ਸਵੈ-ਇੱਛੁਕ ਖੂਨਦਾਨ ’ਚ ਪੰਜਾਬ ਨੂੰ ਤੀਜਾ ਪੁਰਸਕਾਰ: ਬਲਬੀਰ ਸਿੰਘ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 25 ਨਵੰਬਰ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਅਪਗਰੇਡ ਕੀਤੇ ‘ਬਲੱਡ ਕੰਪੋਨੈਂਟ ਸੈਪਰੇਸ਼ਨ ਯੂਨਿਟ’ ਦਾ ਉਦਘਾਟਨ ਕੀਤਾ ਅਤੇ ਦੋ ‘ਬਲੱਡ ਕੁਲੈਕਸ਼ਨ ਅਤੇ ਟਰਾਂਸਪੋਰਟੇਸ਼ਨ ਵੈਨਾਂ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੰਜਾਬ ਬਲੱਡ ਟਰਾਂਸਫਿਊਜ਼ਨ ਕੌਂਸਲ ਦੇ ਸਟਾਫ ਅਤੇ ਨਰਸਿੰਗ ਅਤੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਸਵੈ-ਇੱਛਤ ਖ਼ੂਨਦਾਨੀਆਂ ਵਿੱਚ ਤੀਜਾ ਕੌਮੀ ਰੈਂਕ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਸੂਬੇ ਵਿੱਚ ਸਰਕਾਰੀ ਖੇਤਰ ਵਿੱਚ 26 ਬਲੱਡ ਕੰਪੋਨੈਂਟ ਸੈਪਰੇਸ਼ਨ ਯੂਨਿਟ ਹਨ, ਹੁਣ ਇਹ 27ਵਾਂ ਅਜਿਹਾ ਯੂਨਿਟ ਹੈ ਜੋ ਸਰਕਾਰੀ ਹਸਪਤਾਲ ਵਿੱਚ ਅਪਗਰੇਡ ਕੀਤਾ ਗਿਆ ਹੈ। ਇਹ ਯੂਨਿਟ ਪੈਕਡ ਲਾਲ ਸੈੱਲ, ਫਰੈਸ਼ ਫ੍ਰੋਜ਼ਨ ਪਲਾਜ਼ਮਾ, ਪਲੇਟਲੈਟਸ, ਪਲੇਟਲੈਟ ਕੰਨਸੈਂਟਰੇਟ, ਕ੍ਰਾਇਓਪ੍ਰੀਸਿਪੀਟੇਟ ਅਤੇ ਪਲੇਟਲੈਟ ਰਿਚ ਪਲਾਜ਼ਮਾ ਉਪਲਬਧ ਕਰਵਾਏਗਾ ਜੋ ਇਸ ਯੂਨਿਟ ਵੱਲੋਂ ਇੱਕੋ ਵਿਅਕਤੀ ਦੇ ਖੂਨ ਤੋਂ ਵੱਖ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇੰਡੀਅਨ ਰੈੱਡ ਕਰਾਸ ਲੁਧਿਆਣਾ, ਰਾਜਪੁਰਾ, ਮਾਲੇਰਕੋਟਲਾ, ਕੋਟਕਪੂਰਾ, ਬਟਾਲਾ, ਫਾਜ਼ਿਲਕਾ, ਖੰਨਾ ਅਤੇ ਆਨੰਦਪੁਰ ਸਾਹਿਬ ਸਣੇ ਅੱਠ ਹੋਰ ਬਲੱਡ ਸੈਂਟਰਾਂ ਨੂੰ ਬਲੱਡ ਕੰਪੋਨੈਂਟ ਸੈਪਰੇਸ਼ਨ ਯੂਨਿਟਾਂ ਵਿੱਚ ਅਪਗਰੇਡ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਕੱਲੇ ਖੂਨ ਦੀ ਉਪਲਬਧਤਾ ਲਈ ਸੁਨਾਮ, ਡੇਰਾਬੱਸੀ, ਨਵਾਂ ਸ਼ਹਿਰ ਤੇ ਸਮਾਣਾ ਵਿੱਚ ਚਾਰ ਨਵੇਂ ਖੂਨ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਾਉਣ ਵਾਲੇ ਮਰੀਜ਼ਾਂ ਨੂੰ ਖੂਨ ਅਤੇ ਖੂਨ ਦੇ ਕੰਪੋਨੈਂਟਸ ਦੀ ਸਹੂਲਤ ਮੁਫ਼ਤ ਉਪਲਬਧ ਹੈ।