ਕਲੀਨਿਕ ’ਤੇ ਆਏ ਚੋਰ ਅਤੇ ਮਾਲਕ ਦੀ ਸ਼ੱਕੀ ਹਾਲਤ ’ਚ ਮੌਤ
ਧਿਆਨ ਸਿੰਘ ਭਗਤ
ਕਪੂਰਥਲਾ, 6 ਜਨਵਰੀ
ਕਪੂਰਥਲਾ-ਸੁਲਤਾਨਪੁਰ ਰੋਡ ’ਤੇ ਸਥਿਤ ਪਿੰਡ ਭਾਣੋਲੰਗਾ ਵਿਚ ਦੇਰ ਰਾਤ ਕਲੀਨਿਕ ’ਤੇ ਚੋਰ ਆਏ ਪਰ ਮੌਕੇ ’ਤੇ ਪੁੱਜੇ ਕਲੀਨਿਕ ਮਾਲਕ ਦੀ ਭੇਤਭਰੀ ਮੌਤ ਹੋ ਗਈ। ਦੋ ਚੋਰ ਰਾਤ ਡੇਢ-ਦੋ ਵਜੇ ਆਏ ਤਾਂ ਤਾਂ ਗੁਆਂਢ ਵਿਚੋਂ ਕਿਸੇ ਨੇ ਫੋਨ ਕਰ ਕੇ ਦੁਕਾਨ ਮਾਲਕ ਆਰਐੱਮਪੀ ਗੁਰਸ਼ਰਨ ਸਿੰਘ (62) ਨੂੰ ਸੂਚਿਤ ਕੀਤਾ, ਜਿਸ ’ਤੇ ਗੁਰਸ਼ਰਨ ਸਿੰਘ ਨੇ ਸੀਸੀਟੀਵੀ ਦੇਖੇ ਤੇ ਆਪਣੇ ਬੇਟੇ ਸਣੇ ਦੋਨਾਲੀ ਲੈ ਕੇ ਚੋਰਾਂ ਨੂੰ ਫੜਨ ਲਈ ਦੁਕਾਨ ’ਤੇ ਪਹੁੰਚਿਆ। ਇਸ ਦੌਰਾਨ ਦੋਵਾਂ ਧਿਰਾਂ ਦਰਮਿਆਨ ਹੱਥੋਪਾਈ ਹੋਈ। ਇਸੇ ਦੌਰਾਨ ਦੁਕਾਨ ਮਾਲਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਚੋਰ ਪਹਿਲਾਂ ਹੀ ਮੌਕੇ ਤੋਂ ਭੱਜ ਗਿਆ ਸੀ ਤੇ ਦੂਜਾ ਭੱਜਣ ਲੱਗਿਆ ਤਾਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਉਸ ਦੀ ਵੀ ਮੌਤ ਹੋ ਗਈ। ਇਸ ਦੀ ਪੁਸ਼ਟੀ ਕਰਦਿਆਂ ਚੌਕੀ ਇੰਚਾਰਜ ਮੋਠਾਂਵਾਲ ਸਰਬਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਮਰੇ ਚੋਰ ਦੀ ਪਛਾਣ ਨਹੀਂ ਹੋਈ। ਪਿੰਡ ਭਾਣੋਲੰਗਾ ਸਥਿਤ ਚਰਨ ਮੈਡੀਕਲ ਹਾਲ ’ਤੇ ਪਹਿਲਾਂ ਵੀ ਚੋਰੀਆਂ ਹੋ ਚੁੱਕੀਆਂ ਸਨ, ਜਿਸ ਕਾਰਨ ਡਾਕਟਰ ਪ੍ਰੇਸ਼ਾਨ ਸੀ।