ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਹ ਘਰ ਨਾਹੀ ਮੇਰਾ

06:02 AM Nov 15, 2023 IST

ਕੈਫ਼ੀ ਕੌਣ

ਸੂਰਜ ਕਿਹੜੇ ਘਰ ਜਾ ਲੁਕਦਾ/ਕਿਹੜੇ ਘਰੋਂ ਨਿਕਲਦਾ ਹੈ
ਧੁੱਪਾਂ ਦੇ ਪਰਛਾਵੇਂ/ਮੈਂ ਕਿਧਰੋਂ ਲੱਭਾਂ
ਰੁੱਤਾਂ ਦੇ ਸਿਰਨਾਵੇਂ/ਮੈਂ ਕਿਸ ਨੂੰ ਪੁੱਛਾਂ
ਬਚਪਨ ਵਿਚ ਮੈਂ ਆਪਣੇ ਆਪ ਨੂੰ ਪੁੱਛਦਾ ਹੁੰਦਾ ਸੀ।
ਕੀ ਸੂਰਜ ਦੇ ਦੋ ਦੋ ਘਰ ਨੇ? ਸਵੇਰ ਵੇਲੇ ਸਾਹਮਣੇ ਵਾਲੇ ਘਰੋਂ ਨਿਕਲਦਾ ਹੈ, ਸ਼ਾਮ ਨੂੰ ਪਿੱਛੇ ਵਾਲੇ ਘਰ ਵਿਚ ਵੜ ਜਾਂਦਾ ਹੈ।
ਆਪਣੀ ਕਿਸਮਤ ’ਤੇ ਗੁੱਸਾ ਵੀ ਆਉਂਦਾ ਕਿ ਸਾਡੇ ਕੋਲ ਤਾਂ ਇੱਕ ਵੀ ਆਪਣਾ ਘਰ ਨਹੀਂ ਹੈ ਕਿਉਂ ਜੋ ਅਸੀਂ ਉਦੋਂ ਕਿਰਾਏ ਦੇ ਮਕਾਨ ਵਿਚ ਰਹਿੰਦੇ ਸੀ।
ਖ਼ੈਰ, ਕਿਸੇ ਤਰ੍ਹਾਂ ਘਰਦਿਆਂ ਨੇ ਆਪਣਾ ਘਰ ਬਣਾਇਆ। ਬਣਾਇਆ ਤਾਂ ਨਹੀਂ, ਬਣਿਆ ਹੋਇਆ ਖ਼ਰੀਦਿਆ। ਮੈਨੂੰ ਯਾਦ ਹੈ, ਉਸ ਘਰ ਲਈ ਜਿੰਨੀ ਖੁਸ਼ੀ ਹੋਈ ਸੀ, ਉਹ ਫਿਰ ਕਿਸੇ ਵੀ ਹੋਰ ਚੀਜ਼ ਲਈ ਮਹਿਸੂਸ ਨਹੀਂ ਹੋਈ। ਜਿਵੇਂ ਮੈਂ ਆਪਣੀਆਂ ਮਾਸੀਆਂ ਨੂੰ ਚਿੱਠੀ ਵਿਚ ਉਸ ਘਰ ਦਾ ਨਕਸ਼ਾ ਬਣਾ ਕੇ, ਅਮਰੂਦ ਦਾ ਦਰਖ਼ਤ ਤੇ ਰੰਗ ਬਦਲਦੇ ਫੁੱਲਾਂ ਵਾਲੀ ਵੇਲ ਦੀ ਡਰਾਇੰਗ ਬਣਾ ਕੇ ਭੇਜੀ, ਉਸ ਤਰ੍ਹਾਂ ਦਾ ਕਮਲਪੁਣਾ ਫਿਰ ਜਿ਼ੰਦਗੀ ਵਿਚ ਕਿਸੇ ਚੀਜ਼ ਲਈ ਨਹੀਂ ਹੋਇਆ।
