ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੀਲ੍ਹੀ

07:15 AM Sep 01, 2024 IST

ਗੋਵਰਧਨ ਗੱਬੀ

Advertisement

“ਚਲੋ ਉੱਠ ਵੀ ਜਾਉ ਹੁਣ... ਸਵਾ ਚਾਰ ਹੋ ਗਏ... ਪਿਛਲੇ ਪੰਦਰਾਂ ਮਿੰਟਾਂ ਤੋਂ ਅਲਾਰਮ ਵੀ ਚੀਖ ਚੀਖ ਕੇ ਚੁੱਪ ਹੋ ਗਿਆ... ਕਿੰਨੇ ਵਾਰੀ ਕਿਹਾ ਹੈ ਕਿ ਅਲਾਰਮ ਦੀ ਸੈੱਟਿੰਗ ਬਦਲ ਦਿਉ... ਪਰ ਮੇਰੀ ਤਾਂ ਕਦੇ ਮੰਨਣੀ ਨਹੀਂ ਨਾ... ਮੈਂ ਟੌਇਲਟ ਵੀ ਹੋ ਆਈ ਆਂ... ਬੁਰਸ਼ ਵੀ ਕਰ ਲਿਆ... ਤੁਸੀਂ ਅਜੇ ਵੀ ਪੁੱਠੇ ਸਿੱਧੇ ਹੋਈ ਜਾ ਰਹੇ ਹੋ... ਸਾਹਮਣੇ ਵਾਲੇ ਸ਼ਰਮਾ ਅੰਕਲ ਨੇ ਸੂਰਜ ਨੂੰ ਸਵੇਰੇ ਚਾਰ ਵਜੇ ਦਾ ਪਾਣੀ ਦੇ ਦਿੱਤੈ... ਸ਼ਰਮਾ ਆਂਟੀ ਵੀ ਨਿਕਲ ਗਈ ਹੈ ਸੈਰ ਨੂੰ... ਇੱਧਰ ਅਜੇ ਵੀ ਊਂ...ਊਂ..ਆਂ..ਆਂ... ਮੈਂ ਚੱਲੀ ਹਾਂ, ਹੇਠਾਂ ਜਲਦੀ ਆ ਜਾਉ... ਨਹੀਂ ਤਾਂ ਮੈਂ ਚਲੀ ਜਾਣੈ... ਫਿਰ ਤੁਸੀਂ ਕਹਿਣੈ, ਤੂੰ ਬੋਲਦੀ ਬਹੁਤ ਐਂ...।”
ਸਵੇਰੇ ਸਵੇਰੇ ਕਾਂਤਾ ਝੁੰਜਲਾਹਟ ਭਰੀ ਆਵਾਜ਼ ਵਿੱਚ ਬੋਲਦੀ ਹੈ।
ਉਸ ਦੇ ਅਜਿਹੇ ਪ੍ਰਵਚਨ ਅਕਸਰ ਰੋਜ਼ਾਨਾ ਸੁਣਨ ਨੂੰ ਮਿਲਦੇ ਹਨ।
“ਯਾਰ ਸ਼ਰਮਾ ਅੰਕਲ ਤੇ ਆਂਟੀ ਤਾਂ... ਪਹਿਲਾਂ ਬਾਹਰ ਦੇਖ ਬੱਦਲ ਤਾਂ ਨ੍ਹੀਂ ਨਾ... ਵਰਖਾ ਤਾਂ ਨ੍ਹੀਂ ਪੈਣ ਵਾਲੀ...?” ਮਨੋਹਰ ਸੈਰ ਨੂੰ ਟਾਲਣ ਵਾਸਤੇ ਪੁੱਛਦਾ ਹੈ।
“ਮੈਂ ਉੱਠਦੇ ਸਾਰ ਸਭ ਤੋਂ ਪਹਿਲਾਂ ਇਹੀ ਦੇਖਿਆ ਸੀ... ਕੋਈ ਬੱਦਲ ਬੁੱਦਲ ਨਹੀਂ ਹੈਗੇ... ਤੁਸੀਂ ਉੱਠੋ ਪਲੀਜ਼... ਜਲਦੀ ਕਰੋ। ਵਾਪਸ ਆ ਕੇ ਤੁਸੀਂ ਤਾਂ ਅਖ਼ਬਾਰਾਂ ਪੜ੍ਹਨ ਬੈਠ ਜਾਣੈ। ਮੈਂ ਨਾਸ਼ਤਾ ਵੀ ਬਣਾਉਣਾ। ਫਿਰ ਸਕੂਲ ਜਾਣਾ ਹੁੰਦੈ... ਰੋਜ਼ ਲੇਟ ਹੋ ਜਾਨੀ ਆਂ...।”
ਮਨੋਹਰ ਦੀ ਪਤਨੀ ਕਾਂਤਾ ਉਸ ਨੂੰ ਜ਼ੋਰ ਨਾਲ ਹਲੂਣਦਿਆਂ ਉੱਠਣ ਦਾ ਹੁਕਮ ਸੁਣਾਉਂਦੀ ਹੈ।
ਅਸਲ ਵਿੱਚ ਮਨੋਹਰ ਵਾਸਤੇ ਸਵੇਰੇ ਮੰਜੇ ਤੋਂ ਹੇਠਾਂ ਉਤਰਣ ਵਾਲੇ ਪੰਜ ਮਿੰਟ ਹੀ ਸਭ ਤੋਂ ਔਖਾ, ਅਣਸੁਖਾਵਾਂ ਤੇ ਟੇਢਾ ਕਾਰਜ ਹੁੰਦਾ ਹੈ। ਉਸ ਤੋਂ ਬਾਅਦ ਫਿਰ ਸਭ ਠੀਕ ਹੋ ਜਾਂਦਾ ਹੈ।
ਕੋਈ ਵੀ ਬਹਾਨਾ ਤੇ ਚਾਰਾ ਨਾ ਚਲਦਾ ਦੇਖ ਮਨੋਹਰ ਹਿੰਮਤ ਕਰ ਕੇ ਉੱਠਦਾ ਹੈ। ਗੁਸਲਖਾਨੇ ਜਾ ਪਖਾਨੇ ਤੋਂ ਵਿਹਲਾ ਹੋ, ਦੰਦਾਂ ਨੂੰ ਬੁਰਸ਼ ਕਰਦਾ ਹੈ।
ਹੇਠਾਂ ਉੱਤਰ ਰਸੋਈ ਵਿੱਚ ਜਾ ਰੋਜ਼ਾਨਾ ਦੀ ਤਰ੍ਹਾਂ ਐਲੋਵੇਰਾ ਜੂਸ ਪੀਂਦਾ ਹੈ। ਨਾਲ ਹੀ ਅਜਵਾਈਨ ਦਾ ਫੱਕਾ। ਫਿਰ ਬਾਹਰ ਸੜਕ ਉੱਪਰ ਆ ਜਾਂਦਾ ਹੈ।
ਕਾਂਤਾ ਨੇ ਰੋਜ਼ ਵਾਂਗ ਗੇਟ ਸਾਹਮਣੇ ਉਸ ਨੂੰ ਉਡੀਕਦਿਆਂ ਸੜਕ ਉੱਪਰ ਘੜੀ ਦੇ ਪੈਂਡੂਲਮ ਵਾਂਗ ਚਾਰ ਪੰਜ ਚੱਕਰ ਲਗਾ ਲਏ ਹੁੰਦੇ ਹਨ।
“ਕੀ ਹੈ ਯਾਰ... ਤੁਸੀਂ ਰੋਜ਼ ਮੈਨੂੰ ਸਕੂਲੋਂ ਲੇਟ ਕਰਵਾ ਦਿੰਦੇ ਹੋ... ਸਾਰਾ ਸਟਾਫ ਸੋਚਦਾ ਹੈ ਜੇਕਰ ਪ੍ਰਿੰਸੀਪਲ ਹੀ ਲੇਟ ਆਉਂਦੀ ਹੈ ਤਾਂ ਅਸੀਂ ਟਾਈਮ ਸਿਰ ਕਿਉਂ ਆਈਏ...?” ਆਦਤ ਅਨੁਸਾਰ ਉਹ ਮਨੋਹਰ ਵੱਲ ਦੇਖ ਕੇ ਨਰਾਜ਼ਗੀ ਭਰੀ ਬੁੜਬੁੜ ਕਰਦੀ ਹੈ।
“ਉਹ ਯਾਰ ਢਿੱਡ ਵਿਚ ਵੱਟ ਪੈ ਰਹੇ ਸਨ... ਸੋ ਥੋੜ੍ਹਾ ਵਕਤ ਲੱਗ ਗਿਆ...।” ਮਨੋਹਰ ਦੇਰ ਹੋਣ ਦੀ ਸਫ਼ਾਈ ਦਿੰਦਾ ਹੈ। “ਰਾਤੀਂ ਘੱਟ ਡੱਫਿਆ ਕਰੋ... ਢਿੱਡ ਵਿੱਚ ਪੰਜ ਸੇਰ ਅੰਨ ਠੂਸਣ ਵੇਲੇ ਸੋਚਿਆ ਕਰੋ... ਪੰਜ ਪੰਜ ਲਿਟਰ ਪਾਣੀ ਤੇ ਬਰਫ਼ਾਂ ਦੇ ਢੇਰ ਅੰਦਰ ਨਾ ਸੁੱਟਿਆ ਕਰੋ... ਫਿਰ ਕਹਿੰਦੇ ਹੋ ਕਿ ਵੱਟ ਪੈ ਰਹੇ ਨੇ... ਸ਼ੁਕਰ ਕਰੋ ਕਿ ਵੱਟ ਹੀ ਪੈਂਦੇ ਨੇ... ਬੰਨ੍ਹ ਨ੍ਹੀਂ ਪੈਂਦੇ... ਫਿਰ ਤੁਸੀਂ ਕਹਿਣੈ, ਤੂੰ ਬੋਲਦੀ ਬਹੁਤ ਐਂ...।”
“ਓ ਯਾਰ ਕੱਲ੍ਹ ਮੰਗਲਵਾਰ ਸੀ... ਕਿਹੜੇ ... ਨੇ ਪੀਤੀ ਸੀ। ਤੈਨੂੰ ਤਾਂ ਪਤਾ ਹੀ ਐ ਕਿ ਮੈਂ ਮੰਗਲਵਾਰ ਤੇ ਵੀਰਵਾਰ ਵਾਲੇ ਦਿਨ ਦਾਰੂ ਨੂੰ ਮੂੰਹ ਨਹੀਂ ਲਾਉਂਦਾ। ਐਵੇਂ ਬੋਲੀ ਜਾ ਰਹੀ ਐਂ... ਸਵੇਰੇ ਸਵੇਰੇ ਰੱਬ ਦਾ ਨਾਂ ਜਪਿਆ ਕਰ ਨਾ ਕਿ ਆਪਣੇ ਸਿੱਧੇ ਸਾਦੇ ਬੰਦੇ ਉੱਪਰ ਝੂਠੇ ਇਲਜ਼ਾਮ ਲਗਾਇਆ ਕਰ... ਤੈਨੂੰ ਪਾਪ ਲੱਗੂਗਾ... ਹਾਂ...।” “ਤੁਸੀਂ ਰਹਿਣ ਦਿਉ... ਪਤਾ ਮੈਨੂੰ ਤੁਹਾਡਾ... ਘਰ ਨਹੀਂ ਪੀਤੀ ਤਾਂ ਬਾਹਰੋਂ ਡੱਫ ਕੇ ਆਏ ਹੋਣੇ ਓ...।”
“ਸੁਆਹ ਪਤਾ ਤੈਨੂੰ...?”
“ਚਲੋ ਛੱਡੋ ਪਰ੍ਹਾਂ, ਇਹ ਦੱਸੋ ਟਾਈਮ ਕਿੰਨਾ ਹੋਇਐ...?”
