For the best experience, open
https://m.punjabitribuneonline.com
on your mobile browser.
Advertisement

ਇਹ ਉਹ ਜੱਲ੍ਹਿਆਂਵਾਲਾ ਬਾਗ਼ ਨਹੀਂ

06:09 PM Jun 23, 2023 IST
ਇਹ ਉਹ ਜੱਲ੍ਹਿਆਂਵਾਲਾ ਬਾਗ਼ ਨਹੀਂ
Advertisement

ਸੁਖਦੇਵ ਸਿੰਘ*

ਇੱਕ ਸਾਲ ਤੋਂ ਵੀ ਵੱਧ ਸਮੇਂ ਲਈ ਜੱਲ੍ਹਿਆਂਵਾਲਾ ਬਾਗ਼ ਦੇ ਦਰਵਾਜ਼ੇ ਬੰਦ ਕਰ ਕੇ ਇਸ ਦੇ ਨਵੀਨੀਕਰਨ ਦੇ ਕੰਮ ਮਗਰੋਂ 28 ਅਗਸਤ 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਡਿਜੀਟਲ ਰੂਪ ਵਿੱਚ ਜਨਤਾ ਨੂੰ ਸਮਰਪਿਤ ਕੀਤਾ ਸੀ। ਆਪਣੀ ਸਰਕਾਰ ਦੀ ਪ੍ਰਸ਼ੰਸਾ ਹੋਣ ਦੀ ਉਮੀਦ ਕਰਦਿਆਂ ਪ੍ਰਧਾਨ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ: “ਨਵੀਨੀਕਰਨ ਤੋਂ ਬਾਅਦ ਜੱਲ੍ਹਿਆਂਵਾਲਾ ਬਾਗ਼ ਸਮਾਰਕ ਦਾ ਅੱਜ ਸ਼ਾਮ 6:25 ਵਜੇ ਉਦਘਾਟਨ ਕਰਦੇ ਸਮੇਂ ਤੁਸੀਂ ਮੇਰੇ ਨਾਲ ਸ਼ਾਮਲ ਹੋਵੋ। ਮੈਂ ਤੁਹਾਨੂੰ ਸਾਊਂਡ ਅਤੇ ਲਾਈਟ ਸ਼ੋਅ ਦੇਖਣ ਲਈ ਵੀ ਸੱਦਾ ਦਿੰਦਾ ਹਾਂ। ਇਹ ਅਪਰੈਲ 1919 ਦੇ ਭਿਆਨਕ ਕਤਲੇਆਮ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਸ਼ਹੀਦਾਂ ਪ੍ਰਤੀ ਧੰਨਵਾਦ ਤੇ ਸ਼ਰਧਾ ਦੀ ਭਾਵਨਾ ਪੈਦਾ ਕਰੇਗਾ।”

Advertisement

ਕਈ ਵਿਅਕਤੀਆਂ ਨੇ ਸਮਾਗਮ ਦੇਖਿਆ, ਪਰ ਉਨ੍ਹਾਂ ਦਾ ਪ੍ਰਤੀਕਰਮ ਆਸ ਦੇ ਉਲਟ ਹੋਇਆ। ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ, ਸਮਾਜਿਕ ਕਾਰਕੁਨਾਂ, ਅਕਾਦਮਿਕ, ਸੱਭਿਆਚਾਰ, ਵਿਰਾਸਤ ਸੰਭਾਲ ਮਾਹਿਰਾਂ, ਪੱਤਰਕਾਰਾਂ, ਸੈਲਾਨੀਆਂ ਅਤੇ ਸਿਆਸਤਦਾਨਾਂ ਨੇ ਇਸ ਦੀ ਨਿੰਦਾ ਕੀਤੀ। ਇੱਥੋਂ ਤੱਕ ਕਿ ਅੰਮ੍ਰਿਤਸਰ ਦੇ ਇੱਕ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਨੇ ‘ਮੁਰੰਮਤ’ ਨੂੰ ‘ਰਾਸ਼ਟਰੀ ਅਪਰਾਧ’ ਦੱਸਿਆ।

ਇਸ ਤੋਂ ਪਹਿਲਾਂ 1951 ਵਿੱਚ ਜੱਲ੍ਹਿਆਂਵਾਲਾ ਬਾਗ਼ ਨੂੰ ਭਾਰਤ ਸਰਕਾਰ ਨੇ ਇੱਕ ਕਾਨੂੰਨ ਰਾਹੀਂ ਜੱਲ੍ਹਿਆਂਵਾਲਾ ਬਾਗ਼ ਸ਼ਹੀਦੀ ਨੈਸ਼ਨਲ ਮੈਮੋਰੀਅਲ ਸਮਾਰਕ ਐਲਾਨਿਆ ਅਤੇ ਇਸ ਦੀ ਦੇਖ-ਰੇਖ ਲਈ ਜੱਲ੍ਹਿਆਂਵਾਲਾ ਬਾਗ਼ ਨੈਸ਼ਨਲ ਟਰੱਸਟ ਸਥਾਪਿਤ ਕੀਤਾ। ਟਰੱਸਟ ਵਿੱਚ ਪੱਕੇ ਚੇਅਰਮੈਨ ਵਜੋਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪੱਕੇ ਮੈਂਬਰਾਂ ਵਜੋਂ ਭਾਰਤ ਦੇ ਸੱਭਿਆਚਾਰ ਮੰਤਰੀ, ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ, ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਤਿੰਨ ਹੋਰ ਮੈਂਬਰ ਪੰਜ ਸਾਲ ਦੀ ਮਿਆਦ ਲਈ ਨਾਮਜ਼ਦ ਕੀਤੇ ਗਏ। ਜੱਲ੍ਹਿਆਂਵਾਲਾ ਬਾਗ਼ ਨੈਸ਼ਨਲ ਟਰੱਸਟ ਦੀ ਦੇਖ-ਰੇਖ ਹੇਠ ਇਸ ਨੂੰ ਸ਼ਹੀਦੀ ਯਾਦਗਾਰ ਵਜੋਂ ਸੰਭਾਲਣ ਅਤੇ ਵਿਕਸਿਤ ਕਰਨ ਲਈ ਮੁੱਖ ਬਾਜ਼ਾਰ ਤੋਂ ਬਾਗ਼ ਅੰਦਰ ਜਾਂਦੀ ਤੰਗ ਗਲੀ ਅਤੇ ਇਸ ਦੇ ਦੋਵੇਂ ਪਾਸੇ ਦੀਆਂ ਇਮਾਰਤਾਂ ਨੂੰ ਜਿਉਂ ਦਾ ਤਿਉਂ ਰੱਖ ਲਿਆ ਗਿਆ। ਅੰਦਰ ਵੜਦੇ ਹੀ ਬਰਤਾਨਵੀ ਫ਼ੌਜਾਂ ਵੱਲੋਂ ਗੋਲੀਬਾਰੀ ਕੀਤੇ ਜਾਣ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਲਈ ਉੱਥੇ ਸ਼ਿਲਾਲੇਖ ਪੱਥਰ ਲਗਾ ਦਿੱਤਾ ਗਿਆ। ਖੱਬੇ ਪਾਸੇ ਵਾਲੀ ਪੁਰਾਣੀ ਇਮਾਰਤ ਵਿੱਚ ਸਥਾਨਕ ਸਕੱਤਰ ਦਾ ਦਫ਼ਤਰ ਅਤੇ ਉਸ ਉੱਤੇ ਉਸ ਦੀ ਰਿਹਾਇਸ਼। ਉਸ ਤੋਂ ਅੱਗੇ ਕੁਝ ਪੁਰਾਣੀਆਂ ਤਸਵੀਰਾਂ ਅਤੇ ਤਸ਼ੱਦਦ ਬਿਆਨ ਕਰਦੀਆਂ ਪੇਂਟਿੰਗਾਂ ਆਦਿ ਲਗਾ ਕੇ ਅਜਾਇਬਘਰ ਬਣਾਇਆ ਗਿਆ। ਸੱਜੇ ਪਾਸੇ ਲਗਾਤਾਰ ਜਗਦੀ ਅਮਰ ਜੋਤੀ ਰੱਖਣ ਲਈ ਆਇਤਾਕਾਰ ਥੜ੍ਹਾ ਬਣਾਇਆ ਗਿਆ ਜਿਸ ਦੇ ਚਾਰੇ ਪਾਸੇ ਉੱਕਰਿਆ ਗਿਆਃ ‘ਸ਼ਹੀਦਾਂ ਦੀ ਯਾਦ ਵਿੱਚ- 13 ਅਪਰੈਲ 1919’। ਅੱਗੇ ਚੱਲ ਕੇ ਸੱਜੇ ਪਾਸੇ ਗੋਲੀਆਂ ਦੇ ਨਿਸ਼ਾਨਾਂ ਵਾਲੀ ਪੁਰਾਣੀ ਕੰਧ ਅਤੇ ਖੱਬੇ ਪਾਸੇ ਪੁਰਾਣੇ ਖੂਹ, ਜਿਸ ਵਿੱਚ ਕਈ ਲੋਕਾਂ ਨੇ ਗੋਲੀਆਂ ਤੋਂ ਦੌੜਦੇ ਹੋਏ ਡਿੱਗ ਕੇ ਜਾਨ ਦੇ ਦਿੱਤੀ ਸੀ, ਨੂੰ ਸ਼ਹਾਦਤ ਦੀਆਂ ਨਿਸ਼ਾਨੀਆਂ ਵਜੋਂ ਸੁਰੱਖਿਅਤ ਰੱਖ ਲਿਆ ਗਿਆ ਅਤੇ ਇਸ ਖੂਹ ਉੱਤੇ ਛਤਰੀ ਉਸਾਰ ਕੇ ਉਸ ਉੱਤੇ ਸ਼ਹੀਦੀ ਖੂਹ ਦਾ ਬੋਰਡ ਲਗਾ ਦਿੱਤਾ ਗਿਆ। ਸਮਾਰਕ ਦੇ ਕੇਂਦਰੀ ਹਿੱਸੇ ਵਿੱਚ ਲਿਬਰਟੀ ਫਲੇਮ ਦੀ ਸ਼ਕਲ ਵਿੱਚ ਇੱਕ ਸਤੰਭ ਬਣਾਇਆ ਗਿਆ। ਸਮਾਰਕ ਦਾ ਕੰਮ ਪੂਰਾ ਹੋਣ ਉਪਰੰਤ 1961 ‘ਚ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਇਸ ਨੂੰ ਰਾਸ਼ਟਰੀ ਯਾਦਗਾਰ ਵਜੋਂ ਜਨਤਾ ਨੂੰ ਸਮਰਪਿਤ ਕੀਤਾ।