ਉਂਝ, ਆਪਣੇ ਘਰ ਦੀ ਉਹ ਖ਼ੁਸ਼ੀ ਬਹੁਤੀ ਦੇਰ ਤੱਕ ਸਲਾਮਤ ਨਹੀਂ ਰਹਿ ਸਕੀ। ਡੈਡੀ ਦਾ ਨਿੱਤ ਸ਼ਰਾਬ ਪੀਣਾ, ਸ਼ਰਾਬ ਪੀ ਕੇ ਲੜਾਈ ਝਗੜਾ ਕਰਨਾ ਘਰ ਦੀ ਫਿ਼ਜ਼ਾ ਨੂੰ ਘੁਟਣ ਭਰਿਆ ਬਣਾ ਰਿਹਾ ਸੀ। ਉਦੋਂ ਮਹਿਸੂਸ ਹੋਇਆ, ਆਪਣਾ ਘਰ ਹੋਣਾ ਵੀ ਜਿ਼ੰਦਗੀ ਨੂੰ ਖ਼ੁਸ਼ੀ ਜਾਂ ਸਕੂਨ ਦੀ ਗਰੰਟੀ ਨਹੀਂ ਦੇ ਸਕਦਾ।
ਖ਼ੈਰ, ਡੈਡੀ ਦੇ ਅਚਾਨਕ ਗੁਜ਼ਰ ਜਾਣ ਤੋਂ ਬਾਅਦ ਉਹ ਘਰ ਵੀ ਸਾਨੂੰ ਵੇਚਣਾ ਪਿਆ, ਤੇ ਅਸੀਂ ਨਾਨੀ ਦੇ ਘਰ ਰਹਿਣ ਲਈ ਆ ਗਏ; ਨਾਨੀ ਦਾ ਘਰ ਜੋ ਨਾਨੀ ਦਾ ਘਰ ਹੋ ਕੇ ਵੀ ਨਾਨੀ ਦਾ ਨਹੀਂ ਸੀ। ਉਹਨਾਂ ਦੀਆਂ ਗੱਲਾਂ ਵਿਚ ਜਿਸ ‘ਆਪਣੇ ਘਰ’ ਦਾ ਜਿ਼ਕਰ ਹੁੰਦਾ ਸੀ, ਉਹ ਤਾਂ ਪਾਕਿਸਤਾਨ ਵਿਚ ਰਹਿ ਗਿਆ ਸੀ।
ਰੰਗਪੁਰ ਬਘੂਰ, ਸਾਡਾ ਸ਼ਹਿਰ ਮਸ਼ਹੂਰ
ਅਸਾਂ ਜਾਣਾ ਨਹੀਓਂ ਦੂਰ, ਸੁਣ ਬਾਬਲਾ
ਤੈਡੀ ਹਰ ਗੱਲ ਮਨਜ਼ੂਰ ਪਰ ਵਿਆਹਵੇਂ ਨਾ ਕਸੂਰ
ਅਸਾਂ ਜਾਣਾ ਨਹੀਓਂ ਦੂਰ, ਸੁਣ ਬਾਬਲਾ
ਵਰ੍ਹਿਆਂ ਬਾਅਦ ਇਹ ਗੀਤ ਲਿਖਦੇ ਹੋਏ ਤਸੱਵੁਰ ਕੀਤਾ ਸੀ ਕਿ ਸ਼ਾਇਦ ਨਾਨੀ ਨੇ ਆਪਣੇ ਬਾਬਲ ਨੂੰ ਇਹੀ ਆਖਿਆ ਹੋਣਾ ਹੈ। ਆਪਣੇ ਸ਼ਹਿਰ, ਆਪਣੇ ਘਰ ਤੋਂ ਕਦੇ ਦੂਰ ਨਾ ਭੇਜਣ ਦੀ ਗੁਜ਼ਾਰਿਸ਼ ਕੀਤੀ ਹੋਣੀ ਹੈ ਹਾਲਾਂਕਿ ਧੀਆਂ ਦੀ ਇਹ ਗੁਜ਼ਾਰਿਸ਼ ਕੋਈ ਵੀ ਬਾਬਲ ਪੂਰੀ ਨਹੀਂ ਕਰ ਸਕਦਾ। ਆਪਣੇ ਹੱਥੀਂ ਆਪਣੀਆਂ ਧੀਆਂ ਨੂੰ ਉਸ ਘਰ ਤੋਂ ਵਿਦਾ ਕਰਦਾ ਹੈ ਜਿਸ ਨੂੰ ਉਹ ‘ਆਪਣਾ ਘਰ’ ਸਮਝਦੀਆਂ ਰਹੀਆਂ ਨੇ।