“ਸਾਢੇ ਚਾਰ ਵੱਜਣ ਨੂੰ ਅਜੇ ਦੋ ਮਿੰਟ ਨੇ...।”
“ਸਿੱਧਾ ਕਹੋ ਸਾਢੇ ਚਾਰ ਵੱਜ ਗਏ... ਕਿੰਨੇ ਖ਼ਰਾਬ ਹੋ ਤੁਸੀਂ... ਯਾਰ ਫਿਰ ਲੇਟ ਹੋ ਗਏ ਅੱਜ...।” ਬੋਲਦੀ ਤੇ ਹਲਕੀ ਜਿਹੀ ਮੁਸਕਰਾਹਟ ਬਿਖੇਰਦੀ ਕਾਂਤਾ ਤੇਜ਼ ਕਦਮੀਂ ਤੁਰ ਪੈਂਦੀ ਹੈ।
ਪਿੱਛੇ ਪਿੱਛੇ ਮਨੋਹਰ ਵੀ ਚੱਲ ਪੈਂਦਾ ਹੈ, ਸ਼ਰੀਫ਼ ਬੱਚਿਆਂ ਵਾਂਗ।
ਜਲਦੀ ਹੀ ਉਹ ਇੱਕ ਦੂਜੇ ਦੇ ਬਰਾਬਰ ਹੋ ਕੇ ਚੱਲਣਾ ਸ਼ੁਰੂ ਕਰ ਦਿੰਦੇ ਹਨ।
ਪਾਰਕ ਘਰ ਤੋਂ ਪੌਣੇ ਕੁ ਮੀਲ ਦੀ ਦੂਰੀ ਉੱਪਰ ਹੈ।
ਅਗਸਤ ਦੇ ਤੀਜੇ ਹਫ਼ਤੇ ਦਾ ਇਹ ਬੁੱਧਵਾਰ ਹੈ। ਇੱਕ ਕਾਰਜਕਾਰੀ ਦਿਨ।
ਮਨੋਹਰ ਦੀ ਮਾਂ ਨੂੰ ਛੱਡ, ਘਰ ਦੇ ਸਾਰੇ ਜੀਆਂ ਨੇ ਆਪੋ ਆਪਣੇ ਕੰਮਕਾਜਾਂ ਤੇ ਨੌਕਰੀਆਂ ਉੱਪਰ ਜਾਣਾ ਹੁੰਦਾ ਹੈ।
ਬੱਚਿਆਂ ਨੇ ਸਕੂਲ ਤੇ ਕਾਲਜ।
ਅਜੀਬ ਕਿਸਮ ਦਾ ਚਿਪਚਿਪਾ ਮੌਸਮ ਹੈ। ਕਈ ਦਿਨਾਂ ਤੋਂ ਮੌਨਸੂਨ ਤੇ ਲੋਕਾਂ ਵਿਚਕਾਰ ਲੁਕਣਮੀਟੀ ਚੱਲ ਰਹੀ ਹੈ। ਕਦੇ ਅਚਾਨਕ ਕੁਝ ਘੜੀਆਂ ਵਾਸਤੇ ਮੋਹਲੇਧਾਰ ਵਰਖਾ ਪੈ ਜਾਂਦੀ ਹੈ, ਫਿਰ ਕੁਝ ਘੜੀਆਂ ਬਾਅਦ ਇੰਨੀ ਤੇਜ਼ ਧੁੱਪ ਨਿਕਲ ਆਉਂਦੀ ਹੈ ਕਿ ਬੰਦੇ ਦੀ ਬਾਂ ਬਾਂ ਹੋ ਜਾਂਦੀ ਹੈ।
ਮਟਮੈਲੀ ਤੇ ਸਿੱਲ੍ਹੀ ਗ਼ਹਿਰ। ਇਕਦਮ ਸਿਆਲ ਵਾਲੀ ਧੁੰਦ ਪਸਰੀ ਹੋਈ ਹੈ ਪਰ ਇਹ ਮੌਨਸੂਨੀ ਧੁੰਦ ਅੱਖਾਂ ਵਿੱਚ ਚੁਭ ਰਹੀ ਹੈ।
ਅੱਖਾਂ ਵਿੱਚੋਂ ਪਾਣੀ ਫਿਰ ਸਿੰਮਣਾ ਸ਼ੁਰੂ ਹੋ ਗਿਆ ਹੈ। ਮਨੋਹਰ ਰੁਮਾਲ ਨਾਲ ਅੱਖਾਂ ਸਾਫ਼ ਕਰਦਾ ਹੈ। ਅਸਲ ਵਿੱਚ ਕੁਝ ਹਫ਼ਤਿਆਂ ਤੋਂ ਉਸ ਦੀਆਂ ਅੱਖਾਂ ਵਿੱਚ ਪਾਣੀ ਸਿੰਮਦੇ ਰਹਿਣ ਦੀ ਸ਼ਿਕਾਇਤ ਹੈ। ਕਈ ਵਾਰ ਅੱਖਾਂ ਦੇ ਮਾਹਿਰ ਡਾਕਟਰਾਂ ਕੋਲ ਗਿਆ ਹੈ। ਉਨ੍ਹਾਂ ਦੱਸਿਆ ਕਿ ਸਭ ਵਧਦੀ ਉਮਰ ਦੇ ਲੱਛਣ ਹਨ। ਉਨ੍ਹਾਂ ਦੀ ਸਲਾਹ ਅਨੁਸਾਰ ਉਸ ਨੂੰ ਨਜ਼ਰ ਵਾਲੀ ਐਨਕ ਲੱਗ ਗਈ ਹੈ। ਕੰਪਿਊਟਰ ਤੇ ਮੋਬਾਈਲ ਘੱਟ ਵਰਤਣ ਦੀ ਲਗਾਤਾਰ ਸਲਾਹ ਦੇ ਰਹੇ ਹਨ, ਪਰ ਮਨੋਹਰ ਉਨ੍ਹਾਂ ਦੀ ਸਲਾਹ ਤੇ ਪਰਹੇਜ਼ ਨੂੰ ਲਗਾਤਾਰ ਦਰਕਿਨਾਰ ਕਰਦਾ ਆ ਰਿਹਾ ਹੈ। ਸਵੇਰੇ ਸੈਰ ਕਰਨ ਵੇਲੇ, ਗੱਡੀ ਚਲਾਉਣ ਵੇਲੇ ਏ.ਸੀ. ਦੀ ਸਿੱਧੀ ਹਵਾ ਤੋਂ ਬਚਣ ਵਾਸਤੇ ਤੇ ਧੁੱਪ ਕੋਲੋਂ ਬਚਣ ਵਾਸਤੇ ਉਸ ਨੂੰ ਚਸ਼ਮਾ ਲਗਾਉਣ ਦੀ ਵੀ ਹਦਾਇਤ ਹੈ। ਉਸ ਦਾ ਬਹੁਤਾ ਸਮਾਂ ਅੱਜਕੱਲ੍ਹ ਇਨ੍ਹਾਂ ਐਨਕਾਂ ਤੇ ਚਸ਼ਮਿਆਂ ਨੂੰ ਸੰਭਾਲਣ, ਪਹਿਨਣ ਤੇ ਉਤਾਰਨ ਵਿੱਚ ਖਰਚ ਹੋ ਰਿਹਾ ਹੈ।
ਅੱਜ ਉਹ ਆਪਣਾ ਚਸ਼ਮਾ ਵੀ ਘਰ ਭੁੱਲ ਆਇਆ ਹੈ। ਇਹ ਪਹਿਲੀ ਵਾਰ ਨਹੀਂ ਹੋਇਆ। ਅਕਸਰ ਹੁੰਦਾ ਰਹਿੰਦਾ ਹੈ।
ਪੰਛੀਆਂ ਦੇ ਚਹਿਕਣ ਦੇ ਅੰਦਾਜ਼ ਤੋਂ ਪਤਾ ਲੱਗ ਰਿਹਾ ਹੈ ਕਿ ਗਰਮੀ ਕਿੰਨੀ ਦੁਖਦਾਇਕ ਤੇ ਤਕਲੀਫ਼ਦੇਹ ਹੈ। ਚਾਰੇ ਪਾਸੇ ਹੁੰਮਸ ਹੀ ਹੁੰਮਸ। ਅਜੀਬ ਕਿਸਮ ਦਾ ਖਲਾਅ ਜਿਹਾ ਹੈ।
ਕੁਝ ਘੜੀਆਂ ਵਿੱਚ ਹੀ ਮਨੋਹਰ ਦੀ ਗਿੱਚੀ ਰਸਤੇ ਪਸੀਨਾ ਵਗਣਾ ਸ਼ੁਰੂ ਹੋ ਜਾਂਦਾ ਹੈ।
ਮੁਹੱਲੇ ਦੇ ਐਨ ਵਿਚਕਾਰ ਰਸਤੇ ਵਿੱਚ ਇੱਕ ‘ਪੁਰਾਤਨ’ ਮੰਦਰ ਵੀ ਪੈਂਦਾ ਹੈ।
“ਕਮਾਲ ਦਾ ‘ਪੁਰਾਤਨ ਮੰਦਰ’ ਹੈ ਜੋ ਅਜੇ ਪੰਦਰਾਂ ਸਾਲ ਪਹਿਲਾਂ ਹੀ ਬਣਾਇਆ ਗਿਆ ਸੀ... ਪੁਰਾਤਨ ਕਿੱਥੋਂ ਹੋ ਗਿਆ...!”
ਪਹਿਲਾਂ ਵਾਂਗ ਅੱਜ ਮਨੋਹਰ ਫਿਰ ਬੁੜਬੁੜਾਉਂਦਾ ਹੈ।
ਕਾਂਤਾ ਨੇ ਬੜੇ ਚਿਰਾਂ ਦੀ ਉਸ ਦੀ ਇਸ ਬੁੜਬੁੜਾਹਟ ਉੱਪਰ ਪ੍ਰਤੀਕਿਰਿਆ ਕਰਨੀ ਛੱਡ ਦਿੱਤੀ ਹੋਈ ਹੈ।
ਰੋਜ਼ਾਨਾ ਵਾਂਗ ਮੰਦਰ ਦੇ ਮੁੱਖ ਦਰਵਾਜ਼ੇ ਸਾਹਮਣੇ ਪਹੁੰਚਦੇ ਹੀ ਕਾਂਤਾ ਨੇ ਸਿਰ ਝੁਕਾਉਣਾ ਹੀ ਝੁਕਾਉਣਾ ਹੈ।
“ਓਮ ਜੈ ਜਗਦੀਸ਼ ਹਰੇ ਸੁਆਮੀ ਓਮ ਜੈ ਜਗਦੀਸ਼ ਹਰੇ...।’’ ਉੱਚੀ ਆਵਾਜ਼ ਵਿੱਚ ਮੰਦਰ ਦੇ ਪੁਜਾਰੀ ਵੱਲੋਂ ਵਜਾਏ ਜਾਂਦੇ ਲਾਊਡ ਸਪੀਕਰ ਰਾਹੀਂ ਭਜਨ ਦੇ ਇਹ ਬੋਲ ਅਕਸਰ ਸੁਣਾਈ ਦਿੰਦੇ ਹਨ।
“ਤੈਨੂੰ ਪਤੈ ਇਹ ਆਰਤੀ ਜੋ ਸੁਣ ਰਹੀ ਏਂ, ਜਿਹੜੀ ਲਗਪਗ ਹਰ ਮੰਦਰ ਵਿੱਚ ਵੱਜਦੀ ਹੈ ਉਸ ਦਾ ਲਿਖਾਰੀ ਕੌਣ ਹੈ...?”
“ਨਾ ਮੈਨੂੰ ਨਹੀਂ ਪਤਾ..?”
“ਫਿਰ ਤੂੰ ਕਹਿਨੀ ਐਂ ਮੈਂ ਐਮ.ਏ. ਪੰਜਾਬੀ ਕੀਤੀ ਹੈ... ਹਾਹਾਹਾ।”
“ਦੱਸਣਾ ਹੈ ਤਾਂ ਦੱਸੋ ਨਹੀਂ ਤਾਂ ਸਵੇਰੇ ਸਵੇਰੇ ਮੇਰਾ ਮੂਡ ਨਾ ਖ਼ਰਾਬ ਕਰੋ...।”
“ਪੰਡਿਤ ਸ਼ਰਧਾ ਰਾਮ ਫਿਲੌਰੀ। ਲਗਪਗ ਦੋ ਸੌ ਸਾਲ ਪਹਿਲਾਂ ਲਿਖੀ ਉਸ ਦੀ ਆਰਤੀ ਅੱਜ ਵੀ ਸਾਰੇ ਮੰਦਰਾਂ ਵਿੱਚ ਲਗਾਤਾਰ ਵੱਜਦੀ ਹੈ...।”
“ਸੱਚੀਂ..!” ਇਹ ਆਖਣ ਮਗਰੋਂ ਕਾਂਤਾ ਦੀ ਚਾਲ ਵਿੱਚ ਤੇਜ਼ੀ ਆ ਜਾਂਦੀ ਹੈ।
ਕਈ ਵਾਰ ਭਜਨ ਵੱਜ ਰਹੇ ਹੁੰਦੇ ਪਰ ਕਈ ਵਾਰ ਮੰਦਰ ਸੁੰਨਸਾਨ ਪਿਆ ਹੁੰਦਾ ਹੈ ।
ਇੰਜ ਵੀ ਬਹੁਤੀ ਵਾਰ ਹੁੰਦਾ ਹੈ ਕਿ ਮੰਦਰ ਦਾ ਮੁੱਖ ਗੇਟ ਬੰਦ ਹੁੰਦਾ ਹੈ ਪਰ ਕਾਂਤਾ ਨੇ ਸਿਜਦਾ ਕਰਨਾ ਹੀ ਕਰਨਾ ਹੁੰਦਾ ਹੈ।
ਮਨੋਹਰ ਰੱਬ ਦੀ ਹੋਂਦ ਨੂੰ ਮੰਨਦਾ ਹੈ, ਪਰ ਕਿਸੇ ਇੱਕ ਥਾਂ ਵਸਦੇ ਰੱਬਾਂ ਉੱਪਰ ਬਹੁਤਾ ਯਕੀਨ ਨਹੀਂ ਰੱਖਦਾ, ਪਰ ਉਹ ਕਾਂਤਾ ਨੂੰ ਵੀ ਕਦੇ ਰੋਕਦਾ ਟੋਕਦਾ ਨਹੀਂ। ਕਾਂਤਾ ਵੀ ਉਸ ਉੱਪਰ ਜ਼ੋਰ ਨਹੀਂ ਪਾਉਂਦੀ ਕਿਸੇ ਧਰਮ ਅਸਥਾਨ ਸਾਹਮਣੇ ਸਿਰ ਝੁਕਾਉਣ ਵਾਸਤੇ।
ਅਚਾਨਕ ਰੌਲਾਰੱਪਾ ਤੇ ਚੀਖ ਚਿਹਾੜਾ ਸੁਣ ਉਨ੍ਹਾਂ ਦੋਵਾਂ ਦੇ ਪੈਰ ਆਪਮੁਹਾਰੇ ਰੁਕ ਜਾਂਦੇ ਹਨ। ਉਹ ਦੇਖਦੇ ਹਨ ਕਿ ਰਸਤੇ ਵਿੱਚ ਪੈਂਦੇ ਇੱਕ ਘਰ ਵਿੱਚ ਅੱਜ ਅਚਾਨਕ ਸਵੇਰੇ ਸਵੇਰੇ ਸੋਗ ਪਸਰਿਆ ਹੋਇਆ ਹੈ।
“ਆਂਟੀ ਜੀ, ਕੀ ਹੋਇਆ...?”
ਮੁਹੱਲੇਦਾਰੀ ਦਾ ਫਰਜ਼ ਨਿਭਾਉਂਦਿਆਂ ਕਾਂਤਾ ਉਸ ਘਰ ਤੋਂ ਨਿਕਲ ਰਹੀ ਇੱਕ ਵਾਕਿਫ਼ਕਾਰ ਬਜ਼ੁਰਗ ਔਰਤ ਨੂੰ ਪੁੱਛਦੀ ਹੈ।
“ਬਹੁਤ ਕਹਿਰ ਢਹਿ ਗਿਆ ਵਿਚਾਰਿਆਂ ਉੱਪਰ... ਹੁਣੇ ਕੈਨੇਡਾ ਤੋਂ ਫੋਨ ਆਇਆ... ਇਨ੍ਹਾਂ ਦੇ ਜਵਾਈ ਦੀ ਝੀਲ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਛੇ ਮਹੀਨੇ ਪਹਿਲਾਂ ਵਿਆਹ ਹੋਇਆ ਤੀ... ਪੰਦਰਾਂ ਦਿਨਾਂ ਬਾਅਦ ਹੀ ਪ੍ਰਾਹੁਣਾ ਵਾਪਸ ਕੈਨੇਡਾ ਚਲਾ ਗਿਆ... ਕਹਿੰਦਾ ਤੀ... ਜਾ ਕੇ ਛੇਤੀ ਕਾਗ਼ਤ ਭੇਜਾਂਗਾ... ਕਰਮਜਲੀ ਦੇ ਕੈਨੇਡਾ ਜਾਣ ਦੇ ਕਾਗ਼ਤ ਵੀ ਪੂਰੇ ਨਹੀਂ ਹੋਏ ਸਨ... ਵਾਖਰੂ... ਵਾਖਰੂ... ਮਿਹਰ ਕਰੀਂ...।”
ਇਹ ਬੋਲ ਸੁਣ ਕੇ ਉਨ੍ਹਾਂ ਦੋਵਾਂ ਦੇ ਚਿਹਰੇ ਇਕਦਮ ਮੁਰਝਾ ਜਾਂਦੇ ਹਨ।
ਉਹ ਦੋਵੇਂ ਵੀ ਉਸ ਘਰ ਦੇ ਵਿਹੜੇ ਵੱਲ ਹੋ ਜਾਂਦੇ ਹਨ।
ਵਿਹੜੇ ਦੇ ਮਾਹੌਲ ਨੂੰ ਵਰਣਨ ਕਰਨਾ ਔਖਾ ਹੈ। ਕੁੜੀ, ਉਸਦੀ ਮਾਂ ਤੇ ਭਰਾ ਦਾ ਰੋ ਰੋ ਕੇ ਬਹੁਤ ਮਾੜਾ ਹਾਲ ਹੈ। ਮੁਹੱਲੇ ਦੇ ਹੋਰ ਲੋਕ ਵੀ ਇੱਕਠੇ ਹੋ ਗਏ ਹਨ। ਸਾਰੇ ਉਨ੍ਹਾਂ ਨੂੰ ਹੌਸਲਾ ਦੇ ਰਹੇ ਹਨ ਪਰ ਉਹ ਹੱਥੋਂ ਨਿਕਲ ਨਿਕਲ ਜਾ ਰਹੇ ਹਨ। ਉਹ ਵੀ ਹੋਰ ਲੋਕਾਂ ਵਾਂਗ ਉੱਥੇ ਥੋੜ੍ਹੀ ਦੇਰ ਰੁਕ ਜਾਂਦੇ ਹਨ।
ਖੜ੍ਹੇ ਖੜ੍ਹੇ ਮਨੋਹਰ ਨੂੰ ਯਾਦ ਆਉਂਦਾ ਹੈ ਕਿ ਦੋ ਢਾਈ ਕੁ ਸਾਲ ਪਹਿਲਾਂ ਇਸੇ ਘਰ ਦੀ ਮੁਰੰਮਤ ਤੇ ਉਸਦੇ ਮੁਹਾਂਦਰੇ ਵਿੱਚ ਸੁਧਾਰ ਦਾ ਕੰਮ ਚਲ ਰਿਹਾ ਸੀ। ਇਨ੍ਹਾਂ ਨੇ ਸਾਰੇ ਘਰ ਦੀਆਂ ਕੰਧਾਂ ਨੂੰ ਟਾਈਲਾਂ ਨਾਲ ਵਿੰਨ੍ਹ ਦਿੱਤਾ ਸੀ। ਅੰਦਰੋਂ ਤੇ ਬਾਹਰੋਂ ਵੀ। ਪਹਿਲੀ ਦਿੱਖ ਵਿੱਚ ਇਸ ਘਰ ਦਾ ਮੁਹਾਂਦਰਾ ਕਿਸੇ ਕੌਮਾਂਤਰੀ ਹਵਾਈਅੱਡੇ ਦੇ ਵੱਡ-ਆਕਾਰੀ ਗੁਸਲਖਾਨੇ ਵਰਗਾ ਲਗਦਾ ਸੀ। ਕੁਝ ਅਰਸੇ ਬਾਅਦ ਉਸਾਰੀ ਦਾ ਕੰਮ ਮੁਕੰਮਲ ਹੋ ਗਿਆ।
ਉਸ ਤੋਂ ਬਾਅਦ ਉਨ੍ਹਾਂ ਕਈ ਵਾਰ ਦੇਖਿਆ ਕਿ ਸਵੇਰੇ ਛੇ ਵਜੇ ਤੱਕ ਹਰ ਕਮਰੇ ਵਿੱਚ ਏ.ਸੀ. ਚਲਦੇ ਰਹਿੰਦੇ ਸਨ।
ਕਈ ਵਾਰੀ ਸਿਆਲ ਵਿੱਚ ਵੀ।
ਕੁਝ ਸਾਲ ਪਹਿਲਾਂ ਤੱਕ ਇਸ ਘਰ ਵਿੱਚ ਇੱਕ ਖੁਸ਼ਹਾਲ ਪਰਿਵਾਰ ਰਹਿੰਦਾ ਆ ਰਿਹਾ ਸੀ ਜਿਸ ਵਿੱਚ ਅੱਧਖੜ ਉਮਰ ਦੀ ਸਰਕਾਰੀ ਨੌਕਰੀਸ਼ੁਦਾ ਔਰਤ, ਉਸ ਦੇ ਕਾਲਜ ਪੜ੍ਹਦੇ ਧੀ ਤੇ ਪੁੱਤਰ ਸ਼ਾਮਿਲ ਸਨ।
ਘਰ ਦੀ ਮੁਰੰਮਤ ਤੇ ਉਸਾਰੀ ਦਾ ਕੰਮ ਸ਼ੁਰੂ ਹੋਣ ਤੋਂ ਛੇ ਕੁ ਮਹੀਨੇ ਪਹਿਲਾਂ ਤੱਕ ਇਸ ਘਰ ਵਿੱਚ ਬੱਚਿਆਂ ਦਾ ਪਿਤਾ ਵੀ ਰਹਿੰਦਾ ਹੁੰਦਾ ਸੀ।
ਉਹ ਸਰਕਾਰੀ ਮਹਿਕਮੇ ਵਿੱਚ ਸੁਪਰਵਾਈਜ਼ਰ ਵਜੋਂ ਨੌਕਰੀ ਕਰਦਾ ਸੀ।
ਉਸ ਦੀ ਪਤਨੀ ਅਕਸਰ ਆਪਣੇ ਪਤੀ ਦੇ ਕੰਜੂਸਪੁਣੇ ਦੀ ਸ਼ਿਕਾਇਤ ਕਦੇ ਕਦਾਈਂ ਕਾਂਤਾ ਨਾਲ ਸਵੇਰੇ ਸੈਰ ਕਰਦਿਆਂ ਕਰਦੀ ਹੁੰਦੀ ਸੀ। ਅਸਲ ਵਿੱਚ ਇਹ ਸ਼ਿਕਾਇਤ ਘੱਟ ਤੇ ਆਪਣੇ ਮਨ ਦੀ ਗੁੱਭ-ਗੁਭਾਟ ਕੱਢਣ ਦਾ ਉਸ ਦਾ ਇੱਕ ਢੰਗ ਸੀ। ਅਖੇ- ਭੈਣਜੀ ਪਤਾ ਨਹੀਂ ਕਿਸ ਸੁਭਾਅ ਦਾ ਬਣਿਆ ਮੇਰਾ ਬੰਦਾ... ਪੈਸਾ ਖਰਚ ਕਰਨਾ ਤਾਂ ਇਸਦੀ ਫ਼ਿਤਰਤ ਵਿੱਚ ਹੀ ਨਹੀਂ... ਉਪਰੋਂ ਵੀ ਬਥੇਰਾ ਪੈਸਾ ਆਉਂਦਾ ਹੈ ਪਰ ਮਜਾਲ ਹੈ ਕਿ ਇੱਕ ਪੈਸਾ ਵੀ ਖਰਚ ਕਰੇ... ਜੋੜੀ ਜਾ ਰਿਹੈ... ਬਸ ਜੋੜੀ ਜਾ ਰਿਹੈ... ਕੁਝ ਖਰਚ ਕਰਨ ਨੂੰ ਕਹੋ ਤਾਂ ਅੱਗੋਂ ਸੱਜਰੀ ਸੂਈ ਕੁੱਤੀ ਵਾਂਗ ਟੁੱਟ ਕੇ ਪੈ ਜਾਂਦੈ... ਬਹੁਤਾ ਬੋਲੋ ਤਾਂ ਹੱਥ ਚੁੱਕ ਲੈਂਦੈ... ਅਖੇ- ਬਹੁਤ ਮਾੜੇ ਹਾਲਾਤ ਵਿੱਚ ਸਾਡੇ ਮਾਪਿਆਂ ਨੇ ਸਾਨੂੰ ਪੜ੍ਹਾਇਆ ਲਿਖਾਇਐ... ਪੈਸੇ ਪੈਸੇ ਨੂੰ ਤਰਸਦੇ ਰਹੇ ਹਾਂ ਅਸੀਂ ਸਾਰੀ ਉਮਰ... ਜੇ ਹੁਣ ਚਾਰ ਪੈਸੇ ਆਉਣ ਲੱਗੇ ਨੇ ਤਾਂ ਮੈਂ ਉਨ੍ਹਾਂ ਨੂੰ ਹਵਾ ’ਚ ਉਡਾਈ ਜਾਵਾਂ... ਤੁਹਾਡਾ ਸਾਰੇ ਟੱਬਰ ਦਾ ਤਾਂ ਦਿਮਾਗ ਖ਼ਰਾਬ ਹੋਇਆ ਪਿਐ... ਭੈਣਜੀ, ਮੈਂ ਕਹਿੰਨੀ ਆਂ- ਉਡਾਓ ਨਾ ਪਰ ਜਿੰਨੀ ਜ਼ਰੂਰਤ ਹੈ ਓਨੇ ਤਾਂ ਖਰਚ ਕਰੋ ਪਰ ਨਹੀਂ... ਆਪਣੇ ਨਾਲ ਹੋਈਆਂ ਜ਼ਿਆਦਤੀਆਂ ਦਾ ਬਦਲਾ ਹੁਣ ਸਾਡੇ ਤੋਂ ਲੈ ਰਿਹੈ... ਸੱਚੀਂ ਮੁੱਚੀ ਬਹੁਤ ਦੁਖੀ ਕੀਤਾ ਹੋਇਆ ਹੈ ਇਸ ਬੰਦੇ ਨੇ... ਹੋਰ ਤਾਂ ਛੱਡੋ ਮੇਰੀ ਤਨਖ਼ਾਹ ਦੇ ਇੱਕ ਇੱਕ ਪੈਸੇ ਦਾ ਵੀ ਹਿਸਾਬ ਪੁੱਛਦੈ... ਸਾਰੀ ਦੀ ਸਾਰੀ ਤਨਖ਼ਾਹ ਮੇਰੇ ਕੋਲੋਂ ਲੈ ਲੈਂਦਾ ਹੈ... ਲੈ ਕੀ ਲੈਂਦੈ ਸਗੋਂ ਖੋਹ ਹੀ ਲੈਂਦੈ ਸਮਝੋ... ਅਖੇ- ਤੇਰਾ ਹੱਥ ਬਹੁਤ ਖੁੱਲ੍ਹਾ ਹੈ, ਐਵੇਂ ਫਾਲਤੂ ਵਿੱਚ ਖਰਚ ਕਰ ਦਏਂਗੀ... ਭੈਣਜੀ, ਫਿਰ ਸਾਰਾ ਮਹੀਨਾ ਮੈਂ ਇਸ ਕੋਲੋਂ ਡਰ ਡਰ ਕੇ ਮੰਗਦੀ ਰਹਿੰਨੀ ਆਂ... ਬੱਚੇ ਵਿਚਾਰੇ ਹਰ ਸਮੇਂ ਬੋਟਾਂ ਵਾਂਗ ਤਰਸਦੇ ਰਹਿੰਦੇ ਨੇ... ਪਰ ਉਹਦੇ ਤੋਂ ਡਰਦਿਆਂ ਮਾਰੇ ਕੁਸਕਦੇ ਤਕ ਨਹੀਂ... ਉਨ੍ਹਾਂ ਦੀਆਂ ਰੀਝਾਂ ਵੀ ਪੂਰੀਆਂ ਨਹੀਂ ਹੋਣ ਦਿੰਦਾ... ਬਹੁਤ ਕੱਬਾ ਬੰਦਾ ਪੱਲੇ ਪਾਇਆ ਰੱਬ ਨੇ...। “ਭੈਣਜੀ... ਹਰ ਬੰਦੇ ਦਾ ਆਪੋ ਆਪਣਾ ਸੁਭਾਅ ਹੁੰਦੈ... ਤੇਰੇ ਵਾਲਾ ਜੇਕਰ ਮਹਾ-ਕੰਜੂਸ ਹੈ ਤੇ ਮੇਰੇ ਵਾਲਾ ਮਹਾ-ਖਰਚਾਲੂ ਹੈ ਜਿੱਥੇ ਇੱਕ ਦੀ ਲੋੜ ਹੁੰਦੀ ਹੈ ਉੱਥੇ ਦਸ ਖਰਚ ਕਰ ਦਿੰਦੈ। ਚਲੋ ਕੋਈ ਨਾ ਆਪੇ ਸਭ ਠੀਕ ਹੋ ਜਾਵੇਗਾ...।”
ਕਾਂਤਾ ਵੀ ਅੱਗੋਂ ਉਸ ਦੀ ‘ਹਾਂ’ ਵਿੱਚ ‘ਹਾਂ’ ਮਿਲਾਉਂਦੀ ਰਹਿੰਦੀ। ਫਿਰ ਮੌਕਾ ਮਿਲਦੇ ਹੀ ਕਾਂਤਾ, ਮਨੋਹਰ ਨਾਲ ਪੱਤਰਕਾਰਾਂ ਵਾਂਗ ਆਪਣੀ ਗੱਲਬਾਤ ਦੀ ਹੂਬਹੂ ਰਿਪੋਰਟਿੰਗ ਕਰ ਦਿੰਦੀ ਹੈ।
ਉਸ ਪਰਿਵਾਰ ਨੂੰ ਸਰਕਾਰੀ ਸਕੀਮ ਅੰਦਰ ਦੋ ਕਮਰੇ ਤੇ ਇੱਕ ਹਾਲ ਵਾਲਾ ਇਹ ਫਲੈਟ ਸਸਤੇ ਮੁੱਲ ਉਪਰ ਭਲੇ ਸਮਿਆਂ ਵਿੱਚ ਮਿਲ ਗਿਆ ਸੀ। ਪਿਛਲੇ ਪੰਦਰਾਂ ਸੋਲ੍ਹਾਂ ਸਾਲਾਂ ਤੋਂ ਜੋ ਰੰਗ ਰੋਗਣ ਸਰਕਾਰ ਨੇ ਕਰਾ ਕੇ ਦਿੱਤਾ ਸੀ, ਉਹੀ ਚਲਦਾ ਆ ਰਿਹਾ ਸੀ। ਗੁਸਲਖਾਨੇ ਸਮੇਤ ਸਾਰਾ ਘਰ ਸਿੱਲ੍ਹ ਦਾ ਮਾਰਿਆ ਹੋਇਆ ਸੀ। ਬਦਬੂਦਾਰ। ਛੱਤ ਥਾਂ ਥਾਂ ਤੋਂ ਚੋਂਦੀ ਰਹਿੰਦੀ ਸੀ। ਬੱਚੇ ਜਦੋਂ ਇਸ ਬਾਰੇ ਕਹਿੰਦੇ ਤਾਂ ਪਿਉ ਅੱਗੋਂ ਟੁੱਟ ਕੇ ਪੈ ਜਾਂਦਾ।
“ਕੀ ਹੋਇਐ ਰੰਗਾਂ ਨੂੰ... ਛੱਤਾਂ ਨੂੰ... ਪੱਕਿਆਂ ਘਰਾਂ ਵਿੱਚ ਰਹਿੰਦੇ ਹੋ ਫਿਰ ਵੀ ਹਰ ਸਮੇਂ ਟਊਂ ਟਊਂ ਲਗਾਈ ਰੱਖਦੇ ਹੋ। ਆਏ ਵੱਡੇ ਸ਼ਾਹੂਕਾਰ... ਕਿਤੇ ਸਾਡੇ ਵਾਂਗ ਸਾਡੇ ਸਮਿਆਂ ਵਿੱਚ ਪੈਦਾ ਹੁੰਦੇ ਤਾਂ ਪਤਾ ਲੱਗਣਾ ਸੀ... ਇੱਕ ਇੱਕ ਪੈਸੇ ਨੂੰ ਤਰਸਦੇ ਸੀ... ਪੰਜ ਪੈਸੇ ਫੀਸ ਹੁੰਦੀ ਸੀ ਉਹ ਵੀ ਬੜੀ ਮੁਸ਼ਕਿਲ ਨਾਲ ਮਿਲਦੀ ਸੀ। ਸਾਡੇ ਮਾਪਿਆਂ ਵਿਚਾਰਿਆਂ ਨੇ ਦੇਣੇ ਵੀ ਕਿੱਥੋਂ ਸਨ... ਹੁੰਦੇ ਤਾਂ ਦਿੰਦੇ...।”
ਬੋਲਦਾ ਪਿਉ ਗੁੱਸੇ ਹੋਣ ਦੇ ਨਾਲ ਨਾਲ ਕਈ ਵਾਰ ਆਪ ਵੀ ਡੁਸਕਣਾ ਸ਼ੁਰੂ ਕਰ ਦਿੰਦਾ।
ਕਈ ਵਾਰੀ ਹਿੰਮਤ ਕਰਕੇ ਉਸ ਦੀ ਪਤਨੀ ਵੀ ਗੁਆਂਢੀਆਂ ਵੱਲੋਂ ਸੰਵਾਰੇ ਤੇ ਉਸਾਰੇ ਜਾ ਰਹੇ ਘਰਾਂ ਦੀਆਂ ਉਦਾਹਰਣਾਂ ਦੇ ਕੇ ਕਹਿੰਦੀ ਤਾਂ ਅੱਗੋਂ ਅੱਗ ਬਗੂਲਾ ਹੋ ਜਾਂਦਾ।
ਅਖੇ- ਠੀਕ ਤਾਂ ਹੈ ਸਾਰਾ ਕੁਝ... ਐਵੇਂ ਵਾਧੂ ਦੇ ਪੈਸੇ ਖਰਚ ਕਰਨੇ ਨੇ... ਵੈਸੇ ਵੀ ਆਪਣੀ ਔਕਾਤ ਵਿੱਚ ਰਹਿਣਾ ਚਾਹੀਦਾ ਹੈ... ਬਹੁਤੀਆਂ ਉਡਾਰੀਆਂ ਭਰਨੀਆਂ ਵੀ ਠੀਕ ਨਹੀਂ ਹੁੰਦੀਆਂ... ਅਖੀਰ ਪਰਤਣਾ ਤਾਂ ਜ਼ਮੀਨ ਉਪਰ ਹੀ ਹੁੰਦੈ..।
ਬੜੇ ਅੜਬ ਸੁਭਾਅ ਦਾ ਮਾਲਕ ਸੀ, ਪਤਨੀ ਸਮੇਤ ਬੱਚਿਆਂ ਨੂੰ ਵੀ ਗੱਲ ਗੱਲ ਉਪਰ ਝੰਬ ਸੁੱਟਦਾ ਸੀ। ਕਦੇ ਕੋਈ ਸੈਰ ਸਪਾਟਾ ਨਹੀਂ। ਬਾਹਰ ਕਦੇ ਹੋਟਲ ਵਿੱਚ ਖਾਣਾ ਨਹੀਂ। ਫਿਲਮ ਵਗੈਰਾ ਦੇਖਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ।
ਪਤਨੀ ਤੇ ਬੱਚੇ ਉਸ ਦੀ ਹਾਜ਼ਰੀ ਵਿੱਚ ਆਪਣੇ ਆਪ ਨੂੰ ਦਹਿਸ਼ਤ ਭਰੇ ਮਾਹੌਲ ਵਿੱਚ ਮਹਿਸੂਸ ਕਰਦੇ।
ਕਈ ਵਾਰ ਉਹ ਉਸ ਦੇ ਸਾਹਮਣੇ ਸ਼ਰੀਫ ਬਣੇ ਰਹਿੰਦੇ, ਪਰ ਉਸ ਦੀ ਗ਼ੈਰਹਾਜ਼ਰੀ ਵਿੱਚ ਖ਼ੂਬ ਮਜ਼ੇ ਲੈਂਦੇ। ਸਮੋਸੇ। ਆਈਸ ਕਰੀਮ। ਗੋਲਗੱਪੇ। ਹੋਰ ਵੀ ਬਹੁਤ ਕੁਝ।
ਫਿਰ ਇੱਕ ਦਿਨ ਅਚਾਨਕ ਬੱਚਿਆਂ ਦੇ ਪਿਤਾ ਨੂੰ ਸਰੀਰ ਅੰਦਰ ਕੁਝ ਤਕਲੀਫ਼ ਮਹਿਸੂਸ ਹੋਈ। ਹਸਪਤਾਲ ਲੈ ਗਏ ਤਾਂ ਪਤਾ ਲੱਗਾ ਕਿ ਉਸ ਦੀ ਕਿਡਨੀ ਵਿੱਚ ਕੁਝ ਗੜਬੜ ਹੈ ਮਤਲਬ ਕੈਂਸਰਨੁਮਾ।
ਇਲਾਜ ਚੱਲਿਆ। ਕੁਝ ਮਹੀਨਿਆਂ ਵਿੱਚ ਉਹ ਸਿਹਤਮੰਦ ਹੋ ਗਿਆ।
ਛੇ ਕੁ ਮਹੀਨੇ ਬਾਅਦ ਉਹ ਫਿਰ ਨੌਕਰੀ ਉੱਪਰ ਜਾਣ ਲੱਗਾ ਪਰ ਛੇਤੀ ਹੀ ਬਿਮਾਰੀ ਨੇ ਫਿਰ ਹਮਲਾ ਬੋਲ ਦਿੱਤਾ।
ਇਸ ਵਾਰ ਬਿਮਾਰੀ ਜਾਨਲੇਵਾ ਸਾਬਿਤ ਹੋਈ।
ਘਰ ਵਿੱਚ ਕੁਝ ਦਿਨ ਮਾਤਮ ਛਾਇਆ ਰਿਹਾ।
ਸਮਾਜਿਕ ਜ਼ਿੰਮੇਵਾਰੀਆਂ, ਰੀਤੀ ਰਿਵਾਜ ਤੇ ਰਸਮਾਂ ਨਿਭਾਉਣ ਵਾਸਤੇ ਆਂਢੀ-ਗੁਆਂਢੀ ਤੇ ਰਿਸ਼ਤੇਦਾਰ ਆਏ, ਬੈਠੇ ਤੇ ਚਲੇ ਗਏ।