2019 ਵਿੱਚ ਜੱਲ੍ਹਿਆਂਵਾਲਾ ਬਾਗ਼ ਸਾਕੇ ਨੂੰ 100 ਸਾਲ ਪੂਰੇ ਹੋ ਗਏ। ਇਸ ਦੀ 100 ਸਾਲਾ ਯਾਦ ਨੂੰ ਸਮਰਪਿਤ 20 ਕਰੋੜ ਦੀ ਰਕਮ ਨਾਲ ਇਸ ਦੀ ਸਾਂਭ-ਸੰਭਾਲ ਦੀ ਯੋਜਨਾ ਬਣਾਈ ਗਈ। ਉਦੋਂ ਹੀ 1951 ਵਾਲੇ ਕਾਨੂੰਨ ਵਿੱਚ ਸੋਧ ਕਰ ਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਗਈ ਅਤੇ ਸਰਕਾਰ ਨੂੰ ਅਧਿਕਾਰ ਦਿੱਤਾ ਗਿਆ ਕਿ ਉਹ ਕਿਸੇ ਵੀ ਨਾਮਜ਼ਾਦ ਮੈਂਬਰ ਨੂੰ ਕਿਸੇ ਵੀ ਸਮੇਂ ਉਸ ਦੀ ਟਰਮ ਪੂਰੀ ਹੋਣ ਤੋਂ ਪਹਿਲਾਂ ਹਟਾ ਸਕੇ।

