ਚੋਰਾਂ ਨੇ ਲੁਬਾਣਗੜ੍ਹ ਦੀ ਸਹਿਕਾਰੀ ਸਭਾ ਨੂੰ ਨਿਸ਼ਾਨਾ ਬਣਾਇਆ
ਪੱਤਰ ਪ੍ਰੇਰਕ
ਮਾਛੀਵਾੜਾ, 5 ਨਵੰਬਰ
ਚੋਰਾਂ ਵੱਲੋਂ ਬੀਤੀ ਰਾਤ ਬੇਟ ਖੇਤਰ ਦੇ ਦੋ ਪਿੰਡਾਂ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਲੁਬਾਣਗੜ੍ਹ ਖੇਤੀਬਾੜੀ ਸਹਿਕਾਰੀ ਸਭਾ ਦੇ ਤਾਲੇ ਤੋੜਨ ਮਗਰੋਂ ਚੋਰ ਅੰਦਰ ਦਾਖਲ ਹੋਏ ਅਤੇ ਨਕਦੀ ਵਾਲਾ ਲਾਕਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਾ ਹੋ ਸਕੇ। ਚੋਰਾਂ ਨੇ ਸਭਾ ਦੇ ਦਫ਼ਤਰ ਅੰਦਰ ਪਈਆਂ ਸਾਰੀਆਂ ਅਲਮਾਰੀਆਂ ਦੀ ਫਰੋਲਾ-ਫਰਾਲੀ ਕੀਤੀ ਪਰ ਕੋਈ ਨਕਦੀ ਨਾ ਮਿਲੀ। ਚੋਰ ਜਾਂਦੇ ਹੋਏ ਕੈਮਰੇ ਦੀ ਡੀਵੀਆਰ ਚੁੱਕ ਕੇ ਲੈ ਗਏ। ਸਭਾ ਦੇ ਸਕੱਤਰ ਨੇ ਦੱਸਿਆ ਕਿ ਸਾਰਾ ਰਿਕਾਰਡ ਬਿਲਕੁਲ ਸੁਰੱਖਿਅਤ ਹੈ ਅਤੇ ਚੋਰਾਂ ਨੇ ਸੇਫ਼ ਕਾਫ਼ੀ ਹੱਦ ਤੱਕ ਭੰਨ ਦਿੱਤੀ ਸੀ, ਪਰ ਉਸ ਨੂੰ ਖੋਲ੍ਹਣ ਵਿੱਚ ਨਾਕਾਮ ਰਹੇ। ਉਨ੍ਹਾਂ ਦੱਸਿਆ ਕਿ ਦਫ਼ਤਰ ਵਿੱਚ ਕੋਈ ਵੀ ਨਕਦੀ ਨਹੀਂ ਸੀ ਜਿਸ ਕਾਰਨ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਚੋਰ ਕੈਮਰੇ ਵਾਲਾ ਡੀਵੀਆਰ ਚੁੱਕ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਮਾਛੀਵਾੜਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਚੋਰਾਂ ਨੇ ਪਿੰਡ ਜੁਲਫ਼ਗੜ੍ਹ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਪੁੱਟਣ ਦੀ ਕੋਸ਼ਿਸ਼ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਚੋਰ ਤਾਲੇ ਤੋੜ ਕੇ ਗੁਰੂ ਘਰ ਦੀ ਇਮਾਰਤ ਅੰਦਰ ਦਾਖਲ ਹੋਏ ਅਤੇ ਸੱਬਲਾਂ ਨਾਲ ਗੋਲਕ ਨੂੰ ਤੋੜਦੇ ਰਹੇ। ਕਾਫ਼ੀ ਸਮਾਂ ਜਦੋਂ ਜੱਦੋ-ਜਹਿਦ ਤੋਂ ਬਾਅਦ ਗੋਲਕ ਨਾ ਪੁੱਟੀ ਗਈ ਤਾਂ ਉਹ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਜ਼ਰੂਰ ਨੁਕਸਾਨੀ ਗਈ ਹੈ, ਪਰ ਨਕਦੀ ਦਾ ਨੁਕਸਾਨ ਨਹੀਂ ਹੋਇਆ।