਰ ਬਲਾਵਾਂ ਮੇਰੀਆਂ ਨੇ
ਨਾ ਹੋਇਆ ਅੰਜਾਮ ਕਹਾਣੀ ਤਾਂ ਹੋਈ
ਤੂੰ ਜੋ ਨੀਂਦ ਚ ਸੁਣੇਂ ਸਦਾਵਾਂ ਮੇਰੀਆਂ ਨੇ
ਸ਼ਾਮ ਪਈ ਜਦ ਪੰਛੀ ਵੀ ਸੌਂ ਜਾਂਦੇ ਨੇ
ਹਵਾ ਸਿਸਕਦੀ ਜਾਂ ਇਹ ਹਾਵਾਂ ਮੇਰੀਆਂ ਨੇ
ਬੇਸ਼ਕ ਮੈਨੂੰ ਤਾਰਿਆਂ ਰਸਤਾ ਦਿੱਤਾ ਨਾ
ਸਹਿਰਾਵਾਂ ਦੀਆਂ ਸਭ ਦਿਸ਼ਾਵਾਂ ਮੇਰੀਆਂ ਨੇ
ਇਕ ਲੰਮੇ ਅਰਸੇ ਬਾਅਦ ਕੁਲਦੀਪ ਲੁਧਿਆਣੇ ਪੰਜਾਬੀ ਭਵਨ ਵਿਚ ਮਿਲੀ। ਉਹ ਮੈਨੂੰ ਕੁਝ ਬਦਲੀ ਬਦਲੀ ਜਿਹੀ ਲੱਗੀ। ਪਹਿਲਾਂ ਉਹ ਗ਼ਾਲਿਬ ਦੇ ਉਸ ਸ਼ਿਅਰ ਵਰਗੀ ਹੁੰਦੀ ਸੀ:
ਆਹ ਕੀਜੇ ਮਗਰ ਲਤੀਫ਼ ਤਰੀਨ
ਲਬ ਪੇ ਆ ਕੇ ਧੂੰਆਂ ਨਾ ਹੋ ਜਾਏ
ਹੁਣ ਉਸ ਦੇ ਬੋਲਾਂ ਵਿਚ ਧੂੰਆਂ ਸੀ। ਮੈਂ ਕੁਝ ਉਦਾਸ ਹੋ ਗਿਆ। ਮੀਰ ਤਕੀ ਮੀਰ ਦਾ ਸ਼ਿਅਰ ਯਾਦ ਆਇਆ:
ਦੇਖ ਤੋ ਦਿਲ ਕਿ ਜਾਂ ਸੇ ਉਠਤਾ ਹੈ
ਯੇ ਧੂੰਆਂ ਸਾ ਕਹਾਂ ਸੇ ਉਠਤਾ ਹੈ
ਮੈਂ ਉਸ ਦੀ ਨਵੀਂ ਕਿਤਾਬ ਲਿਖੀਆਂ ਅਣਲਿਖੀਆਂ ਦੀ ਵਾਰਤਕ ਪੜ੍ਹੀ। ਉਸ ਵਿਚ ਵੀ ਧੂੰਆਂ ਸੀ। ਉਸ ਦੇ ਚਿਹਰੇ ਅਤੇ ਅੱਖਾਂ ਵਿਚ ਵੀ ਧੂੰਆਂ ਜਿਹਾ ਸੀ। ਜਿਵੇਂ ਉਸ ਦੇ ਅੰਦਰ ਕੁਝ ਬੁਝ ਗਿਆ ਸੀ।
ਅੱਜ ਉਸਦੀ ਕਿਤਾਬ ਲਿਖੀਆਂ ਅਣਲਿਖੀਆਂ ਵਿਚੋਂ ਮੈਂ ਉਸ ਦੀ ਕਵਿਤਾ ਪੜ੍ਹ ਰਿਹਾ ਹਾਂ:
ਮੈਂ ਜ਼ਿੰਦਗੀ ਨੂੰ ਜਿਸਮ ਵਿਚੋਂ
ਜਾਂਦਿਆਂ ਤੱਕਿਆ
ਪੋਟਿਆਂ ਥਾਣੀਂ ਨਹੁੰਆਂ ਥਾਣੀਂ
ਪੈਰੋਂ ਨਿਕਲੀ ਧਰਤੀ ਥਾਣੀਂ
ਮੈਂ ਹਨ੍ਹੇਰੇ ਨੂੰ ਅੱਖਾਂ ਵਿਚੋਂ
ਬੁੱਕ ਬੁੱਕ ਉੱਤਰਦਿਆਂ ਤੱਕਿਆ
ਰੌਸ਼ਨੀ ਦੇ ਇਸ ਸ਼ਹਿਰ ਵਿਚ
ਜਦ ਮੈਂ ਸਿੱਲ੍ਹੀਆਂ ਅੱਖਾਂ ਵਿਚੋਂ
ਬੁਝਦੀਆਂ ਲੋਆਂ ਤੱਕਦੀ ਹਾਂ
ਤਾਂ ਜੀਅ ਕਰਦਾ ਹੈ
ਇਸ ਸ਼ਹਿਰ ਵੱਲ ਪਿੱਠ ਕਰ ਕੇ ਖਲੋ ਜਾਵਾਂ
ਹਾਵੀ ਹੁੰਦਾ ਹੈ ਇਕ ਜਨੂੰਨ
ਪਰ ਓਹੀ ਜਨੂੰਨ ਉਕਸਾਉਂਦਾ ਹੈ ਮੈਨੂੰ
ਕਿ ਮੈਂ ਰੌਸ਼ਨੀ ਦੇ ਇਸ ਸ਼ਹਿਰ ਵੱਲ
ਮੂੰਹ ਕਰ ਕੇ ਖਲੋਵਾਂ
ਇਸ ਉਮੀਦ ਨਾਲ
ਕਿ ਜ਼ਰੂਰ ਏਥੇ ਹੀ ਕਿਤੇ
ਗੂੜ੍ਹੀ ਉਦਾਸੀ ਦੇ ਕੋਲ
ਫੋਕੇ ਕਹਿਕਹੇ ਦੇ ਲਾਗੇ
ਉਹ ਖੁਸ਼ੀ ਵੀ ਹੋਵੇਗੀ
ਜੋ ਖੁਸ਼ੀ ਹੁੰਦੀ ਹੈ
ਜ਼ਰੂਰ ਇਨ੍ਹਾਂ ਖੰਭਿਆਂ ਦੇ
ਧੁੱਪ ਵਰਗੇ ਨਕਲੀ ਚਾਨਣ ਦੇ ਕੋਲ
ਉਹ ਸੂਰਜ ਵੀ ਹੋਵੇਗਾ
ਜਿਸ ਦੀ ਉਡੀਕ ਵਿਚ
ਵਰ੍ਹਿਆਂ ਤੋਂ ਸਾਡੇ ਕੈਲੰਡਰ
ਇਕ ਥਾਂ ਖਲੋਤੇ ਹਨ।
ਉਹ ਮਰੀਅਮ-ਮੁਖ ਮੈਡਮ ਜੇ ਹੁਣ ਮੈਨੂੰ ਕਿਤੇ ਮਿਲੇ ਤਾਂ ਮੈਂ ਜ਼ਰੂਰ ਉਹਨੂੰ ਪੁੱਛਾਂ: ਤੇਰੀ ਤਲਾਸ਼ ਦਾ ਕੀ ਬਣਿਆ? ਤੈਨੂੰ ਤੇਰੀ ਰੂਹ ਦਾ ਹਾਣੀ ਮਿਲਿਆ ਹੀ ਨਹੀਂ ਕਿ ਮਿਲ ਕੇ ਵਿਛੜ ਗਿਆ?
ਕੁਲਦੀਪ ਤਾਂ ਨਹੀਂ, ਉਸ ਦੀ ਕਿਤਾਬ ਬੋਲ ਪੈਂਦੀ ਹੈ, ਉਸ ਦੇ ਦਿਲ ਦੀ ਗਹਿਰੀ ਆਵਾਜ਼ ਬਣ ਕੇ:
ਬਹੁਤ ਕਠਿਨ ਸੀ ਇਹ ਸਫ਼ਰ ਧੁੱਪ ਦਾ
ਸਿਰ ਕੱਜਣ ਲਈ ਕੋਈ ਚਾਦਰ ਨਾ ਸੀ
ਕਤਲਗਾਹ ਚੋਂ ਗੁਜ਼ਰਨਾ ਸੀ, ਗੁਜ਼ਰ ਗਏ
ਸਫ਼ਰ ਵਿਚ ਕਿੱਦਾਂ ਹੋਈ ਪੁੱਛੋ ਨਾ ਇਹ
ਰੂਹ ਦੇ ਛਾਲੇ ਕਹਾਣੀ ਕਹਿਣਗੇ
ਹੁਣ ਤਾਂ ਸਹਿਰਾ ਤੇ ਵੀ ਬੱਦਲ ਰੋਏਗਾ…
ਫਿਰ ਅਚਾਨਕ ਆਵਾਜ਼ ਹੋਰ ਗਹਿਰੀ ਹੋ ਜਾਂਦੀ ਹੈ ਤੇ ਉਹ ਇਕ ਅਲੋਕਾਰ ਗੱਲ ਕਹਿੰਦੀ ਹੈ:
ਧੁੱਪ ਦੇ ਸਫ਼ਰ ਵਿਚ ਕਿੰਨੇ ਚੜ੍ਹੇ ਚੰਨ
ਧੁੱਪ ਮੇਰੀ ਖਾ ਗਈ ਅਣਚੜ੍ਹੇ ਚੰਨ
ਮੇਰੀ ਛਾਵੇਂ ਕਈ ਤਾਰੇ ਚਮਕਦੇ ਟੁੱਟਦੇ ਰਹੇ…
ਮੈਂ ਉਸ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਸ਼ਾਇਦ ਉਹ ਕਹਿ ਰਹੀ ਹੈ ਕਿ ਉਸ ਦੀ ਰੂਹ ਦੀ ਤੜਪ, ਤਪਸ਼ ਅਤੇ ਚਾਨਣ ਦੀ ਤਾਬ ਝੱਲਣੀ ਸੌਖੀ ਨਹੀਂ ਸੀ।
ਗ਼ਜ਼ਲ
ਕਰਨੀਆਂ ਤਾਂ ਸਨ ਤੇਰੀਆਂ ਗੱਲਾਂ
ਕਰਦੇ ਪਏੇ ਹਾਂ ਕਿਹੜੀਆਂ ਗੱਲਾਂ
ਮੈਨੂੰ ਅਪਣੀ ਹੋਸ਼ ਨਹੀਂ ਹੈ
ਮਹਿਫ਼ਲ ਦੇ ਵਿਚ ਮੇਰੀਆਂ ਗੱਲਾਂ
ਕਿੰਨੇ ਸ਼ਿਕਵੇ ਯਾਦ ਸੀ ਆਏ
ਪਿਛਲੀਆਂ ਜਦ ਤੂੰ ਛੇੜੀਆਂ ਗੱਲਾਂ
ਮੂੰਹ ਤੇ ਲੱਗਿਆ ਚੁੱਪ ਦਾ ਤਾਲਾ
ਅੱਖਾਂ ਚੋਂ ਉਸ ਕੇਰੀਆਂ ਗੱਲਾਂ
ਵਸਲਾਂ ਦੀ ਇਕ ਗੱਲ ਨਾ ਹੋਈ
ਹੋਈਆਂ ਹੋਰ ਬਥੇਰੀਆਂ ਗੱਲਾਂ
ਉਮਰਾਂ ਮੁੱਕੀਆਂ ਪਰ ਨਾ ਮੁੱਕੀਆਂ
ਬਿਰਹਾ ਦੀਆਂ ਲੰਮੇਰੀਆਂ ਗੱਲਾਂ॥
ਗੀਤ
ਮੱਧਮ ਲੈਅ ਤੇ ਗ਼ਮ ਦਾ ਨਗਮਾ
ਬਹੁਤ ਲਿਆ ਮੈਂ ਗਾ
ਰੀ ਸਜਨੀ ਤੂੰ ਕੁਝ ਹੋਰ ਸੁਣਾ
ਮੇਰੇ ਗੀਤ ਨੇ ਜਦ ਵੀ ਰੋਣਾ
ਮਹਿਕਾਂ ਨੂੰ ਹੈ ਰੋਣਾ
ਹਰ ਇਕ ਚਾਨਣ ਦਾ ਮੂੰਹ ਇਸ ਨੇ
ਕਾਲਖ ਨਾਲ ਹੈ ਧੋਣਾ
ਜੋ ਨ੍ਹੇਰੇ ਦਾ ਰੰਗ ਫੜੇ ਨ
ਐਸੀ ਰਿਸ਼ਮ ਦਿਖਾ
ਨਿੱਗਰ ਸੱਚ ਤੋਂ ਸੂਖ਼ਮ ਛੁਹ ਤੱਕ
ਫਿੱਕੇ ਸੁਰ ਮੈਂ ਲਾਏ
ਖਿੱਚ ਕੇ ਮੀਂਡਾਂ ਮੈਂ ਸਭ ਹਉਕੇ
ਹਾਸੇ ਤੀਕ ਪੁਚਾਏ
ਹਾਸੇ ਹਾਵੇ ਤੋਂ ਅਗਲਾ ਹੁਣ
ਤੂੰ ਪਲਟਾ ਦਿਖਲਾ
ਆਸ ਨਿਰਾਸ ਦੇ ਵਿਚਲੇ ਸੁਰ ਤੋਂ
ਹੁਣ ਨਹੀਂ ਗਾਇਆ ਜਾਂਦਾ
ਥਿੜਕੀ ਲੈਅ ਤੇ ਬੇਬਸੀਆਂ ਦਾ
ਅੰਤ ਨ ਪਾਇਆ ਜਾਂਦਾ
ਮੈਨੂੰ ਮੁੜ ਕੇ ਆਦਿ ਤੇ ਲੈ ਜਾ
ਜਾਂ ਫਿਰ ਅੰਤ ਮਿਲਾ
* * *
ਸੰਪਰਕ: 98145-04272