ਸਾਂਭ ਸੰਭਾਲ ਦੇ ਕੰਮ ਲਈ ਭਾਰਤ ਦੇ ਪੁਰਾਤੱਤਵ ਸਰਵੇਖਣ ਵਿਭਾਗ ਅਤੇ ਨੈਸ਼ਨਲ ਬਿਲਡਿੰਗ ਕੰਸਟਰਕਸ਼ਨ ਕਾਰਪੋਰੇਸ਼ਨ (NBCC) ਦੀ ਨਿਗਰਾਨੀ ਹੇਠ ਅਹਿਮਦਾਬਾਦ ਆਧਾਰਿਤ ਨਿੱਜੀ ਕੰਪਨੀ ਵਾਮਾ (VAMA) ਕਮਿਊਨੀਕੇਸ਼ਨ ਨੂੰ ਠੇਕਾ ਦਿੱਤਾ ਗਿਆ। ਇਤਿਹਾਸ, ਸਥਾਨਕ ਸੱਭਿਆਚਾਰ ਅਤੇ ਸ਼ਹੀਦੀ ਸਮਾਰਕ ਦੀ ਦੇਖ ਰੇਖ ਸਬੰਧੀ ਬਿਨਾਂ ਕਿਸੇ ਸਮਝ ਦੇ ਅਤੇ ਬਿਨਾਂ ਕਿਸੇ ਸਥਾਨਕ ਵਿਦਵਾਨ ਦੀ ਸਲਾਹ ਦੇ ਉਪਰੋਕਤ ਕੰਪਨੀ ਨੇ ਇਸ ਕੰਮ ਨੂੰ ਪੂਰਾ ਕਰ ਦਿੱਤਾ। ਸ਼ਹੀਦੀ ਸਮਾਰਕ ਨੂੰ ਸੈਰ-ਸਪਾਟਾ ਸਥਾਨ ਸਮਝਦਿਆਂ ਇਸ ਇਤਿਹਾਸਕ ਸਥਾਨ ਨੂੰ ਸ਼ਹੀਦਾਂ ਪ੍ਰਤੀ ਸਤਿਕਾਰ ਅਰਪਣ ਕਰਨ ਨਾਲੋਂ ਵੱਧ ਮਨੋਰੰਜਨ ਸਥਾਨ ਬਣਾ ਦਿੱਤਾ, ਸਿੱਟੇ ਵਜੋਂ ਦੇਸ਼ ਅਤੇ ਦੁਨੀਆ ਦੇ ਹਰ ਵਰਗ ਵੱਲੋਂ ਇਸ ਦੀ ਨਿੰਦਿਆ ਹੋਈ ।

