For the best experience, open
https://m.punjabitribuneonline.com
on your mobile browser.
Advertisement

ਜਗਜੀਤਪੁਰਾ ਵਿੱਚ ਤੀਹ ਦੁਧਾਰੂ ਪਸ਼ੂ ਮਰੇ

07:33 AM Apr 04, 2024 IST
ਜਗਜੀਤਪੁਰਾ ਵਿੱਚ ਤੀਹ ਦੁਧਾਰੂ ਪਸ਼ੂ ਮਰੇ
ਜਗਜੀਤਪੁਰਾ ਵਿੱਚ ਪਸ਼ੂ ਮਰਨ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ।
Advertisement

ਰੋਹਿਤ ਗੋਇਲ
ਪੱਖੋ ਕੈਂਚੀਆਂ, 3 ਅਪਰੈਲ
ਨੇੜਲੇ ਪਿੰਡ ਜਗਜੀਤਪੁਰਾ ਵਿੱਚ ਲਗਾਤਾਰ ਦੁਧਾਰੂ ਪਸ਼ੂ ਮਰਨ ਨਾਲ ਪਸ਼ੂ ਪਾਲਕਾਂ ਦੀ ਚਿੰਤਾ ਵਧ ਗਈ ਹੈ। ਪਿਛਲੇ ਕੁੱਝ ਦਿਨਾਂ ਤੋਂ ਪਿੰਡ ਵਿੱਚ 30 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਹਰਕਤ ਵਿੱਚ ਆਇਆ ਅਤੇ ਅੱਜ ਇਸ ਦੀ ਜਾਂਚ ਲਈ ਟੀਮ ਪਿੰਡ ਪਹੁੰਚੀ।
ਇਸ ਮੌਕੇ ਪਿੰਡ ਦੇ ਪੀੜਤ ਸੋਹਣ ਸਿੰਘ, ਚਮਕੌਰ ਸਿੰਘ ਅਤੇ ਸੁਖਚੈਨ ਸਿੰਘ ਨੇ ਦੱਸਿਆ ਕਿ 10 ਮਾਰਚ ਤੋਂ ਪਸ਼ੂਆਂ ਦੀ ਮੌਤ ਦਾ ਇਹ ਸਿਲਸਿਲਾ ਸ਼ੁਰੂ ਹੋਇਆ ਹੈ ਪਰ ਅਜੇ ਤੱਕ ਮੌਤ ਦੇ ਕਾਰਨਾਂ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਨੇ ਨਿੱਜੀ ਡਾਕਟਰਾਂ ਤੋਂ ਮਹਿੰਗੇ ਭਾਅ ਦੇ ਇਲਾਜ ਵੀ ਕਰਵਾਏ। ਇਸ ਦੇ ਬਾਵਜੂਦ ਪਸ਼ੂਆਂ ਦਾ ਮਰਨਾ ਜਾਰੀ ਹੈ। 30 ਦੇ ਕਰੀਬ ਦੁਧਾਰੂ ਪਸ਼ੂਆਂ ਦੇ ਕੀਮਤ ਲੱਖਾਂ ਰੁਪਏ ਦੀ ਸੀ, ਜਿਸ ਵਿੱਚ ਛੋਟੇ ਕਿਸਾਨ ਅਤੇ ਆਮ ਪਰਿਵਾਰਾਂ ਦੇ ਵੱਲੋਂ ਦੁਧਾਰੂ ਪਸ਼ੂਆਂ ਦਾ ਦੁੱਧ ਵੇਚ ਕੇ ਹੀ ਆਪਣੇ ਪਰਿਵਾਰ ਦਾ ਪਾਲਣ ਵਿਭਾਗ ਕੀਤਾ ਜਾ ਰਿਹਾ ਸੀ ਪਰ ਅਚਾਨਕ ਪਸ਼ੂਆਂ ਦੀ ਮੌਤ ਹੋਣ ਕਾਰਨ ਉਨ੍ਹਾਂ ਨੂੰ ਜਿੱਥੇ ਲੱਖਾਂ ਦਾ ਘਾਟਾ ਹੋਇਆ ਹੈ, ਉੱਥੇ ਛੋਟੇ ਕਿਸਾਨ ਆਰਥਿਕ ਪੱਖੋਂ ਵੀ ਕਮਜ਼ੋਰ ਹੋ ਚੁੱਕੇ ਹਨ। ਉਨ੍ਹਾਂ ਪੰਜਾਬ ਸਰਕਾਰ ਮੰਗ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਹੋਏ ਇਸ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਵੇ ਅਤੇ ਪਿੰਡ ਦੇ ਰਹਿੰਦੇ ਪਸ਼ੂਆਂ ਨੂੰ ਬਚਾਉਣ ਲਈ ਸਰਕਾਰ ਤੇਜ਼ੀ ਲਿਆਵੇ।
ਇਸ ਮੌਕੇ ਵੈਟਰਨਰੀ ਅਫ਼ਸਰ ਤਪਾ ਡਾ. ਅਵਨੀਤ ਕੌਰ ਨੇ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੀ ਖ਼ੁਰਾਕ ਤੇ ਚਾਰੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਜਾਂਚ ਰਿਪੋਰਟ ਵਿੱਚ ਜੋ ਸਾਹਮਣੇ ਆਵੇਗਾ, ਉਸ ਤੋਂ ਬਾਅਦ ਹੀ ਪਸ਼ੂਆਂ ਦੀ ਮੌਤ ਬਾਰੇ ਕੁੱਝ ਕਿਹਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਟੀਮਾਂ ਬਣਾ ਕੇ ਪਿੰਡਾਂ ਵਿੱਚ ਭੇਜੀਆਂ ਜਾ ਰਹੀਆਂ ਹਨ।

