ਚੋਰਾਂ ਵੱਲੋਂ 15 ਤੋਲੇ ਸੋਨੇ ਦੇ ਗਹਿਣੇ ਅਤੇ 2 ਲੱਖ ਦੀ ਨਗਦੀ ਚੋਰੀ
06:45 AM Jul 26, 2024 IST
ਪੱਤਰ ਪ੍ਰੇਰਕ
ਪਠਾਨਕੋਟ, 25 ਜੁਲਾਈ
ਸੁਜਾਨਪੁਰ ਦੇ ਮੁਹੱਲਾ ਸ਼ੇਖਾਂ ਵਿੱਚ ਸੇਵਾਮੁਕਤ ਬੈਂਕ ਮੈਨੇਜਰ ਦੇ ਘਰ ਵਿੱਚੋਂ ਚੋਰਾਂ ਵੱਲੋਂ 15 ਤੋਲੇ ਸੋਨੇ ਦੇ ਗਹਿਣੇ ਅਤੇ 2 ਲੱਖ ਦੀ ਨਗਦੀ ਚੋਰੀ ਕਰ ਲਈ। ਪੀੜਤ ਨੇ ਥਾਣਾ ਸੁਜਾਨਪੁਰ ਵਿੱਚ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਸੇਵਾਮੁਕਤ ਬੈਂਕ ਮੈਨੇਜਰ ਦਵਿੰਦਰ ਮਹਾਜਨ ਨੇ ਦੱਸਿਆ ਕਿ ਉਹ ਐਤਵਾਰ ਨੂੰ ਆਪਣੀ ਧੀ ਦੇ ਘਰ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਦੇ ਜਸੂਰ ਵਿੱਚ ਗਿਆ ਹੋਇਆ ਸੀ ਕਿ ਅੱਜ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਘਰ ਦਾ ਤਾਲਾ ਟੁੱਟਿਆ ਪਿਆ ਹੈ। ਜਦ ਉਸ ਨੇ ਘਰ ਆ ਕੇ ਦੇਖਿਆ ਤਾਂ ਦਰਵਾਜ਼ੇ ਖੁੱਲ੍ਹੇ ਪਏ ਸਨ ਅਤੇ ਅਲਮਾਰੀਆਂ ਟੁੱਟੀਆਂ ਹੋਈਆਂ ਸਨ ਤੇ ਅਲਮਾਰੀ ਵਿੱਚੋਂ 15 ਤੋਲੇ ਸੋਨੇ ਦੇ ਗਹਿਣੇ ਅਤੇ 2 ਲੱਖ ਰੁਪਏ ਦੀ ਨਗਦੀ ਗਾਇਬ ਸੀ।
Advertisement
Advertisement