ਜਿਸ ਤੰਗ ਗਲੀ ਰਾਹੀਂ 13 ਅਪਰੈਲ, 1919 ਨੂੰ ਅੰਗਰੇਜ਼ ਸਿਪਾਹੀ ਇੱਥੇ ਦਾਖਲ ਹੋਏ ਸਨ ਅਤੇ ਜਿਸ ਨੂੰ 1961 ਵਿੱਚ ਯਾਦ ਵਜੋਂ ਹੂਬਹੂ ਰੱਖ ਲਿਆ ਗਿਆ ਸੀ, ਉਸ ਨੂੰ ਬੇਰਹਿਮੀ ਨਾਲ ਬਦਲ ਦਿੱਤਾ ਗਿਆ। ਹਾਲਾਂਕਿ ਇਸ ਗਲੀ ਦੇ ਦੋਵੇਂ ਪਾਸੇ ਦੀਆਂ ਦੀਵਾਰਾਂ ਬਿਲਕੁਲ ਸਹੀ ਹਾਲਤ ਵਿੱਚ ਸਨ, ਇਨ੍ਹਾਂ ਉੱਤੇ ਤਾਂਬੇ ਰੰਗੇ ਵੱਡੇ ਵੱਡੇ ਮਨੁੱਖੀ ਮੂਰਤੀ ਚਿੱਤਰ ਲਗਾ ਦਿੱਤੇ ਗਏ। ਇਨ੍ਹਾਂ ਚਿੱਤਰਾਂ ਵਿੱਚ ਸਪਾਈਕਸ ਹੇਅਰ ਸਟਾਈਲ (ਉੱਪਰ ਵੱਲ ਉੱਠੇ ਹੋਏ ਸਿਰ ਦੇ ਵਾਲ) ਵਾਲੇ ਛੋਟੇ ਮੁੰਡਿਆਂ ਅਤੇ ਸਿਰ ‘ਤੇ ‘ਪਟਕਾ’ ਬੰਨ੍ਹੇ ਪਕਰੌੜ ਸਿੱਖ ਮਰਦਾਂ ਦੇ ਮੂਰਤੀ ਚਿੱਤਰ 19 ਅਪਰੈਲ 1919 ਨੂੰ ਹੋਏ ਕਤਲੇਆਮ ਵਾਲੇ ਬੱਚਿਆਂ ਅਤੇ ਵੱਡੀ ਉਮਰ ਦੇ ਮਰਦਾਂ ਔਰਤਾਂ ਨਾਲ ਮੇਲ ਨਹੀਂ ਖਾਂਦੇ। ਕੁਲ ਮਿਲਾ ਕੇ ਇੱਥੋਂ ਹੀ ਸੈਲਾਨੀਆਂ ਲਈ ਜਸ਼ਨ ਅਤੇ ਸੈਲਫੀ ਖਿੱਚਣ ਦਾ ਮਾਹੌਲ ਤਿਆਰ ਹੋ ਜਾਂਦਾ ਹੈ।

