ਅਗੌਲ ਵਾਸੀਆਂ ਵੱਲੋਂ ਚੋਰ ਕਾਬੂ; ਇੱਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਜੈਸਮੀਨ ਭਾਰਦਵਾਜ
ਨਾਭਾ, 21 ਅਕਤੂਬਰ
ਇੱਥੇ ਅੱਜ ਤੜਕੇ 3 ਵਜੇ ਅਗੌਲ ਪਿੰਡ ਵਿੱਚ ਲੋਕਾਂ ਨੇ ਦੋ ਔਰਤਾਂ ਸਣੇ ਕਥਿਤ ਤਿੰਨ ਚੋਰ ਕਾਬੂ ਕੀਤੇ। ਇਨ੍ਹਾਂ ਵਿੱਚੋ ਇੱਕ ਦੀ ਸਵੇਰੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਿਰਭੈ ਸਿੰਘ (32) ਵਾਸੀ ਮਾਲੇਰਕੋਟਲਾ ਵਜੋਂ ਹੋਈ। ਪਿੰਡ ਵਾਸੀ ਸਾਬਕਾ ਫੌਜੀ ਯੂਨੀਅਨ ਦੇ ਪ੍ਰਧਾਨ ਰਹੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਈ ਦਿਨਾਂ ਤੋਂ ਨੇੜਲੇ ਪਿੰਡਾਂ ਵਿੱਚ ਹੋ ਰਹੀਆਂ ਚੋਰੀਆਂ ਤੋਂ ਲੋਕ ਬਹੁਤ ਤੰਗ ਸਨ। ਇਸ ਕਰਕੇ ਲੋਕ ਚੌਕਸ ਸਨ ਤੇ ਸਹੌਲੀ, ਕੈਦੂਪੁਰ, ਖੋਖ, ਮਾਂਗੇਵਾਲ ਅਤੇ ਅਗੌਲ ਦੇ ਪਿੰਡਾਂ ਦੇ ਸੋਸ਼ਲ ਮੀਡੀਆ ਗਰੁੱਪ ਬਣੇ ਹੋਏ ਸਨ। ਤਾਲਮੇਲ ਕਰਕੇ ਲੋਕਾਂ ਨੇ ਆਪ ਚੋਰ ਫੜ ਲਏ ਪਰ ਸਵੇਰੇ ਧਰਮਸ਼ਾਲਾ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਇੱਕ ਦੀ ਮੌਤ ਹੋ ਗਈ। ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਆਗੂ ਓਂਕਾਰ ਸਿੰਘ ਅਗੌਲ ਨੇ ਦੱਸਿਆ ਕਿ ਚੋਰ ਹਰਿਆਣਾ ਨੰਬਰੀ ਦੋ ਗੱਡੀਆਂ ਹੁੰਡਈ ਵਰਨਾ ਤੇ ਫੋਕਸਵੈਗਨ ਵੇਂਟੋ ਵਿੱਚ ਸਵਾਰ ਸਨ। ਵਰਨਾ ਵਿੱਚ ਔਰਤਾਂ ਅਤੇ ਇੱਕ ਬੱਚੇ ਸਣੇ ਚਾਰ ਪੰਜ ਜਣੇ ਸਨ ਜੋ ਫ਼ਰਾਰ ਹੋ ਗਏ ਪਰ ਦੂਜੀ ਕਾਰ ਵਾਲੇ ਤਿੰਨ ਕਾਬੂ ਆ ਗਏ ਤੇ ਉਹ ਬੀਤੇ ਦਿਨ ਚੋਰੀ ਕੀਤੇ ਟਰਾਂਸਫਾਰਮਰ ਤੱਕ ਪਿੰਡ ਵਾਸੀਆਂ ਨੂੰ ਲੈ ਕੇ ਗਏ, ਜਿਸ ਵਿੱਚੋਂ ਤਾਂਬਾ ਕੱਢਣ ਲਈ ਉਹ ਹਥਿਆਰ ਲੈ ਕੇ ਆਏ ਸਨ। ਹਰਜਿੰਦਰ ਸਿੰਘ ਤੇ ਓਂਕਾਰ ਸਿੰਘ ਨੇ ਦੱਸਿਆ ਕਿ ਚੋਰ ਉਨ੍ਹਾਂ ਕੋਲ ਲੁੱਟਾਂ ਖੋਹਾਂ ਦੌਰਾਨ ਹੋਏ ਛੇ ਕਤਲ ਵੀ ਮੰਨ ਗਏ। ਨਾਭਾ ਸਦਰ ਥਾਣਾ ਦੇ ਐੱਸਐੱਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।