ਆਰਡਰ ਦਿਵਾਉਣ ਬਹਾਨੇ ਅਗਵਾ ਕਰ ਕੇ ਪੈਸੇ ਲੁੱਟੇ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੂਨ
ਢੋਲੇਵਾਲ ਕੋਲ ਸਥਿਤ ਗੱਤਾ ਫੈਕਟਰੀ ’ਚ ਆਏ ਇੱਕ ਵਿਅਕਤੀ ਨੇ ਆਪਣੇ ਸਾਥੀ ਨਾਲ ਫੈਕਟਰੀ ਮਾਲਕ ਨੂੰ ਗੱਤੇ ਦੇ ਡੱਬਿਆਂ ਦਾ ਆਰਡਰ ਦਿਵਾਉਣ ਦੇ ਨਾਂ ’ਤੇ ਗੱਡੀ ’ਚ ਅਗਵਾ ਕਰ ਲਿਆ। ਉਹ ਗੱਡੀ ’ਚ ਬਿਠਾ ਕੇ ਲੈ ਗਿਆ ਤੇ ਕੁਝ ਦੂਰ ਲਿਜਾ ਕੇ ਤੇਜ਼ਧਾਰ ਹਥਿਆਰ ਦਿਖਾ ਉਸ ਤੋਂ 13 ਹਜ਼ਾਰ ਰੁਪਏ ਲੁੱਟੇ ਤੇ ਉਸ ਤੋਂ ਬਾਅਦ ਆਨਲਾਈਨ 15 ਹਜ਼ਾਰ ਰੁਪਏ ਟਰਾਂਸਫਰ ਕਰਵਾਉਣ ਤੋਂ ਬਾਅਦ ਸਕੂਟਰ ਵੇਚਣ ਸਬੰਧੀ ਸੇਲ ਡੀਡ ’ਤੇ ਸਾਈਨ ਕਰਵਾ ਲਏ। ਫੈਕਟਰੀ ਮਾਲਕ ਹੈਬੋਵਾਲ ਕਲਾਂ ਦੇ ਸਿਮਰਨ ਇਨਕਲੇਵ ਵਾਸੀ ਸ਼ਿਵਮ ਸੇਖੜੀ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਜਾਂਚ ਤੋਂ ਬਾਅਦ ਸ਼ਿਵਮ ਸੇਖੜੀ ਦੀ ਸ਼ਿਕਾਇਤ ’ਤੇ ਹਰਜੋਤ ਸਿੰਘ, ਹਰਮਨਪ੍ਰੀਤ ਸਿੰਘ ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸ਼ਿਵਮ ਸੇਖੜੀ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੀ ਢੋਲੇਵਾਲ ਕੋਲ ਗੱਤੇ ਦੀ ਫੈਕਟਰੀ ਹੈ ਜਿੱਥੇ ਗੱਤੇ ਦੇ ਡੱਬੇ ਬਣਾਏ ਜਾਂਦੇ ਹਨ। ਤਿੰਨ ਦਿਨ ਪਹਿਲਾਂ ਉਹ ਆਪਣੀ ਫੈਕਟਰੀ ’ਚ ਬੈਠਾ ਸੀ। ਇਸ ਦੌਰਾਨ ਹਰਜੋਤ ਸਿੰਘ ਆਪਣੇ ਦੋ ਸਾਥੀਆਂ ਨਾਲ ਫੈਕਟਰੀ ’ਚ ਆਇਆ। ਉੱਥੇ ਮੁਲਜ਼ਮਾਂ ਦੇ ਨਾਲ ਗੱਤੇ ਦਾ ਡੱਬਾ ਬਣਾਉਣ ਦੀ ਗੱਲ ਹੋਈ ਤੇ ਮੁਲਜ਼ਮ ਉਸ ਨੂੰ ਆਰਡਰ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਕਾਰ ’ਚ ਬਿਠਾ ਕੇ ਲੈ ਗਏ। ਮੁਲਜ਼ਮ ਉਸ ਨੂੰ ਦੋਰਾਹਾ ਵੱਲ ਖੇਤ ’ਚ ਲਿਜਾ ਉਸ ਕੋਲੋਂ 13 ਹਜ਼ਾਰ ਰੁਪਏ ਲੈ ਲਏ। ਇਸ ਤੋਂ ਬਾਅਦ ਜੀਐਨਈ ਕਾਲਜ ਵੱਲ ਲਿਆਂਦਾ ਤੇ ਉੱਥੇ ਉਸ ਤੋਂ ਯੂਪੀਆਈ ਰਾਹੀਂ 15 ਹਜ਼ਾਰ ਰੁਪਏ ਲਏ ਤੇ ਫੈਕਟਰੀ ਤੋਂ ਐਕਟਿਵਾ ਮੰਗਵਾ ਕੇ ਸੇਲ ਡੀਡ ’ਤੇ ਦਸਤਖ਼ਤ ਕਰਵਾਏ ਤੇ ਫ਼ਰਾਰ ਹੋ ਗਏ। ਥਾਣਾ ਡਿਵੀਜ਼ਨ ਨੰਬਰ 6 ਦੇ ਐੱਸਐੱਚਓ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਾਲੇ ਫ਼ਰਾਰ ਹਨ। ਉਨ੍ਹਾਂ ਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ।