ਚੋਰ ਅੱਖ
ਅਵਤਾਰ ਐੱਸ. ਸੰਘਾ
ਸਿਡਨੀ ਵਿੱਚ (ਸ਼ਾਇਦ ਵਿਕਸਤ ਦੇਸ਼ਾਂ ਦੇ ਹੋਰ ਮਹਾਨਗਰਾਂ ਵਿੱਚ ਵੀ) ਚੋਰ ਅੱਖ ਬੜਾ ਮਹੱਤਵ ਰੱਖਦੀ ਹੈ। ਤੁਸੀਂ ਇਵੇਂ ਦੇਖੋ ਕਿ ਤੁਹਾਡੇ ਗਾਹਕ ਨੂੰ ਪਤਾ ਹੀ ਨਾ ਲੱਗੇ ਕਿ ਤੁਸੀਂ ਉਸ ਦੀ ਹਰ ਹਰਕਤ ਦੇਖ ਰਹੇ ਹੋ। ਇੱਕ ਟੈਕਸੀ ਡਰਾਈਵਰ ਟੈਕਸੀ ਦੇ ਮੀਟਰ ਵੱਲ ਵੀ ਇਵੇਂ ਦੇਖੇ ਕਿ ਗਾਹਕ ਨੂੰ ਉਸ ਦੀ ਦੇਖਣੀ ਦਾ ਪਤਾ ਹੀ ਨਾ ਲੱਗੇ। ਇੱਥੇ ਟੈਕਸੀ ਸਟੈਂਡਾਂ ਨੂੰ ਟੈਕਸੀ ਰੈਂਕ ਕਹਿੰਦੇ ਹਨ। ਇਹ ਰੈਂਕ ਦੋ ਤਿੰਨ ਵਲ਼ ਖਾਂਦੇ ਹੁੰਦੇ ਹਨ। ਟੈਕਸੀਆਂ ਆ ਕੇ ਪਿੱਛੇ ਲੱਗਦੀਆਂ ਰਹਿੰਦੀਆਂ ਹਨ। ਅਗਲੀਆਂ ਅੱਗੇ ਨੂੰ ਤੁਰਦੀਆਂ ਰਹਿੰਦੀਆਂ ਹਨ ਤੇ ਪਿਛਲੀਆਂ ਉਨ੍ਹਾਂ ਦੀ ਥਾਂ ਲੈਂਦੀਆਂ ਰਹਿੰਦੀਆਂ ਹਨ। ਮੁਸਾਫਿਰ ਖੱਬਿਓਂ, ਸੱਜਿਓਂ, ਉੱਪਰੋਂ (ਰੇਲਵੇ ਸਟੇਸ਼ਨ ਦੇ ਕਨਕੋਰਸ ਤੋਂ) ਆਈ ਜਾਂਦੇ ਹਨ ਤੇ ਟੈਕਸੀਆਂ ਫੜੀ ਜਾਂਦੇ ਹਨ। ਕਿਸੇ ਮੁਸਾਫਿਰ ਨੂੰ ਹਾਕ ਮਾਰ ਕੇ ਆਪਣੇ ਵੱਲ ਸੱਦਣਾ ਕਾਨੂੰਨੀ ਜੁਰਮ ਹੈ। ਅਕਸਰ ਗਾਹਕ ਇੰਨੇ ਕੁ ਸੱਭਿਅਕ ਤਾਂ ਹੁੰਦੇ ਹੀ ਹਨ ਕਿ ਉਹ ਮੂਹਰਿਓ ਵਾਰੀ ਵਾਰੀ ਹਰ ਟੈਕਸੀ ਫੜਦੇ ਹਨ। ਟੈਕਸੀ ਫੜਨ ਤੋਂ ਬਾਅਦ ਡਰਾਈਵਰ ਦਾ ਇਹ ਫਰਜ਼ ਹੈ ਕਿ ਉਹ ਗਾਹਕ ਨੂੰ ਉਸ ਦੇ ਦੱਸੇ ਹੋਏ ਰੂਟ ਮੁਤਾਬਕ ਲੈ ਕੇ ਜਾਵੇ। ਇਨ੍ਹਾਂ ਮਹਾਨਗਰਾਂ ਵਿੱਚ ਕਈ ਥਾਵਾਂ ਨੂੰ ਦੋ ਤਿੰਨ ਰੂਟ ਵੀ ਜਾਂਦੇ ਹਨ। ਇੱਕ ਬਹੁਤ ਤੇਜ਼ ਮੋਟਰਵੇਅ ਵਾਲਾ, ਦੂਜਾ ਘੱਟ ਤੇਜ਼ ਹਾਈਵੇ ਵਾਲਾ ਤੇ ਤੀਜਾ ਉਸ ਤੋਂ ਵੀ ਘੱਟ ਆਮ ਸੜਕਾਂ ਵਾਲਾ।
ਸ਼ਨਿਚਰਵਾਰ ਦਾ ਦਿਨ ਸੀ। ਸਮਾਂ ਸਵੇਰੇ 9 ਕੁ ਵਜੇ ਦਾ ਸੀ। ਇਹ ਵਕਤ ਸ਼ਾਂਤ ਹੀ ਹੁੰਦਾ ਏ। ਸਵਾਰੀ ਮੁਸ਼ਕਿਲ ਨਾਲ ਹੀ ਮਿਲਦੀ ਏ। ਕੈੱਨ ਗਿੱਲ ਪੰਜਾਬੀ ਡਰਾਈਵਰ ਸੀ। ਪੂਰਾ ਨਾਮ ਕੁਲਵੰਤ ਗਿੱਲ ਸੀ। ਲਾਈਨ ਵਿੱਚ ਤੀਜੇ ਨੰਬਰ ’ਤੇ ਸੀ। ਮੂਹਰੇ ਇੱਕ ਗੋਰਾ ਡਰਾਈਵਰ ਸੀ ਤੇ ਇੱਕ ਚੀਨਾ। ਕਤਾਰ ਬੰਨ੍ਹ ਕੇ ਟੈਕਸੀਆਂ ਦੇ ਤੁਰਨ ਦੀ ਪਰੇਡ ਨਵੇਂ ਆਏ ਪਰਵਾਸੀ ਲਈ ਇੱਕ ਅਜੀਬ ਨਜ਼ਾਰਾ ਪੇਸ਼ ਕਰਦੀ ਹੈ। ਭਾਰਤ ਜਿਹੇ ਅਰਧ ਵਿਕਸਤ ਦੇਸ਼ਾਂ ਵਿੱਚ ਟੈਕਸੀ ਡਰਾਈਵਰ ਹੋਣਾ ਇੱਕ ਨੀਵੇਂ ਪੱਧਰ ਦਾ ਕਿੱਤਾ ਸਮਝਿਆ ਜਾਂਦਾ ਹੈ। ਸਿਡਨੀ ਤੇ ਆਸਟਰੇਲੀਆ ਦੇ ਬਾਕੀ ਸ਼ਹਿਰਾਂ ਵਿੱਚ ਇਹ ਇੱਕ ਸ਼ਾਨਦਾਰ ਕਿੱਤਾ ਹੈ। ਸਿਡਨੀ ਦਾ ਟੈਕਸੀ ਸਿਸਟਮ ਦੁਨੀਆ ਦੇ ਬਿਹਤਰੀਨ ਟੈਕਸੀ ਸਿਸਟਮਾਂ ਵਿੱਚੋਂ ਇੱਕ ਹੈ। ਭਾਰਤੀ ਪਰਵਾਸੀਆਂ ਵਿੱਚੋਂ ਹੀ ਨਹੀਂ, ਬਲਕਿ ਦੂਜੇ ਦੇਸ਼ਾਂ ਦੇ ਪਰਵਾਸੀਆਂ ਵਿੱਚੋਂ ਵੀ 95% ਲੋਕਾਂ ਨੇ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਪੜਾਅ ’ਤੇ ਟੈਕਸੀ ਚਲਾਈ ਹੀ ਹੁੰਦੀ ਹੈ। ਟੈਕਸੀ ਤੱਕ ਪਹੁੰਚਣ ਨੂੰ ਵੀ ਚਾਰ ਕੁ ਸਾਲ ਲੱਗ ਹੀ ਜਾਂਦੇ ਹਨ। ਸ਼ਰਤਾਂ ਹੀ ਕੁਝ ਇਸ ਪ੍ਰਕਾਰ ਦੀਆਂ ਹਨ। ਸੜਕਾਂ ਤੇ ਸ਼ਹਿਰ ਦਾ ਨਾਮੇਨਕਲੇਚਰ ਨਵੇਂ ਆਏ ਵੱਡਿਆਂ ਵੱਡਿਆਂ ਦੀ ਭੂਤਨੀ ਭੁਲਾ ਦਿੰਦਾ ਹੈ। ਟੈਕਸੀ ਦਾ ਕੰਮ ਘਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਜੀਪੀਐੱਸ ਸਿਸਟਮ ਹੋਣ ਕਰਕੇ ਜੌਬ ਟੈਕਸੀ ਦੇ ਦੁਆਲੇ ਘੁੰਮਦੀ ਰਹਿੰਦੀ ਹੈ।
ਕੈੱਨ ਦੀ ਗੱਡੀ ਹੁਣ ਸਭ ਤੋਂ ਮੂਹਰੇ ਪਹੁੰਚ ਗਈ ਸੀ। ਦੋ ਕੁ ਮਿੰਟਾਂ ਵਿੱਚ ਇੱਕ 40 ਕੁ ਸਾਲ ਦੀ ਗੋਰੀ ਉੱਪਰੋਂ ਉਤਰੀ ਤੇ ਕੈੱਨ ਦੀ ਗੱਡੀ ਵਿੱਚ ਬੈਠ ਗਈ।
‘‘ਵੇਅਰ ਗੋਇੰਗ ਪਲੀਜ਼?’’ ਕੈੱਨ ਨੇ ਪੁੱਛਿਆ।
‘‘ਪੈਰਾਮੈਟਾ ਸ਼ਾਪਿੰਗ ਸੈਂਟਰ ਪਲੀਜ਼।’’
ਇਹ ਚੰਗੀ ਰਾਈਡ ਸੀ 50 ਕੁ ਡਾਲਰ ਦੀ ਤਾਂ ਹੈ ਹੀ ਸੀ। ਕੈੱਨ ਨੇ ਮੀਟਰ ਚਲਾਇਆ ਤੇ ਲੈ ਕੇ ਰੈਂਕ ਤੋਂ ਬਾਹਰ ਨਿਕਲ ਗਿਆ। ਬਾਕੀ ਸਵਾਲ ਰੈਂਕ ਦੇ ਅੰਦਰ ਪੁੱਛਣੇ ਕਈ ਵਾਰ ਨੁਕਸਾਨਦੇਹ ਵੀ ਸਾਬਤ ਹੋ ਜਾਂਦੇ ਹਨ। ਅਗਲਾ ਸਵਾਲ ਪੁੱਛਣਾ ਹੁੰਦਾ ਏ ਸਵਾਰੀ ਮੀਟਰ ਦੇ ਪੈਸਿਆਂ ਦਾ ਭੁਗਤਾਨ ਕਰੇਗੀ ਜਾਂ ਉੱਕਦਾ ਮੁੱਕਦਾ। ਕੈੱਨ ਨੇ ਇਹ ਸਵਾਲ ਪੁੱਛਿਆ ਤੇ ਸਵਾਰੀ ਨੇ ਮੀਟਰ ਚਲਵਾ ਕੇ ਹੀ ਜਾਣਾ ਚਾਹਿਆ।
‘‘ਹਾਈਵੇਅ ਰਾਹੀਂ ਜਾਓਗੇ ਜਾਂ ਮੋਟਰਵੇਅ ਰਾਹੀਂ?’’ ਕੈੱਨ ਨੇ ਸਵਾਲ ਕੀਤਾ।
‘‘ਮੈਂ ਬਹੁਤ ਕਾਹਲੀ ਵਿੱਚ ਹਾਂ। ਪਲੀਜ਼ ਮੋਟਰਵੇਅ ਰਾਹੀਂ ਚੱਲੋ।’’
ਕੈੱਨ ਰੈਂਕ ’ਚੋਂ ਨਿਕਲ ਕੇ ਪਹਿਲਾਂ 3 ਕੁ ਕਿਲੋਮੀਟਰ ਆਮ ਸੜਕ ’ਤੇ ਗਿਆ ਤੇ ਫਿਰ ਮੋਟਰਵੇਅ 4 ’ਤੇ ਪੈ ਗਿਆ। ਸਵਾਰੀ ਸੋਚਦੀ ਸੀ ਕਿ 10-12 ਮਿੰਟ ਵਿੱਚ ਪੈਰਾਮੈਟਾ ਪਹੁੰਚ ਜਾਵੇਗੀ। ਮੀਟਰ ਆਪਣੀ ਰਫ਼ਤਾਰ ’ਤੇ ਚੱਲੀ ਜਾ ਰਿਹਾ ਸੀ। ਕੈੱਨ ਕਦੀ ਕਦੀ ਚੋਰ ਅੱਖ ਨਾਲ ਉਸ ਵੱਲ ਦੇਖ ਲੈਂਦਾ ਸੀ। ਉਸ ਨੂੰ ਪਤਾ ਸੀ ਕਿ ਭਾੜਾ 50 ਕੁ ਡਾਲਰ ਦਾ ਮਸਾਂ ਸੀ। ਜਦ ਗੱਡੀ ਕੰਬਰਲੈਂਡ ਹਾਈਵੇਅ ਵਾਲਾ ਨਿਕਾਸ ਟੱਪੀ ਤਾਂ ਮੂਹਰੇ ਟਰੈਫਿਕ ਖੜ੍ਹੀ ਹੋਣ ਲੱਗ ਪਈ।
‘‘ਟੂ ਸਲੋਅ! ਵ੍ਹਟ ਹੈਪਨਡ?’’ ਸਵਾਰੀ ਬੋਲੀ।
‘‘ਲੱਗਦਾ ਏ ਮੂਹਰੇ ਕੁਝ ਹੋ ਗਿਆ ਏ। ਹੋ ਸਕਦਾ ਏ ਐਕਸੀਡੈਂਟ ਹੋ ਗਿਆ ਹੋਵੇ। ਟਰੈਫਿਕ ਤਾਂ ਪੂਰੀ ਤਰ੍ਹਾਂ ਰੁਕਦੀ ਜਾ ਰਹੀ ਏ।’’ ਕੈੱਨ ਨੇ ਉਸ ਨੂੰ ਅੰਗਰੇਜ਼ੀ ਵਿੱਚ ਦੱਸਿਆ।
ਮੀਟਰ ’ਤੇ ਤਾਂ ਹੁਣੇ 40 ਡਾਲਰ ਬਣ ਗਏ ਹਨ। ਕੀ ਕੀਤਾ ਜਾਵੇ? ਪਿਛਲਾ ਨਿਕਾਸ ਹੁਣੇ ਲੰਘਿਆ ਏ। ਅਗਲਾ ਨਿਕਾਸ ਅਜੇ ਦੂਰ ਏ। ਸਵਾਰੀ ਕਾਫ਼ੀ ਔਖੀ ਸੀ।
‘‘ਯੂ ਨੌਮੀਨੇਟਡ ਦਿ ਰੂਟ ਆਫ ਮੋਟਰਵੇ। ਮੈਂ ਤਾਂ ਤੁਹਾਨੂੰ ਪੁੱਛਿਆ ਸੀ ਕਿ ਕਿਸ ਰੂਟ ਜਾਣਾ ਚਾਹੋਗੇ। ਜੇਕਰ ਮੈਂ ਹਾਈਵੇਅ ਰਾਹੀਂ ਲੈ ਜਾਂਦਾ ਤਾਂ ਤੁਸੀਂ ਹੁਣ ਤੱਕ ਪਹੁੰਚੇ ਹੋਏ ਹੋਣਾ ਸੀ। ਹੁਣ ਤਾਂ ਟਰੈਫਿਕ ਤੁਰੂਗੀ ਤਾਂ ਹੀ ਆਪਾਂ ਤੁਰਾਂਗੇ। ਮੀਟਰ ਚੱਲਦਾ ਹੀ ਰਹੇਗਾ।’’
ਟਰੈਫਿਕ ਥੋੜ੍ਹੀ ਜਿਹੀ ਤੁਰੀ। ਮੁਸਾਫਿਰ ਦੇ ਚਿਹਰੇ ’ਤੇ ਚਮਕ ਆਈ। ਟਰੈਫਿਕ ਫਿਰ ਖੜ੍ਹ ਗਈ। ਸਵਾਰੀ ਰੋਣਹਾਕੀ ਹੋ ਗਈ। ਕੈੱਨ ਨੇ ਚੋਰ ਅੱਖ ਨਾਲ ਦੇਖਿਆ ਮੀਟਰ ’ਤੇ 80 ਡਾਲਰ ਹੋ ਗਏ। ਮੂਹਰਲਾ ਨਿਕਾਸ ਅਜੇ 5 ਕਿਲੋਮੀਟਰ ਦੂਰ ਸੀ। ਕੁਝ ਵੀ ਕੀਤਾ ਨਹੀਂ ਜਾ ਸਕਦਾ ਸੀ। ਕਾਨੂੰਨ ਮੁਤਾਬਿਕ ਚੁੱਪ ਕਰਕੇ ਟਰੈਫਿਕ ਦੇ ਚੱਲਣ ਦੀ ਹੀ ਉਡੀਕ ਕਰਨੀ ਪੈਣੀ ਸੀ। ਰੂਟ ਮੁਸਾਫਿਰ ਦਾ ਆਪਣਾ ਚੁਣਿਆ ਹੋਇਆ ਸੀ। ਜੇ ਸਵਾਰੀ ਖ਼ੁਦ ਅੱਖਾਂ ਪਾੜ ਪਾੜ ਕੇ ਮੀਟਰ ਵੱਲ ਝਾਕ ਰਹੀ ਸੀ ਤਾਂ ਕੈੱਨ ਚੁਸਤੀ ਤੇ ਚੋਰ ਅੱਖਾਂ ਨਾਲ ਹੀ ਮੀਟਰ ਵੱਲ ਦੇਖਦਾ ਸੀ। ਟੈਕਸੀ ਅੰਦਰ ਲੱਗਾ ਕੈਮਰਾ ਮੁਸਾਫਿਰ ਤੇ ਕੈੱਨ ਦੀਆਂ ਤਸਵੀਰਾਂ ਵੀ ਖਿੱਚੀ ਜਾ ਰਿਹਾ ਸੀ ਤੇ ਆਵਾਜ਼ ਵੀ ਰਿਕਾਰਡ ਕਰੀ ਜਾ ਰਿਹਾ ਸੀ। ਕੈੱਨ ਨੇ ਸੋਚਿਆ ਸਵਾਰੀ ਤੋਂ ਇਹ ਵੀ ਪਤਾ ਕਰ ਲਿਆ ਜਾਵੇ ਕਿ ਉਸ ਨੇ ਸਪੱਸ਼ਟ ਰੂਪ ਵਿੱਚ ਸ਼ਾਪਿੰਗ ਸੈਂਟਰ ਹੀ ਜਾਣਾ ਏ ਜਾਂ ਨੇੜੇ ਕਿਸੇ ਹੋਰ ਅਦਾਰੇ ਵਿੱਚ ਜਾਂ ਘਰ ਵਿੱਚ। ਇੰਜ ਕਰਨ ਨਾਲ ਸਵਾਰੀ ਝੱਟ ਉਤਰ ਕੇ ਪੈਸੇ ਦਿੱਤੇ ਬਗੈਰ ਤੁਰ ਜਾਣ ’ਤੇ ਫੜੀ ਵੀ ਜਾ ਸਕਦੀ ਸੀ। ਉਸ ਨੇ ਗੱਲਾਂ ਗੱਲਾਂ ਵਿੱਚ ਪਤਾ ਕਰ ਲਿਆ ਕਿ ਸਵਾਰੀ ਕਿਸ ਗਲੀ ਵਿੱਚ ਕਿਹੜੇ ਨੰਬਰ ਘਰ ਜਾ ਰਹੀ ਸੀ। ਖੈਰ ਸਵਾਰੀ ਓਨੀ ਸ਼ੈਤਾਨ ਤੇ ਚਲਾਕ ਨਹੀਂ ਸੀ। ਸਵਾਰੀ ਤਾਂ ਸਿਰਫ਼ ਹਾਲਾਤ ਤੋਂ ਦੁਖੀ ਸੀ ਕਿਸੇ ਵਿਅਕਤੀ ਵਿਸ਼ੇਸ਼ ਤੋਂ ਨਹੀਂ। ਟਰੈਫਿਕ ਰੁਕਣਾ ਕੁਦਰਤੀ ਵਰਤਾਰਾ ਸੀ। ਇਹ ਕਿਸੇ ਬੰਦੇ ਦੇ ਕਸੂਰ ਕਰਕੇ ਨਹੀਂ ਸੀ ਵਾਪਰਿਆ।
ਟਰੈਫਿਕ ਹੁਣ ਹੌਲੀ ਹੌਲੀ ਚੱਲ ਪਈ ਸੀ। ਸਵਾਰੀ ਥੋੜ੍ਹੀ ਖ਼ੁਸ਼ ਲੱਗ ਰਹੀ ਸੀ। ਕੈੱਨ ਨਾ ਬਹੁਤਾ ਖ਼ੁਸ਼ੀ ਜ਼ਾਹਰ ਕਰ ਰਿਹਾ ਸੀ ਤੇ ਨਾ ਹੀ ਉਦਾਸ। ਦਿਲੋਂ ਉਹ ਖ਼ੁਸ਼ ਸੀ ਕਿਉਂਕਿ ਭਾੜਾ ਹੁਣ 100 ਦੇ ਨੇੜੇ ਪਹੁੰਚ ਗਿਆ ਸੀ। ਮੂਹਰੇ ਪੈਰਾਮੈਟਾ ਦਾ ਚਰਚ ਸਟਰੀਟ ਵਾਲਾ ਨਿਕਾਸ ਨੇੜੇ ਹੀ ਸੀ। ਕੈੱਨ ਦੀ ਸੋਚ ਇਵੇਂ ਉਡਾਰੀ ਲਗਾ ਰਹੀ ਸੀ;
ਲੱਗਦਾ ਏ 110 ਤਾਂ ਬਣ ਹੀ ਜਾਣਗੇ। ਜਦੋਂ ਮੈਂ ਪੈਰਾਮੈਟਾ ਦੇ ਰੈਂਕ ’ਤੇ ਖੜ੍ਹੇ ਡਰਾਈਵਰਾਂ ਨੂੰ ਦੱਸਾਂਗਾ ਕਿ ਹੌਲੀ ਟਰੈਫਿਕ ਨੇ ਕਮਾਲ ਕਰ ਦਿੱਤੀ, ਉਹ ਤਾਂ ਹੈਰਾਨ ਰਹਿ ਜਾਣਗੇ। 50 ਡਾਲਰ ਵਾਲਾ ਭਾੜਾ 110 ਡਾਲਰ ਬਣ ਗਿਆ ਸੀ। ਉਹ ਵੀ ਉਸ ਦਿਨ ਜਿਹੜਾ ਟੈਕਸੀ ਲਈ ਮਾੜਾ ਮੰਨਿਆ ਜਾਂਦਾ ਏ... ਸ਼ਨਿਚਵਾਰ ਦੀ ਸਵੇਰ ਦੀ ਸ਼ਿਫਟ। ਜਾ ਕੇ ਦੇਖਦੇ ਹਾਂ, ਉਹ ਕੀ ਕਹਿੰਦੇ ਹਨ।
ਟੈਕਸੀ ਮੋਟਰਵੇਅ ਤੋਂ ਨਿਕਲ ਕੇ ਬਾਹਰ ਆ ਗਈ। ਪੰਜ ਕੁ ਮਿੰਟ ਵਿੱਚ ਹੀ ਉਹ ਉਸ ਥਾਂ ’ਤੇ ਪਹੁੰਚ ਗਈ ਜਿੱਥੇ ਮੁਸਾਫਿਰ ਨੇ ਜਾਣਾ ਸੀ। ਚਿੜਚਿੜੇ ਮੂੰਹ ਨਾਲ 110 ਡਾਲਰ ਦੇ ਕੇ ਸਵਾਰੀ ਆਖਰ ਉਤਰ ਗਈ। ਕੈੱਨ ਅੰਤਾਂ ਦਾ ਖ਼ੁਸ਼ ਸੀ। ਨੇੜੇ ਹੀ ਪੈਰਾਮੈਟਾ ਦਾ ਵੱਡਾ ਟੈਕਸੀ ਰੈਂਕ ਸੀ। ਕੈੱਨ ਨੇ ਗੱਡੀ ਮੋੜੀ ਤੇ ਘੁਮਾ ਕੇ ਰੈਂਕ ’ਤੇ ਲੱਗੀ ਲਾਈਨ ਦੇ ਪਿੱਛੇ ਲਗਾ ਦਿੱਤੀ। ਉੱਥੇ ਉਹਨੂੰ ਅਚਾਨਕ ਉਸ ਦੇ ਤਿੰਨ ਚਾਰ ਵਾਕਿਫ ਡਰਾਈਵਰ ਮਿਲ ਪਏ- ਹਰਜੀਤ ਉਰਫ਼ ਹੈਰੀ, ਮਲਕੀਤ ਉਰਫ਼ ਮਾਈਕਲ, ਲਾਹੌਰ ਵਾਲਾ ਅਲੀ ਤੇ ਕਰਾਚੀ ਵਾਲਾ ਅਸ਼ਰਫ਼।
‘‘ਅੱਜ ਇੱਧਰ ਨੂੰ ਕਿਵੇਂ ਆ ਗਿਆ?’’ ਹੈਰੀ ਨੇ ਕੈੱਨ ਨੂੰ ਪੁੱਛਿਆ।
‘‘ਓਏ ਹੈਰੀ, ਅੱਜ ਤਾਂ ਮਜ਼ਾ ਹੀ ਆ ਗਿਐ। ਬਲੈਕਟਾਊਨ ਤੋਂ ਪੈਰਾਮੈਟਾ 110 ਡਾਲਰ।’’
‘‘ਕੈੱਨ, ਝੂਠ ਵੀ ਓਨਾ ਕੁ ਬੋਲਣਾ ਚਾਹੀਦਾ ਜਿੰਨਾ ਕੁ ਠੀਕ ਲੱਗੇ। ਤੈਨੂੰ 110 ਡਾਲਰ ਕੌਣ ਦੇ ਗਿਐ?’’
‘‘ਹੈਰੀ ਸਹੁੰ ਰੱਬ ਦੀ। ਮੋਟਰਵੇਅ ਤਾਂ ਜਾਮ ਹੀ ਹੋ ਗਿਆ ਸੀ। ਸਵਾਰੀ ਨੇ ਆਪ ਚੁਣਿਆ ਸੀ ਕਹਿੰਦੀ ਮੋਟਰਵੇਅ ਰਾਹੀਂ ਜਾਣਾ ਏ। ਮਿੰਟਾਂ ਸਕਿੰਟਾਂ ਵਿੱਚ ਹਾਈਵੇਅ ਰਾਹੀਂ ਨਹੀਂ। ਜਦ ਰੱਬ ਦਿੰਦਾ ਏ ਤਾਂ ਛੱਪਰ ਫਾੜ ਕੇ ਦਿੰਦਾ ਏ। ਮੀਟਰ ’ਤੇ ਬਣਿਆ ਭਾੜਾ ਤਾਂ ਉਸ ਗੋਰੀ ਨੂੰ ਦੇਣਾ ਹੀ ਪੈਣਾ ਸੀ।’’
‘‘ਕਮਾਲ ਹੋ ਗਈ, ਕੈੱਨ। ਜੇ ਮੈਂ ਤੈਨੂੰ ਕੱਲ੍ਹ ਐਤਵਾਰ ਦੀ ਆਪਣੇ ਨਾਲ ਵਾਪਰੀ ਸੁਣਾਵਾਂ ਫਿਰ ਤਾਂ ਤੂੰ ਟੱਬਰ ਸਮੇਤ ਧਰਤੀ ਵਿੱਚ ਧੱਸ ਜਾਵੇਂਗਾ।’’
‘‘ਕੀ ਵਾਪਰ ਗਿਐ? ਏਅਰਪੋਰਟ ਗਿਆ ਸੀ? ਸਿਟੀ ਗਿਆ ਸੀ?’’
‘‘ਨਾ, ਨਾ, ਰੱਬ ਨੇ ਸਿੱਧਾ 500 ਡਾਲਰ ਸੁੱਟ ਦਿੱਤਾ।’’
‘‘ਸੱਚ! ਇਹ ਕਿਵੇਂ ਹੋ ਗਿਐ? ਮੈਂ ਤਾਂ ਅੱਜ ਤੱਕ ਸਿਰਫ਼ ਦੋ ਡਰਾਈਵਰ ਦੇਖੇ ਜਿਨ੍ਹਾਂ ਨੂੰ 400 ਦੀ ਜਾਬ ਪਈ ਸੀ। ਤੂੰ ਤਾਂ ਰਿਕਾਰਡ ਹੀ ਤੋੜ ਦਿੱਤਾ। ਹੋਇਆ ਕੀ ਸੀ? ਸੁਣਾ ਤਾਂ ਸਹੀ?’’
‘‘ਮੈਂ ਟੈਕਸੀ ਰੈਂਕ ਦੇ ਮੂਹਰਿਓ ਤੀਜੇ ਨੰਬਰ ’ਤੇ ਸਾਂ। ਦੋ ਗੋਰੀਆਂ ਤੇ ਨਾਲ ਇੱਕ ਛੇ ਕੁ ਸਾਲ ਦਾ ਮੁੰਡਾ। ਮੈਂ ਧਿਆਨ ਨਾਲ ਦੇਖ ਰਿਹਾ ਸਾਂ ਕਿ ਉਹ ਸਭ ਤੋਂ ਮੂਹਰਲੇ ਡਰਾਈਵਰ ਨਾਲ ਕੋਈ ਗਿਟਮਿਟ ਕਰ ਰਹੀਆਂ ਸਨ। ਡਰਾਈਵਰ ਨੇ ਉਨ੍ਹਾਂ ਨੂੰ ਉਨ੍ਹਾਂ ਦਾ ਪਹੁੰਚਣ ਵਾਲਾ ਟਿਕਾਣਾ ਪੁੱਛੇ ਬਗੈਰ ਕੁਝ ਬੋਲਿਆ। ਸ਼ਾਇਦ ਕੋਈ ਭਾਨ ਨਾਲ ਸਬੰਧਿਤ ਗੱਲ ਸੀ। ਇਹ ਸੁਣ ਕੇ ਉਹ ਚੁੱਪ ਕਰ ਗਈਆਂ। ਇਨ੍ਹਾਂ ਵਿੱਚੋਂ ਇੱਕ ਗੋਰੀ ਆਪਣੀ ਸਿਗਰਟ ਮੁਕਾ ਰਹੀ ਸੀ। ਇੰਨੇ ਚਿਰ ਵਿੱਚ ਦੋ ਸਵਾਰੀਆਂ ਉੱਪਰ ਰੇਲਵੇ ਕਨਕੋਰਸ ਤੋਂ ਉਤਰੀਆਂ ਤੇ ਆ ਕੇ ਮੂਹਰਲੀਆਂ ਦੋਹਾਂ ਗੱਡੀਆਂ ਵਿੱਚ ਬੈਠ ਗਈਆਂ। ਇਹ ਗੱਡੀਆਂ ਤੁਰ ਗਈਆਂ। ਵਾਰੀ ਮੇਰੀ ਸੀ। ਗੋਰੀ ਦੀ ਸਿਗਰਟ ਵੀ ਖ਼ਤਮ ਹੋ ਗਈ ਸੀ। ਦੋਵੇਂ ਜਣੀਆਂ ਤੇ ਲੜਕਾ ਮੇਰੀ ਗੱਡੀ ਵਿੱਚ ਬੈਠ ਗਏ। ਇੱਕ ਗੋਰੀ ਅਧਖੜ ਸੀ ਤੇ ਦੂਜੀ ਉਹਦੀ ਜਵਾਨ ਧੀ। ਮੈਂ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ। ਉਹ ਬੋਲੀ ਬਲਿਊ ਮਾਊਂਟੇਨਜ਼। ਮੈਂ ਸੁਣ ਕੇ ਚੁੱਪ ਕਰ ਗਿਆ। ਪਹਿਲਾਂ ਗੱਡੀ ਤੋਰੀ ਤੇ ਰੈਂਕ ਤੋਂ ਬਾਹਰ ਕੱਢੀ। ਜਦ ਡਰਾਈਵਰ ਇੱਕ ਵਾਰੀ ਰੈਂਕ ਤੋਂ ਬਾਹਰ ਨਿਕਲ ਜਾਵੇ ਫਿਰ ਸਵਾਰੀ ਕਾਬੂ ਹੋ ਗਈ ਹੁੰਦੀ ਏ। ਇਸ ਹਾਲਤ ਵਿੱਚ ਵਿਚਾਰਾਂ ਦਾ ਕੋਈ ਮਤਭੇਦ ਹੋ ਜਾਵੇ ਤਾਂ ਡਰਾਈਵਰ ਤੇ ਸਵਾਰੀ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ। ਜੇ ਇਹ ਮਤਭੇਦ ਰੈਂਕ ਦੇ ਅੰਦਰ ਹੀ ਪੈਦਾ ਹੋ ਜਾਵੇ ਤਾਂ ਸਵਾਰੀ ਇੱਕਦਮ ਗੱਡੀ ’ਚੋਂ ਬਾਹਰ ਨਿਕਲ ਜਾਂਦੀ ਏ ਤੇ ਦੂਜੀ ਗੱਡੀ ਫੜ ਲੈਂਦੀ ਏ।’’
‘‘ਨਾਓ ਟੈੱਲ ਮੀ ਵੇਅਰ ਯੂ ਆਰ ਗੋਇੰਗ ਟੂ?’’