ਕੁਝ ਦਿਨ ਰਹੇ ਸੋਗਮਈ ਮਾਹੌਲ ਤੋਂ ਬਾਅਦ ਸਾਰਾ ਕੁਝ ਆਮ ਵਾਂਗ ਹੋ ਗਿਆ ਜਿਵੇਂ ਘਰ ਵਿੱਚ ਕੁਝ ਵੀ ਖ਼ਾਸ ਵਾਪਰਿਆ ਹੀ ਨਾ ਹੋਵੇ।
ਇੰਜ ਲਗਦਾ ਸੀ ਜਿਵੇਂ ਉਹ ਆਜ਼ਾਦ ਹੋ ਗਏ ਹਨ। ਹੌਲੀ ਹੌਲੀ ਮਾਂ ਤੇ ਬੱਚਿਆਂ ਦੇ ਚਿਹਰੇ ਖਿੜਨ ਲੱਗ ਪਏ। ਹਰ ਪਾਸੇ ਰੌਣਕਾਂ ਨਮੂਦਾਰ ਹੋ ਗਈਆਂ। ਉਨ੍ਹਾਂ ਨੂੰ ਪਹਿਲੀ ਵਾਰ ਜਿਊਣ ਦਾ ਆਨੰਦ ਆਉਣ ਲੱਗਾ। ਖ਼ੁਸ਼ੀਆਂ ਤੇ ਸਹੂਲਤਾਂ ਉਨ੍ਹਾਂ ਦੇ ਇਰਦ ਗਿਰਦ ਸ਼ਹਿਦ ਦੀਆਂ ਮੱਖੀਆਂ ਵਾਂਗ ਘੁੰਮਣ ਲੱਗੀਆਂ।
ਉਨ੍ਹਾਂ ਨੇ ਪਹਿਲੀ ਬਰਸੀ ਦੀਆਂ ਰਸਮਾਂ ਵੀ ਛੇ ਮਹੀਨਿਆਂ ਬਾਅਦ ਹੀ ਪੂਰੀਆਂ ਕਰ ਲਈਆਂ ਸਨ।
ਅਗਲੇ ਦਿਨ ਹੀ ਘਰ ਦੀ ਪੁੱਟ-ਪੁਟਾਈ ਤੇ ਲਿਪ-ਲਿਪਾਈ ਸ਼ੁਰੂ ਹੋ ਗਈ।
ਦੇਖਦਿਆਂ ਹੀ ਦੇਖਦਿਆਂ ਰੰਗ ਰੋਗਨ। ਸੰਗਮਰਮਰ। ਟਾਈਲਾਂ। ਟੂਟੀਆਂ। ਲਾਈਟਾਂ ਮਤਲਬ ਉਸ ਬੰਦੇ ਦੇ ਵੇਲੇ ਦਾ ਸਾਰਾ ਕੁਝ ਬਦਲ ਗਿਆ। ਦੋ ਪਹੀਆ ਵਾਹਣ ਚਾਰ ਪਹੀਆ ਵਿੱਚ। ਪੱਖੇ, ਏਅਰ ਕੰਡੀਸ਼ਨਰਾਂ ਵਿੱਚ। ਸਾਧਾਰਨ ਬਲਬ, ਐਲ.ਈ.ਡੀ. ਟਿਊਬਾਂ ਤੇ ਬਲਬਾਂ ਵਿੱਚ। ਟੁੱਟਿਆ, ਵਿਗੜਿਆ ਤੇ ਦੂਰਦਰਸ਼ਨ ਵੇਲੇ ਦਾ ਟੀਵੀ ਸਮਾਰਟ ਟੀਵੀ ਵਿੱਚ। ਐਪਲ ਦੇ ਮੋਬਾਈਲ ਤੇ ਹੋਰ ਬਹੁਤ ਕੁਝ। ਕੁਲ ਮਿਲਾ ਕੇ ਸਾਰਾ ਘਰ ਅੰਦਰੋਂ ਬਾਹਰੋਂ ਖਿੜ ਗਿਆ। ਚਮਕਣ ਲੱਗਾ। ਹਰ ਪਾਸੇ ਬੱਲੇ ਬੱਲੇ ਹੋ ਗਈ।
ਪਰਿਵਾਰ ਨੂੰ ਲੱਖਾਂ ਰੁਪਏ ਦਾ ਈ.ਪੀ.ਐਫ. ਤੇ ਹੋਰ ਪੈਸਾ ਵੀ ਮਿਲਿਆ ਜਿਹੜਾ ਉਸ ਨੇ ਬੈਂਕਾਂ ਦੇ ਤਿੰਨ ਚਾਰ ਖਾਤਿਆਂ ਵਿੱਚ ਜਮ੍ਹਾਂ ਕਰ ਰੱਖਿਆ ਸੀ ਉਹ ਵੀ। ਘਰ ਦੇ ਬੈੱਡਾਂ, ਅਲਮਾਰੀਆਂ, ਗੁਸਲਖਾਨਿਆਂ ਵਿੱਚ ਛੁਪਾਇਆਂ ਦੋ ਨੰਬਰ ਵਾਲਾ ਪੈਸਾ ਵੱਖ। ਉਪਰੋਂ ਸੇਵਾਮੁਕਤੀ ਦੀ ਤਾਰੀਖ਼ ਤੱਕ ਪੂਰੀ ਤਨਖ਼ਾਹ ਵੱਖਰੀ ਮਿਲਣੀ ਸੀ। ਕਹਿਣ ਦਾ ਮਤਲਬ ਕਿ ਮੌਜਾਂ ਹੀ ਮੌਜਾਂ। ਸਾਰੇ ਪਰਿਵਾਰ ਦੀਆਂ ਦਸ ਦੀਆਂ ਦਸ ਉਂਗਲਾਂ ਘਿਉ ਵਿੱਚ।
“ਕੀ ਫ਼ਾਇਦਾ ਹੋਇਆ ਉਸ ਬੰਦੇ ਨੂੰ ਸਾਰੀ ਉਮਰ ਹੱਕ ਦੀ ਤੇ ਹਰਾਮ ਦੀ ਕਮਾਈ ਕਰਨ ਦਾ... ਪੈਸੇ ਜੋੜਨ ਦਾ... ਹੁਣ ਜਦੋਂ ਪਿੱਛੇ ਰਹਿਣ ਵਾਲੇ ਉਸ ਪੈਸੇ ਨਾਲ ਮੌਜਾਂ ਕਰਨ ਲੱਗੇ ਤਾਂ ਇਹ ਭਾਣਾ ਵਰਤ ਗਿਆ... ਕੁੜੀ ਉੱਪਰ ਗ਼ਮਾਂ ਦਾ ਪਹਾੜ ਟੁੱਟ ਪਿਆ... ਅਜੇ ਤਾਂ ਮਹਿੰਦੀ ਦਾ ਰੰਗ ਵੀ ਨਹੀਂ ਉਤਰਿਆ ਤੇ ਵਿਚਾਰੀ ਵਿਧਵਾ ਹੋ ਗਈ... ਸੱਚ ਦੱਸਾਂ ਕਾਂਤਾ, ਇਹ ਜੋ ਕੁਦਰਤ ਹੁੰਦੀ ਹੈ ਨਾ... ਬੜੀ ਚੀਜ਼ ਹੈ ਇਹ ਹਰ ਕਿਸੇ ਦੀ ਕੋਈ ਨਾ ਕੋਈ ਦੁਖਦੀ ਰਗ ਸਮੇਂ ਸਮੇਂ ਸਿਰ ਦਬਾਉਂਦੀ ਰਹਿੰਦੀ ਹੈ...।”
ਕੁਝ ਦੇਰ ਬੈਠ ਕੇ ਉਸ ਦੇ ਘਰੋਂ ਨਿਕਲਦੇ ਹੀ ਮਨੋਹਰ ਬੁੜਬੁੜਾਉਂਦਾ ਹੈ।
“ਬਸ ਜੀ, ਜਿਸ ਦੀ ਕਿਸਮਤ ਵਿੱਚ ਜੋ ਹੁੰਦਾ ਹੈ ਉਸ ਨੂੰ ਉਹੀ ਮਿਲਦਾ ਹੈ... ਇਸ ਤੋਂ ਇਲਾਵਾ ਕੁਝ ਨਹੀਂ... ਚਲੋ ਛੱਡੋ ਪਰ੍ਹਾਂ ਜੀ, ਸਾਨੂੰ ਕੀ ਲੱਗੇ ਐਵੇਂ ਤਾਂ ਨਹੀਂ ਕਹਿੰਦੇ ਕਿ ਕਬੀਰਾ ਤੇਰੀ ਝੌਂਪੜੀ ਗਲ ਕਟਿਅਨ ਕੇ ਪਾਸ... ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਬੈਠਾ ਉਦਾਸ...।”
“ਕਮਾਲ ਹੈ ਇਹ ਸੰਵਾਦ ਮੈਂ ਬੋਲਣਾ ਸੀ ਪਰ ਇਸ ਵਾਰ ਤੂੰ ਨੰਬਰ ਲੈ ਗਈ...।” ਮਨੋਹਰ ਕਾਂਤਾ ਨੂੰ ਮਜ਼ਾਹੀਆ ਲਹਿਜੇ ਵਿੱਚ ਕਹਿੰਦਾ ਹੈ।
“ਸੱਚ ਦੱਸਾਂ? ਮੈਨੂੰ ਪਤਾ ਸੀ ਕਿ ਤੁਸੀਂ ਇਹੀ ਕੁਝ ਕਹਿਣੈ... ਹਰ ਬੰਦਾ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਜ਼ਿਆਦਾ ਹੀ ਸਿਆਣਾ ਸਮਝਦਾ ਹੁੰਦੈ... ਜੇ ਅੱਗੋਂ ਕੁਝ ਬੋਲ ਦਿੱਤਾ ਤਾਂ ਫਿਰ ਤੁਸੀਂ ਕਹਿਣੈ, ਤੂੰ ਬੋਲਦੀ ਬਹੁਤ ਐਂ...।” ਤਲਖ਼ੀ ਨਾਲ ਬੋਲਦੀ ਹੋਈ ਕਾਂਤਾ ਦੀ ਤੋਰ ਵਿੱਚ ਅਚਾਨਕ ਤੇਜ਼ੀ ਆ ਜਾਂਦੀ ਹੈ। ਪਿੱਛੇ ਪਿੱਛੇ ਮਨੋਹਰ ਵੀ ਪੈਰ ਘਸੀਟਣਾ ਸ਼ੁਰੂ ਕਰ ਦਿੰਦਾ ਹੈ।
“ਹਾਂ ਸੱਚ ਮੈਂ ਦੱਸਣਾ ਭੁੱਲ ਗਈ... ਕੱਲ੍ਹ ਮੈਂ ਤੇ ਸੁਮਨ, ਮੈਡਮ ਡੋਗਰਾ ਦੇ ਘਰ ਗਏ ਸੀ... ਮੈਂ ਸੋਚਿਆ ਰੋਜ਼ ਮੂੰਹ ਮੱਥੇ ਲੱਗਦੀ ਸੀ ਵਿਚਾਰੀ... ਭੋਗ ਵਾਲੇ ਦਿਨ ਤਾਂ ਅਸੀਂ ਗਏ ਨਹੀਂ ਸੀ... ਉਨ੍ਹਾਂ ਕਾਰਡ ਵੀ ਵੈਸੇ ਨਹੀਂ ਭੇਜਿਆ ਸੀ...।” ਕੁਝ ਘੜੀਆਂ ਬਾਅਦ ਹੀ ਕਾਂਤਾ ਸੇਵਾਮੁਕਤ ਪ੍ਰਿੰਸੀਪਲ ਮੈਡਮ ਡੋਗਰਾ ਬਾਰੇ ਗੱਲ ਸ਼ੁਰੂ ਕਰਦੀ ਹੈ। ਕੁਝ ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਸੀ।
