ਸ਼ੰਭੂ ਮੋਰਚੇ ਨੇੜੇ ਬੀਅਰ ਦੀਆਂ ਪੇਟੀਆਂ ਉਤਾਰੀਆਂ
ਖੇਤਰੀ ਪ੍ਰਤੀਨਿਧ
ਸ਼ੰਭੂ (ਪਟਿਆਲਾ), 28 ਮਾਰਚ
ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ਨੇੜੇ ਕੋਈ ਅਣਪਛਾਤਾ ਵਿਅਕਤੀ ਬੀਅਰ ਦੀਆਂ ਪੇਟੀਆਂ ਉਤਾਰ ਗਿਆ ਹੈ। ਟਰੱਕ ਵਿੱਚੋਂ ਉਤਾਰੀਆਂ ਗਈਆਂ ਪੇਟੀਆਂ ਦੀ ਗਿਣਤੀ 237 ਹੈ। ਮੋਰਚੇ ’ਤੇ ਬੈਠੇ ਲੋਕਾਂ ਨੂੰ ਪੇਟੀਆਂ ਇਥੇ ਉਤਾਰਨ ਵਾਲੇ ਬਾਰੇ ਕੁਝ ਪਤਾ ਨਹੀਂ ਲੱਗਿਆ ਪਰ ਪੈੜਾਂ ਤੋਂ ਪਤਾ ਲੱਗਦਾ ਹੈ ਕਿ ਇਹ ਬੀਅਰ ਉਹ ਟਰੱਕ ’ਚ ਲੱਦ ਕੇ ਲਿਆਇਆ ਅਤੇ ਇਥੇ ਉਤਾਰ ਕੇ ਚਲਾ ਗਿਆ। ਇਸ ਕਾਰਵਾਈ ਨੂੰ ਰਾਤ ਸਮੇਂ ਅੰਜਾਮ ਦਿੱਤਾ ਗਿਆ।
ਇਸ ਦਾ ਪਤਾ ਕਿਸਾਨਾਂ ਨੂੰ ਦਿਨ ਚੜ੍ਹਨ ’ਤੇ ਲੱਗਿਆ।
ਕਿਸਾਨਾਂ ਵੱਲੋਂ ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਹ ਟਰੱਕ ਕਿਸਾਨਾਂ ਨੂੰ ਬਦਨਾਮ ਕਰਨ ਲਈ ਉਤਾਰਿਆ ਗਿਆ ਹੋਣ ਦੀ ਚਰਚਾ ਹੈ। ਕਿਸਾਨ ਯੂਨੀਅਨ ਆਜ਼ਾਦ ਦੇ ਸੂਬਾਈ ਪ੍ਰਧਾਨ ਜਸਵਿੰਦਰ ਲੌਂਗੋਵਾਲ, ਮੀਤ ਪ੍ਰਧਾਨ ਮਨਜੀਤ ਨਿਆਲ, ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮਨਜੀਤ ਘੁਮਾਣਾ, ਕਿਸਾਨ ਯੂਨੀਅਨ ਏਕਤਾ ਦੇ ਵਿੱਤ ਸਕੱਤਰ ਲੰਬੜਦਾਰ ਮਾਨ ਸਿੰੰਘ ਰਾਜਪੁਰਾ ਅਤੇ ਕਿਸਾਨ ਨੇਤਾ ਗੁਰਧਿਆਨ ਸਿਓਣਾ ਨੇ ਜ਼ਿਲ੍ਹਾ ਪੁਲੀਸ ਪਟਿਆਲਾ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਅਸਲੀਅਤ ਸਾਹਮਣੇ ਲਿਆਂਦੀ ਜਾਵੇ।
ਉਧਰ, ਸੰਪਰਕ ਕਰਨ ’ਤੇ ਐੱਸਐੱਸਪੀ ਵਰੁਣ ਸ਼ਰਮਾ ਦਾ ਕਹਿਣਾ ਸੀ ਕਿ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਡੀਐੱਸਪੀ ਘਨੌਰ ਬੂਟਾ ਸਿੰਘ ਗਿੱਲ ਅਤੇ ਥਾਣਾ ਸ਼ੰਭੂ ਦੇ ਐੱਸਐੱਚਓ ਇੰਸਪੈਕਟਰ ਅਮਨਪਾਲ ਵਿਰਕ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।