Advertisement

ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡਾਂ ਦਾ ਦੌਰਾ

ਮਾਨਸਾ (ਪੱਤਰ ਪ੍ਰੇਰਕ): ਪਿੰਡ ਭੈਣੀਬਾਘਾ ਵਿੱਚ ਲਗਾਤਾਰ ਪਸ਼ੂਆਂ ਦੇ ਮਰਨ ਕਾਰਨ ਪਸ਼ੂ ਪਾਲਕਾਂ ਵਿੱਚ ਪਾਏ ਜਾਂਦੇ ਸਹਿਮ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਇੱਕ ਵਾਰ ਫ਼ਿਰ ਹਰਕਤ ’ਚ ਆਇਆ ਹੈ। ਵਿਭਾਗ ਦੇ ਡਾਇਰੈਕਟਰ ਸਮੇਤ ਹੋਰ ਉੱਚ ਅਧਿਕਾਰੀ ਵੀ ਅੱਜ ਪਿੰਡ ਭੈਣੀਬਾਘਾ ’ਚ ਪਹੁੰਚੇ ਅਤੇ ਹੋਰ ਨੇੜਲੇ ਪਿੰਡਾਂ ’ਚ ਵੀ ਉਨ੍ਹਾਂ ਦੁਧਾਰੂ ਪਸ਼ੂਆਂ ਦੀਆਂ ਹੋ ਰਹੀਆਂ ਮੌਤਾਂ ਅਤੇ ਬਿਮਾਰ ਸਥਿਤੀ ਸਬੰਧੀ ਆਮ ਲੋਕਾਂ ਨਾਲ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਪਿੰਡ ਖਿਆਲਾ ਕਲਾਂ, ਖਿਆਲਾ ਖੁਰਦ, ਮਲਕਪੁਰ ਖਿਆਲਾ ਅਤੇ ਬੁਰਜ ਹਰੀ ’ਚ ਵੀ ਦੁਧਾਰੂ ਪਸ਼ੂਆਂ ਦੀਆਂ ਕਈ ਮੌਤਾਂ ਹੋਈਆਂ ਸਨ, ਜਿਸ ਤੋਂ ਬਾਅਦ ਵਿਭਾਗ ਵੱਲੋਂ ਬਿਮਾਰ ਪਸ਼ੂਆਂ ਦਾ ਇਲਾਜ ਕਰਨਾ ਆਰੰਭ ਕਰ ਦਿੱਤਾ, ਪਰ ਹੁਣ ਪਿੰਡ ਭੈਣੀਬਾਘਾ ’ਚ ਪਸ਼ੂਆਂ ਦੀਆਂ ਮੌਤਾਂ ਹੋਣੀਆਂ ਆਰੰਭ ਹੋ ਗਈਆਂ ਹਨ, ਜਿਸ ਤੋਂ ਬਾਅਦ ਵਿਭਾਗ ਹਰਕਤ ਵਿੱਚ ਆਇਆ ਹੈ। ਡਾਇਰੈਕਟਰ ਡਾ. ਜੀ.ਐਸ ਬੇਦੀ ਨੇ ਦੱਸਿਆ ਕਿ ਦੁਧਾਰੂ ਪਸ਼ੂਆਂ ਨੂੰ ਬਚਾਉਣ ਲਈ ਟੀਮਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਮਾਨਸਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੈ, ਜਿਸ ਵਿੱਚ ਗਲਘੋਟੂ ਦੀ ਦਵਾਈ ਪਸ਼ੂਆਂ ਨੂੰ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਪਿੰਡ ਭੈਣੀਬਾਘਾ, ਗੁਰਨੇ ਕਲਾਂ, ਚੁਕੇਰੀਆਂ, ਖਿੱਲਣ, ਜਵਾਹਰਕੇ, ਕੋਟਲੱਲੂ ਆਦਿ ’ਚ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਗੁਰਨੇ ਕਲਾਂ ਵਿੱਚ 20 ਬਿਮਾਰ ਪਸ਼ੂ ਹਨ, ਜਿਨ੍ਹਾਂ ’ਚੋਂ 12 ਠੀਕ ਹੋ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭੈਣੀਬਾਘਾ ’ਚ 26 ਮਾਰਚ ਦੇ ਬਾਅਦ ਕੋਈ ਮੌਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਪਸ਼ੂਆਂ ਦੇ ਖੂਨ ਦੇ ਸੈਂਪਲ ਲਏ ਹਨ ਅਤੇ ਹੁਣ ਲਗਾਤਾਰ ਮੁਫ਼ਤ ਵੈਕਸੀਨ ਪਸ਼ੂਆਂ ਦੇ ਲਗਾਈ ਜਾਵੇਗੀ।

Advertisement
Author Image

Advertisement
Advertisement
×