ਨਾਨੀ ਨੂੰ ਉਸ ਘਰ ਤੋਂ ਦੂਰ ਬਾਬਲ ਨੇ ਤਾਂ ਨਹੀਂ ਕੀਤਾ ਪਰ ਦੁਨਿਆਵੀ ਖ਼ੁਦਾਵਾਂ ਨੇ ਕਰ ਦਿੱਤਾ। ਇਹਨਾਂ ਖ਼ੁਦਾਵਾਂ ਅੱਗੇ ਕਿਸੇ ਦੀ ਗੁਜ਼ਾਰਿਸ਼ ਜਾਂ ਦੁਆ ਦੀ ਨਹੀਂ, ਸਿਰਫ਼ ਕੁਰਸੀਆਂ ਦੀ ਅਹਿਮੀਅਤ ਹੁੰਦੀ ਹੈ। ਵੈਸੇ ਵੀ ਵੱਡੀਆਂ ਕੁਰਸੀਆਂ ’ਤੇ ਬੈਠਣ ਵਾਲਿਆਂ ਦੇ ਦਿਲ ਬੜੇ ਛੋਟੇ ਹੁੰਦੇ ਨੇ।
ਕਦੇ ਕਦੇ ਸੋਚਦਾ ਹਾਂ, ਇਹਨਾਂ ਕੁਰਸੀਆਂ ਦੇ ਪਾਵੇ ਸ਼ਾਇਦ ਸਾਡੇ ਉਧਰ ਰਹਿ ਗਏ ਖੇਤਾਂ ਦੀਆਂ ਟਾਹਲੀਆਂ ਵੱਢ ਕੇ ਬਣਾਏ ਗਏ ਹੋਣਗੇ। ਸੱਤ ਕਮਰਿਆਂ ਵਾਲੇ ਹਵੇਲੀ ਵਰਗੇ ਉਸ ਘਰ ’ਤੇ ਕਿਸੇ ਨੇ ਕਬਜ਼ਾ ਕਰ ਲਿਆ ਹੋਣਾ ਹੈ। ਹੁਣ ਤਾਂ ਉਸ ਦੀ ਥਾਂ ਪਤਾ ਨਹੀਂ ਕਿਹੜੀ ਕੋਠੀ, ਕਿਹੜੀ ਦੁਕਾਨ ਜਾਂ ਕੋਈ ਹੋਰ ਇਮਾਰਤ ਬਣ ਗਈ ਹੋਣੀ ਹੈ।
ਨਾਨੀ ਦੇ ਬਾਬਲ ਜਾਂ ਉਹਨਾਂ ਦੇ ਪੁਰਖਿਆਂ ਨੇ ਉਹ ਆਪਣਾ ਘਰ ਬਣਾਉਣ ਲੱਗਿਆਂ ਕਦੇ ਸੋਚਿਆ ਨਹੀਂ ਹੋਣਾ ਕਿ ਇਕ ਦਿਨ ਅਚਾਨਕ ਗਠੜੀ ਵਿਚ ਚਾਰ ਕਪੜੇ ਬੰਨ੍ਹ ਕੇ ਆਪਣਾ ਘਰ ਛੱਡ ਜਾਣਾ ਪੈਣਾ ਹੈ; ਰਿਫਿਊਜੀ ਕੈਂਪ ਤੇ ਫੇਰ ਕਿਤੇ ਅਲਾਟ ਹੋਏ ਛੋਟੇ ਜਿਹੇ ਮਕਾਨ ਵਿਚ ਰਹਿਣਾ ਪੈਣਾ ਹੈ।
