ਇਹ ਚੋਣਾਂ ਰਾਮ ਵਿਰੋਧੀ ਤੇ ਰਾਸ਼ਟਰ ਵਿਰੋਧੀਆਂ ਨੂੰ ਸਜ਼ਾ ਦੇਣ ਲਈ: ਨੱਢਾ
ਮੋਤੀਹਾਰੀ/ਰਘੁਨਾਥਪੁਰ, 15 ਮਈ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਵਿਰੋਧੀ ਪਾਰਟੀਆਂ ਦੇ ਗੱਠਜੋੜ ਇੰਡੀਆ ਨੂੰ ਅੱਜ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਹ ਚੋਣਾਂ ਉਨ੍ਹਾਂ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਲਈ ਹਨ ਜਿਨ੍ਹਾਂ ਰਾਮ ਦੀਆਂ ਮੂਲ ਕਦਰਾਂ-ਕੀਮਤਾਂ, ਰਾਸ਼ਟਰਵਾਦ, ਰਾਖਵਾਂਕਰਨ, ਸਨਾਤਨ ਧਰਮ ਤੇ ਸੰਵਿਧਾਨ ਦਾ ਵਿਰੋਧ ਕੀਤਾ ਅਤੇ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦੇ ਕੇਂਦਰ ਦੇ ਮਿਸ਼ਨ ’ਚ ਅੜਿੱਕਾ ਪਾਇਆ। ਉਨ੍ਹਾਂ ਆਰਜੇਡੀ ਸਮੇਤ ਵਿਰੋਧੀ ਪਾਰਟੀਆਂ ਦੇ ਆਗੂਆਂ ’ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਂ ’ਤੇ ਵੋਟਰਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਬਿਹਾਰ ਦੇ ਸ਼ਿਵਹਰ ਤੋਂ ਐੱਨਡੀਏ ਉਮੀਦਵਾਰ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਿਹਾ, ‘ਉਹ ਗਰੀਬਾਂ ਨੂੰ ਨੌਕਰੀ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਜ਼ਮੀਨ ਲੈ ਲੈਣਗੇ। ਗਰੀਬਾਂ ਦੀ ਜੇਕਰ ਕੋਈ ਭਲਾਈ ਕਰ ਸਕਦਾ ਹੈ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਦੀ ਐੱਨਡੀਏ ਸਰਕਾਰ ਹੈ।’ ਇਸੇ ਦੌਰਾਨ ਨੱਢਾ ਨੇ ਪੱਛਮੀ ਬੰਗਾਲ ਦੇ ਪੁਰੂਲੀਆ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਘੁਸਪੈਠ ਦੇ ਮੁੱਦੇ ’ਤੇ ਸਮਝੌਤਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕਰੇਗੀ। -ਪੀਟੀਆਈ