For the best experience, open
https://m.punjabitribuneonline.com
on your mobile browser.
Advertisement

ਉਹ

06:45 AM Feb 06, 2025 IST
ਉਹ
Advertisement

ਲਖਵਿੰਦਰ ਸਿੰਘ ਰਈਆ

Advertisement

ਜੱਚਾ-ਬੱਚਾ ਕੇਂਦਰ ਦੇ ਉਡੀਕ ਘਰ ਵਿੱਚ ‘ਉਹ’ ਇੱਕ ਬੈਂਚ ’ਤੇ ਬੈਠਾ ਉਸਲਵੱਟੇ ਲੈ ਰਿਹਾ ਸੀ। ਸ਼ਾਇਦ ਉਹ ਉਤਸੁਕਤਾ ਭਰਪੂਰ ਮਨ ਵਿੱਚ ਲੱਡੂ ਭੋਰ ਰਿਹਾ ਹੋਵੇ, ‘ਨਾਲੇ ਬੱਚਾ... ਨਾਲੇ ਨਾਗਰਿਕਤਾ।’ ਪਰ ਅਚਾਨਕ ਹੀ ਉਸ ਨੂੰ ਗੰਭੀਰਤਾ ਦੇ ਬੱਦਲਾਂ ਨੇ ਆਣ ਘੇਰਿਆ।
ਬਚਪਨ, ਮਾਪਿਆਂ ਦੇ ਲਡਾਏ ਲਾਡ, ਉਸ ਨੂੰ ਹਰ ਤੱਤੀ ਹਵਾ ਤੋਂ ਬਚਾਉਣ ਅਤੇ ਪੈਰਾਂ ਸਿਰ ਖੜ੍ਹੇ ਕਰਨ ਲਈ ਹਰ ਤੰਗੀ ਤੁਰਸ਼ੀ ਝੱਲ ਕੇ ਪੜ੍ਹਾਉਣਾ ਲਿਖਾਉਣਾ। ਮੱਥੇ ’ਤੇ ਗੂੜ੍ਹੀਆਂ ਹੋਈਆਂ ਚਿੰਤਾ ਦੀਆਂ ਲਕੀਰਾਂ ਪ੍ਰਗਟਾ ਰਹੀਆਂ ਸਨ ਕਿ ਸ਼ਾਇਦ ਸੋਚਾਂ ਵਿੱਚ ਡੁੱਬਿਆ ‘ਉਹ’ ਬੀਤੇ ਦੀ ਪਟਾਰੀ ਫਰੋਲਣ ਲੱਗ ਪਿਆ ਹੋਵੇ।
ਪੜ੍ਹਾਈ ਪੂਰੀ ਹੋਈ ਤੇ ‘ਉਹ’ ਨੌਕਰੀ ਲੈਣ ਲਈ ਹੱਥ ਪੈਰ ਮਾਰਨ ਲੱਗ ਪਿਆ। ਪਰ ‘ਜੈੱਕ ਤੇ ਚੈੱਕ’ ਵਾਲੇ ਬਾਜ਼ੀ ਮਾਰ ਜਾਂਦੇ ਤੇ ਉਸ ਦੇ ਪੱਲੇ ਨਿਰਾਸ਼ਾ ਹੀ ਪੈਂਦੀ। ਨਿਰਾਸ਼ਾ ਵੇਖ ਕੇ ਉਸ ਦੇ ਮਾਪਿਆਂ ਨੇ ਉਸ ਦੀ ਲਿਆਕਤ ਅਨੁਸਾਰ ਇੱਕ ਚੰਗਾ ਕਾਰੋਬਾਰ ਖੋਲ੍ਹ ਦਿੱਤਾ। ਕੰਮਕਾਰ ਵੀ ਠੀਕ ਰਿੜ੍ਹਨ ਲੱਗ ਪਿਆ।