ਬਰਤਾਨਵੀ ਸਿਪਾਹੀਆਂ ਵੱਲੋਂ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਉਣ ਵਾਲੇ ਸਥਾਨ ਦੀ ਨਿਸ਼ਾਨਦੇਹੀ ਕਰਦੇ ਸਿਲ ਪੱਥਰ ਨੂੰ ਤੋੜ ਕੇ ਇਤਿਹਾਸ ਨਾਲ ਛੇੜਛਾੜ ਕੀਤੀ ਗਈ। ਆਖਰ ਇਹ ਪੱਥਰ ਵੀ 90 ਸਾਲ ਤੋਂ ਵੱਧ ਪੁਰਾਣਾ ਹੋ ਗਿਆ ਹੈ। ਇਬਾਰਤ ਜ਼ਮੀਨ ‘ਤੇ ਲਿਖ ਦਿੱਤੀ ਗਈ ਹੈ। ਅਮਰ ਜੋਤੀ ਨੂੰ ਬੇਲੋੜੀ ਸਮੱਗਰੀ ਸਮਝ ਕੇ ਇਸ ਦੇ ਸਥਾਨ ਤੋਂ ਪਿੱਛੇ ਕਰ ਦਿੱਤਾ ਗਿਆ ਹੈ। ਕਤਲੇਆਮ ਸਬੰਧੀ ਘਟਨਾਵਾਂ ਦੇ ਬਿਰਤਾਂਤ ਬਿਆਨ ਕਰਨ ਲਈ ਹਾਈਟੈਕ ਡਿਜੀਟਲ ਸ਼ੋਆਂ ਨਾਲ ਲੈਸ ਚਾਰ ਗੈਲਰੀਆਂ ਵਿੱਚ ਕੰਧਾਂ ਉੱਤੇ ਯਾਤਰੂਆਂ ਦੇ ਪੜ੍ਹਨ ਲਈ ਘਟਨਾਵਾਂ ਬਿਆਨ ਕਰਦੇ ਕੰਧ ਬੋਰਡ ਲਗਾਏ ਗਏ ਹਨ, ਪਰ ਇਨ੍ਹਾਂ ਵਿੱਚ ਆਪਸੀ ਦੂਰੀ ਘੱਟ ਹੋਣ ਕਰ ਕੇ ਡਿਜੀਟਲ ਸ਼ੋਆਂ ਦੀਆਂ ਆਵਾਜ਼ਾਂ ਆਪਸ ਵਿੱਚ ਰਲਗੱਡ ਹੁੰਦੀਆਂ ਹਨ। ਦੂਜੇ ਪਾਸੇ ਤਾਂ ਕਿ ਭੀੜ ਨਾ ਹੋਵੇ, ਸੁਰੱਖਿਆ ਗਾਰਡ ਯਾਤਰੂਆਂ ਨੂੰ ਚੱਲਦੇ ਰਹਿਣ ਲਈ ਕਹਿੰਦੇ ਰਹਿੰਦੇ ਹਨ। ਜਿਸ ਕਰ ਕੇ ਅਸਲ ਮਕਸਦ ਪੂਰਾ ਹੋਣ ਦੀ ਥਾਂ ਮੁਨਾਫੇ ਲਈ ਕੀਤੀ ਖਾਨਾਪੂਰਤੀ ਨਜ਼ਰ ਆਉਂਦੀ ਹੈ। ਕੰਧ ਬੋਰਡਾਂ ‘ਤੇ ਪੰਜਾਬੀ ਵਿੱਚ ਲਿਖੇ ਬਿਰਤਾਂਤਾਂ ਵਿੱਚ ਭਾਸ਼ਾਈ ਗ਼ਲਤੀਆਂ ਹਨਃ ਇੱਕ ਬਿਰਤਾਂਤ ਵਿੱਚ ‘ਕੋੜਿਆਂ ਵਾਲੀ ਗਲੀ ਨੂੰ ਕੌਡੀਆਂ ਵਾਲੀ ਗਲੀ ਲਿਖਿਆ ਗਿਆ ਹੈ। ਲਿਬਰਟੀ ਲਾਟ ‘ਤੇ ਫੁੱਲ ਚੜ੍ਹਾਉਂਦੇ ਸਮੇਂ ਜੁੱਤੀ ਉਤਾਰਨ ਦੀ ਹਦਾਇਤ ਵਾਲੀ ਇੱਕ ਤਖ਼ਤੀ ਲਗਾਈ ਗਈ ਹੈ, ਪਰ ਇਸ ਤਖ਼ਤੀ ਉੱਤੇ ਜੋੜੇ ਲਾਹ ਕੇ (ਜੁੱਤੀ ਉਤਾਰ ਕੇ) ਲਿਖਣ ਦੀ ਬਜਾਏ ਜੋੜੇ ਲਾ ਕੇ (ਜੁੱਤੀ ਪਾ ਕੇ) ਲਿਖਿਆ ਗਿਆ ਹੈ। ਜਿਸ ਤੋਂ ਗੈਰ ਸੰਜੀਦਾ ਪਹੁੰਚ ਸਪੱਸ਼ਟ ਹੁੰਦੀ ਹੈ। ਲਿਬਰਟੀ ਲਾਟ ਦੇ ਸਾਹਮਣੇ ਕਮਲ ਵਾਲਾ ਇੱਕ ਤਲਾਬ ਬਣਾ ਦਿੱਤਾ ਗਿਆ ਹੈ। ਅਜਾਇਬ ਘਰ ਦਾ ਨਾਂ ਵੀ ਗੈਲਰੀ ਕਰ ਦਿੱਤਾ ਗਿਆ ਹੈ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਹਨ।

