ਭਾਰਤ-ਆਸਟਰੇਲੀਆ ਵਿਚਾਲੇ ਤੀਜਾ ਟੈਸਟ ਡਰਾਅ
ਬ੍ਰਿਸਬਨ, 18 ਦਸੰਬਰ
ਭਾਰਤ ਅਤੇ ਆਸਟਰੇਲੀਆ ਵਿਚਾਲੇ ਮੀਂਹ ਨਾਲ ਪ੍ਰਭਾਵਿਤ ਤੀਜਾ ਟੈਸਟ ਮੈਚ ਅੱਜ ਆਖਰੀ ਦਿਨ ਡਰਾਅ ਰਿਹਾ। ਪੰਜ ਮੈਚਾਂ ਦੀ ਲੜੀ ਹਾਲੇ ਵੀ 1-1 ਨਾਲ ਬਰਾਬਰ ਹੈ। ਭਾਰਤ ਨੇ ਨੌਂ ਵਿਕਟਾਂ ’ਤੇ 252 ਦੌੜਾਂ ਤੋਂ ਅੱਗੇ ਖੇਡਦਿਆਂ 24 ਗੇਂਦਾਂ ’ਤੇ ਅੱਠ ਹੋਰ ਦੌੜਾਂ ਜੋੜੀਆਂ। ਇਸ ਤੋਂ ਬਾਅਦ ਆਸਟਰੇਲੀਆ ਨੇ 7 ਵਿਕਟਾਂ ’ਤੇ 89 ਦੌੜਾਂ ਦੇ ਸਕੋਰ ’ਤੇ ਦੂਜੀ ਪਾਰੀ ਐਲਾਨ ਦਿੱਤੀ ਅਤੇ ਭਾਰਤ ਨੂੰ ਜਿੱਤਣ ਲਈ 275 ਦੌੜਾਂ ਦਾ ਟੀਚਾ ਦਿੱਤਾ। ਮੀਂਹ ਕਾਰਨ ਸਵੇਰ ਦੇ ਸੈਸ਼ਨ ’ਚ ਖੇਡ ਨਹੀਂ ਹੋ ਸਕੀ ਅਤੇ ਨਤੀਜੇ ਲਈ ਲੋੜੀਂਦਾ ਸਮਾਂ ਨਾ ਬਚਿਆ ਦੇਖ ਕੇ ਆਸਟਰੇਲੀਆ ਦੇ ਬੱਲੇਬਾਜ਼ਾਂ ਨੇ ਵਿਕਟਾਂ ਦੀ ਚਿੰਤਾ ਕੀਤੇ ਬਿਨਾਂ ਹਮਲਾਵਰ ਬੱਲੇਬਾਜ਼ੀ ਕੀਤੀ। ਆਸਟਰੇਲੀਆ ਨੇ 18 ਓਵਰ ਖੇਡੇ ਅਤੇ ਸਿਰਫ਼ ਐਲੇਕਸ ਕੈਰੀ (20 ਗੇਂਦਾਂ ਵਿੱਚ 20 ਦੌੜਾਂ), ਪੈਟ ਕਮਿਨਸ (10 ਗੇਂਦਾਂ ਵਿੱਚ 22 ਦੌੜਾਂ) ਅਤੇ ਟਰੈਵਿਸ ਹੈੱਡ (19 ਗੇਂਦਾਂ ਵਿੱਚ 17 ਦੌੜਾਂ) ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੇ। ਦੂਜੀ ਪਾਰੀ ਵਿੱਚ ਭਾਰਤ ਨੇ ਜਦੋਂ 2.1 ਓਵਰਾਂ ’ਚ ਬਿਨਾਂ ਕਿਸੇ ਨੁਕਸਾਨ ਦੇ ਅੱਠ ਦੌੜਾਂ ਬਣਾ ਲਈਆਂ ਸਨ ਤਾਂ ਮੀਂਹ ਕਾਰਨ ਚਾਹ ਦੀ ਬਰੇਕ ਲਈ ਗਈ। ਇਸ ਤੋਂ ਬਾਅਦ ਮੀਂਹ ਵਧ ਗਿਆ ਅਤੇ ਕੋਈ ਖੇਡ ਨਹੀਂ ਹੋ ਸਕੀ। ਚੌਥਾ ਟੈਸਟ ਮੈਲਬਰਨ ’ਚ ਹੋਵੇਗਾ। ਦੂਜੀ ਪਾਰੀ ਵਿੱਚ ਭਾਰਤ ਲਈ ਇਕ ਵਾਰ ਫਿਰ ਜਸਪ੍ਰੀਤ ਬੁਮਰਾਹ ਨੇ 18 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਮੁਹੰਮਦ ਸਿਰਾਜ ਅਤੇ ਆਕਾਸ਼ ਦੀਪ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਜਿ਼ਕਰਯੋਗ ਹੈ ਕਿ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 445 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਭਾਰਤ ਦੀ ਪਾਰੀ 260 ਦੌੜਾਂ ’ਤੇ ਹੀ ਸਿਮਟ ਗਈ ਸੀ। -ਪੀਟੀਆਈ