ਭ੍ਰਿਸ਼ਟ ਸਿਸਟਮ ਦੇ ਰੋਲ ਘਚੋਲੇ ਵਿੱਚ ਜਬਰੀ ਦਾਨ ਦਕਸ਼ਣਾ, ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਨੇ ਉਸ ਨੂੰ ਕਈ ਵਾਰ ਆਪਣਾ ਸ਼ਿਕਾਰ ਵੀ ਬਣਾਇਆ। ‘ਜੋਕ’ ਨਾਂ ਦੀ ਇੱਕ ਵੱਡੀ ਕੰਪਨੀ ਦੇ ਵੱਡੇ ਕਾਰੋਬਾਰੀ ਮਹਾਂਜਾਲ ਨੇ ਉਸ ਵਰਗੇ ਬਹੁਤ ਸਾਰੇ ਕਿਰਤੀਆਂ ਦੀ ਰੋਜ਼ੀ ਰੋਟੀ ਨੂੰ ਡਕਾਰ ਲਿਆ। ਉਸ ਦਾ ਆਪਣੀ ਹੀ ਭੋਇੰ ਤੋਂ ਮੋਹ ਭੰਗ ਹੋਣ ਲੱਗਿਆ। ‘ਉਹ’ ਇੱਥੋਂ ਉੱਡ ਕੇ ਕਿਤੇ ਦੂਰ ਜਾ ਵੱਸਣ ਨੂੰ ਕਾਹਲਾ ਪੈ ਗਿਆ।
ਹੁਣ ਬੁੱਲ੍ਹ ਟੁਕਦਿਆਂ ਉਸ ਦਾ ਹੱਥ ਉੱਡਦੇ ਜਹਾਜ਼ ਵਾਂਗ ਉਤਾਂਹ ਨੂੰ ਉੱਠਿਆ।
‘ਮਾਪਿਆਂ ਦੇ ਤਰਲੇ-ਹਾੜ੍ਹੇ... ਓ ਪੁੱਤਰਾ! ਘਰ ਦੀ ਰੁੱਖੀ ਸੁੱਕੀ ਖਾ ਲਵਾਂਗੇ। ਵਿਦੇਸ਼ ਜਾਣ ਦਾ ਆਤਮਘਾਤੀ ਕਦਮ ਨਾ ਚੁੱਕ।’ ਪਛਤਾਵੇ ਭਰਿਆ ਹੱਥ ਜ਼ੋਰ ਨਾਲ ਮੱਥੇ ਨੂੰ ਆਣ ਵੱਜਾ। ‘ਕਾਸ਼!...’ ‘ਉਹ’ ਮੂੰਹ ਵਿੱਚ ਕੁਝ ਬੁੜਬੁੜਾਇਆ ਵੀ।
‘ਹਾਰ ਹੰਭ ਕੇ ਉਨ੍ਹਾਂ ਅੱਕ ਚੱਬਿਆ ਤੇ ਸਾਰੀ ਜਾਇਦਾਦ ਵੇਚ ਵੱਟ ਕੇ ਮੇਰੇ ਹੱਥ ਧਰ ਦਿੱਤੀ। ਆਪ ਘਸਿਆਰੇ ਬਣ ਕੇ ਗੁਜ਼ਾਰਾ ਕਰਨ ਲੱਗੇ। ਸੁਨਹਿਰੀ ਭਵਿੱਖ ਦੇ ਹਵਾਈ ਕਿਲ੍ਹੇ ਦੀ ਉਸਾਰੀ ਲਈ ਮੈਂ ਏਜੰਟ ਅੱਗੇ ਢੇਰੀ ਕਰ ਦਿੱਤੇ। ਫਿਰ ਇੱਕ ਦਿਨ ਜਹਾਜ਼ ਲੈ ਉੱਡਿਆ- ਬਿਖੜੇ ਪੈਂਡਿਆਂ ਵੱਲ। ਮੌਤ ਦੇ ਜਬਾੜੇ ਬਣੇ ਇਨ੍ਹਾਂ ਪੈਂਡਿਆਂ ਨੇ ਕਈ ਮਾਵਾਂ ਦੇ ਪੁੱਤ ਰਾਹ ਵਿੱਚ ਨਿਗਲ਼ ਲਏ। ... ਏਥੇ ਕਿਵੇਂ ਪਹੁੰਚਿਆ? ਇਹ ਤਾਂ ਮੈਂ ਜਾਣਦਾ ਹਾਂ ਜਾਂ ਮੇਰਾ ਰੱਬ।’ ਉਹ ਸਿਰ ਹਿਲਾ ਹਿਲਾ ਕੇ ਆਪਣੇ ਆਪ ਨਾਲ ਗੱਲਾਂ ਕਰੀ ਜਾ ਰਿਹਾ ਸੀ।
‘ਚੋਰੀ ਛਿਪੇ ਕੰਮ ਕਰਨਾ, ਗ਼ੈਰ-ਕਾਨੂੰਨੀ ਰਹਿਣਾ ਤੇ ਸ਼ੋਸ਼ਣ ਸਹਿਣਾ। ਪਿੱਛੇ ਉਡੀਕਦੇ ਮਾਪਿਆਂ ਦੇ ਆਉਂਦੇ ਸੁਨੇਹੇ। ਘਰ ਪਰਤ ਆਉਣ ਦੀਆਂ ਔਸੀਆਂ ਪਾਉਂਦੇ ਪਾਉਂਦੇ ਉਹ ਵੀ ਜਹਾਨੋਂ ਟੁਰ ਗਏ। ... ਵਿਛੋੜੇ ਦੀ ਅਸਹਿ ਪੀੜਾ ਦੇ ਹੰਝੂ ਗੱਲ੍ਹਾਂ ’ਤੇ ਟਪਕਣ ਨਾਲ ਦਿਲ ਅੰਦਰਲਾ ਦਰਦ ਜੱਗ ਜ਼ਾਹਰ ਹੋਣ ਲੱਗਾ।
