ਖੱਡਿਆਂ ’ਚ ਤਬਦੀਲ ਹੋਈ ਸੜਕ ’ਤੇ ਝੋਨਾ ਲਾ ਕੇ ਰੋਸ ਪ੍ਰਗਟਾਇਆ
ਜਗਜੀਤ ਸਿੰਘ
ਮੁਕੇਰੀਆਂ, 4 ਜੁਲਾਈ
ਕੰਢੀ ਦੇ ਪਿੰਡ ਘਗਵਾਲ ਅਤੇ ਸਵਾਰ ਤੋਂ ਹਾਜੀਪੁਰ ਨੂੰ ਜਾਂਦੀ ਸੰਪਰਕ ਸੜਕ ਵਿੱਚ ਪਏ ਖੱਡਿਆਂ ਨੇ ਛੱਪੜਾਂ ਦਾ ਰੂਪ ਧਾਰਨ ਕਰ ਲਿਆ ਹੈ। ਕਰੀਬ ਦੋ ਸਾਲ ਤੋਂ ਪਏ ਖੱਡਿਆਂ ਨੂੰ ਨਾ ਪੂਰੇ ਜਾਣ ਕਾਰਨ ਦੁਖੀ ਹੋਏ ਲੋਕਾਂ ਨੇ ਖੱਡਿਆਂ ਵਿੱਚ ਤਬਦੀਲ ਹੋਈ ਸੜਕ ’ਤੇ ਖੜ੍ਹੇ ਪਾਣੀ ਵਿੱਚ ਝੋਨਾ ਲਾ ਕੇ ਰੋਸ ਧਰਨਾ ਦਿੱਤਾ।
ਇਸ ਮੌਕੇ ਨੌਜਵਾਨ ਆਗੂ ਅੰਕਿਤ ਰਾਣਾ ਨੇ ਕਿਹਾ ਕਿ ਕੰਢੀ ਦੀਆਂ ਬਹੁ-ਗਿਣਤੀ ਸੰਪਰਕ ਸੜਕਾਂ ਦੀ ਹਾਲਤ ਖਸਤਾ ਹੋਈ ਪਈ ਹੈ ਅਤੇ ਖੱਡਿਆਂ ਵਿੱਚ ਤਬਦੀਲ ਹੋਈਆਂ ਸੰਪਰਕ ਸੜਕਾਂ ਨੇ ਬਾਰਿਸ਼ ਕਾਰਨ ਛੱਪੜਾਂ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਕਾਰਨ ਇਨ੍ਹਾਂ ਸੰਪਰਕ ਸੜਕਾਂ ਰਾਹੀਂ ਲੰਘਦੇ ਸਕੂਲੀ ਬੱਚਿਆਂ, ਰੋਜ਼ਾਨਾ ਡਿਊਟੀ ’ਤੇ ਜਾਂਦੇ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਲ ਝੱਲਣੀ ਪੈ ਰਹੀ ਹੈ।
ਇਸ ਮੌਕੇ ਮੰਗਲ ਸਿੰਘ, ਵੀਰ ਸਿੰਘ, ਸੰਜੀਵ ਕੁਮਾਰ, ਗੁਲਸ਼ਨ ਕੁਮਾਰ, ਕਾਕਾ, ਈਸ਼ਰ ਦਾਸ ਸਿੰਘ, ਰੰਜੀਤ ਗਿਆਨੀ, ਸਾਬੀ ਜੁਗਿਆਲ, ਗੋਲਡੀ, ਰਿੰਕੂ, ਭੂਪਿੰਦਰ ਸਿੰਘ ਆਦਿਕ ਨੇ ਕਿਹਾ ਕਿ ਸੰਪਰਕ ਸੜਕਾਂ ਦੀ ਖਸਤਾ ਹਾਲਤ ਕਾਰਨ ਹੀ ਕਾਂਗਰਸ ਤੋਂ ਲੋਕਾਂ ਦਾ ਮੋਹ ਭੰਗ ਹੋਇਆ ਸੀ, ਪਰ ਕਰੀਬ ਡੇਢ ਸਾਲ ਬੀਤ ਜਾਣ ਦੇ ਬਾਅਦ ਵੀ ਭਗਵੰਤ ਮਾਨ ਸਰਕਾਰ ਵੱਲੋਂ ਇਨ੍ਹਾਂ ਸੰਪਰਕ ਸੜਕਾਂ ਦੀ ਮੁਰੰਮਤ ਨਾ ਕਰਨ ਖਿਲਾਫ਼ ਲੋਕਾਂ ਵਿੱਚ ਰੋਸ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਤੋਂ ਮੰਗ ਕੀਤੀ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਤੁਰੰਤ ਕੀਤੇ ਜਾਣ ਲਈ ਫੰਡ ਰਿਲੀਜ਼ ਕਰਵਾਏ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਸੰਪਰਕ ਸੜਕਾਂ ਦੀ ਹਾਲਤ ਨਾ ਸੁਧਾਰੀ ਗਈ ਤਾਂ ਦਰਜਨ ਭਰ ਪਿੰਡਾਂ ਦੇ ਲੋਕ ਤਿੱਖਾ ਸੰਘਰਸ਼ ਛੇੜਨ ਲਈ ਮਜਬੂਰ ਹੋਣਗੇ।
ਬਰਸਾਤ ਮਗਰੋਂ ਪੈਚ ਲਾ ਦਿੱਤੇ ਜਾਣਗੇ: ਅੈਕਸੀਅਨ
ਲੋਕ ਨਿਰਮਾਣ ਵਿਭਾਗ ਦੇ ਐਕਸੀਐਨ ਇੰਜੀਨੀਅਰ ਕੰਵਲ ਨੈਨ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੀ ਉਸਾਰੀ ਲਈ ਵਿਭਾਗ ਕੋਲ ਕੋਈ ਫੰਡ ਨਹੀਂ ਆਇਆ ਹੈ। ਵਿਧਾਇਕ ਕਰਮਬੀਰ ਸਿੰਘ ਘੁੰਮਣ ਦੇ ਯਤਨਾਂ ਸਦਕਾ ਇਨ੍ਹਾਂ ਸੰਪਰਕ ਸੜਕਾਂ ਦੇ ਪੈਚ ਵਰਕ ਲਈ ਯੋਜਨਾ ਤਿਆਰ ਕੀਤੀ ਗਈ ਹੈ, ਪਰ ਬਰਸਾਤੀ ਮੌਸਮ ਕਾਰਨ ਤੁਰੰਤ ਪੈਚ ਵਰਕ ਕਰਨਾ ਸੰਭਵ ਨਹੀਂ ਹੈ। ਬਰਸਾਤ ਤੋਂ ਬਾਅਦ ਪੈਚ ਵਰਕ ਕਰ ਦਿੱਤਾ ਜਾਵੇਗਾ ਅਤੇ ਆਉਂਦੇ ਵਿੱਤੀ ਸਾਲ ਵਿੱਚ ਇਨ੍ਹਾਂ ਸੜਕਾਂ ਦੀ ਮੁੜ ਉਸਾਰੀ ਕਰਵਾ ਦਿੱਤੀ ਜਾਵੇਗੀ।