ਪੁਲੀਸ ਚੋਣਾਂ ’ਚ ਰੁੱਝੀ ਹੋਣ ਕਾਰਨ ਚੋਰਾਂ ਦੀਆਂ ਮੌਜਾਂ
ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਅਕਤੂਬਰ
ਪੰਜਾਬ ਪੁਲੀਸ ਪੰਚਾਇਤੀ ਚੋਣਾਂ ’ਚ ਰੁੱਝੀ ਕਾਰਨ ਚੋਰਾਂ ਦੇ ਵਾਰੇ ਨਿਆਰੇ ਹਨ। ਬੇਖੌਫ਼ ਚੋਰ ਇਕ ਸਿੱਖਿਆ ਸੰਸਥਾਂਵਾਂ ਦੇ ਪ੍ਰਬੰਧਕੀ ਬਲਾਕ ’ਚੋਂ ਲੱਖਾਂ ਦੀ ਨਗਦੀ ਤੇ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਚੋਰੀ ਕਰਕੇ ਲਏ ਗਏ। ਥਾਣਾ ਬੱਧਨੀ ਕਲਾਂ ਪੁਲੀਸ ਨੇ ਬਾਬੇ ਕੇ ਐਜੂਕੇਸ਼ਨ ਚੈਰੀਟੇਬਲ ਟਰੱਸਟ ਦੇ ਜਨਰਲ ਸਕੱਤਰ ਪਰਵਿੰਦਰ ਸਿੰਘ ਢਿੱਲੋਂ ਦੀ ਸ਼ਿਕਾਇਤ ਉੱਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਬਾਬੇ ਕੇ ਐਜੂਕੇਸ਼ਨ ਚੈਰੀਟੇਬਲ ਟਰੱਸਟ ਅਧੀਨ ਤਿੰਨ ਕਾਲਜ ਪਿੰਡ ਦੌਧਰ ਸ਼ਰਕੀ ਵਿੱਚ ਹਨ ਜਿਨ੍ਹਾਂ ਦਾ ਐਡਮਿਨ ਦਫ਼ਤਰ ਹੈ, ਜਿਥੇ ਲੇਖਾ ਦਫ਼ਤਰ, ਡਾਇਰੈਕਟਰ, ਚੇਅਰਮੈਨ ਤੇ ਪ੍ਰਿੰਸੀਪਲ ਦਫ਼ਤਰ ਹੈ। ਇਸ ਦਫ਼ਤਰ ’ਚ ਸਫ਼ਾਈ ਕਰਨ ਪੁੱਜੇ ਦਰਜਾ ਚਾਰ ਕਾਮੇ ਨੇ ਐਡਮਿਨ ਦਫ਼ਤਰ ਦੇ ਦਰਵਾਜ਼ੇ ਖੁੱਲ੍ਹੇ ਤੇ ਅਲਮਾਰੀਆਂ ਵਿਚੋਂ ਸਾਮਾਨ ਖਿਲਰਿਆ ਹੋਣ ਬਾਰੇ ਪ੍ਰਬੰਧਕਾਂ ਨੂੰ ਸੂਚਿਤ ਕੀਤਾ। ਚੋਰ ਅਕਾਊਂਟ ਦਫ਼ਤਰ ਵਿਚੋਂ 35 ਹਜ਼ਾਰ ਨਗਦੀ, ਡਾਇਰੈਕਟਰ ਦਫ਼ਤਰ ਵਿਚੋਂ 2.14 ਲੱਖ ਨਗਦੀ, ਚੋਰੀ ਕਰਕੇ ਲੈ ਗਏ। ਚੇਅਰਮੈਨ ਦਫ਼ਤਰ ਦੀਆਂ ਅਲਮਾਰੀਆਂ ਵਿਚੋਂ ਵੀ ਸਾਮਾਨ ਚੋਰੀ ਹੋਇਆ ਦੱਸਿਆ ਜਾ ਰਿਹਾ ਹੈ। ਜਾਂਚ ਅਧਿਕਾਰੀ ਏਐੱਸਆਈ ਚਰਨਜੀਤ ਸਿੰਘ ਮੁਤਾਬਕ ਪੁਲੀਸ ਚੋਰਾਂ ਨੂੰ ਲੱਭਣ ਲਈ ਸੀਸੀਟੀਵੀ ਕੈਮਰਿਆਂ ਨੂੰ ਘੋਖ ਰਹੀ ਹੈ। ਇਸੇ ਤਰ੍ਹਾਂ ਪਿੰਡ ਮੌਜਗੜ੍ਹ ਵਿੱਚ ਚੋਰ ਗੁਰਦੁਆਰਾ ਸਿੰਘ ਸਭਾ ਵਿੱਚੋਂ ਗੋਲਕ ਚੋਰੀ ਕਰਕੇ ਲੈ ਗਏ। ਪੁਲੀਸ ਨੇ ਗੁਰਦੁਆਰਾ ਕਮੇਟੀ ਪ੍ਰਧਾਨ ਤਰਸੇਮ ਸਿੰਘ ਦੀ ਸ਼ਿਕਾਇਤ ਉੱਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਤਾਬਕ ਪ੍ਰਬੰਧਕਾਂ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆ ਵਿਚੋਂ ਪਤਾ ਲੱਗਾ ਕਿ ਦੋ ਨੌਜਵਾਨ ਗੋਲਕ ਚੋਰੀ ਕਰਕੇ ਲੈ ਗਏ ਹਨ। ਇਸ ਪਿੰਡ ਦੇ ਹੀ ਇੱਕ ਹੋਰ ਗੁਰਦੁਆਰਾ ਸਾਹਿਬ ਵਿਚੋਂ ਵੀ ਗੋਲਕ ਚੋਰੀ ਹੋਣ ਦੀ ਖ਼ਬਰ ਹੈ।