“ਅੱਛਾ... ਫਿਰ?” ਮਨੋਹਰ ਉਸਦੀ ਗੱਲ ਨੂੰ ਹੁੰਗਾਰਾ ਦਿੰਦਾ ਹੈ। ਮਨੋਹਰ ਨੇ ਅੱਜਕੱਲ੍ਹ ਕਾਂਤਾ ਨਾਲ ਗੁੱਸਾ ਤੇ ਨਾਰਾਜ਼ਗੀ ਕਰਨਾ ਛੱਡਿਆ ਹੋਇਆ ਹੈ।
“ਬੜਾ ਅਜੀਬ ਜਿਹਾ ਲੱਗਿਆ ਉਨ੍ਹਾਂ ਦੇ ਘਰ ਦਾ ਮਾਹੌਲ... ਵੱਡੀ ਨੂੰਹ ਦਾ ਚਿਹਰਾ ਬਹੁਤ ਖਿੜਿਆ ਹੋਇਆ ਸੀ... ਲੱਗਦਾ ਹੀ ਨਹੀਂ ਪਿਆ ਸੀ ਕਿ ਕੁਝ ਦਿਨ ਪਹਿਲਾਂ ਹੀ ਇਨ੍ਹਾਂ ਦੇ ਘਰ ਕੋਈ ਮਰਗ ਹੋਈ ਹੈ... ਜਦੋਂ ਅਸੀਂ ਘਰ ਪਹੁੰਚੇ ਤਾਂ ਉਹ ਕਿਤੇ ਬਾਹਰ ਜਾਣ ਵਾਸਤੇ ਤਿਆਰ ਹੋਈ ਪਈ ਸੀ... ਕਹਿੰਦੀ- ਕਾਂਤਾ ਮੈਡਮ, ਤੁਸੀਂ ਬੈਠੋ ਮੈਂ ਕਿਸੇ ਜ਼ਰੂਰੀ ਕੰਮ ਲਈ ਜਾਣਾ ਹੈ... ਤੇ ਉਹ ਨਿਕਲ ਵੀ ਗਈ ਘਰੋਂ ਬਾਹਰ... ਬੜੀ ਬਦਤਮੀਜ਼ ਜਿਹੀ ਹੈ ਉਸ ਦੀ ਵੱਡੀ ਨੂੰਹ... ਪਰ ਯਾਰ ਮੈਡਮ ਡੋਗਰਾ ਦੇ ਹਸਬੈਂਡ ਦਾ ਹਾਲ ਬੁਰਾ ਸੀ... ਉਹ ਕਹਿ ਰਿਹਾ ਸੀ- ਕੁੜੀਏ, ਤੁਹਾਡੀ ਆਂਟੀ ਸਾਥ ਛੱਡ ਗਈ... ਹੁਣ ਮੇਰਾ ਕੀ ਬਣੇਗਾ...? ਇੱਕ ਦਿਨ ਉਨ੍ਹਾਂ ਦੀ ਗੁਆਂਢਣ ਪ੍ਰੀਤਮ ਆਂਟੀ ਦੱਸਦੀ ਪਈ ਸੀ ਕਿ ਪਿਛਲੇ ਛੇ ਸੱਤ ਮਹੀਨਿਆਂ ਤੋਂ ਮੈਡਮ ਡੋਗਰਾ ਨੂੰ ਹਰ ਹਫ਼ਤੇ ਡਾਇਲਸਿਸ ਉੱਪਰ ਲਿਜਾਣਾ ਪੈਂਦਾ ਸੀ... ਹਜ਼ਾਰਾਂ ਰੁਪਏ ਖਰਚ ਆ ਰਹੇ ਸਨ... ਪੁੱਤਰ ਤਾਂ ਵਿਚਾਰੇ ਤਨ ਮਨ ਧਨ ਨਾਲ ਮਾਂ ਦੀ ਸੇਵਾ ਕਰ ਰਹੇ ਸਨ ਪਰ ਦੋਵੇਂ ਨੂੰਹਾਂ ਅੰਦਰਖ਼ਾਤੇ ਦੁਖੀ ਸਨ... ਇੱਕ ਦਿਨ ਨਿੱਕੀ ਨੂੰਹ, ਜਿਹੜੀ ਸਰਕਾਰੀ ਮਾਸਟਰਨੀ ਲੱਗੀ ਹੋਈ ਹੈ, ਕਹਿੰਦੀ ਸੀ ਅਖੇ- ਮੰਮੀ ਤੇ ਡੈਡੀ ਦੀ ਸਾਰੀ ਪੈਨਸ਼ਨ ਤਾਂ ਮੰਮੀ ਦੇ ਇਲਾਜ ਉੱਪਰ ਚਲੇ ਜਾਂਦੀ ਹੈ... ਉਪਰੋਂ ਸਾਡਾ ਵੀ ਕਿੰਨਾ ਖਰਚਾ ਆਉਂਦੈ... ਆਂਟੀ, ਪਤਾ ਨਹੀਂ ਕੀ ਕਰਨਾ ਇਨ੍ਹਾਂ ਮੰਮੀ ਦਾ ਹਰ ਵੀਕ ਡਾਇਲਸਿਸ ਕਰਵਾ ਕੇ... ਡਾਕਟਰ ਹਰ ਵਾਰ ਕਹਿੰਦੇ ਨੇ ਬਈ ਮਾਤਾ ਜੀ ਦੀ ਸੇਵਾ ਕਰੋ ਪਰ ਨਹੀਂ ਸਾਰਾ ਖ਼ਾਨਦਾਨ ਮਾਂ ਉੱਪਰ ਆਪਣੀ ਸਾਰੀ ਪੂੰਜੀ ਖਰਚ ਕਰਨ ਉੱਪਰ ਤੁਲਿਆ ਹੋਇਐ... ਅਸੀਂ ਤਾਂ ਆਂਟੀ ਚੁੱਪ ਰਹਿੰਦੀਆਂ... ਬੋਲਾਂਗੇ ਤਾਂ ਬੁਰੇ ਬਣਾਂਗੇ...।”
ਕਾਂਤਾ ਲਗਾਤਾਰ ਡੋਗਰਾ ਮੈਡਮ ਤੇ ਉਸ ਦੇ ਟੱਬਰ ਬਾਰੇ ਚਾਨਣਾ ਪਾ ਰਹੀ ਸੀ।
“ਓ ਏਦਾਂ ਹੀ ਹੈ ਕਾਂਤਾ ਸਾਹਿਬਾਂ... ਇਹ ਰਿਸ਼ਤੇ ਨਾਤੇ... ਇਹ ਦੁੱਖ ਤਕਲੀਫ਼ਾਂ... ਇੰਜ ਹੀ ਚਲਦੀਆਂ ਨੇ ਜ਼ਿੰਦਗੀ ਵਿੱਚ... ਸਮਾਜ ਵਿੱਚ... ਇਹ ਘਰ ਘਰ ਦੀ ਕਹਾਣੀ ਹੈ... ਚਲੋ ਹੁਣ ਜਿੰਮ ਵਾਲੇ ਪਾਸੇ ਚਲਦੇ ਆਂ...।”
ਬੋਲਦੇ ਹੋਏ ਉਹ ਦੋਵੇਂ ਅਗਲੇ ਮੋੜ ਤੋਂ ਆਪਣਾ ਰੁਖ਼ ਬਦਲ ਲੈਂਦੇ ਹਨ।
ਪਾਰਕ ਵਿੱਚ ਤੇਜ਼ ਕਦਮਾਂ ਨਾਲ ਸੈਰ ਕਰਦਿਆਂ ਅਜੇ ਪੰਦਰਾਂ ਕੁ ਮਿੰਟ ਹੀ ਬੀਤੇ ਸਨ।
‘‘ਹੈਲੋ! ਰੁਕਿਓ ਜ਼ਰਾ... ਕੀ ਦੌੜੀ ਜਾ ਰਹੇ ਹੋ... ਮੇਰੇ ਨੱਕ ਦੀ ਤੀਲ੍ਹੀ ਇੱਥੇ ਕਿਤੇ ਡਿੱਗ ਪਈ ਹੈ...!”
ਅਚਾਨਕ ਕਾਂਤਾ ਦੀ ਹੈਰਾਨੀ ਭਰੀ ਤੇ ਤਿੱਖੀ ਆਵਾਜ਼ ਆਉਂਦੀ ਹੈ।
“ਕੀ ਡਿੱਗ ਪਈ...?”
“ਤੀਲ੍ਹੀ!”
“ਇਹ ਤੀਲ੍ਹੀ ਕੀ ਬਲਾ ਹੈ...?”
“ਓ ਯਾਰ ਨਿੱਕੇ ਕੋਕੇ ਨੂੰ ਤੀਲ੍ਹੀ ਕਹਿੰਦੇ ਨੇ... ਹੁਣ ਪਲੀਜ਼ ਇਹ ਨਾ ਪੁੱਛਿਓ ਕੋਕਾ ਨੱਕ ’ਚ ਪਾਉਂਦੇ ਨੇ ਕਿ ਕੰਨ ਵਿੱਚ...?’’ ਕਾਂਤਾ ਖਿੱਝ ਕੇ ਬੋਲਦੀ ਹੈ।
“ਨੀ ਕੁੜੇ ਕਾਂਤਾ ਕਿਵੇਂ ਗੁਆਚਾ ਤੇਰਾ ਕੋਕਾ...?” ਮਨੋਹਰ ਮਜ਼ਾਹੀਆ ਲਹਿਜੇ ਵਿੱਚ ਗਾ ਕੇ ਪੁੱਛਦਾ ਹੈ।
“ਮੂੰਹ ਤੋਂ ਪਸੀਨਾ ਪੂੰਝਣ ਲੱਗੀ ਸੀ ਚੁੰਨੀ ਨਾਲ ਤਾਂ ਉਸ ਵਿੱਚ ਫਸ ਕੇ ਅਚਾਨਕ ਡਿੱਗ ਪਈ ਹੈ... ਬਸ ਕੌਲੀ ਰਹਿ ਗਈ ਹੈ ਅੰਦਰ... ਉਹ ਮੈਂ ਫੜ ਲਈ ਹੱਥ ਵਿੱਚ... ਤੁਹਾਨੂੰ ਮਜ਼ਾਕ ਸੁੱਝ ਰਿਹੈ... ਜੇ ਕੁਝ ਬੋਲ ਦਿੱਤਾ ਤਾਂ ਫਿਰ ਤੁਸੀਂ ਕਹਿਣੈ, ਤੂੰ ਬੋਲਦੀ ਬਹੁਤ ਐਂ...।’’
“ਕੌਲੀ ਰਹਿ ਗਈ ਮਤਲਬ... ਹੁਣ ਇਹ ਕੌਲੀ ਕੀ ਚੀਜ਼ ਹੈ?”
“ਕੌਲੀ ਮਤਲਬ ਜਿਸ ਨਾਲ ਤੀਲ੍ਹੀ ਨੱਕ ਦੇ ਅੰਦਰਲੇ ਪਾਸੇ ਲੌਕ ਕੀਤੀ ਜਾਂਦੀ ਹੈ... ਇੱਕ ਗੱਲ ਹੋਰ ਦੱਸ ਦਿਆਂ ਕਿ ਤੀਲ੍ਹੀ ਮਸੀਂ ਮਾਂਹ ਦੇ ਦਾਣੇ ਜਿੰਨੀ ਹੀ ਸੀ...।” ਰੁਕ ਕੇ ਬੋਲਦੀ ਹੋਈ ਕਾਂਤਾ ਕੌਲੀ ਨੂੰ ਚੁੰਨੀ ਦੀ ਇੱਕ ਨੁੱਕਰ ਵਿੱਚ ਰੱਖ ਗੰਢ ਦੇ ਦਿੰਦੀ ਹੈ।
“ਤੁਸੀਂ ਜ਼ਨਾਨੀਆਂ ਕੋਕੇ ਤੀਲ੍ਹੀਆਂ ਪਾਉਂਦੀਆਂ ਹੀ ਕਿਉਂ ਹੋ...?”
“ਸੋਹਣੀਆਂ ਲੱਗਣ ਵਾਸਤੇ ਹੋਰ ਕਾਹਦੇ ਵਾਸਤੇ..?”