ਸ਼ਹੀਦੀ ਖੂਹ ਦੇ ਉੱਪਰਲੇ ਢਾਂਚੇ ਨੂੰ ਨਾਨਕਸ਼ਾਹੀ ਇੱਟਾਂ ਨਾਲ ਢੱਕ ਕੇ ਆਧੁਨਿਕ ਢਾਂਚੇ ਨੂੰ ਮੱਧਕਾਲੀ ਢਾਂਚਾ ਦਿਖਾ ਦਿੱਤਾ ਗਿਆ ਹੈ। ਇਸ ਉੱਤੇ ਲੱਗਾ ਸ਼ਹੀਦੀ ਖੂਹ ਵਾਲਾ ਬੋਰਡ ਹਟਾ ਦਿੱਤਾ ਗਿਆ ਹੈ। ਲਿਬਰਟੀ ਫਲੇਮ ਵੱਲ ਜਾਂਦੇ ਰਸਤੇ ‘ਤੇ ਲੱਗੀ ਧਾਤ ਦੀ ਰੇਲਿੰਗ ਉਤਾਰ ਕੇ ਇੱਥੇ ਅਤੇ ਦੂਜੇ ਰਸਤਿਆਂ ਦੇ ਦੋਵੇਂ ਪਾਸੇ ਲੱਕੜ ਦੀ ਰੇਲਿੰਗ ਲਗਾ ਦਿੱਤੀ ਗਈ ਹੈ ਜੋ ਕਿ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਟੁੱਟ ਗਈ ਹੈ। ਧਾਤ ਦੀ ਰੇਲਿੰਗ ਸ਼ਾਇਦ ਨੀਲਾਮ ਕਰ ਦਿੱਤੀ ਗਈ ਹੋਵੇ ਜਿਸ ਨੂੰ ਕਿਸੇ ਸਮੇਂ ਪੁਰਾਤਨ ਅਤੇ ਵਿਰਾਸਤੀ ਵਸਤੂ ਦੇ ਤੌਰ ‘ਤੇ ਕਈ ਗੁਣਾ ਵੱਡੀ ਕੀਮਤ ‘ਤੇ ਵੇਚਿਆ ਜਾ ਸਕਦਾ ਹੈ। ਕੰਮ ਅਤੇ ਮੁਨਾਫਾ ਵਧਾਉਣ ਦੇ ਉਦੇਸ਼ ਨਾਲ ਬੇਲੋੜੀ ਅਖੌਤੀ ਲੈਂਡਸਕੇਪਿੰਗ ਅਧੀਨ ਪੱਧਰੀ ਜ਼ਮੀਨ ਉੱਪਰ ਭਰਤ ਪਾ ਕੇ ਟਿੱਲਾ ਬਣਾਇਆ ਗਿਆ ਹੈ। ਇਸ ਨਾਲ ਸ਼ਹੀਦੀ ਸਥਾਨ ਸ਼ਰਧਾ ਨਾਲੋਂ ਮਨੋਰੰਜਨ ਵੱਲ ਜ਼ਿਆਦਾ ਪ੍ਰੇਰਦਾ ਹੈ। ਬੱਚੇ ਟਿੱਲੇ ‘ਤੇ ਚੜ੍ਹਨ ਉਤਰਨ ਅਤੇ ਮਾਪੇ ਆਪਣੀਆਂ ਤਸਵੀਰਾਂ ਖਿੱਚਣ ਦਾ ਮਜ਼ਾ ਲੈਂਦੇ ਹਨ। ਖੂਨ-ਭਰੀ ਸ਼ਹਾਦਤ ਵਾਲੀ ਜਗ੍ਹਾ ਨੂੰ ਅਧਿਆਤਮਿਕ ਰੰਗ ਦਿੰਦਾ ‘ਮੁਕਤੀ’ ਕੇਂਦਰ ਨਾਮ ਦਾ ਇੱਕ ਥੜ੍ਹਾ ਬਣਾਇਆ ਗਿਆ ਹੈ, ਪਰ ਇਹ ‘ਮੁਕਤੀ’ ਕੇਂਦਰ ਸੈਲਾਨੀਆਂ ਲਈ ਸਿਰਫ਼ ਸੈਲਫੀ ਅਤੇ ਆਰਾਮ ਕਰਨ ਦੇ ਕੰਮ ਆਉਂਦਾ ਹੈ।