‘‘ਬਲਿਊ ਮਾਊਂਟੇਨਜ਼।’’ ਅਧਖੜ ਗੋਰੀ ਬੋਲੀ।
‘‘ਕੀ ਤੁਹਾਨੂੰ ਪਤਾ ਏ ਕਿ ਨੇਪੀਅਨ ਦਰਿਆ ਤੋਂ ਬਾਅਦ ਦੁੱਗਣਾ ਕਿਰਾਇਆ ਲੱਗੇਗਾ?’’ ਹੈਰੀ ਕਹਿੰਦਾ ਕਿ ਉਸ ਨੇ ਗੋਰੀ ਨੂੰ ਪੁੱਛਿਆ।
‘‘ਨਹੀਂ, ਕੌਣ ਕਹਿੰਦੈ?’’
‘‘ਜਦੋਂ ਗੱਡੀ ਸਿਡਨੀ ਦੇ ਕਿਸੇ ਵੀ ਪਾਸੇ ਸ਼ਹਿਰ ਤੋਂ ਬਾਹਰ ਜਾਂਦੀ ਏ ਤਾਂ ਬਾਹਰਲੇ ਸਫ਼ਰ ਦਾ ਭਾੜਾ ਦੁੱਗਣਾ ਹੁੰਦਾ ਏ। ਜੇ ਨਹੀਂ ਯਕੀਨ ਆਉਂਦਾ ਤਾਂ ਅਹੁ ਗੱਡੀ ਉੱਪਰ ਲਿਖਿਆ ਹੋਇਆ ਨੰਬਰ ਮਿਲਾ ਲਓ ਤੇ ਸਾਡੇ ਦਫ਼ਤਰ ਤੋਂ ਪੁੱਛ ਲਓ।’’
‘‘ਓਕੇ ਨੋ ਪ੍ਰਾਬਲਮ।’’
‘‘ਮੈਂ ਸੋਚਿਆ ਸਵਾਰੀਆਂ ਟਿਕ ਗਈਆਂ ਸਨ।’’ ਹੈਰੀ ਨੇ ਦੱਸਿਆ।
‘‘ਟੈਕਸੀ ਮੋਟਰਵੇਅ ’ਤੇ ਪੈ ਗਈ। ਸਫ਼ਰ ਦੀਆਂ ਧੱਜੀਆਂ ਉਡਾਉਂਦੀ ਹੋਈ ਟੈਕਸੀ ਨੇਪੀਅਨ ਦਰਿਆ ਪਾਰ ਕਰ ਗਈ। ਮੀਟਰ ’ਤੇ 100 ਡਾਲਰ ਬਣ ਗਿਆ। ਮੈਂ ਇਹ 100 ਮੰਗ ਲਿਆ। ਗੋਰੀ ਨੇ ਦੇ ਦਿੱਤਾ।’’ ਹੈਰੀ ਦੱਸਦਾ ਗਿਆ।
‘‘ਹੁਣ ਅੱਗੇ ਸਫ਼ਰ ਲੰਬਾ ਵੀ ਸੀ ਤੇ ਪਹਾੜੀ ਵੀ ਸੀ। ਮੀਟਰ ਮੈਂ ਦੁਬਾਰਾ ਚਲਾ ਦਿੱਤਾ ਕਿ ਅਗਲੇ ਭਾੜੇ ਨੂੰ ਦੁੱਗਣਾ ਕਰਕੇ ਮੰਗਣਾ ਸੌਖਾ ਹੋ ਜਾਵੇ। ਕੀ ਤੁਸੀਂ ਖਾਸ ਬਲਿਊ ਮਾਊਂਟੇਨਜ਼ ਸਟੇਸ਼ਨ ’ਤੇ ਜਾਣਾ ਹੈ ਜਾਂ ਹੋਰ ਕਿਤੇ।’’ ਹੈਰੀ ਕਹਿੰਦਾ ਮੈਂ ਸਵਾਰੀਆਂ ਦਾ ਆਖਰੀ ਟਿਕਾਣਾ ਜਾਣਨਾ ਚਾਹਿਆ।
‘‘ਅਸੀਂ ਮੈਡਲੋਬਾਥ ਜਾਣਾ ਏ। ਉੱਥੇ ਹੋਟਲ ਵਿੱਚ ਇੱਕ ਵਿਆਹ ਹੈ। ਇਹ ਹੋਟਲ ਮੋਟਰਵੇਅ ਦੇ ਉੱਪਰ ਹੀ ਏ।’’ ਗੋਰੀ ਬੋਲੀ।
ਟੈਕਸੀ ਹਲਕੀਆਂ ਹਲਕੀਆਂ ਪਹਾੜੀਆਂ ’ਚੋਂ ਲੰਘਦੀ ਗਈ। ਆਖਿਰਕਾਰ ਅਸੀਂ ਮੈਡਲੋਬਾਥ ਹੋਟਲ ਦੇ ਮੂਹਰੇ ਪਹੁੰਚ ਗਏ। ਮੀਟਰ ’ਤੇ ਭਾੜਾ 150 ਸੀ। ਮੈਂ ਦੁੱਗਣਾ ਕਰਕੇ 300 ਮੰਗਿਆ। ਗੋਰੀ 300 ਦੇ ਕੇ ਬਾਕੀ ਸਵਾਰੀਆਂ ਸਮੇਤ ਗੱਡੀ ’ਚੋਂ ਉਤਰ ਗਈ। ਮੈਂ ਗੱਡੀ ਵਾਪਸ ਮੋੜੀ ਤੇ ਖ਼ੁਸ਼ੀ ਵਿੱਚ ਝੂਮਦਾ ਲਿਓਨੇ ਤੱਕ ਆ ਗਿਆ। ਜਦ ਕੰਪਿਊਟਰ ਦੇਖਿਆ ਤਾਂ ਇੱਥੋਂ ਹਵਾਈ ਅੱਡੇ ਦੀ ਜਾਬ ਪੈ ਗਈ। ਜਦ ਸਾਈਡ ’ਤੇ ਜਾਬ ਵਾਲੀ ਥਾਂ ’ਤੇ ਗਿਆ ਤਾਂ ਦੇਖਿਆ ਕਿ ਇੱਕ ਗੋਰਾ ਬਰੀਫਕੇਸ ਲਈ ਖੜ੍ਹਾ ਸੀ। ਮੈਂ ਚੁੱਕਿਆ ਤੇ 160 ਵਿੱਚ ਏਅਰਪੋਰਟ ਜਾ ਕੇ ਲਾਹ ਦਿੱਤਾ। ਫਿਰ ਗੱਡੀ ਏਅਰਪੋਰਟ ਦੇ ਟੈਕਸੀ ਰੈਂਕ ’ਤੇ ਲਗਾ ਦਿੱਤੀ। ਇੱਕ ਘੰਟਾ ਇੰਤਜ਼ਾਰ ਤੋਂ ਬਾਅਦ ਇੱਕ ਸਿਰਫ਼ 30 ਡਾਲਰ ਦੀ ਜਾਬ ਮਿਲੀ। ਇਹ ਜਾਬ ਕਰਕੇ ਫਿਰ ਆਪਣੇ ਰੈਂਕ ਪੈਰਾਮੈਟਾ ਆ ਗਿਆ। ਜਦ ਬੰਦਿਆਂ ਨੂੰ 600 ਡਾਲਰ ਦਾ ਗੱਫਾ ਦੱਸਿਆ ਤਾਂ ਸਾਰੇ ਹੈਰਾਨ ਰਹਿ ਗਏ। ਇਵੇਂ ਹੋਇਆ ਸੀ ਮੇਰੇ ਨਾਲ।’’
ਹੈਰੀ ਇਹ ਗੱਲ ਕਰਕੇ ਹਟਿਆ ਹੀ ਸੀ ਕਿ ਉਸ ਦੀ ਵਾਰੀ ਆ ਗਈ। ਉਹ ਸਵਾਰੀ ਲੈ ਕੇ ਦੌੜ ਗਿਆ। ਕੈੱਨ ਨੂੰ ਹੈਰੀ ਬਾਰੇ ਹੋਰ ਗੱਲ ਕਰਨ ਦਾ ਮੌਕਾ ਮਿਲ ਗਿਆ।
‘‘ਅਲੀ ਜੋ ਹੈਰੀ ਦੱਸ ਕੇ ਗਿਆ ਏ ਕੀ ਇਹ ਸੱਚ ਏ? 600 ਡਾਲਰ ਚਾਰ ਕੁ ਘੰਟਿਆਂ ਵਿੱਚ ਹੀ?’’ ਕੈੱਨ ਨੇ ਅਲੀ ਨਾਲ ਗੱਲ ਕੀਤੀ।
‘‘ਪੈਸੇ ਤਾਂ ਹੈਰੀ ਨੂੰ ਬਣ ਗਏ ਸੀ, ਪਰ ਹੋਰ ਜੋ ਕੁਝ ਵਾਪਰਿਆ ਸੀ ਉਹ ਉਸ ਨੇ ਦੱਸਿਆ ਹੀ ਨਹੀਂ। ਹਰਾਮੀ ਦੀ ਚੰਗੀ ਖਿਚਾਈ ਹੋਈ ਸੀ। ਉਹਦਾ ਤਾਂ ਇਹ ਹਾਲ ਏ ਆਪਣੀਆਂ ਕੱਛ ਵਿੱਚ ਤੇ ਦੂਜੇ ਦੀਆਂ ਹੱਥ ਵਿੱਚ।’’ ਅਲੀ ਦੱਸਣ ਲਈ ਕਾਹਲਾ ਸੀ।
‘‘ਕੀ ਹੋਇਆ ਸੀ?’’
‘‘ਪਤਾ ਲੱਗਾ ਏ ਕਿ ਹੈਰੀ ਟੈਕਸੀ ਵਿੱਚ ਬੈਠੀ ਗੋਰੀ ਕੁੜੀ ਨਾਲ ਅੱਖ ਮਿਲਾਉਣ ਲੱਗ ਪਿਆ ਸੀ। ਅਧਖੜ ਮਾਂ ਥੋੜ੍ਹਾ ਥੋੜ੍ਹਾ ਸੌਣ ਲੱਗ ਪਈ ਸੀ। ਬੱਚਾ ਬਾਹਰ ਪਹਾੜਾਂ ਦਾ ਨਜ਼ਾਰਾ ਦੇਖ ਰਿਹਾ ਸੀ। ਕੁੜੀ ਇਹਦੇ ਵੱਲ ਘੱਟ ਧਿਆਨ ਦੇ ਰਹੀ ਸੀ। ਹੈਰੀ ਉਸ ਵੱਲ ਆਪਣੇ ਮੂਹਰਲੇ ਸ਼ੀਸ਼ੇ ਵਿੱਚ ਦੀ ਦੇਖੀ ਜਾ ਰਿਹਾ ਸੀ। ਉਸ ਸਮੇਂ ਤਾਂ ਕੁੜੀ ਨੇ ਆਪਣੀ ਮਾਂ ਨੂੰ ਕੁਝ ਨਹੀਂ ਦੱਸਿਆ। ਬਾਅਦ ਵਿੱਚ ਘਰ ਜਾ ਕੇ ਲੜਕੀ ਨੇ ਮਾਂ ਨੂੰ ਡਰਾਈਵਰ ਦੇ ਚਾਲਿਆਂ ਬਾਰੇ ਸਭ ਕੁਝ ਦੱਸ ਦਿੱਤਾ। ਟੈਕਸੀ ਦਾ ਨੰਬਰ ਉਸ ਨੇ ਨੋਟ ਕਰ ਹੀ ਲਿਆ ਸੀ।’’
‘‘ਫਿਰ ਕੀ ਹੋਇਆ?’’
‘‘ਮਾਂ ਨੇ ਘਰ ਜਾ ਕੇ ਟੈਕਸੀ ਬੇਸ ਨੂੰ ਫੋਨ ਮਿਲਾਇਆ ਤੇ ਡਰਾਈਵਰ ਦੀ ਹਰਕਤ ਬਾਰੇ ਸਭ ਕੁਝ ਬਿਆਨ ਕਰ ਦਿੱਤਾ। ਮੂਹਰੇ ਤੈਨੂੰ ਪਤਾ ਹੀ ਹੈ ਕੌਣ ਏ। ਐਂਡਰਿਊ ਰਾਬਿਨਸਨ, ਇਨਫੋਰਸਮੈਂਟ ਅਫ਼ਸਰ।’’
‘‘ਫਿਰ ਕੀ ਬਣਿਆ?’’