‘ਉਹ ਵੀ ਮੇਰੇ ਵਰਗੇ ਹਾਲਾਤ ਦੀ ਹੀ ਝੰਬੀ ਅਭਾਗਣ ਸੀ। ਸਮੇਂ ਦੀ ਨਬਜ਼ ਪਛਾਣਦਿਆਂ ਅਸਾਂ ਇੱਕ ਦੂਜੇ ਨੂੰ ਸਮਝਿਆ ਤੇ ਗ੍ਰਹਿਸਥ ਜੀਵਨ ਦੇ ਬੰਧਨ ਵਿੱਚ ਬੱਝਣ ਦਾ ਫ਼ੈਸਲਾ ਕਰ ਲਿਆ। ਹੁਣ ਆਸ ਦਾ ਦੀਵਾ ਕੁਝ ਚਮਕਦਾ ਦਿਖਾਈ ਦੇਣ ਲੱਗਿਆ। ਜਨਮ ਲੈਣ ਵਾਲੇ ਬੱਚੇ ਨੂੰ ਜਨਮ ਆਧਾਰਿਤ ਨਾਗਰਿਕਤਾ ਮਿਲਣ ਨਾਲ ਸਾਡਾ ਵੀ ਪੱਕੇ ਹੋਣ ਦਾ ਕਾਨੂੰਨੀ ਰਾਹ ਖੁੱਲ੍ਹ ਜਾਊ। ਕਿੰਨੇ ਖ਼ੁਸ਼ ਹੋਏ ਸਾਂ ਅਸੀਂ ਦੋਵੇਂ ਜੀਅ, ਜਦੋਂ ਸਾਨੂੰ ਇਹ ਸੁਖਦ ਖ਼ਬਰ ਮਿਲੀ ਕਿ ਅਸੀਂ ਮਾਪੇ ਬਣਨ ਵਾਲੇ ਆਂ।’ ਮਨ ’ਚ ਪੈਲਾਂ ਪਾਉਂਦੇ ਮੋਰ ਦਾ ਝਲਕਾਰਾ ਪਲ ਭਰ ਲਈ ਚਿਹਰੇ ’ਤੇ ਚਮਕਿਆ।
ਰਾਜ ਪਲਟਾ ਹੋ ਗਿਆ ਤੇ ਸ਼ਾਸਕ ਨੇ ਕਰੀਬ ਡੇਢ ਸਦੀ ਤੋਂ ਬਣੇ ਕਾਨੂੰਨ ਨੂੰ ਪਲਟਾ ਕੇ ਰੱਖ ਦਿੱਤਾ। ‘...ਇਸ ਮਿਥੀ ਤਰੀਕ ਤੱਕ ਜੰਮੇ ਬੱਚਿਆਂ ਨੂੰ ਹੀ ‘ਜਨਮ ਆਧਾਰਿਤ ਨਾਗਰਿਕ’ ਹੋਣ ਦਾ ਅਧਿਕਾਰ ਮਿਲੇਗਾ। ਬਾਅਦ ਵਿੱਚ ਪੈਦਾ ਹੋਏ ਬੱਚਿਆਂ ਨੂੰ ਨਹੀਂ।’ ਇਹ ਸੋਚਦਾ ‘ਉਹ’ ਇਕਦਮ ਤ੍ਰਭਕਿਆ ਤੇ ਡਿੱਗਣੋਂ ਮਸਾਂ ਬਚਿਆ ਜਿਵੇਂ ਇਹ ਨਾਦਰਸ਼ਾਹੀ ਫਰਮਾਨ ਆਸਮਾਨੀ ਬਿਜਲੀ ਬਣ ਗੜਕਿਆ ਹੋਵੇ।
ਕੁਦਰਤੀ ਵਿਧੀ ਵਿਧਾਨ ਅਨੁਸਾਰ ਉਨ੍ਹਾਂ ਦੇ ਘਰ ਨਵੇਂ ਜੀਅ ਦੀ ਆਮਦ ਉਸ ਮਿਥੀ ਤਰੀਕ ਤੋਂ ਬਾਅਦ ਹੀ ਹੋਣੀ ਸੀ। ‘ਹੁਣ ਕੀ ਬਣੂੰ? ਕੀਤਾ ਕੀ ਜਾਵੇ?’ ਲੰਮੀ ਸੋਚ ਵਿਚਾਰ ਤੋਂ ਬਾਅਦ ਉਨ੍ਹਾਂ ਦੋਵੇਂ ਜੀਆਂ ਨੇ ਆਪਣੇ ਭਵਿੱਖ ਨੂੰ ਠੁੰਮਮ੍ਹਣਾ ਦੇਣ ਲਈ ਗਰਭ ਵਿੱਚ ਪਲ਼ ਰਹੇ ਬੱਚੇ ਨੂੰ ਸਮੇਂ ਤੋਂ ਪਹਿਲਾਂ ਹੀ ਦੁਨੀਆ ਵਿੱਚ ਲਿਆਉਣ ਦਾ ਕਰੜਾ ਫ਼ੈਸਲਾ ਕਰ ਲਿਆ। ...ਆਉਣ ਵਾਲੇ ਨਵੇਂ ਜੀਅ ਨੂੰ ਹੀ ਦਾਅ ਉੱਤੇ ਲਾਉਣ ਦੀ ਠਾਣ ਲਈ। ਬੜੇ ਥਾਈਂ ਚਾਰਾਜੋਈ ਕੀਤੀ। ਬੜੇ ਵਿੰਗੇ ਟੇਢੇ ਅੱਕੀਂ ਪਲਾਹੀ ਤੇਲ ਦੇਣ ਦੇ ਰਸਤੇ ਵੀ ਅਖਤਿਆਰ ਕੀਤੇ। ਪਰ ਇਮਾਨਦਾਰੀ ਤੇ ਅਸੂਲ ਨੂੰ ਪਰਨਾਇਆ ਇੱਥੋਂ ਦਾ ਸਿਹਤ ਪ੍ਰਬੰਧ ਉਨ੍ਹਾਂ ਦੇ ਸੂਤ ਨਾ ਆਇਆ। ਆਖ਼ਰ ਜਣੇਪੇ ਦੇ ਕੁਦਰਤੀ ਨਿਯਮ ਨਾਲ ਛੇੜਛਾੜ ਕਰਨ ਵਾਲੇ ਹਥਕੰਡੇ ਅਪਣਾਉਂਦਿਆਂ ਸਿਹਤ ਵਿਭਾਗ ਨੂੰ ਅਹਿਸਾਸ ਕਰਵਾ ਕੇ ਹੀ ਸਾਹ ਲਿਆ ਕਿ ਸਮੇਂ ਤੋਂ ਪਹਿਲਾਂ ਇਹ ਪ੍ਰਸੂਤੀ ਅਤਿ ਜ਼ਰੂਰੀ ਹੈ।
ਡਾਕਟਰਾਂ ਨੂੰ ਇਸ ਅਗਾਊਂ ਪ੍ਰਸੂਤੀ ਲਈ ਐਮਰਜੈਂਸੀ ਕਾਰਵਾਈ ਪਾਉਣੀ ਹੀ ਪਈ। ਪਰ ਡਾਕਟਰਾਂ ਦੀ ਭਾਰੀ ਜੱਦੋਜਹਿਦ ਵੀ ਜੱਚਾ ਤੇ ਬੱਚਾ ਦੋਹਾਂ ਨੂੰ ਬਚਾ ਨਾ ਸਕੀ। ‘‘ਓ ਮੇਰਾ ਪਿੱਛਾ ਵੀ ਤੇ ਅੱਗਾ ਵੀ- ਸਭ ਕੁਝ ਹੀ ਦਾਅ ’ਤੇ ਲੱਗ ਗਿਆ...।’’ ਦਿਲ ਚੀਰਵੀਂ ਚੀਕ ਮਾਰਦਾ ਹੋਇਆ ‘ਉਹ’ ਵੀ ਉੱਥੇ ਹੀ ਢੇਰੀ ਹੋ ਗਿਆ।
ਸੰਪਰਕ: 98764-74858

Advertisement
Advertisement


ਜੈਸੀ ਕਰਨੀ ਵੈਸੀ ਭਰਨੀ

ਸੁਖਪਾਲ ਸਿੰਘ ਗਿੱਲ
ਛੋਟੇ ਹੁੰਦੇ ਪੜ੍ਹਦੇ ਸਮੇਂ ਘਰ ਆ ਕੇ ਸਕੂਲ ਦਾ ਕੰਮ ਲਿਖ ਰਿਹਾ ਸੀ। ਕਹਾਣੀ ਸੀ ‘ਜੈਸੀ ਕਰਨੀ ਵੈਸੀ ਭਰਨੀ’। ਕੋਲ ਮੇਰੇ ਦਾਦਾ ਜੀ ਬੈਠੇ ਸਨ। ਆਪਣੇ ਸਮੇਂ ਮੁਤਾਬਿਕ ਪੜ੍ਹੇ ਲਿਖੇ ਸਨ। ਉਨ੍ਹਾਂ ਦਾ ਧਿਆਨ ਮੇਰੇ ਹੋਮ ਵਰਕ ਵਿੱਚ ਸੀ। ਮੈਨੂੰ ਪੁੱਛਿਆ, ‘‘ਕੀ ਲਿਖ ਰਿਹਾ ਹੈਂ?’’ ਮੈਂ ਦੱਸਿਆ ਕਿ ਕਹਾਣੀ ਲਿਖ ਰਿਹਾ ਹਾਂ।