ਇਸ ਤਰ੍ਹਾਂ ਫੇਸ ਲਿਫਟਿੰਗ ਦੇ ਨਾਂ ‘ਤੇ ‘ਸ਼ਹੀਦਾਂ ਦੀ ਯਾਦਗਾਰ’ ਜੱਲ੍ਹਿਆਂਵਾਲਾ ਬਾਗ਼ ਨੂੰ ‘ਸੈਰ-ਸਪਾਟਾ ਸਥਾਨ’ ਵਜੋਂ ਵਿਕਸਿਤ ਕਰਨ ਦੀ ਗ਼ਲਤ ਧਾਰਨਾ ਅਧੀਨ ਬੇਲੋੜੇ ਕੰਮਾਂ ‘ਤੇ ਪੈਸੇ ਦੀ ਦੁਰਵਰਤੋਂ ਨਾਲ ਇਸ ਦਾ ਚਿਹਰਾ ਵਿਗਾੜ ਦਿੱਤਾ ਗਿਆ ਹੈ, ਜਿਸ ਨਾਲ ਇਸ ਸਬੰਧੀ ਬਹੁਤ ਵਿਵਾਦ ਅਤੇ ਆਲੋਚਨਾ ਹੋਈ ਹੈ।

ਚੀਜ਼ਾਂ ਨੂੰ ਠੀਕ ਕਰਨ ਲਈ ਅਤੇ ਭਵਿੱਖ ਦੀ ਕਾਰਵਾਈ ਲਈ ਇਤਿਹਾਸ ਨੂੰ ਜਾਣਨ ਅਤੇ ਸਮਝਣ ਵਾਲੇ ਭਾਸ਼ਾ, ਲੈਂਡਸਕੇਪਿੰਗ ਅਤੇ ਆਰਕੀਟੈਕਚਰ ਦੇ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਜਾਵੇ। ਪ੍ਰਾਜੈਕਟ ਲਾਗੂ ਕਰਨ ਵਾਲੀ ਏਜੰਸੀ ਨੂੰ ਬਲੈਕਲਿਸਟ ਕਰ ਕੇ ਉਸ ਤੋਂ ਜੁਰਮਾਨੇ ਸਮੇਤ ਪ੍ਰਾਜੈਕਟ ਦੀ ਪੂਰੀ ਰਕਮ ਵਸੂਲ ਕੀਤੀ ਜਾਵੇ। ਇਸ ਰਕਮ ਨਾਲ ਭਵਿੱਖ ਵਿੱਚ ਜੱਲ੍ਹਿਆਂਵਾਲਾ ਬਾਗ਼ ਸ਼ਹੀਦੀ ਸਮਾਰਕ ਦੇ ਰੱਖ-ਰਖਾਅ ਅਤੇ ਦੇਖ ਭਾਲ ਲਈ ਇੱਕ ਕਾਰਪਸ ਫੰਡ ਬਣਾਇਆ ਜਾਵੇ। ਟਰੱਸਟ ਦੇ ਨਾਮਜ਼ਦ ਕੀਤੇ ਜਾਣ ਵਾਲੇ ਤਿੰਨ ਮੈਂਬਰ ਸਰਗਰਮ ਰਾਜਨੀਤਕ ਨੇਤਾ ਨਾ ਹੋ ਕੇ ਜਾਣੇ-ਪਛਾਣੇ ਇਤਿਹਾਸਕਾਰ, ਇਤਿਹਾਸਕ ਸੱਭਿਆਚਾਰਕ ਸਥਾਨਾਂ ਦੀ ਸੰਭਾਲ ਦੇ ਮਾਹਿਰ, ਸਮਾਜਿਕ ਕਾਰਕੁਨ, ਸੁਤੰਤਰਤਾ ਸੈਨਾਨੀ ਪਰਿਵਾਰਾਂ ਦੇ ਮੈਂਬਰ ਅਤੇ ਕਲਾਕਾਰ ਹੋਣੇ ਚਾਹੀਦੇ ਹਨ। ਇੱਕ ਵਾਰ ਨਾਮਜ਼ਦ ਹੋਣ ਤੋਂ ਬਾਅਦ, ਉਨ੍ਹਾਂ ਨੂੰ ਆਪਣਾ ਕਾਰਜਕਾਲ ਪੂਰਾ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ।
*ਮੈਂਬਰ ਗਵਰਨਿੰਗ ਕੌ਼ਸਲ, ਇਨਟੈੱਕ
ਸੰਪਰਕ: 94642-25655

Advertisement
Advertisement
×