‘ਲੈਫਟੀਨੈਂਟ ਜਨਰਲ ਕੁਲਦੀਪ ਬਰਾੜ ਲੋੜੀਂਦਾ’ ਹੋਣ ਦੇ ਪੋਸਟਰ ਲਾਏ
ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਜੂਨ
ਪਿੰਡ ਪੱਤੋ ਹੀਰਾ ਸਿੰਘ ਵਿਚ ਸਰਕਾਰੀ ਕਾਲਜ ਦੀ ਕੰਧ ਉੱਤੇ ਅੱਜ ਭੜਕਾਊ ਨਾਅਰੇ ਲਿਖੇ ਮਿਲੇ ਜੋ ਪੁਲੀਸ ਨੇ ਮਿਟਾ ਦਿੱਤੇ ਹਨ। ਕੱਲ੍ਹ ਸਥਾਨਕ ਬੱਸ ਅੱਡੇ ਅੰਦਰ ਟਿਕਟ ਕਾਊਂਟਰਾਂ ਉੱਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ ਪਰ ਅੱਜ ਪਿੰਡ ‘ਚ ਕੰਧਾਂ ਉੱਤੇ ਐੱਸਐੱਫਜੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ‘ਲੋੜੀਂਦਾ ਹੈ ਲੈਫ਼ਟੀਨੈਂਟ ਜਨਰਲ ਕੁਲਦੀਪ ਬਰਾੜ’ ਅਤੇ ਇੱਕ ਮਿਲੀਅਨ ਡਾਲਰ ਦੇ ਇਨਾਮੀ ਰਾਸ਼ੀ ਵਾਲੇ ਪੋਸਟਰ ਲੱਗੇ ਮਿਲੇ। ਦੱਸਣਾ ਬਣਦਾ ਹੈ ਕਿ ਪਿੰਡ ਪੱਤੋ ਹੀਰਾ ਸਿੰਘ ਸਾਕਾ ਨੀਲਾ ਤਾਰਾ ਸਮੇਂ ਫ਼ੌਜ ‘ਚ ਤਾਇਨਾਤ ਲੈਫਟੀਨੈਂਟ ਜਨਰਲ ਕੇਐੱਸ ਬਰਾੜ ਦਾ ਜੱਦੀ ਪਿੰਡ ਹੈ। ਡੀਐੱਸਪੀ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਲਿਖੇ ਭੜਕਾਊ ਨਾਅਰੇ ਮਿਟਾ ਦਿੱਤੇ ਗਏ ਹਨ ਅਤੇ ਲੈਫ਼ਟੀਨੈਂਟ ਜਨਰਲ ਕੁਲਦੀਪ ਬਰਾੜ ਦਾ ਨਾਮ ਲਿਖੇ ਪੋਸਟਰ ਵੀ ਉਤਾਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਸ਼ਰਾਰਤੀ ਅਨਸਰਾਂ ਵੱਲੋਂ ਕੰਧਾਂ ‘ਤੇ ਭੜਕਾਊ ਨਾਅਰੇ ਲਿਖੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸੂਬੇ ਵਿਚ ਸਾਕਾ ਨੀਲਾ ਤਾਰਾ (ਘੱਲੂਘਾਰਾ ਦਿਵਸ) ਦੇ ਸਬੰਧ ਵਿੱਚ ਪੰਜਾਬ ਪੁਲੀਸ ਤੇ ਸੁਰੱਖਿਆ ਦਸਤੇ ਤਾਇਨਾਤ ਹਨ। ਇਸ ਦੇ ਬਾਵਜੂਦ ਸ਼ਰਾਰਤੀ ਅਨਸਰ ਸਰਗਰਮ ਹਨ।