ਘਰ ’ਚ ਦਾਖ਼ਲ ਹੋ ਕੇ ਗੋਲੀਆਂ ਚਲਾਈਆਂ
ਪੱਤਰ ਪ੍ਰੇਰਕ
ਜਲੰਧਰ, 2 ਨਵੰਬਰ
ਦੇਰ ਰਾਤ ਇਥੋਂ ਦੇ ਰਾਮਾਮੰਡੀ ਦੇ ਏਕਤਾ ਨਗਰ ਨੇੜੇ ਇੱਕ ਘਰ ’ਤੇ ਅਣਪਛਾਤੇ ਹਮਲਾਵਰਾਂ ਨੇ ਪਥਰਾਅ ਕੀਤਾ ਅਤੇ ਪਰਿਵਾਰ ’ਤੇ ਗੋਲੀਆਂ ਚਲਾ ਦਿੱਤੀਆਂ। ਹਮਲਾ ਕਰਨ ਆਏ ਮੁਲਜ਼ਮਾਂ ਦੀ ਗਿਣਤੀ 18 ਤੋਂ 20 ਦੇ ਕਰੀਬ ਸੀ।
ਇਸ ਸਬੰਧੀ ਥਾਣਾ ਰਾਮਾਮੰਡੀ ਦੀ ਪੁਲੀਸ ਨੇ ਏਕਤਾ ਨਗਰ ਦੇ ਰਹਿਣ ਵਾਲੇ ਪਵਨ ਰਾਜਪੂਤ ਅਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲੀਸ ਨੇ ਸਮੀਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।
ਪੀੜਤ ਨੇ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮ ਉਸ ਦੀ ਭੈਣ ਨਾਲ ਛੇੜਛਾੜ ਕਰਦਾ ਸੀ। ਵਿਰੋਧ ਕਰਨ ’ਤੇ ਉਸ ’ਤੇ ਹਮਲਾ ਕਰ ਦਿੱਤਾ ਗਿਆ। ਸਾਰੇ ਮੁਲਜ਼ਮ ਹਥਿਆਰਾਂ ਨਾਲ ਲੈਸ ਸਨ। ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ, ਜਿਸ ਦੀ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਦੱਸ ਦਈਏ ਕਿ ਪੀੜਤਾਂ ਨੇ ਪੁਲੀਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਵੀ ਲਗਾਇਆ ਸੀ। ਇਸ ਵਾਰ ਕਾਰਵਾਈ ਨਾ ਹੋਣ ’ਤੇ ਆਤਮਦਾਹ ਕਰਨ ਦੀ ਧਮਕੀ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਚੌਕੀ ਨੰਗਲ ਸ਼ਾਮਾ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾਂ ਨੇ ਪੁਲੀਸ ਨੂੰ ਲਖਨ, ਗੱਟੂ, ਰਿੱਕੀ, ਸ਼ਿਵਮ, ਵਿਪਨ, ਕਾਲੂ ਭਈਆ ਦੇ ਨਾਮ ਦੱਸੇ ਸਨ। ਰਾਮਾਮੰਡੀ ਥਾਣੇ ਦੇ ਐੱਸਐੱਚਓ ਰਾਜੇਸ਼ ਠਾਕੁਰ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ- ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਐੱਮਸੀ ਦੇ ਪੁੱਤਰ ’ਤੇ ਜਾਨਲੇਵਾ ਹਮਲਾ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸਿਵਲ ਹਸਪਤਾਲ ’ਚ ਉਸ ਵੇਲੇ ਹਫ਼ੜਾ ਦਫ਼ੜੀ ਮਚ ਗਈ ਜਦੋਂ ਐਕਸਰੇ ਕਰਵਾਉਣ ਆਏ ਇਕ ਨੌਜਵਾਨ ’ਤੇ ਬਾਹਰੋਂ ਆਏ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਪੀੜਤ ਦੀ ਪਛਾਣ ਮਨਰੂਪ ਸਿੰਘ ਧਾਮੀ ਵਜੋਂ ਹੋਈ ਹੈ, ਜਿਸ ਨੇ ਦੌੜ ਕੇ ਆਪਣੀ ਜਾਨ ਬਚਾਈ। ਹਸਪਤਾਲ ’ਚ ਜ਼ੇਰੇ ਇਲਾਜ ਮਨਰੂਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੱਪਲਾਂਵਾਲਾ ਦੇ ਹੀ ਇਕ ਵਿਅਕਤੀ ਨਾਲ ਉਸ ਦਾ ਝਗੜਾ ਹੋ ਗਿਆ ਸੀ, ਜਿਸ ਨੇ ਉਸ ਦੀ ਕੁੱਟਮਾਰ ਕੀਤੀ ਸੀ। ਬੀਤੇ ਦਿਨ ਹੀ ਉਸ ਨੇ ਐੱਮਐੱਲਆਰ ਕਟਵਾ ਲਈ ਸੀ ਤੇ ਅੱਜ ਉਹ ਐਕਸਰੇ ਕਰਵਾਉਣ ਹਸਪਤਾਲ ਆਇਆ ਸੀ। ਜਦੋਂ ਉਹ ਹਸਪਤਾਲ ਦੀ ਪਾਰਕਿੰਗ ਵਿੱਚ ਗੱਡੀ ’ਚ ਉਹ ਬੈਠਿਆ ਹੋਇਆ ਸੀ ਤਾਂ ਜਿਸ ਵਿਅਕਤੀ ਨਾਲ ਉਸ ਦੀ ਬੀਤੇ ਦਿਨ ਝੜਪ ਹੋਈ ਸੀ, ਉਸ ਦੇ ਹੀ 15-20 ਬੰਦਿਆਂ ਨੇ ਹਥਿਆਰ ਵਿਖਾ ਕੇ ਉਸ ਨੂੰ ਬਾਹਰ ਨਿਕਲਣ ਲਈ ਮਜਬੂਰ ਕੀਤਾ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੇ ਦੌੜ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚ ਗਈ। ਡੀਐੱਸਪੀ ਤਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਦੇ ਬਿਆਨ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਖਮੀ ਨੌਜਵਾਨ ਪਿੱਪਲਾਂਵਾਲਾ ਦੇ ਵਾਰਡ ਨੰਬਰ-22 ਦੇ ਕੌਂਸਲਰ ਜਗਰੂਪ ਸਿੰਘ ਧਾਮੀ ਦਾ ਬੇਟਾ ਹੈ।