ਅੰਮ੍ਰਿਤਸਰ ਨੇੜੇ ਘਰ ਵਿੱਚ ਦਾਖ਼ਲ ਹੋ ਕੇ ਪਰਵਾਸੀ ਭਾਰਤੀ ਨੂੰ ਗੋਲੀਆਂ ਮਾਰੀਆਂ
ਮਨਮੋਹਨ ਸਿੰਘ ਢਿੱਲੋਂ/ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 24 ਅਗਸਤ
ਇੱਥੋਂ ਦੇ ਦਬੁਰਜੀ ਖੇਤਰ ਵਿੱਚ ਦੋ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਪਰਵਾਸੀ ਭਾਰਤੀ ਸੁਖਚੈਨ ਸਿੰਘ ਨੂੰ ਉਸ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਪਰਿਵਾਰਕ ਮੈਂਬਰਾਂ ਸਾਹਮਣੇ ਗੋਲੀਆਂ ਮਾਰ ਦਿੱਤੀਆਂ। ਪੀੜਤ ਹਾਲ ਹੀ ਵਿੱਚ ਅਮਰੀਕਾ ਤੋਂ ਪਰਤਿਆ ਸੀ। ਪੁਲੀਸ ਨੇ ਘਰ ਵਿੱਚ ਲੱਗੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਵਾਰਦਾਤ ਵਿੱਚ ਸੁਖਚੈਨ ਦੇ ਦੋ ਗੋਲੀਆਂ ਲੱਗੀਆਂ ਅਤੇ ਉਹ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੁਲੀਸ ਨੇ ਮੌਕੇ ਤੋਂ ਗੋਲੀਆਂ ਦੇ ਤਿੰਨ ਖੋਲ ਵੀ ਬਰਾਮਦ ਕੀਤੇ ਹਨ। ਪੁਲੀਸ ਅਨੁਸਾਰ ਗੋਲੀਬਾਰੀ ਦੌਰਾਨ ਹਮਲਾਵਰਾਂ ਦਾ ਪਿਸਤੌਲ ਫਸਣ ਕਾਰਨ ਉਹ ਹੋਰ ਗੋਲੀ ਨਾ ਚਲਾ ਸਕੇ ਅਤੇ ਉਥੋਂ ਫ਼ਰਾਰ ਹੋ ਗਏ। ਸੀਸੀਟੀਵੀ ਫੁਟੇਜ ਵਿੱਚ ਪੀੜਤ ਦੀ ਮਾਂ ਅਤੇ ਪੁੱਤਰ ਸੁਖਚੈਨ ਸਿੰਘ ਹਮਲਾਵਰਾਂ ਅੱਗੇ ਹੱਥ ਜੋੜਦੇ ਦੇਖੇ ਗਏ।
ਵਧੀਕ ਡਿਪਟੀ ਕਮਿਸ਼ਨਰ (ਪੁਲੀਸ) ਹਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਪਰਿਵਾਰਕ ਝਗੜੇ ਸਮੇਤ ਵੱਖ-ਵੱਖ ਕੋਣਾਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸੁਖਚੈਨ ਦੰਦਾਂ ਨੂੰ ਬਰੱਸ਼ ਕਰ ਰਿਹਾ ਸੀ ਤਾਂ ਦੋਵੇਂ ਮੁਲਜ਼ਮ ਘਰ ਵਿੱਚ ਦਾਖਲ ਹੋਏ ਅਤੇ ਉਸ ਕੋਲੋਂ ਨਵੀਂ ਖਰੀਦੀ ਮਰਸਿਡੀਜ਼ ਕਾਰ ਦੇ ਕਾਗਜ਼ਾਂ ਬਾਰੇ ਪੁੱਛਿਆ।
ਇਸ ਮਗਰੋਂ ਸੁਖਚੈਨ ਨੂੰ ਮੁਲਜ਼ਮਾਂ ’ਤੇ ਸ਼ੱਕ ਹੋਇਆ ਅਤੇ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ। ਦੋਵੇਂ ਹਮਲਾਵਰ ਪਿਸਤੌਲ ਕੱਢ ਕੇ ਉਸ ਨੂੰ ਲਾਬੀ ਦੇ ਅੰਦਰ ਲੈ ਗਏ ਅਤੇ ਬਹਿਸ ਦੌਰਾਨ ਉਨ੍ਹਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਵਧੀਕ ਡਿਪਟੀ ਕਮਿਸ਼ਨਰ ਪੁਲੀਸ ਨੇ ਦੱਸਿਆ ਕਿ ਸੁਖਚੈਨ ਦੀ ਪਹਿਲੀ ਪਤਨੀ ਨੇ 2022 ਵਿੱਚ ਖੁਦਕੁਸ਼ੀ ਕਰ ਲਈ ਸੀ ਅਤੇ ਉਸ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਸੁਖਚੈਨ, ਉਸ ਦੇ ਭਰਾ, ਭੈਣ ਅਤੇ ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਕਿਹਾ ਕਿ ਸੁਖਚੈਨ ਅਤੇ ਉਸ ਦੇ ਭਰਾ ਤੇ ਭੈਣ, ਜੋ ਅਮਰੀਕਾ ਵਿੱਚ ਸਨ, ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ, ਜਦੋਂ ਕਿ ਉਨ੍ਹਾਂ ਦੀ ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਪਹਿਲੀ ਪਤਨੀ ਦੇ ਪਰਿਵਾਰ ਨਾਲ ਝਗੜਾ ਅਜੇ ਵੀ ਚੱਲ ਰਿਹਾ ਹੈ। ਘਟਨਾ ਸਥਾਨ ਦਾ ਦੌਰਾ ਕਰਨ ਮਗਰੋਂ ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੀੜਤ ਦੀ ਮਾਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਮਾਮਲੇ ਵਿੱਚ ਉਸ ਦੀ ਪਹਿਲੀ ਪਤਨੀ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਾਮਲੇ ਵਿੱਚ ਹੋਰ ਪੁੱਛ-ਪੜਤਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।
ਹਮਲਾਵਰਾਂ ਖ਼ਿਲਾਫ਼ ਸਖਤ ਕਾਰਵਾਈ ਕਰਾਂਗੇ: ਧਾਲੀਵਾਲ
ਅਜਨਾਲਾ (ਪੱਤਰ ਪ੍ਰੇਰਕ): ਪੰਜਾਬ ਦੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐੱਨਆਰਆਈ ਪਰਿਵਾਰਾਂ ’ਤੇ ਹੋ ਰਹੇ ਹਮਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਹਮਲਾਵਰਾਂ ਦੀ ਪਛਾਣ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਦੀ ਸੁਰੱਖਿਆ ਲਈ ਹਮੇਸ਼ਾ ਯਤਨਸ਼ੀਲ ਹੈ ਅਤੇ ਪਰਿਵਾਸੀ ਪਰਿਵਾਰਾਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਐਨਆਰਆਈ ਪਰਿਵਾਰਾਂ ਦੇ ਹਮਲਿਆਂ ਦੇ ਕਈ ਕੇਸਾਂ ਵਿੱਚ ਇਨ੍ਹਾਂ ਦੀ ਆਪਸੀ ਜਾਇਦਾਦਾਂ ਦੀ ਵੰਡ ਦੇ ਮਸਲੇ ਮੁੱਖ ਤੌਰ ’ਤੇ ਉੱਭਰ ਕੇ ਸਾਹਮਣੇ ਆਉਂਦੇ ਹਨ ਜਿਸ ਲਈ ਐੱਨਆਰਆਈ ਪਰਿਵਾਰਾਂ ਨੂੰ ਆਪਣੀਆਂ ਜ਼ਮੀਨਾਂ, ਜਾਇਦਾਦਾਂ ਤੇ ਕੋਠੀਆਂ ਆਦਿ ਦੇ ਮਸਲਿਆਂ ਨੂੰ ਆਪਸ ਵਿੱਚ ਮਿਲ ਬੈਠ ਕੇ ਸੁਲਝਾਉਣਾ ਚਾਹੀਦਾ ਹੈ।