ਪਤਾ ਨਹੀਂ ਕਿਵੇਂ ਉਹ ਰਿਫਿਊਜੀਆਂ ਵਾਲਾ ਕੋਈ ਅਹਿਸਾਸ ਸ਼ਾਇਦ ਮੇਰੇ ਤੱਕ ਪਹੁੰਚ ਗਿਆ। ਜਿ਼ੰਦਗੀ ਵਿਚ ਸ਼ਹਿਰ ਸ਼ਹਿਰ ਧੱਕੇ ਖਾਣ ਤੋਂ ਬਾਅਦ ਨੰਗਲ ਆ ਕੇ ਆਪਣਾ ਘਰ ਬਣਾ ਤਾਂ ਲਿਆ ਪਰ ਇਸ ਨੂੰ ਕਦੇ ਆਪਣਾ ਘਰ ਮਹਿਸੂਸ ਹੀ ਨਹੀਂ ਕਰ ਸਕਿਆ। ਛੱਤ ’ਤੇ ਆਈ ਸਲ੍ਹਾਬ ਜਾਂ ਕਿਸੇ ਕੰਧ ਵਿਚ ਆਈ ਕੋਈ ਤਰੇੜ ਦੇਖ ਕੇ ਕੋਈ ਦੁੱਖ ਨਹੀਂ ਹੁੰਦਾ; ਲਗਦਾ ਹੈ, ਸ਼ਾਇਦ ਦੁੱਖ ਹੋਣਾ ਚਾਹੀਦਾ ਸੀ। ਦਰਿਆ ਦੇ ਕਿਨਾਰੇ ਘਰ ਦੇਖ ਕੇ ਇੱਕ ਵਾਰ ਕਿਸੇ ਨੇ ਕਿਹਾ, ਜੇ ਕਦੇ ਹੜ੍ਹ ਆ ਗਏ ਤੇ ਘਰ ਦਾ ਨੁਕਸਾਨ ਹੋ ਗਿਆ? ਮੈਂ ਕਿਹਾ- ਤਾਂ ਕੀ, ਕਿਤੇ ਕਿਰਾਏ ’ਤੇ ਰਹਿ ਲਵਾਂਗੇ।
ਪਤਾ ਨਹੀਂ ਮੈਂ ਨਿਰਾਸ਼ਾਵਾਦੀ ਹੋ ਗਿਆ ਹਾਂ ਜਾਂ ਨਿਰਮੋਹੀ ਜਾਂ ਸ਼ਾਇਦ ਕਿਸੇ ’ਤੇ ਕੋਈ ਭਰੋਸਾ ਨਹੀਂ ਰਹਿ ਗਿਆ। ਨਾ ਜਿ਼ੰਦਗੀ ’ਤੇ, ਨਾ ਤਕਦੀਰ ’ਤੇ, ਨਾ ਉੱਤੇ ਬੈਠੇ ਕਿਸੇ ਰੱਬ ’ਤੇ, ਨਾ ਹੀ ਥੱਲੇ ਕੁਰਸੀਆਂ ਮੱਲੀ ਬੈਠੇ ਨਕਲੀ ਖ਼ੁਦਾਵਾਂ ’ਤੇ।
ਕਿਤੇ ਅਚਾਨਕ ਭੂਚਾਲ ਨਾਲ ਕਿਸੇ ਦਾ ਆਪਣਾ ਘਰ ਉਸ ਦੀ ਕਬਰ ਬਣ ਜਾਂਦਾ ਹੈ, ਕਿਤੇ ਹੜ੍ਹਾਂ ਵਿਚ ਰੁੜ੍ਹ ਜਾਂਦਾ ਹੈ। ਕਿਸੇ ਨੂੰ ਬੁਢਾਪੇ ਵਿਚ ‘ਆਪਣੇ ਘਰ’ ’ਚੋਂ ਬੱਚੇ ਕੱਢ ਦਿੰਦੇ ਨੇ। ਕਿਤੇ ਕੋਈ ਸਰਕਾਰ ਬੁਲਡੋਜ਼ਰਾਂ ਹੇਠ ਕਿਸੇ ਦਾ ਘਰ ਰੌਂਦ ਦਿੰਦੀ ਹੈ। ਕਿਤੇ ਲੀਡਰਾਂ ਦੀ ਹਉਮੈ ਤੇ ਸੱਤਾ ਦੀ ਭੁੱਖ, ਮਜਿ਼ਾਈਲਾਂ ਨਾਲ ਲੋਕਾਂ ਦੇ ਘਰ ਨਿਗਲ ਜਾਂਦੀ ਹੈ। ਯੂਕਰੇਨ ਤੇ ਫ਼ਲਸਤੀਨ ਤੋਂ ਆਉਂਦੀਆਂ ਤਸਵੀਰਾਂ ਵੀ ਹੁਣ ਮੈਨੂੰ ਡਰਾਉਂਦੀਆਂ ਨਹੀਂ।