ਉਨ੍ਹਾਂ ਝੱਟ ਕਹਿ ਦਿੱਤਾ ਕਿ ਤੁਹਾਡੇ ਸਕੂਲ ਵਿੱਚ ਪ੍ਰੈਕਟੀਕਲ ਲਈ ਲੈਬ ਵੀ ਹੋਵੇਗੀ, ਮੈਂ ਕਿਹਾ, ‘‘ਹਾਂ ਜੀ।’’ ‘‘ਉਸ ਦਾ ਕੀ ਮਤਲਬ ਹੁੰਦਾ ਪਤਾ ਹੈ? ਕਿਤਾਬੀ ਪੜ੍ਹਾਈ ਨਾਲੋਂ ਪ੍ਰੈਕਟੀਕਲ ਨਾਲ ਛੇਤੀ ਤੇ ਸੌਖਾ ਸਿੱਖਿਆ ਜਾਂਦਾ ਹੈ।’’ ਉਨ੍ਹਾਂ ਕਿਹਾ ਤਾਂ ਮੇਰੀ ਦਿਮਾਗ਼ੀ ਖਿੜ੍ਹਕੀ ਖੁੱਲ੍ਹੀ।
‘‘ਪ੍ਰੈਕਟੀਕਲ ਜ਼ਿੰਦਗੀ ਵਿੱਚ ਵੀ ਨਾਲ ਦੀ ਨਾਲ ਹੋਈ ਜਾਂਦੇ ਹਨ। ਉਨ੍ਹਾਂ ਤੋਂ ਤਜਰਬੇ ਹਾਸਲ ਹੁੰਦੇ ਹਨ। ਇਨ੍ਹਾਂ ਨਾਲ ਜੀਵਨ ਸ਼ੈਲੀ ਸੌਖੀ ਚੱਲਦੀ ਹੈ।’’ ਦਾਦਾ ਜੀ ਦੀਆਂ ਗੱਲਾਂ ਵੱਲ ਮੇਰੀ ਰੁਚੀ ਵਧੀ। ਉਨ੍ਹਾਂ ਵੀ ਦੇਖ ਲਿਆ ਕਿ ਮੇਰੀ ਗੱਲ ਧਿਆਨ ਨਾਲ ਸੁਣ ਰਿਹਾ ਹੈ।
ਫਿਰ ਉਨ੍ਹਾਂ ਕਿਹਾ, ‘‘ਸੁਣ, ਜੋ ਕਹਾਣੀ ਤੂੰ ਲਿਖ ਰਿਹਾ ਹੈਂ, ਇਹ ਰੱਟਾ ਤੇ ਬੋਝ ਹੈ। ਇਸ ਨੂੰ ਪ੍ਰੈਕਟੀਕਲ ਵਿੱਚ ਸਿੱਖ ਕੇ ਦੇਖ ਤਾਂ ਇਸ ਦਾ ਅੰਦਰੂਨੀ ਅਤੇ ਕੇਂਦਰੀ ਭਾਵ ਪ੍ਰਗਟ ਹੋ ਜਾਵੇਗਾ।’’ ਦਾਦਾ ਜੀ ਨੇ ਸੌ ਹੱਥ ਰੱਸਾ ਸਿਰੇ ’ਤੇ ਗੰਢ ਮਾਰ ਕੇ ਦੱਸਿਆ, ‘‘ਮੈਂ ਛੋਟਾ ਹੁੰਦਾ ਸੀ ਤਾਂ ਮੇਰੀ ਮਾਂ ਨੇ ਮੈਨੂੰ ਕੂੰਡੇ ’ਚ ਚਟਣੀ ਕੁੱਟਣ ਲਾ ਦਿੱਤਾ। ਮੈਂ ਚਟਣੀ ਕੁੱਟਦਾ ਗਿਆ। ਇੰਨੇ ਨੂੰ ਇੱਕ ਬਿੱਲੀ ਆਈ। ਸੀਖਾਂ ਵਿੱਚੋਂ ਅੰਦਰ ਵੜ੍ਹਨ ਲੱਗੀ। ਮੈਨੂੰ ਸ਼ਰਾਰਤ ਸੁੱਝੀ। ਮੈਂ ਚਟਣੀ ਕੁੱਟਣ ਵਾਲਾ ਘੋਟਣਾ ਵਗਾਹ ਕੇ ਬਿੱਲੀ ਦੇ ਮਾਰਿਆ। ਬਿੱਲੀ ਅੰਦਰ ਜਾ ਵੜੀ। ਘੋਟਣਾ ਸੀਖਾਂ ਉੱਤੋਂ ਬੁੜ੍ਹਕ ਕੇ ਮੇਰੇ ਮੂੰਹ ’ਤੇ ਵੱਜਿਆ। ਮੈਂ ਝੰਗਿਆੜ ਮਾਰੀ। ਮਾਂ ਨੱਠੀ ਆਈ। ਬੋਲੀ, ਦੇਖਿਆ ਸੁਆਦ, ਜੈਸੀ ਕਰਨੀ ਵੈਸੀ ਭਰਨੀ। ਤੈਨੂੰ ਬਿੱਲੀ ਕੀ ਕਹਿੰਦੀ ਸੀ? ਪੁੱਤ, ਇਸ ਕਹਾਣੀ ਦਾ ਪ੍ਰੈਕਟੀਕਲ ਸਬਕ ਜੋ ਮੈਂ ਸਿੱਖਿਆ, ਉਹ ਨ੍ਹੀਂ ਕੋਈ ਸਿੱਖ ਸਕਦਾ। ਉਹੀ ਘੜੀ ਹੱਦ, ਮੈਂ ਸਾਰੀ ਜ਼ਿੰਦਗੀ ਕੋਈ ਵੀ ਗੱਲ, ਕੰਮ ਕਰਨ ਤੋਂ ਪਹਿਲਾਂ ਬਿੱਲੀ ਘੋਟਣੇ ਵਾਲਾ ਨਕਸ਼ਾ ਦੇਖ ਲੈਂਦਾ ਹਾਂ।’’
ਮੈਂ ਭਾਵੇਂ ਕਾਪੀ ਵਿੱਚ ‘ਜੈਸੀ ਕਰਨੀ ਵੈਸੀ ਭਰਨੀ’ ਕਹਾਣੀ ਸਕੂਲ ਦੇ ਹੋਮਵਰਕ ਵਜੋਂ ਲਿਖ ਦਿੱਤੀ, ਪਰ ਨਾਲ ਦੀ ਨਾਲ ਦਾਦਾ ਜੀ ਦੀ ਸਿੱਖਿਆ ਨੇ ਮੈਨੂੰ ਅਜਿਹਾ ਪ੍ਰੇਰਿਤ ਕੀਤਾ ਕਿ ਮੈਂ ਵੀ ਕਿਸੇ ਦਾ ਬੁਰਾ ਕਰਨ ਤੋਂ ਪਹਿਲਾਂ ਕਹਾਣੀ ਦੇ ਸਿਰਲੇਖ ਬਾਰੇ ਸੋਚ ਸਮਝ ਕੇ ਬੁਰੇ ਕੰਮ ਤੋਂ ਪਾਸਾ ਵੱਟ ਲੈਂਦਾ ਹਾਂ।
ਸੰਪਰਕ: 98781-11445


ਗ਼ਲਤ ਕੌਣ

ਸੁਖਵਿੰਦਰ ਸਿੰਘ ਮੁੱਲਾਂਪੁਰ
ਜੈਮਲ ਸਿੰਘ ਕੈਨੇਡਾ ਆਪਣੇ ਪੁੱਤਰ ਨੂੰ ਮਿਲਣ ਚਲਾ ਗਿਆ, ਜੋ ਪੜ੍ਹਾਈ ਲਈ ਕੈਨੇਡਾ ਗਿਆ ਹੋਇਆ ਸੀ। ਉੱਥੋਂ ਜੈਮਲ ਸਿੰਘ ਚਾਈਂ ਚਾਈਂ ਦੂਸਰੇ ਸ਼ਹਿਰ ਨਾਨਕਾ ਪਰਿਵਾਰ ਨੂੰ ਮਿਲਣ ਗਿਆ ਜੋ ਚਾਲੀ ਕੁ ਸਾਲ ਤੋਂ ਕੈਨੇਡਾ ਰਹਿ ਰਿਹਾ ਸੀ। ਉਹ ਨਾਨਕੇ ਘਰ ਅਧਸੁੱਤੀ ਹਾਲਤ ਵਿੱਚ ਸੋਫ਼ੇ ’ਤੇ ਬੈਠਾ ਸੀ।
ਇੰਨੇ ਨੂੰ ਨਾਨਕੇ ਪਰਿਵਾਰ ਦਾ ਕੋਈ ਹੋਰ ਰਿਸ਼ਤੇਦਾਰ ਆ ਗਿਆ। ਉਹ ਵੀ ਕਾਫ਼ੀ ਚਿਰ ਤੋਂ ਕੈਨੇਡਾ ਰਹਿ ਰਿਹਾ ਸੀ। ਉਹ ਅਧਸੁੱਤੇ ਜੈਮਲ ਸਿੰਘ ਵੱਲ ਵੇਖ ਉਪਰਲੀ ਮੰਜ਼ਿਲ ਵੱਲ ਪੌੜੀਆਂ ਜਾ ਚੜ੍ਹਿਆ। ਉੱਥੇ ਜਾ ਕੇ ਉਸ ਨੇ ਪੁੱਛਿਆ, ‘‘ਥੱਲੇ ਸੋਫ਼ੇ ’ਤੇ ਕੌਣ ਬੈਠਾ ਹੈ?’’ ਉਨ੍ਹਾਂ ਕਿਹਾ, ‘‘ਇਹ ਸਾਡਾ ਰਿਸ਼ਤੇਦਾਰ, ਭੂਆ ਦਾ ਮੁੰਡਾ ਜੈਮਲ ਸਿੰਘ ਹੈ।’’ ਫਿਰ ਉਸ ਨੇ ਪੁੱਛਿਆ, ‘‘ਇਹ ਇੰਡੀਆ ਛੱਡ ਕੇ ਇੱਥੇ ਕੀ ਕਰਨ ਆਇਆ ਹੈ? ਉੱਥੇ ਹੀ ਕੰਮ ਕਰੀ ਜਾਂਦਾ। ਇੱਥੇ ਇਸ ਨੇ ਕੀ ਕਰਨਾ ਹੈ? ਹੁਣ ਤਾਂ ਹਰੇਕ ਹੀ ਉੱਠ ਕੈਨੇਡਾ ਨੂੰ ਤੁਰਨ ਲੱਗ ਪਿਆ!’’ ਜੈਮਲ ਸਿੰਘ ਦੇ ਰਿਸ਼ਤੇਦਾਰ ਨੇ ਵੀ ਸੁਣ ਕੇ ਹਾਂ ’ਚ ਹਾਂ ਮਿਲਾਉਂਦਿਆਂ ਕਿਹਾ, ‘‘ਮੈਨੂੰ ਤਾਂ ਆਪ ਇਸ ਗੱਲ ਦੀ ਸਮਝ ਨਹੀਂ ਆਉਂਦੀ। ਮੇਰੇ ਕੋਲ ਕੀ ਕਰਨ ਆਇਆ ਹੈ। ਇੱਥੇ ਆਏ ਨੂੰ ਚਾਰ ਦਿਨ ਹੋ ਗਏ। ਪਤਾ ਨਹੀਂ ਇਸ ਨੇ ਇੱਥੋਂ ਕਦੋਂ ਜਾਣਾ ਹੈ?’’
ਸੰਪਰਕ: 99141-84794 (ਵੱਟਸਐਪ)


ਸਲੂਟ

ਗੁਰਤੇਜ ਸਿੰਘ ਖੁਡਾਲ
ਬਲਬੀਰ ਸਿੰਘ ਆਪਣੇ ਅਫ਼ਸਰੀ ਅਹੁਦੇ ਤੋਂ ਸੇਵਾਮੁਕਤ ਹੋ ਚੁੱਕਾ ਸੀ, ਪਰ ਉਸ ਦਾ ਅਫਸਰਪੁਣਾ ਅਤੇ ਆਕੜ ਉਸੇ ਤਰ੍ਹਾਂ ਬਰਕਰਾਰ ਸੀ। ਡਿਊਟੀ ਦੌਰਾਨ ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ ਸੀ। ਕਿਸੇ ਦਾ ਵੀ ਕੰਮ ਨਹੀਂ ਕਰਦਾ ਸੀ। ਡਿਊਟੀ ਦੌਰਾਨ ਉਸ ਨੂੰ ਆਪਣੇ ਅਹੁਦੇ ਦਾ ਬਹੁਤ ਹੰਕਾਰ ਸੀ। ਸਾਰੇ ਲੋਕ ਉਸ ਨੂੰ ਨਾ ਚਾਹੁੰਦੇ ਹੋਏ, ਉੱਪਰੋਂ ਉੱਪਰੋਂ ਸਲੂਟ ਮਾਰਦੇ ਸੀ। ਲੋਕਾਂ ਦੀ ਮਜਬੂਰੀ ਸੀ।
ਬਲਬੀਰ ਨੂੰ ਇਹ ਲਗਦਾ ਸੀ ਕਿ ਸੇਵਾਮੁਕਤ ਹੋਣ ਮਗਰੋਂ ਵੀ ਲੋਕ ਉਸ ਨੂੰ ਪਹਿਲਾਂ ਵਾਂਗ ਹੀ ਸਲੂਟ ਮਾਰਨਗੇ। ਪਰ ਲੋਕ ਉਸ ਨੂੰ ਬੁਲਾਉਣਾ ਵੀ ਪਸੰਦ ਨਹੀਂ ਕਰਦੇ ਸਨ। ਜੇਕਰ ਉਸ ਦੇ ਪਿੰਡ ਦਾ ਕੋਈ ਬੰਦਾ ਉਸ ਦੇ ਦਫ਼ਤਰ ਆਪਣੇ ਕੰਮਕਾਰ ਲਈ ਆਉਂਦਾ ਤਾਂ ਉਹ ਚਾਹ ਪਾਣੀ ਪੁੱਛਣਾ ਦੂਰ ਦੀ ਗੱਲ, ਉਨ੍ਹਾਂ ਵੱਲ ਦੇਖਦਾ ਤੱਕ ਨਹੀਂ ਸੀ।
