ਚੋਰਾਂ ਨੇ ਪੀਐੱਨਬੀ ਬੈਂਕ ’ਚ ਸੁਰੰਗ ਪੁੱਟੀ
ਇਕਬਾਲ ਸਿੰਘ ਸਾਂਤ
ਡੱਬਵਾਲੀ, 27 ਜਨਵਰੀ
ਇੱਥੋਂ ਦੇ ਪਿੰਡ ਗੋਰੀਵਾਲਾ ਵਿਚ ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਵਿੱਚ ਸੁਰੰਗ ਪੁੱਟ ਲਈ ਅਤੇ ਸਟ੍ਰਾਂਗ ਰੂਮ ਨੇੜੇ ਪੁੱਜ ਗਏ। ਇਸ ਬੈਂਕ ਦੀ ਸ਼ਾਖਾ ਪਿੰਡ ਵਿੱਚ ਸਥਿਤ ਪੁਲੀਸ ਚੌਕੀ ਤੋਂ ਲਗਪਗ 100 ਮੀਟਰ ਦੀ ਦੂਰੀ ’ਤੇ ਹੈ।
ਇਸ ਮੌਕੇ ਨਗ਼ਦੀ ਤੇ ਦਸਤਾਵੇਜ਼ ਆਦਿ ਚੋਰੀ ਹੋਣੋਂ ਬਚ ਗਏ। ਚੋਰਾਂ ਨੇ ਛੇ ਫੁੱਟ ਡੂੰਘੀ ਅਤੇ ਦਸ ਫੁਟ ਲੰਬੀ ਸੁਰੰਗ ਪੁੱਟ ਕੇ ਬੈਂਕ ਦੀ ਸੁਰੱਖਿਆ ’ਚ ਵੱਡੀ ਸੰਨ੍ਹ ਲਾ ਦਿੱਤੀ ਹੈ। ਇਹ ਘਟਨਾ ਐਤਵਾਰ ਰਾਤ ਦੀ ਦੱਸੀ ਜਾ ਰਹੀ ਹੈ ਜਿਸ ਦਾ ਖੁਲਾਸਾ ਸੋਮਵਾਰ ਨੂੰ ਬੈਂਕ ਖੁੱਲ੍ਹਣ ’ਤੇ ਹੋਇਆ। ਬੈਂਕ ਦੇ ਸੀਸੀਟੀਵੀ ਫੁਟੇਜ ਵਿੱਚ ਇੱਕ ਸ਼ੱਕੀ ਵਿਅਕਤੀ ਸ਼ਾਲ ਪਾਈ ਦਿਖਾਈ ਦੇ ਰਿਹਾ ਹੈ। ਮੰਨਿਆ ਜਾ ਰਿਹਾ ਕਿ ਚੋਰਾਂ ਦੀ ਗਿਣਤੀ ਇੱਕ ਤੋਂ ਵੱਧ ਸੀ ਅਤੇ ਵਾਰਦਾਤ ਨੂੰ ਰੇਕੀ ਮਗਰੋਂ ਅੰਜਾਮ ਦਿੱਤਾ ਗਿਆ। ਪਤਾ ਲੱਗਿਆ ਕਿ ਚੋਰਾਂ ਨੇ ਰਾਤ ਕਰੀਬ 12:30 ਵਜੇ ਤੋਂ ਬਾਅਦ ਖੁਦਾਈ ਦਾ ਕੰਮ ਸ਼ੁਰੂ ਕੀਤਾ ਪਰ ਉਨ੍ਹਾਂ ਦੇ ਮਨਸੂਬੇ ਸਫਲ ਨਾ ਹੋਏ।ਇਸ ਮੌਕੇ ਏਐਸਪੀ ਮਿਅੰਕ ਮੌਦਗਿੱਲ ਨੇ ਬੈਂਕ ਸ਼ਾਖਾ ਦਾ ਜਾਇਜ਼ਾ ਲਿਆ। ਜ਼ਿਲ੍ਹਾ ਪੁਲੀਸ ਦੇ ਬੁਲਾਰੇ ਅਨੁਸਾਰ ਚੋਰਾਂ ਦੀ ਭਾਲ ਲਈ ਤਿੰਨ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਬੈਂਕ ਸ਼ਾਖਾ ਦੇ ਮੈਨੇਜਰ ਰਾਮਰਾਜ ਮੀਣਾ ਨੇ ਦਾਅਵਾ ਕੀਤਾ ਕਿ ਸੁਰੰਗ ਪੁੱਟਣ ਦੇ ਬਾਵਜੂਦ ਚੋਰ ਬੈਂਕ ਦੇ ਸਟ੍ਰਾਂਗ ਰੂਮ ਤੱਕ ਨਹੀਂ ਪੁੱਜ ਸਕੇ। ਬੈਂਕ ਵਿੱਚ ਮੌਜੂਦ ਸਾਰੇ ਰੁਪਏ ਅਤੇ ਦਸਤਾਵੇਜ਼ ਸੁਰੱਖਿਅਤ ਹਨ।