ਥਰਮਲ ਅਧਿਕਾਰੀਆਂ ਵੱਲੋਂ ਕਿਸਾਨਾਂ ਖ਼ਿਲਾਫ਼ ਪਾਇਆ ਕੇਸ ਵਾਪਸ ਲੈਣ ਦਾ ਭਰੋਸਾ
ਜਗਮੋਹਨ ਸਿੰਘ
ਰੂਪਨਗਰ, 9 ਜੂਨ
ਪਿੰਡ ਆਸਪੁਰ, ਅਵਾਨਕੋਟ, ਕੋਟਬਾਲਾ ਅਤੇ ਮਾਜਰੀ ਗੁੱਜਰਾਂ ਦੇ ਨੁਮਾਇਦਿਆਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸਬੰਧੀ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੁੱਖ ਇੰਜਨੀਅਰ ਮਨਜੀਤ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਪਿੰਡ ਆਸਪੁਰ ਦੇ ਸਰਪੰਚ ਰਣਬੀਰ ਸਿੰਘ ਦੀ ਅਗਵਾਈ ਹੋਈ ਇਸ ਮੀਟਿੰਗ ਦੌਰਾਨ ਥਰਮਲ ਪ੍ਰਬੰਧਕਾਂ ਵੱਲੋਂ ਕਿਸਾਨਾਂ ਦੀਆਂ ਬਿਨਾਂ ਗ੍ਰਹਿਣ ਕੀਤੀਆਂ ਜ਼ਮੀਨਾਂ ਵੱਲ ਛੱਡੇ ਜਾ ਰਹੇ ਗਰਮ ਪਾਣੀ ਕਾਰਨ ਹੋ ਰਹੇ ਫਸਲੀ ਨੁਕਸਾਨ, ਪੁਲੀ ਬਣਾਉਣ ਦੇ ਮਸਲੇ ਸਬੰਧੀ ਥਰਮਲ ਮੈਨੇਜਮੈਂਟ ਅਤੇ ਕਿਸਾਨਾਂ ਵਿਚਾਲੇ ਚੱਲ ਰਹੇ ਅਦਾਲਤੀ ਕੇਸ ਸਬੰਧੀ ਗੱਲਬਾਤ ਕੀਤੀ ਗਈ। ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਇਸ ਗੱਲਬਾਤ ਰਾਹੀਂ ਮੁੱਖ ਇੰਜਨੀਅਰ ਮਨਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਮਾਈਕਰੋਹਾਈਡਲ ਨਹਿਰ ਦੀ ਮੁਰੰਮਤ ਦਾ ਕੰਮ ਪੂਰਾ ਹੋਣ ਉਪਰੰਤ ਨਹਿਰ ਚਾਲੂ ਹੋਣ ਦੇ ਦੋ ਮਹੀਨੇ ਦੇ ਅੰਦਰ ਕਿਸਾਨਾਂ ਨੂੰ ਪੁਲੀ ਬਣਾ ਕੇ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਅਦਾਲਤੀ ਕੇਸ ਵਾਪਸ ਲੈ zwnj;ਲਿਆ ਜਾਵੇਗਾ। ਉਨ੍ਹਾਂ ਇਸ ਸਬੰਧੀ ਇੱਕ-ਦੋ ਦਿਨਾਂ ਦੇ ਅੰਦਰ ਲਿਖਤੀ ਇਕਰਾਰਨਾਮਾ ਕਰਨ ਸਬੰਧੀ ਸਹਿਮਤੀ ਵੀ ਪ੍ਰਗਟਾਈ। ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਫਸਲਾਂ ਦਾ ਨੁਕਸਾਨ ਹੋਇਆ ਹੈ, ਉਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦਿਵਾਉਣ ਦੀ ਸਿਫਾਰਿਸ਼ ਕੀਤੀ ਜਾਵੇਗੀ। ਮੁੱਖ ਇੰਜਨੀਅਰ ਨੇ ਕਿਸਾਨਾਂ ਨੂੰ ਪੇਸ਼ਕਸ਼ ਕੀਤੀ ਕਿ ਜੇਕਰ ਥਰਮਲ ਪਲਾਂਟ ਦੇ ਪਾਣੀ ਕਾਰਨ ਆਪਣੀ ਜ਼ਮੀਨ ਨੂੰ ਖੁਰਨ ਤੋਂ ਰੋਕਣ ਲਈ ਕੋਈ ਕਿਸਾਨ ਆਪਣੇ ਪੱਧਰ ‘ਤੇ ਠੋਕਰ ਲਗਾਉਣਾ ਚਾਹੁੰਦਾ ਹੈ ਤਾਂ ਥਰਮਲ ਪ੍ਰਸ਼ਾਸਨ ਵੱਲੋਂ ਸਬੰਧਤ ਕਿਸਾਨ ਨੂੰ ਕੋਲੇ ਵਿੱਚੋਂ ਨਿਕਲਣ ਵਾਲੇ ਪੱਥਰ ਮੁਫਤ ਦਿੱਤੇ ਜਾਣਗੇ।