ਹੁਣ ਜਦੋਂ ਉਹ ਸੇਵਾਮੁਕਤ ਹੋ ਕੇ ਪਿੰਡ ਰਹਿਣ ਲੱਗਾ ਤਾਂ ਉਸ ਪਾਸ ਪਿੰਡ ਕੋਈ ਵੀ ਬੰਦਾ ਆਉਂਦਾ ਜਾਂਦਾ ਨਹੀਂ ਸੀ। ਉਹ ਬਹੁਤ ਹੀ ਉਦਾਸ ਤੇ ਕਮਜ਼ੋਰ ਜਿਹਾ ਹੋ ਗਿਆ। ਪਰਿਵਾਰ ਨੂੰ ਫ਼ਿਕਰ ਹੋ ਗਿਆ। ਪਰਿਵਾਰ ਵਾਲੇ ਬਲਬੀਰ ਨੂੰ ਵਾਰ ਵਾਰ ਪੁੱਛਦੇ ਕਿ ਦੱਸੋ ਤੁਹਾਨੂੰ ਕੀ ਤਕਲੀਫ਼ ਹੈ? ਤੁਸੀਂ ਬੜੇ ਹੀ ਕਮਜ਼ੋਰ ਹੋ ਗਏ ਹੋ।
ਪਰਿਵਾਰ ਵਾਲੇ ਬਲਬੀਰ ਨੂੰ ਡਾਕਟਰ ਕੋਲ ਲੈ ਗਏ। ਡਾਕਟਰ ਦੇ ਚੈੱਕਅੱਪ ਮੁਤਾਬਿਕ ਕੋਈ ਬਿਮਾਰੀ ਨਹੀਂ ਆਈ।
ਬਲਬੀਰ ਨੇ ਆਪਣੇ ਪਰਿਵਾਰ ਦੇ ਜ਼ੋਰ ਪਾਉਣ ’ਤੇ ਦੱਸਿਆ, ‘‘ਮੈਨੂੰ ਕੋਈ ਬਿਮਾਰੀ ਨਹੀਂ, ਪਰ ਡਿਊਟੀ ’ਤੇ ਹੁੰਦਿਆਂ ਵੱਜਦੇ ਸਲੂਟ ਮੇਰੀ ਰੂਹ ਦੀ ਖੁਰਾਕ ਬਣ ਚੁੱਕੇ ਸਨ। ਪਰ ਹੁਣ ਕੋਈ ਮੈਨੂੰ ਪੁੱਛਦਾ ਨਹੀਂ। ਹੁਣ ਮੈਨੂੰ ਅਹਿਸਾਸ ਹੋਇਆ ਕਿ ਇਹ ਅਹੁਦੇ ਅਤੇ ਅਫ਼ਸਰੀਆਂ ਕੁਝ ਸਮੇਂ ਲਈ ਹੁੰਦੀਆਂ ਹਨ। ਮੈਂ ਆਪਣੇ ਅਹੁਦੇ ਦੇ ਹੰਕਾਰ ਵਿੱਚ ਇਨਸਾਨੀਅਤ ਨੂੰ ਭੁੱਲ ਚੁੱਕਾ ਸੀ। ਮੇਰੇ ਵਤੀਰੇ ਕਰਕੇ ਲੋਕ ਮੈਨੂੰ ਪਸੰਦ ਨਹੀਂ ਕਰਦੇ। ਮੈਨੂੰ ਤਾਂ ਹਮੇਸ਼ਾ ਹੀ ਉਮੀਦ ਸੀ ਕਿ ਸਾਰੇ ਲੋਕ ਮੈਨੂੰ ਇਸੇ ਤਰ੍ਹਾਂ ਸਦਾ ਸਲੂਟ ਮਾਰਦੇ ਰਹਿਣਗੇ। ਮੈਂ ਆਪਣੇ ਲੋਕਾਂ ਦੇ ਕਿਸੇ ਕੰਮ ਨਹੀਂ ਆਇਆ, ਉਨ੍ਹਾਂ ਦੀ ਕਦੇ ਵੀ ਮਦਦ ਨਹੀਂ ਕੀਤੀ। ਮੈਨੂੰ ਕਿਸੇ ਦਵਾਈ ਦੀ ਲੋੜ ਨਹੀਂ। ਬਸ ਲੋਕਾਂ ਦੇ ਪਿਆਰ ਦੀ ਲੋੜ ਹੈ।’’ ਬਲਬੀਰ ਆਪਣੇ ਵਤੀਰੇ ’ਤੇ ਬਹੁਤ ਪਛਤਾ ਰਿਹਾ ਸੀ।
ਸੰਪਰਕ: 94641-29119

Advertisement
Author Image

Advertisement