“ਮੈਂ ਤਾਂ ਕਦੇ ਦੇਖੀ ਨਹੀਂ ਤੇਰੀ ਤੀਲ੍ਹੀ...।” ਮਨੋਹਰ ਅੱਖ ਮਾਰਦਾ ਕਹਿੰਦਾ ਹੈ।
“ਕਦੇ ਮੇਰੇ ਵੱਲ ਧਿਆਨ ਨਾਲ ਦੇਖੋ ਤਾਂ ਨਾ... ਹਰ ਵੇਲੇ ਦੂਜੀਆਂ ਜਨਾਨੀਆਂ ਦੇ ਐਕਸ-ਰੇਅ ਕਰਨ ਵਿੱਚ ਰੁੱਝੇ ਰਹਿੰਦੇ ਹੋ... ਹੋਰ ਕੁਝ ਕਿਹਾ ਤਾਂ ਫਿਰ ਮਿਰਚਾਂ ਲੱਗ ਜਾਣੀਆਂ ਨੇ ਸਵੇਰੇ ਸਵੇਰੇ... ਫਿਰ ਤੁਸੀਂ ਕਹਿਣੈ, ਤੂੰ ਬੋਲਦੀ ਬਹੁਤ ਐਂ...।” ਕਾਂਤਾ ਵੀ ਅੱਗੇ ਤੋਂ ਸ਼ਿਕਾਇਤਨੁਮਾ ਲਹਿਜੇ ਵਿੱਚ ਜਵਾਬ ਦਿੰਦੀ ਹੈ।
ਸਥਿਤੀ ਵਿਗੜਦੀ ਦੇਖ ਮਨੋਹਰ ਗੱਲ ਨੂੰ ਠੰਢੇ ਬਸਤੇ ਵਿੱਚ ਪਾਉਣਾ ਹੀ ਬਿਹਤਰ ਸਮਝਦਾ ਹੈ।
ਅਜੇ ਘੁਸਮੁਸਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ।
ਰੁੱਖਾਂ ਕਰਕੇ ਨ੍ਹੇਰਾ ਹੋਰ ਜ਼ਿਆਦਾ ਲੱਗ ਰਿਹਾ ਹੈ।
ਹੇਠਾਂ ਸੀਮੇਂਟ ਦੇ ਬਣੇ ਪੱਕੇ ਰਾਹ ਉੱਪਰ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਹੈ।
“ਆਪਣੇ ਮੋਬਾਈਲ ਦੀ ਟਾਰਚ ਚਲਾਉ ਜ਼ਰਾ...।” ਕਾਂਤਾ ਹੁਕਮ ਸੁਣਾਉਂਦੀ ਹੈ।
ਮੋਬਾਇਲ ਫੋਨ ਦੀ ਟਾਰਚ ਜਗਾ ਕੇ ਉਹ ਦੋਵੇਂ ਤੀਲ੍ਹੀ ਲੱਭਣ ਲੱਗ ਪੈਂਦੇ ਹਨ।
ਕੁਝ ਘੜੀਆਂ ਵਿੱਚ ਹੀ ਕਾਂਤਾ ਨੇ ਤੀਲ੍ਹੀ ਦੇ ਗੁਆਚਣ ਵਾਲੀ ਸੰਭਾਵਿਤ ਦੋ ਮਰਲੇ ਥਾਂ ਉੱਪਰ ਆਪਣੀ ਹਥੇਲੀ ਘਸਾ ਦਿੱਤੀ ਪਰ ਤੀਲ੍ਹੀ ਕਿਤੇ ਨਹੀਂ ਰੜਕਦੀ।
ਉਨ੍ਹਾਂ ਨੂੰ ਪੰਜ ਸੱਤ ਮਿੰਟ ਹੋ ਗਏ ਹਨ ਤੀਲ੍ਹੀ ਲੱਭਦਿਆਂ ਪਰ ਕੁਝ ਵੀ ਪੱਲੇ ਨਹੀਂ ਪੈਂਦਾ।
“ਓ ਯਾਰ ਕਿਤੇ ਪਿੱਛੇ ਡਿੱਗ ਪਈ ਹੋਣੀ ਐ... ਤੈਨੂੰ ਭੁਲੇਖਾ ਲੱਗਾ ਹੋਣੈ...।”
ਮਨੋਹਰ ਕੁਝ ਖਿਝਦਾ ਹੋਇਆ ਬੋਲਦਾ ਹੈ।
“ਮੈਂ ਕਹਿ ਤਾਂ ਰਹੀ ਹਾਂ ਮੇਰੇ ਹੱਥਾਂ ਵਿੱਚੋਂ ਨਿਕਲੀ ਹੈ ਹੁਣੇ ਹੀ... ਜਦੋਂ ਛਿੱਕ ਮਾਰੀ ਸੀ ਮੈਨੂੰ ਪਤਾ ਲੱਗ ਗਿਆ ਸੀ ਕਿ ਤੀਲ੍ਹੀ ਨਾਲ ਹੀ ਉੱਡ ਗਈ ਹੈ... ਪਹਿਲਾਂ ਵੀ ਕਈ ਵਾਰ ਹੋਇਆ ਹੈ ਪਰ ਕੌਲੀ ਡਿਗਦੀ ਸੀ ਤੀਲ੍ਹੀ ਨਹੀਂ। ਇਸ ਵਾਰ ਤਾਂ ਤੀਲ੍ਹੀ ਡਿੱਗ ਗਈ... ਚੰਗੀ ਤਰ੍ਹਾਂ ਲੱਭੋ ਪਲੀਜ਼...।”
ਕਾਂਤਾ ਅੱਗੋਂ ਲੇਲ੍ਹੜੀਆਂ ਕੱਢਦੀ ਹੈ।
ਉਸ ਵੱਲ ਦੇਖ ਮਨੋਹਰ ਟਾਰਚ ਨੂੰ ਜ਼ਮੀਨ ਦੇ ਹੋਰ ਨੇੜੇ ਕਰਕੇ ਲੱਭਦਾ ਹੈ, ਪਰ ਤੀਲ੍ਹੀ ਨਹੀਂ ਲੱਭਦੀ।
“ਕੀ ਹੋ ਗਿਆ ਮੈਡਮ ਜੀ... ਕੁਝ ਗੁਆਚ ਗਿਐ...?” ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੀ ਇੱਕ ਤੇਜ਼ ਤਰਾਰ ਔਰਤ ਪੁੱਛਦੀ ਹੈ।
“ਭੈਣ ਜੀ, ਕਾਂਤਾ ਦੀ ਤੀਲ੍ਹੀ ਡਿੱਗ ਪਈ ਐ...।” ਮਨੋਹਰ ਦੱਸਦਾ ਹੈ। “ਲੱਭੋ ਜੀ ਲੱਭੋ... ਇੱਥੇ ਕਿਤੇ ਪਈ ਹੋਣੀ ਐ... ਕਿਤੇ ਨਹੀਂ ਜਾਂਦੀ...।” ਸਲਾਹ ਦੇ ਕੇ ਔਰਤ ਅੱਗੇ ਨੂੰ ਨਿਕਲ ਜਾਂਦੀ ਹੈ।
“ਦੱਸਣ ਦੀ ਕੀ ਲੋੜ ਸੀ... ਤੁਸੀਂ ਕਹਿ ਨਹੀਂ ਸਕਦੇ ਸੀ ਕੁਝ ਨਹੀਂ ਬੱਸ ਐਵੇਂ ਹੀ... ਬੂਟ ਸਾਫ਼ ਕਰ ਰਹੇ ਸੀ... ਪਿੱਛੇ ਗੋਹੇ ਨਾਲ ਭਰ ਗਏ ਸਨ...।” ਕਾਂਤਾ ਮਨੋਹਰ ਦੀ ਬੇਵਕੂਫ਼ੀ ਉੱਪਰ ਹੈਰਾਨਗੀ ਪ੍ਰਗਟ ਕਰਦੀ ਹੈ।
“ਅੱਛਾ ਟਾਰਚ ਜਗ੍ਹਾ ਕੇ ਜੁੱਤੀਆਂ ਸਾਫ਼ ਕਰ ਰਹੇ ਸੀ... ਇਹ ਕਹਿੰਦਾ... ਕਮਾਲ ਹੈ ਤੇਰੀ ਵੀ...।”
“ਤੁਹਾਡਾ ਦਿਮਾਗ਼ ਨਹੀਂ ਕੰਮ ਕਰਦਾ... ਅਗਲੇ ਚੱਕਰ ਵਿੱਚ ਇਸੇ ਜਨਾਨੀ ਨੇ ਸਾਰੀ ਜਗ੍ਹਾ ਦਾ ਐਕਸਰੇ ਕਰ ਸੁੱਟਣਾ ਹੈ... ਮੈਂ ਜਾਣਦੀ ਨਹੀਂ ਇਸ ਨੂੰ...!” ਕਾਂਤਾ ਤੀਲ੍ਹੀ ਵਾਲੇ ਰਾਜ਼ ਨੂੰ ਛੁਪਾਉਣ ਦਾ ਕਾਰਨ ਦੱਸਦੀ ਹੈ।
‘‘ਅਜੇ ਕੁਝ ਹਨੇਰਾ ਹੈ... ਲੋਅ ਲੱਗ ਲੈਣ ਦਿਉ... ਤੁਸੀਂ ਕੁਝ ਦੇਰ ਬਾਅਦ ਲੱਭ ਲਿਉ...।’’ ਇੱਕ ਹੋਰ ਵਾਕਿਫ਼ਕਾਰ ਬਿਨ ਮੰਗੀ ਸਲਾਹ ਦਿੰਦਾ ਹੈ। ਸਲਾਹ ਮਨੋਹਰ ਨੂੰ ਤਾਂ ਚੰਗੀ ਲੱਗਦੀ ਹੈ, ਪਰ ਕਾਂਤਾ ਨੂੰ ਨਹੀਂ।
‘‘ਡੇਢ ਹਜ਼ਾਰ ਦੀ ਤੀਲ੍ਹੀ ਹੈ... ਉਸ ਡਿਜ਼ਾਈਨ ਦੀ ਤਾਂ ਹੁਣ ਮਿਲਦੀ ਵੀ ਨਹੀਂ ਕਿਤੇ... ਵਿਆਹ ਦੀ ਸਿਲਵਰ ਜੁਬਲੀ ਨੂੰ ਬਣਵਾਈ ਸੀ...।’’
ਬੋਲਦੀ ਹੋਈ ਕਾਂਤਾ ਤੀਲੀ ਲੱਭਣ ਵਾਲੀ ਥਾਂ ਦਾ ਦਾਇਰਾ ਹੋਰ ਵੀ ਮੋਕਲਾ ਕਰ ਲੈਂਦੀ ਹੈ।
ਮੋਬਾਈਲ ਫੋਨ ਵੀ ਮਨੋਹਰ ਦੇ ਹੱਥੋਂ ਲੈ ਲੈਂਦੀ ਹੈ।
“ਇੱਕ ਤਾਂ ਐਨਕ ਵੀ ਨਹੀਂ ਹੈਗੀ ਨਾ... ਉਹ ਹੁੰਦੀ ਤਾਂ ਹੁਣੇ ਲੱਭ ਜਾਣੀ ਸੀ...।” ਝਾੜੀ ਦੀਆਂ ਜੜ੍ਹਾਂ ਵਿੱਚ ਹੱਥ ਫੇਰਦੀ ਕਾਂਤਾ ਬੋਲਦੀ ਹੈ।
“ਕੁਝ ਲੜਾ ਨਾ ਲਵੀਂ ਝਾੜੀਆਂ ਵਿੱਚੋਂ ਯਾਰ... ਛੱਡ ਪਰ੍ਹਾਂ ਨਹੀਂ ਲੱਭਦੀ ਤਾਂ... ਕਿਤੇ ਨਹੀਂ ਆਖ਼ਰ ਆਉਣ ਲੱਗੀ... ਡੇਢ ਹਜ਼ਾਰ ਦਾ ਹੀ ਹੈ ਨਾ... ਮੈਂ ਤੈਨੂੰ ਤਿੰਨ ਹਜ਼ਾਰ ਦੀ ਨਵੀਂ ਤੀਲ੍ਹੀ ਬਣਾ ਦਿਆਂਗਾ...।”
“ਓ ਯਾਰ... ਗੱਲ ਡੇਢ ਜਾਂ ਤਿੰਨ ਹਜ਼ਾਰ ਦੀ ਨਹੀਂ ਹੈ... ਗੱਲ ਤੀਲ੍ਹੀ ਗੁਆਚਣ ਦੀ ਹੈ... ਸਿਆਣੇ ਆਖਦੇ ਨੇ ਕਿ ਸੋਨਾ ਗੁਆਚਣਾ ਤੇ ਲੱਭਣਾ ਦੋਵੇਂ ਠੀਕ ਨਹੀਂ ਹੁੰਦੇ... ਤੇ ਨਾਲੇ ਮੇਰੀ ਤਾਂ ਹੈ ਵੀ ਹੱਕ ਹਲਾਲ ਦੀ ਕਮਾਈ ਦੀ... ਤੁਸੀਂ ਦਿਲ ਨਾਲ ਨਹੀਂ ਲੱਭ ਰਹੇ... ਅੱਜ ਤੱਕ ਮੇਰਾ ਕਦੇ ਕੋਈ ਗਹਿਣਾ ਨਹੀਂ ਗੁਆਚਿਆ... ਜੇ ਗੁਆਚਿਆ ਵੀ ਹੈ ਤਾਂ ਆਪ ਹੀ ਲੱਭ ਗਿਐ... ਪਤੈ ਹੈ ਨਾ ਜਦੋਂ ਇੱਕ ਵਾਰ ਮੇਰੇ ਗਲੇ ਦਾ ਚਾਰ ਤੋਲੇ ਸੋਨੇ ਦਾ ਹਾਰ ਗੁਆਚ ਗਿਆ ਸੀ... ਕਿਸੇ ਪ੍ਰੋਗਰਾਮ ਵਾਸਤੇ ਪਿੰਡ ਗਏ ਸਾਂ... ਅਸੀਂ ਪਿੰਡ ਤੋਂ ਪਰਤ ਆਏ ਸਾਂ... ਪਿੰਡ ਦੇ ਸਾਰੇ ਆਂਢ ਗੁਆਂਢ ਨੂੰ ਕਿਹਾ ਕਿ ਸਾਡੇ ਘਰ ਜਾ ਕੇ ਲੱਭਿਓ ਪਰ ਸਾਰਿਆਂ ਹੱਥ ਖੜ੍ਹੇ ਕਰ ਦਿੱਤੇ ਤੇ ਜਦੋਂ ਛੇ ਮਹੀਨੇ ਬਾਅਦ ਫਿਰ ਪਿੰਡ ਗਏ ਤਾਂ ਹਾਰ ਇੰਝ ਲੱਭ ਗਿਆ ਸੀ ਜਿਵੇਂ ਗੁਆਚਿਆ ਹੀ ਨਾ ਹੋਵੇ... ਮੇਰੇ ਨਾਲ ਇੰਜ ਦਾ ਕਈ ਵਾਰ ਹੋਇਐ... ਸੋ ਪਲੀਜ਼ ਲੱਭੋ ਯਾਰ...।” ਬੋਲਦੀ ਹੋਈ ਕਾਂਤਾ ਇੱਕ ਹੋਰ ਝਾੜੀ ਦੀਆਂ ਜੜ੍ਹਾਂ ਵਿੱਚ ਹੱਥ ਵਾੜ ਦਿੰਦੀ ਹੈ।
ਦੋਵੇਂ ਚੱਪਾ ਚੱਪਾ ਥਾਂ ਉਪਰ ਹਥੇਲੀਆਂ ਰਗੜਦੇ ਹਨ, ਪਰ ਸਭ ਬੇਕਾਰ ਸਾਬਿਤ ਹੁੰਦਾ ਹੈ।
“ਯਾਰ, ਜੇ ਤੈਨੂੰ ਇੰਨਾ ਹੀ ਵਿਸ਼ਵਾਸ ਹੈ ਆਪਣੀ ਹੱਕ ਹਲਾਲ ਦੀ ਕਮਾਈ ਉੱਪਰ ਤਾਂ ਫਿਰ ਚੱਲ ਸੈਰ ਕਰੀਏ... ਜੇ ਲੱਭਣੀ ਹੋਈ ਤਾਂ ਫਿਰ ਆਪੇ ਮਿਲ ਜਾਏਗੀ।” ਮਨੋਹਰ ਬੋਲਦਾ ਹੈ ਪਰ ਕਾਂਤਾ ਅਜੇ ਵੀ ਨਾਂਹ ਵਿੱਚ ਸਿਰ ਹਿਲਾਉਂਦੀ ਹੈ। ਮਨੋਹਰ ਦੇ ਜ਼ਿਆਦਾ ਜ਼ੋਰ ਪਾਉਣ ਉੱਪਰ ਅਖੀਰ ਉਹ ਉੱਥੋਂ ਖਾਲੀ ਹੱਥ ਹੀ ਤੁਰ ਪੈਂਦੇ ਹਨ।
ਰੋਜ਼ਾਨਾ ਦੀ ਤਰ੍ਹਾਂ ਤਿੰਨ ਦੀ ਬਜਾਏ ਉਹ ਪਾਰਕ ਦੇ ਦੋ ਵੱਡੇ ਚੱਕਰ ਲਗਾਉਂਦੇ ਹਨ। ਇਸ ਦੌਰਾਨ ਉਨ੍ਹਾਂ ਦੋਵਾਂ ਵਿਚਕਾਰ ਇੱਕ ਚੁੱਪ ਛਾਈ ਰਹਿੰਦੀ ਹੈ।
ਦੋਵੇਂ ਵਾਰ ਤੀਲ੍ਹੀ ਦੇ ਗੁਆਚਣ ਵਾਲੀ ਥਾਂ ਉੱਪਰ ਆ ਕੇ ਉਨ੍ਹਾਂ ਦੀ ਗਤੀ ਧੀਮੀ ਹੋ ਜਾਂਦੀ ਹੈ, ਪਰ ਤੀਲ੍ਹੀ ਨਜ਼ਰੀਂ ਨਹੀਂ ਪੈਂਦੀ ਹੈ।
ਅਚਾਨਕ ਪੰਛੀਆਂ ਦਾ ਚੀਖ ਚਿਹਾੜਾ ਵੀ ਵਧ ਜਾਂਦਾ ਹੈ। ਪਹਾੜਾਂ ਵਾਲੇ ਪਾਸੇ ਲਾਲੀ ਉੱਗ ਆਉਂਦੀ ਹੈ। ਤਾਜ਼ੀਆਂ ਕਿਰਨਾਂ ਨਾਲ ਸਾਫ਼ ਵਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ।
ਉਹ ਖੁੱਲ੍ਹੇ ਜਿੰਮ ਵਿੱਚ ਥੋੜ੍ਹੇ ਸਮੇਂ ਵਾਸਤੇ ਕਸਰਤ ਤੇ ਯੋਗਾ ਕਰਕੇ ਉਸੇ ਤੀਲ੍ਹੀ ਗਵਾਚਣ ਵਾਲੀ ਥਾਂ ਵੱਲ ਤੁਰ ਪੈਂਦੇ ਹਨ।
ਰਸਤੇ ਵਿੱਚ ਮਨੋਹਰ ਦਾ ਇੱਕ ਵਾਕਿਫ਼ਕਾਰ ਮਿਲ ਜਾਂਦਾ ਹੈ। ਉਹ ਰੁਕ ਕੇ ਉਸ ਨਾਲ ਗੱਲਬਾਤ ਕਰਨ ਲੱਗ ਪੈਂਦਾ ਹੈ। ਕਾਂਤਾ ਉਸ ਥਾਂ ਉੱਪਰ ਪਹੁੰਚ ਕੇ ਤੀਲ੍ਹੀ ਲੱਭਣਾ ਸ਼ੁਰੂ ਕਰ ਦਿੰਦੀ ਹੈ। ਦਸ ਕੁ ਮਿੰਟਾਂ ਬਾਅਦ ਮਨੋਹਰ ਵੀ ਸੂਰਜ ਦੀਆਂ ਕਿਰਨਾਂ ਵਾਲੀ ਦਿਸ਼ਾ ਵੱਲੋਂ ਉਸ ਥਾਂ ਉਪਰ ਪਹੁੰਚ ਰਿਹਾ ਹੈ।
“ਲੱਭੀ..?” ਮਨੋਹਰ ਪੰਦਰਾਂ ਕੁ ਕਦਮਾਂ ਦੀ ਦੂਰੀ ਤੋਂ ਹੀ ਪੁੱਛਦਾ ਹੈ। “ਨਹੀਂ... ਅਜੇ ਨਹੀਂ...।”
“ਚੱਲ ਛੱਡ ਯਾਰ... ਚੱਲੀਏ ਘਰ ਨੂੰ... ਇਸ ਵਾਰ ਨਹੀਂ ਲੱਭਣਾ ਤੇਰਾ ਗੁਆਚਿਆ ਸੋਨਾ... ਲਗਦੈ ਹਲਾਲ ਦਾ ਨਹੀਂ ਸੀ... ਜ਼ਰੂਰ ਕੁਝ ਗੜਬੜ ਹੈ... ਕਿਤੇ ਮੇਰੀ ਜੇਬ ਤਾਂ ਨਹੀਂ ਲੁੱਟੀ ਸੀ...।” ਖਚਰੀ ਹਾਸੀ ਹੱਸਦਾ ਤੇ ਬੋਲਦਾ ਹੋਇਆ ਮਨੋਹਰ ਕਾਂਤਾ ਵੱਲ ਦੇਖਦਾ ਹੈ।
“ਪਲੀਜ਼ ਯਾਰ! ਮਜ਼ਾਕ ਨਾ ਕਰੋ... ਹਰਾਮ ਦੀ ਨਹੀਂ ਹੱਕ ਹਲਾਲ ਦੀ ਕਮਾਈ ਦੀ ਸੀ... ਜਦੋਂ ਤੱਕ ਲੱਭਦੀ ਨਹੀਂ ਮੈਂ ਘਰ ਨਹੀਂ ਜਾਣ ਵਾਲੀ... ਲੱਭੋ ਪਲੀਜ਼... ਦੇਖਣਾ ਜ਼ਰੂਰ ਮਿਲੇਗੀ...।” ਕਾਂਤਾ ਨਾਰਾਜ਼ਗੀ ਪਰ ਵਿਸ਼ਵਾਸ ਭਰੇ ਲਹਿਜ਼ੇ ਵਿੱਚ ਬੋਲਦੀ ਹੈ।
ਤੀਲ੍ਹੀ ਨੂੰ ਤਲਾਸ਼ਦੀਆਂ ਨਜ਼ਰਾਂ ਨਾਲ ਜਿਵੇਂ ਹੀ ਮਨੋਹਰ ਕਾਂਤਾ ਤੋਂ ਦਸ ਕੁ ਕਦਮ ਪਿੱਛੇ ਹੁੰਦਾ ਹੈ ਤਾਂ ਉਸ ਦੀ ਨਜ਼ਰ ਪੰਜ ਕੁ ਕਦਮਾਂ ਉੱਪਰ ਸੂਰਜ ਦੀਆਂ ਕਿਰਨਾਂ ਨਾਲ ਚਮਕ ਰਹੀ ਤੀਲ੍ਹੀ ਉੱਪਰ ਜਾ ਰੁਕਦੀ ਹੈ।
‘‘ਮਿਲ ਗਈ ਤੇਰੀ ਤੀਲ੍ਹੀ...!’’ ਮਨੋਹਰ ਝੁਕ ਕੇ ਤੀਲ੍ਹੀ ਨੂੰ ਚੁੱਕਦਾ ਹੋਇਆ ਉੱਚੀ ਕਰਕੇ ਬੋਲਦਾ ਹੈ।
‘‘ਸੱਚੀਂ...!’’ ‘‘ਹਾਂ ਭਈ... ਲੱਭ ਗਈ... ਤੀਲ੍ਹੀ ਤਾਂ ਵਿਚਾਰੀ ਆਪ ‘ਵਾਜ਼ਾਂ ਮਾਰ ਰਹੀ ਸੀ ਕਿ ਭਾਈ ਮੈਂ ਇੱਥੇ ਪਈ ਆਂ... ਤੁਸੀਂ ਕਿਤੇ ਹੋਰ ਹੀ ਹੱਥ ਰਗੜੀ ਜਾ ਰਹੇ ਹੋ।’’ ਮਨੋਹਰ ਤੀਲ੍ਹੀ ਵਾਲਾ ਹੱਥ ਕਾਂਤਾ ਵੱਲ ਕਰਦਾ ਹੈ।
ਕਾਂਤਾ ਅੱਗੇ ਹੱਥ ਦੀ ਤਲੀ ਕਰਦੀ ਹੈ।
“ਮੈਂ ਕਿਹਾ ਨਹੀਂ ਸੀ ਹੱਕ ਹਲਾਲ ਦੀ ਕਮਾਈ ਦੀ ਹੈ... ਕਿਤੇ ਨਹੀਂ ਜਾਣੀ... ਬਸ ਕੋਸ਼ਿਸ਼ ਕਰਨੀ ਪੈਣੀ ਹੈ...।” ਆਪਣੀ ਤੀਲ੍ਹੀ ਤਲੀ ਉਪਰ ਦੇਖ ਕੇ ਕਾਂਤਾ ਬੋਲਦੀ ਹੈ।
ਖ਼ੁਸ਼ੀ ਵਿੱਚ ਉਸ ਦਾ ਚਿਹਰਾ ਲਾਲ ਗੁਲਾਬ ਵਾਂਗ ਖਿੜ ਜਾਂਦਾ ਹੈ। ਚੁੰਨੀ ਦੀ ਗੰਢ ਵਿੱਚੋਂ ਕੌਲੀ ਕੱਢ ਕੇ ਉਹ ਝੱਟ ਨੱਕ ਵਿੱਚ ਹੀ ਤੀਲ੍ਹੀ ਪਾ ਲੈਂਦੀ ਹੈ।
“ਦੇਖੋ ਠੀਕ ਲੱਗ ਰਹੀ ਹੈ ਤੀਲ੍ਹੀ...?” ਫੁੱਲ ਵਾਂਗ ਖਿੜੀ ਹੋਈ ਕਾਂਤਾ ਪੁੱਛਦੀ ਹੈ।
“ਐਨ ਆਪਣੇ ਪਿੰਡ ਵਾਲੀ ਗੁਜਰੀ ਲੱਗ ਰਹੀ ਐਂ... ਚਲੀਏ ਹੁਣ ਘਰ ਨੂੰ...?” ਖਚਰੀ ਹਾਸੀ ਹਸਦਾ ਮਨੋਹਰ ਕਾਂਤਾ ਵੱਲ ਦੇਖਦਾ ਹੈ।
ਸੋਨਮਈ ਰੰਗ ਵਿੱਚ ਖਿੜੇ ਚਿਹਰੇ ਨਾਲ ਅਤਿ ਦੀ ਆਕਰਸ਼ਕ ਲੱਗ ਰਹੀ ਕਾਂਤਾ ਮਨੋਹਰ ਦੇ ਅੱਗੇ ਅੱਗੇ ਘਰ ਵੱਲ ਤੁਰ ਪੈਂਦੀ ਹੈ।
ਸੰਪਰਕ: 94171-73700

Advertisement
Advertisement