‘‘ਉਹਨੇ ਹੈਰੀ ਨੂੰ ਫੋਨ ਮਿਲਾਇਆ। ਇਹਨੂੰ ਕੋਈ ਜਵਾਬ ਨਾ ਆਵੇ। ਹੁਣ ਉਹਨੇ ਇਹਨੂੰ ਦਫ਼ਤਰ ਵਿੱਚ ਸੱਦਿਆ ਹੋਇਆ ਏ। ਹੋ ਸਕਦਾ ਚਿਤਾਵਨੀ ਦੇ ਕੇ ਛੱਡ ਦੇਵੇ ਜਾਂ ਕੁਝ ਸ਼ਿਫਟਾਂ ਕੈਂਸਲ ਕਰ ਦੇਵੇ। ਤੈਨੂੰ ਉਹ ਪੂਰੀ ਗੱਲ ਦੱਸ ਕੇ ਨਹੀਂ ਗਿਆ। 600 ਡਾਲਰ ਦੱਸ ਕੇ ਆਪਣਾ ਰੋਅਬ ਝਾੜ ਗਿਐ। ਕੀਤੀ ਕਰਤੂਤ ਦਾ ਕੀ ਬਣਨਾ ਅਜੇ ਪਤਾ ਨਹੀਂ ਬਾਕੀ ਤੂੰ ਦੇਖ ਲੈ ਕੀ ਬਣੂ।’’
ਅਲੀ ਨੇ ਸਾਰਾ ਭਾਂਡਾ ਫੋੜ ਦਿੱਤਾ।
‘‘ਅਲੀ, ਤੈਨੂੰ ਪਤਾ ਹੀ ਏ ਇਹ ਦੇਸ਼ ਨੈਤਿਕਤਾ ਅਤੇ ਕਸਟਮਰਕੇਅਰ ’ਤੇ ਕਿੰਨਾ ਜ਼ੋਰ ਪਾਉਂਦੇ ਹਨ। ਇਹ ਤਾਂ ਸਾਨੂੰ ਰੁਜ਼ਗਾਰ ਦਿੰਦੇ ਹਨ। ਅਸੀਂ ਫਿਰ ਵੀ ਕਰਤੂਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ। ਬਾਂਦਰਾਂ ਨੂੰ ਬਨਾਰਸ ਦੀਆਂ ਟੋਪੀਆਂ। ਅਸੀਂ ਅਰਧ ਵਿਕਸਤ ਸਮਾਜ ’ਚੋਂ ਆਏ ਹਾਂ। ਸਿਡਨੀ ਦਾ ਸਮਾਜ ਪੂਰਨ ਰੂਪ ਵਿੱਚ ਵਿਕਸਤ ਹੈ। ਇਨ੍ਹਾਂ ਦੇਸ਼ਾਂ ਵਿੱਚ ਦਾਖਲ ਹੁੰਦੇ ਸਾਰ ਅਸੀਂ ਭਮੱਤਰ ਜਾਂਦੇ ਹਾਂ। ਸਾਡੇ ਦਿਮਾਗ਼ ਵਿੱਚ ਐਸੇ ਖ਼ਿਆਲ ਪਾਏ ਗਏ ਹੁੰਦੇ ਹਨ ਕਿ ਗੋਰੀਆਂ ਜਿਹਦੇ ਨਾਲ ਮਰਜ਼ੀ ਤੁਰ ਪੈਂਦੀਆਂ ਹਨ। ਇੱਧਰ ਆ ਕੇ ਅਸੀਂ ਕਈ ਭੁਲੇਖਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ। ਕੋਝੀਆਂ ਹਰਕਤਾਂ ਕਰ ਬੈਠਦੇ ਹਾਂ। ਗੋਰੇ ਚੁੱਪ ਚਪੀਤੇ ਵੀ ਸਾਡੇ ਬਾਰੇ ਸਭ ਕੁਝ ਜਾਣਦੇ ਹੁੰਦੇ ਹਨ। ਇਹ ਇੱਕ ਦੋ ਚਿਤਾਵਨੀਆਂ ਦੇ ਕੇ ਸਾਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। ਫਿਰ ਕਿਤੇ ਜਾ ਕੇ ਸਾਡੇ ਖਿਲਾਫ਼ ਵੱਡਾ ਐਕਸ਼ਨ ਲੈਂਦੇ ਹਨ।’’
‘‘ਕੈੱਨ ਤੂੰ ਠੀਕ ਫਰਮਾਇਆ ਏ। ਤੈਨੂੰ ਪਤਾ ਪਿੱਛੇ ਜਿਹੇ ਦੋ ਡਰਾਈਵਰਾਂ ਦੇ ਖਿਲਾਫ਼ ਵੱਡਾ ਐਕਸ਼ਨ ਹੋਇਆ ਸੀ। ਇੱਕ ਮਿਸਰ ਦਾ ਸੀ ਤੇ ਦੂਜਾ ਬੰਗਲਾਦੇਸ਼ ਦਾ ਸੀ। ਜਦੋਂ ਤੁਹਾਡੇ ਖਿਲਾਫ਼ ਕੋਈ ਅਨੁਸ਼ਾਸਨੀ ਕਾਰਵਾਈ ਹੋਈ ਹੁੰਦੀ ਏ ਤਾਂ ਇਸ ਦਾ ਅਸਰ ਬਹੁਤ ਦੂਰ ਤੱਕ ਪਹੁੰਚਦਾ ਏ। ਕੰਪਿਊਟਰ ਵਿੱਚ ਤੁਹਾਡਾ ਸਾਰਾ ਡੇਟਾ ਇਕਦਮ ਨਿਕਲ ਆਉਂਦਾ ਏ। ਤੁਸੀਂ ਹੋਰ ਥਾਵਾਂ ’ਤੇ ਜਾ ਕੇ ਵੀ ਨੌਕਰੀ ਨਹੀਂ ਲੱਭ ਸਕਦੇ। ਚੰਗਾ ਹੁਣ ਮੇਰੀ ਵੀ ਵਾਰੀ ਆਉਣ ਲੱਗੀ ਏ ਜੋ ਕੁਝ ਮੈਂ ਤੈਨੂੰ ਹੈਰੀ ਬਾਰੇ ਦੱਸਿਆ ਏ ਨਾ ਇਹ ਉਹਨੂੰ ਪੁੱਛੀ ਤੇ ਨਾ ਹੀ ਇਹ ਕਿਸੇ ਹੋਰ ਨਾਲ ਸਾਂਝਾ ਕਰੀਂ। ਅੱਲ੍ਹਾ, ਖੈਰ ਕਰੇ।’’
‘‘ਚੰਗਾ ਅਲੀ! ਅੱਗੇ ਵਾਸਤੇ ਵੀ ਮਿਲਦਾ ਗਿਲਦਾ ਰਿਹਾ ਕਰੀਂ।’’
‘‘ਓਕੇ।’’
ਸੰਪਰਕ: 0437641033