ਕੀ ਪਤਾ ਅਚਾਨਕ ਕਿਸੇ ਦਿਨ ਕੋਈ ਸਾਨੂੰ ਖ਼ਾਲਿਸਤਾਨੀ ਜਾਂ ਪਾਕਿਸਤਾਨੀ ਕਰਾਰ ਦੇ ਦੇਵੇ ਤੇ ਆਪਣਾ ਘਰ ਛੱਡ ਕੇ ਵਾਪਿਸ ਚਲੇ ਜਾਣ ਦਾ ਫ਼ਰਮਾਨ ਸੁਣਾ ਦੇਵੇ। ਉਂਝ ਵੀ ਅਸੀਂ ਦੁਨੀਆ ਤੇ ਆਪਣੀ ਹੋਂਦ ਨੂੰ ਸਦੀਵੀ ਮੰਨ ਕੇ ਰਹਿੰਦੇ ਹਾਂ ਜਦਕਿ ਇਹ ਵੀ ਸਾਡੀ ਸੋਚੀ ਸਮਝੀ ਅਗਿਆਨਤਾ ਹੀ ਹੈ। ਸ਼ਾਇਦ ਹੁਣ ਸਮਝ ਰਿਹਾ ਹਾਂ ਕਿ ਸੂਰਜ ਦਾ ਵੀ ਕੋਈ ਆਪਣਾ ਘਰ ਨਹੀਂ। ਨਾ ਉਹ ਪਿਛਲੇ ਘਰ ਵਿਚ ਲੁਕਦਾ ਹੈ ਤੇ ਨਾ ਸਾਹਮਣੇ ਵਾਲੇ ਘਰ ਵਿਚੋਂ ਨਿਕਲਦਾ ਹੈ। ਧੁੱਪਾਂ ਦਾ ਪਰਛਾਵਾਂ ਮੈਨੂੰ ਕਿਤੇ ਦਿਸਿਆ ਨਹੀਂ ਤੇ ਰੁੱਤਾਂ ਦਾ ਕੋਈ ਸਿਰਨਾਵਾਂ ਹੁੰਦਾ ਹੀ ਨਹੀਂ। ਉਹ ਵੀ ਸ਼ਾਇਦ ‘ਆਪਣੇ ਘਰ’ ਦੀ ਤਲਾਸ਼ ਵਿਚ ਭਟਕਦੀਆਂ ਰਹਿੰਦੀਆਂ ਨੇ।
ਅਸਲ ਵਿਚ ‘ਆਪਣਾ ਘਰ’ ਸਾਡਾ ਸਭ ਤੋਂ ਵੱਡਾ ਵਹਿਮ ਤੇ ਸਭ ਤੋਂ ਖੋਖਲੀ ਖ਼ੁਸ਼ਫ਼ਹਿਮੀ ਹੈ ਜਿਸ ਤੋਂ ਹੋਰ ਬਹੁਤ ਸਾਰੇ ਵਹਿਮਾਂ ਵਾਂਗ ਸਿਰਫ਼ ਆਰਜ਼ੀ ਸਕੂਨ ਹੀ ਮਿਲਦਾ ਹੈ ਜਿਸ ਦਾ ਸ਼ਾਇਦ ਮੈਂ ਹੁਣ ਤਲਬਗਾਰ ਨਹੀਂ।
ਚਾਰ ਦੀਵਾਰੀ/ਚਾਰ ਚੁਫ਼ੇਰਾ
ਇਹ ਘਰ ਨਾਹੀ ਮੇਰਾ
ਇੱਥੇ ਮੈਂ ਦੋ ਚਾਰ ਦਿਨਾਂ ਲਈ/ਐਵੇਂ ਲਾਇਆ ਡੇਰਾ
ਇਹ ਘਰ ਨਾਹੀ ਮੇਰਾ
ਸੰਪਰਕ: 98156-38668

Advertisement

Advertisement